ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਦਾਦਾ ਸਾਹਿਬ ਫਾਲਕੇ ਅਜਿਹੀ ਦੂਰ–ਦ੍ਰਿਸ਼ਟੀ ਦੇ ਮਾਲਕ ਸਨ, ਜਿਨ੍ਹਾਂ ਭਾਰਤੀ ਫ਼ਿਲਮ ਖੇਤਰ ਵਿੱਚ ਆਤਮ–ਨਿਰਭਰਤਾ ਲਿਆਂਦੀ’: ਦਾਦਾ ਸਾਹਿਬ ਫਾਲਕੇ ਦੇ ਦੋਹਤਰੇ ਸ਼੍ਰੀ ਚੰਦਰਸ਼ੇਖਰ ਪੁਸਲਕਰ
‘ਜੇ ਸਰਕਾਰ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਸਥਾਪਿਤ ਨਾ ਕੀਤਾ ਹੁੰਦਾ, ਤਾਂ ਮੇਰੇ ਨਾਨੇ ਦਾ ਕੰਮ ਤੇ ਉਨ੍ਹਾਂ ਜੀਵਨ ਵੇਰਵਾ ਦੋ ਪੰਨਿਆਂ ’ਚ ਹੀ ਨਿੱਬੜ ਜਾਣਾ ਸੀ ’
‘ਫ਼ਿਲਮ ਉਦਯੋਗ ਨੂੰ ਉਨ੍ਹਾਂ ਦੀ ਜੀਵਨੀ ਉੱਤੇ ਇੱਕ ਫ਼ਿਲਮ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ’
‘ਦਾਦਾ ਸਾਹਿਬ ਫਾਲਕੇ ਇੱਕ ਅਜਿਹੀ ਦੂਰ–ਦ੍ਰਿਸ਼ਟੀ ਦੇ ਮਾਲਕ ਸਨ, ਜਿਨ੍ਹਾਂ ਨੇ ‘ਮੇਕ ਇਨ ਇੰਡੀਆ’ ਦਾ ਪ੍ਰਚਾਰ ਕੀਤਾ ਅਤੇ ਭਾਰਤੀ ਸਿਨੇਮਾ ਖੇਤਰ ਨੂੰ ‘ਆਤਮ–ਨਿਰਭਰ’ ਬਣਾਇਆ। ਆਪਣੀਆਂ ਫ਼ਿਲਮਾਂ ’ਚ, ਉਨ੍ਹਾਂ ਸਦਾ ਸਥਾਨਕ ਕਲਾਕਾਰਾਂ ਨੂੰ ਹੀ ਵਰਤਿਆ ਅਤੇ ਦੇਸ਼ ਦੇ ਸਥਾਨਾਂ ਤੇ ਦੇਸ਼ ਵਿੱਚ ਹੀ ਉਪਲਬਧ ਤਕਨੀਕੀ ਸਹਾਇਤਾ ਨੂੰ ਵਰਤਣ ਉੱਤੇ ਜ਼ੋਰ ਦਿੱਤਾ ਸੀ। ਦਾਦਾ ਸਾਹਿਬ ਦੇ ਦ੍ਰਿੜ੍ਹ ਇਰਾਦੇ, ਦੂਰ–ਦ੍ਰਿਸ਼ਟੀ ਤੇ ਦੇਸ਼–ਭਗਤੀ ਸਦਕਾ ਹੀ ਭਾਰਤੀ ਸਿਨੇਮਾ ਉਦਯੋਗ ਅੱਜ ਉੱਚੇ ਸਿਖ਼ਰਾਂ ਉੱਤੇ ਹੈ।’ ਇਹ ਪ੍ਰਗਟਾਵਾ ਭਾਰਤੀ ਸਿਨੇਮਾ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਉਰਫ਼ ਧੁੰਦੀਰਾਜ ਗੋਵਿੰਦ ਫਾਲਕੇ ਦੇ ਦੋਹਤਰੇ ਸ਼੍ਰੀ ਚੰਦਰਸ਼ੇਖਰ ਪੁਸਲਕਰ ਨੇ ‘ਪੱਤਰ ਸੂਚਨਾ ਦਫ਼ਤਰ’ (ਪੀਆਈਬੀ – PIB) ਦੇ ਸੁਸ਼੍ਰੀ ਸ਼ਮੀਲਾ ਕੇ. ਵਾਈ ਨਾਲ ਇੱਕ ਖੁੱਲ੍ਹੀ ਗੱਲਬਾਤ ਦੌਰਾਨ ਕੀਤਾ। ਸ਼੍ਰੀ ਚੰਦਰਸ਼ੇਖਰ; ਦਾਦਾ ਸਾਹਿਬ ਦੀ ਧੀ ਮਾਲਤੀ ਦੇ ਪੁੱਤਰ ਹਨ।
ਪਣਜੀ, ਗੋਆ ’ ਚ ‘ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ’ (ਇੱਫੀ) ਦੇ 51ਵੇਂ ਐਡੀਸ਼ਨ ਦੌਰਾਨ ਦਾਦਾ ਸਾਹਿਬ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ; ਇਸੇ ਦੌਰਾਨ ਸ਼੍ਰੀ ਪੁਸਲਕਰ ਨੇ ਅੱਗੇ ਕਿਹਾ ਕਿ ਦਾਦਾ ਦੀਆਂ ਯਾਦਾਂ ਜਿਊਂਦੀਆਂ ਰੱਖਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਲਈ ਫਾਲਕੇ ਪਰਿਵਾਰ; ਭਾਰਤ ਸਰਕਾਰ ਅਤੇ ਇੱਫੀ ਦਾ ਸ਼ੁਕਰਗੁਜ਼ਾਰ ਹੈ। ‘ਸਰਕਾਰ ਦੁਆਰਾ ਇਹ ਕੋਸ਼ਿਸ਼ਾਂ ਫਲਦਾਇਕ ਸਿੱਧ ਹੋਈਆਂ ਹਨ ਤੇ ਹੁਣ ਨਵੀਂ ਪੀੜ੍ਹੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਕਿਵੇਂ ਇੱਕ ਵਿਅਕਤੀ ਨੇ ਸਿਫ਼ਰ ਤੋਂ ਫ਼ਿਲਮ–ਨਿਰਮਾਣ ਦੀ ਆਪਣੀ ਯਾਤਰਾ ਸ਼ੁਰੂ ਕੀਤੀ ਸੀ।’
ਸਰਕਾਰ ਦੀਆਂ ਕੋਸ਼ਿਸ਼ਾਂ ਇੱਕ ਮਹਾਨ ਸ਼ਰਧਾਂਜਲੀ ਹਨ
ਭਾਰਤ ਸਰਕਾਰ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੀ ਸਥਾਪਨਾ 1969 ’ਚ ਕੀਤੀ ਸੀ। ਇਸ ਲਈ ਸਰਕਾਰ ਦਾ ਧੰਨਵਾਦ ਕਰਦਿਆਂ ਸ਼੍ਰੀ ਪੁਸਲਕਰ ਨੇ ਕਿਹਾ,‘ਜੇ ਸਰਕਾਰ ਨੇ ਅਜਿਹੀ ਪਹਿਲਕਦਮੀ ਨਾ ਲਈ ਹੁੰਦੀ, ਤਾਂ ਮੇਰੇ ਨਾਨੇ ਦਾ ਕੰਮ ਜਾਂ ਜੀਵਨ–ਵੇਰਵਾ ਦੋ ਪੰਨਿਆਂ ’ਚ ਹੀ ਨਿੱਬੜ ਜਾਣਾ ਸੀ, ਪਰ ਹੁਣ ਲੋਕ ਉਨ੍ਹਾਂ ਨੂੰ ਜਾਣਦੇ ਹਨ ਤੇ ਭਾਰਤੀ ਸਿਨੇਮਾ ਲਈ ਉਨ੍ਹਾਂ ਦੇ ਵੱਡੇ ਯੋਗਦਾਨ ਵਾਸਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ।’
ਆਪਣੇ ਨਾਨੇ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਦਿਆਂ ਸ਼੍ਰੀ ਪੁਸਲਕਰ ਨੇ ਇਹ ਵੀ ਕਿਹਾ ਕਿ ਨਵੀਂ ਪੀੜ੍ਹੀ ਤਦ ਉਨ੍ਹਾਂ ਦਾ ਹੋਰ ਵੀ ਜ਼ਿਆਦਾ ਆਦਰ ਕਰਦੀ, ਜਦੋਂ ਉਨ੍ਹਾਂ ਨੂੰ ਇਹ ਪਤਾ ਲਗਦਾ ਹੈ ਕਿ ਜਿਹੜੇ ਵਿਅਕਤੀ ਕੋਲ ਅੱਜ ਵਰਗੀਆਂ ਕੋਈ ਸੁਵਿਧਾਵਾਂ ਨਹੀਂ ਸਨ, ਉਨ੍ਹਾਂ ਨੇ ਕਿਵੇਂ ਫ਼ਿਲਮਾਂ ਬਣਾਈਆਂ ਸਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕੀਤਾ ਸੀ। ‘ਉਨ੍ਹਾਂ ਕੋਲ ਕੋਈ ਧਨ ਨਹੀਂ ਸੀ, ਕੋਈ ਬੀਮਾ ਪਾਲਿਸੀ ਨਹੀਂ ਸੀ, ਉਨ੍ਹਾਂ ਮੇਰੀ ਨਾਨੀ ਦੇ ਗਹਿਣੇ ਵੇਚ ਕੇ ਆਪਣੀਆਂ ਫ਼ਿਲਮਾਂ ਲਈ ਸਭ ਕੁਝ ਖ਼ਰੀਦਿਆ ਸੀ। ਮੇਰੀ ਨਾਨੀ ਤੇ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕੀਤੀ ਸੀ।’
ਇੱਫੀ 51 ’ਚ ਸ਼੍ਰੀ ਚੰਦਰਸ਼ੇਖਰ ਪੁਸਲਕਰ
ਉਨ੍ਹਾਂ ਅੱਗੇ ਕਿਹਾ ਕਿ ਉਸ ਭਾਵਨਾ ’ਚ ਸਮੁੱਚਾ ਫਾਲਕੇ ਪਰਿਵਾਰ ਹੀ ਭਾਰਤੀ ਸਿਨੇਮਾ ਦਾ ਮੋਹਰੀ ਹੈ। ਆਪਣੀ ਮਾਂ ਵੱਲੋਂ ਸਾਂਝੀਆਂ ਕੀਤੀਆਂ ਯਾਦਾਂ ਸਾਂਝੀਆਂ ਕਰਦਿਆਂ ਸ਼੍ਰੀ ਪੁਸਲਕਰ ਨੇ ਕਿਹਾ,‘ਮੇਰੀ ਨਾਨੀ ਨੇ ਨਾਨਾ ਜੀ ਦਾ ਉਸ ਯੁਗ ਵਿੱਚ ਚੁੱਕੇ ਹਰ ਕਦਮ ਉੱਤੇ ਸਾਥ ਦਿੱਤਾ ਸੀ ਅਤੇ ਦਰਅਸਲ ਦਾਦਾ ਨੇ ਨਾਨੀ ਨੂੰ ਆਪਣੀਆਂ ਸਾਰੀਆਂ ਫ਼ਿਲਮਾਂ ਦਾ ਇੱਕ ਹਿੱਸਾ ਬਣਾਇਆ ਸੀ। ਉਨ੍ਹਾਂ ਨੇ ਨਾਨੀ ਨੂੰ ਸਿਖਾਇਆ ਸੀ ਕਿ ਇੱਕ ਫ਼ਿਲਮ ਡਿਵੈਲਪ ਤੇ ਰੋਲ ਕਿਵੇਂ ਕਰਨੀ ਹੈ ਤੇ ਫ਼ਿਲਮ ਦੀ ਸ਼ੂਟਿੰਗ ਵੀ ਕਿਵੇਂ ਕਰਨੀ ਹੈ। ਉਨ੍ਹਾਂ ਸਮਿਆਂ ’ਚ ਕੋਈ ਰਿਫ਼ਲੈਕਟਰ ਨਹੀਂ ਹੁੰਦੇ ਸਨ ਤੇ ਉਹ ਤਿੱਖੀ ਧੁੱਪ ’ਚ ਹੀ ਸਭ ਕੁਝ ਸ਼ੂਟ ਕਰਦੇ ਸਨ ਤੇ ਇਸ ਸਭ ਦੌਰਾਨ ਮੇਰੀ ਨਾਨੀ ਮੇਰੇ ਨਾਨੇ ਲਈ ਚਟਾਨ ਵਾਂਗ ਡਟ ਕੇ ਉਨ੍ਹਾਂ ਨਾਲ ਖਲੋਂਦੇ ਰਹੇ।’
ਸ਼੍ਰੀ ਪੁਸਲਕਰ ਨੇ ਇੱਛਾ ਪ੍ਰਗਟਾਈ ਕਿ ਉਨ੍ਹਾਂ ਦੀ ਨਾਨੀ ਨੂੰ ਵੀ ਹੋਰ ਮਾਨਤਾ ਮਿਲਣੀ ਚਾਹੀਦੀ ਹੈ, ਜੋ ਉਨ੍ਹਾਂ ਦੇ ਨਾਨੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਦਾ ਡਟਦੇ ਰਹੇ; ਉਨ੍ਹਾਂ ਕਿਹਾ,‘ਮੇਰੀ ਨਾਨੀ ਸਰਸਵਤੀਬਾਈ ਫਾਲਕੇ ਨੂੰ ਇੱਕ ਅਜਿਹੀ ਮਹਿਲਾ ਉਪਲਬਧੀਕਾਰ ਮੰਨਿਆ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੇ ਹੀ ਅੰਦਾਜ਼ ਵਿੱਚ ਭਾਰਤੀ ਸਿਨੇਮਾ ਲਈ ਅਥਾਹ ਯੋਗਦਾਨ ਪਾਏ।’
ਦਾਦਾ ਸਾਹਿਬ ਮਹਾਨ ਦੇਸ਼–ਭਗਤ
ਆਪਣੇ ਨਾਨੇ ਦੀਆਂ ਯਾਦਾਂ ਤਾਜ਼ਾ ਕਰਦਿਆਂ ਸ਼੍ਰੀ ਪੁਸਲਕਰ ਨੇ ਅੱਗੇ ਆਖਿਆ,‘ਮੇਰੇ ਨਾਨਾ ਜੀ ਨਾ ਕੇਵਲ ਮਹਾਨ ਦੂਰ–ਦਰਸ਼ੀ ਸਨ, ਸਗੋਂ ਇੱਕ ਮਹਾਨ ਦੇਸ਼–ਭਗਤ ਵੀ ਸਨ।’ ਉਨ੍ਹਾਂ ਇੱਕ ਘਟਨਾ ਸੁਣਾਈ ਕਿ ਲੰਦਨ ਵਿੱਚ ਆਪਣੀਆਂ ਕੁਝ ਫ਼ਿਲਮਾਂ ਪ੍ਰਦਰਸ਼ਿਤ ਕੀਤੇ ਜਾਣ ਤੋਂ ਬਾਅਦ ਦਾਦਾ ਸਾਹਿਬ ਨੂੰ ਕਿਵੇਂ ਉੱਥੇ ਹੀ ਕੰਮ ਕਰਨ ਦੀ ਪੇਸ਼ਕਸ਼ ਹੋਈ ਸੀ। ‘ਉਨ੍ਹਾਂ ਨਿਮਰਤਾ ਨਾਲ ਉਸ ਪੇਸ਼ਕਸ਼ ਨੂੰ ਇਹ ਆਖਦਿਆਂ ਠੁਕਰਾ ਦਿੱਤਾ ਸੀ ਕਿ ਉਨ੍ਹਾਂ ਦੇ ਦੇਸ਼ ਨੂੰ ਉਨ੍ਹਾਂ ਦੀ ਵਧੇਰੇ ਜ਼ਰੂਰਤ ਹੈ, ਜਿੱਥੇ ਸਿਨੇਮਾ ਹਾਲੇ ਮੁਢਲੇ ਪਆਅ ਉੱਤੇ ਹੈ।’
ਸ਼੍ਰੀ ਪੁਸਲਕਰ ਅਨੁਸਾਰ ਸਿਨੇਮਾ ਪ੍ਰਤੀ ਉਨ੍ਹਾਂ ਦੇ ਨਾਨਾ ਜੀ ਦੇ ਸਮਰਪਣ ਕਾਰਨ ਉਨ੍ਹਾਂ ਕਦੇ ਵੀ ਧਨ ਕਮਾਉਣ ਦੀ ਪਰਵਾਹ ਨਹੀਂ ਕੀਤੀ। ਜਜ਼ਬਾਤੀ ਰੌਂਅ ਵਿੱਚ ਵਹਿ ਤੁਰੇ ਸ਼੍ਰੀ ਪੁਸਲਕਰ ਨੇ ਕਿਹਾ,‘ਸਾਡੇ ਨਾਨਾ ਜੀ ਬੇਹੱਦ ਮਹਾਨ ਵਿਰਾਸਤ ਪਿੱਛੇ ਛੱਡ ਗਏ ਹਨ। ਉਨ੍ਹਾਂ ਸਾਡੇ ਲਈ ਬਹੁਤ ਵਿਸ਼ਾਲ ਨਿਵੇਸ਼ ਕੀਤਾ। ਉਨ੍ਹਾਂ ਕਰ ਕੇ ਹੀ ਸਾਡਾ ਅਭਿਵਾਦਨ ਖਲੋ ਕੇ ਕੀਤਾ ਜਾਂਦਾ ਹੈ, ਉਨ੍ਹਾਂ ਕਰ ਕੇ ਹੀ ਤਾੜੀਆਂ ਵੱਜਦੀਆਂ ਹਨ ਅਤੇ ਸਾਡੀ ਇੱਜ਼ਤ ਹੁੰਦੀ ਹੈ ਤੇ ਇੰਨਾ ਮਾਣ ਸਿਰਫ਼ ਉਨ੍ਹਾਂ ਦੇ ਯੋਗਦਾਨ ਸਦਕਾ ਮਿਲਦਾ ਹੈ।’
ਸ਼੍ਰੀ ਪੁਸਲਕਰ ਨੇ ਦੱਸਿਆ ਕਿ ਦਾਦਾ ਸਾਹਿਬ ਕਿਵੇਂ ਨਵੇਂ ਯੁਗ ਦੇ ਫ਼ਿਲਮਸਾਜ਼ਾਂ ਲਈ ਇੱਕ ਪ੍ਰੇਰਨਾ ਹਨ, ‘ਮੇਰੇ ਨਾਨਾ ਜੀ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਸਨ ਤੇ ਧਿਆਨ ਰੱਖਦੇ ਸਨ, ਪਰ ਕੰਮ ਅਤੇ ਘਰ ਵਿੱਚ ਉਹ ਸਖ਼ਤ ਅਨੁਸ਼ਾਸਨ ਬਣਾ ਕੇ ਰੱਖਦੇ ਸਨ। ਆਪਣੀਆਂ ਫ਼ਿਲਮਾਂ ਦੀ ਉਹ ਹਰ ਤਰ੍ਹਾਂ ਧਿਆਨ ਨਾਲ ਯੋਜਨਾਬੰਦੀ ਕਰਦੇ ਸਨ। ਉਨ੍ਹਾਂ ਦਾ ਸਦਾ ਇਹ ਯਕੀਨ ਰਿਹਾ ਕਿ ਕੁਝ ਵੀ ਸਿੱਖਣ ਲਈ ਉਮਰ ਦੀ ਕੋਈ ਬੰਦਿਸ਼ ਨਹੀਂ ਹੁੰਦੀ ਕਿਉਂਕਿ ਉਹ ਸਦਾ ਆਪ ਵੀ ਨਵੀਆਂ ਚੀਜ਼ਾਂ ਸਿੱਖਦੇ ਰਹਿੰਦੇ ਸਨ।’ ਉਨ੍ਹਾਂ ਮਾਣ ਨਾਲ ਇਹ ਵੀ ਕਿਹਾ ਕਿ ਨੌਜਵਾਨ ਫ਼ਿਲਮਸਾਜ਼ਾਂ ਨੂੰ ਉਨ੍ਹਾਂ ਦੀ ਇਹ ਗੱਲ ਜ਼ਰੂਰ ਅਪਨਾਉਣੀ ਚਾਹੀਦੀ ਹੈ – ‘ਕੁਝ ਨਵਾਂ ਸਿੱਖਣ ਲਈ ਉਮਰ ਦੀ ਕੋਈ ਬੰਦਿਸ਼ ਨਹੀਂ ਹੁੰਦੀ।’
ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਜਾਗਰੂਕਤਾ ਮਿਸ਼ਨ
ਦਾਦਾ ਸਾਹਿਬ ਦੇ ਯੋਗਦਾਨ ਬਾਰੇ ਹੋਰ ਪ੍ਰਚਾਰ ਕਰਨ ਲਈ ਆਪਣੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਸ਼੍ਰੀ ਪੁਸਲਕਰ ਨੇ ‘ਦਾਦਾ ਸਾਹਿਬ ਫਾਲਕੇ ਅੰਤਰਰਾਸ਼ਟਰੀ ਜਾਗਰੂਕਤਾ ਮਿਸ਼ਨ’ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,‘ਇਹ ਬਾਕੀ ਦੇ ਭਾਰਤ ਤੇ ਸਮੁੱਚੇ ਸੰਸਾਰ ਨੂੰ ਦਾਦਾ ਸਾਹਿਬ ਬਾਰੇ ਜਾਗਰੂਕਤਾ ਫੈਲਾਉਣ ਦੀ ਇੱਕ ਸਨਿਮਰ ਮਿਸ਼ਨ ਹੈ।’ ‘ਉਸ ਲਈ ਇੱਕ ਸਮਰਪਿਤ ਵੈੱਬਸਾਈਟ ਹੈ – http://www.dpiam.org.in, ਜਿੱਥੇ ਕੋਈ ਵੀ ਮੇਰੇ ਨਾਨਾ ਜੀ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।’
ਦਾਦਾ ਸਾਹਿਬ ਦੇ ਯੁਗ ਦੇ ਕੁਝ ਸੁਨਹਿਰੀ ਛਿਣਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਚੰਦਰਸ਼ੇਖਰ ਨੇ ਦੱਸਿਆ ਕਿ ਦਾਦਾ ਸਾਹਿਬ ਸਿਰਫ਼ ਫ਼ਿਲਮ ਨਿਰਮਾਣ ਦੇ ਮਾਮਲੇ ’ਚ ਹੀ ਨਹੀਂ, ਸਗੋਂ ਇਸ਼ਤਿਹਾਰਬਾਜ਼ੀ ਅਤੇ ਪ੍ਰੋਮੋਸ਼ਨ ਦੇ ਮਾਮਲਿਆਂ ਵਿੱਚ ਵੀ ਮੋਹਰੀ ਸਨ, ਇਸ ਲਈ ਵੀ ਉਨ੍ਹਾਂ ਬਹੁਤ ਸਾਰੇ ਨਵੀਂ ਕਿਸਮ ਦੇ ਤਰੀਕਿਆਂ ਦੇ ਅਭਿਆਸ ਕੀਤੇ ਸਨ। ‘ਉਨ੍ਹਾਂ ਨੂੰ ਵਿਦਿਆਰਥੀ ਦਰਸ਼ਕਾਂ ਦੀ ਖ਼ਾਸ ਚਿੰਤਾ ਰਹਿੰਦੀ ਸੀ ਤੇ ਉਹ ਅਕਸਰ ਆਪਣੀ ਫ਼ਿਲਮ ਵਧੇਰੇ ਔਰਤਾਂ ਨੂੰ ਵੇਖਣ ਵਾਸਤੇ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਾਸ ਦਿੰਦੇ ਸਨ।’
ਪ੍ਰੋਮੋਸ਼ਨ ਦੀ ਇੱਕ ਅਜਿਹੀ ਘਟਨਾ ਚੇਤੇ ਕਰਦਿਆਂ ਸ਼੍ਰੀ ਪੁਸਲਕਰ ਨੇ ਬਹੁਤ ਉਤਸ਼ਾਹ ਨਾਲ ਦੱਸਿਆ,‘ਇੱਕ ਵਾਰ ਉਨ੍ਹਾਂ ਪੁਣੇ ਦੇ ਇੱਕ ਅਜਿਹੇ ਥੀਏਟਰ ਮਾਲਕ ਨਾਲ ਸਮਝੌਤਾ ਕੀਤਾ ਸੀ, ਜਿਸ ਦੀ ਥੀਏਟਰ ਦੇ ਨਾਲ ਹੀ ਆਟੇ ਦੀ ਚੱਕੀ ਵੀ ਸੀ। ਜੋ ਵੀ ਫ਼ਿਲਮ ਦਾ ਇੱਕ ਟਿਕਟ ਖ਼ਰੀਦਦੇ ਸਨ, ਉਸ ਨੂੰ ਨਾਲ ਇੱਕ ਕਿਲੋਗ੍ਰਾਮ ਆਟਾ ਮੁਫ਼ਤ ਦਿੱਤਾ ਜਾਂਦਾ ਸੀ ਤੇ ਜੋ ਇੱਕ ਕਿਲੋਗ੍ਰਾਮ ਆਟਾ ਖ਼ਰੀਦਦੇ ਸਨ, ਉਨ੍ਹਾਂ ਨੂੰ ਇੱਕ ਟਿਕਟ ਮੁਫ਼ਤ ਮਿਲਦਾ ਸੀ।’
ਆਪਣੇ ਨਾਨੇ ਲਈ ਹੋਰ ਮਾਨਤਾ ਦੀ ਖ਼ਾਹਿਸ਼ ਸਾਂਝੀ ਕਰਦਿਆਂ ਸ਼੍ਰੀ ਪੁਸਲਕਰ ਨੇ ਕਿਹਾ,‘ਇਹ ਮੌਕਾ ਦਰੁਸਤ ਹੈ ਕਿਉਂਕਿ ਇਹ ਮੇਰੇ ਨਾਨਾ ਜੀ ਦੀ 150ਵੀਂ ਜਯੰਤੀ ਹੈ ਅਤੇ ਉਨ੍ਹਾਂ ਦੀ ਮਹਾਨਤਾ ਨੂੰ ਮਾਨਤਾ ਤਦ ਮਿਲੇਗੀ, ਜੇ ਉਨ੍ਹਾਂ ਨੂੰ ਮਰਨ–ਉਪਰੰਤ ‘ਭਾਰਤ ਰਤਨ’ ਦਾ ਖ਼ਿਤਾਬ ਦਿੱਤਾ ਜਾਵੇ ਤੇ ਫ਼ਿਲਮ ਉਦਯੋਗ ਨੂੰ ਗੰਭੀਰਤਾ ਨਾਲ ਉਨ੍ਹਾਂ ਦੇ ਜੀਵਨ ਉੱਤੇ ਇੱਕ ਫ਼ਿਲਮ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ।’
ਅੰਤ ’ਚ ਸ਼੍ਰੀ ਪੁਸਲਕਰ ਨੇ ਇਹ ਵੀ ਆਖਿਆ,‘ਜਸ਼ਨ ਆਉਂਦੇ ਤੇ ਜਾਂਦੇ ਰਹਿਣਗੇ ਪਰ ਜਦੋਂ ਤੱਕ ਸਿਨੇਮਾ ਇੱਥੇ ਮੌਜੂਦ ਹੈ, ਦਾਦਾ ਸਾਹਿਬ ਫਾਲਕੇ ਨੂੰ ਯਾਦ ਕੀਤਾ ਜਾਂਦਾ ਰਹੇਗਾ।’
****
ਡੀਜੇਐੱਮ/ਐੱਸਕੇਵਾਈ/ਇੱਫੀ-22
(Release ID: 1690239)
Visitor Counter : 200