ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਐਗਰੋ ਬ੍ਰੇਨ ਡ੍ਰੇਨ ਨੂੰ ਰੋਕਣ ਤੇ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਆਕਰਸ਼ਿਤ ਕਰਨ ਲਈ ਕਦਮ ਉਠਾਉਣ ਦਾ ਸੱਦਾ ਦਿੱਤਾ

ਖੇਤੀਬਾੜੀ; ਭਾਰਤ ਦੇ ਵਾਤਾਵਰਣ, ਸੱਭਿਆਚਾਰ ਅਤੇ ਸੱਭਿਅਤਾ ਦਾ ਥੰਮ੍ਹ ਹੈ – ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਲਈ ਰੋਸ਼ਨ ਭਵਿੱਖ ਯਕੀਨੀ ਬਣਾਉਣੀ ਸਾਡੀ ਨੈਤਿਕ ਜ਼ਿੰਮੇਦਾਰੀ ਹੈ

‘ਅਨਾਜ ਸੁਰੱਖਿਆ’ ਤੋਂ ਧਿਆਨ ‘ਪੋਸ਼ਣ ਸੁਰੱਖਿਆ’ ਉੱਤੇ ਕੇਂਦ੍ਰਿਤ ਕਰਨ ਦਾ ਸੱਦਾ

ਕਿਸਾਨਾਂ ਨੂੰ ‘ਖੇਤੀ–ਉੱਦਮੀ’ ਬਣਾਉਣ ਲਈ ਲੈਬ–ਖੇਤ ਦੇ ਮਜ਼ਬੂਤ ਸਬੰਧ ਅਤੇ ਕਿਸਾਨ–ਉਦਯੋਗ ਵਿਚਾਲੇ ਗੱਲਬਾਤ ਦੀ ਲੋੜ ਉੱਤੇ ਦਿੱਤਾ ਜ਼ੋਰ

ਅਨਾਜ ਤੇ ਖੇਤੀ ਪ੍ਰਣਾਲੀਆਂ ਨੂੰ ਆਫ਼ਤਾਂ ਦੇ ਅਸਰ ਤੋਂ ਮੁਕਤ ਬਣਾਉਣ ਦੀ ਬਹੁਤ ਜ਼ਿਆਦਾ ਲੋੜ – ਉਪ ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਖੇਤੀ–ਇਨਪੁਟ ਲਾਗਤਾਂ ਘਟਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ

ਆਰਗੈਨਿਕ ਖੇਤੀ ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ

‘2030 ਵੱਲ ਭਾਰਤੀ ਖੇਤੀਬਾੜੀ’ ਬਾਰੇ ਰਾਸ਼ਟਰੀ ਸੰਵਾਦ ਦਾ ਉਦਘਾਟਨ

Posted On: 19 JAN 2021 5:41PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਐਗਰੋ ਬ੍ਰੇਨ ਡ੍ਰੇਨ ਨੂੰ ਰੋਕਣ ਅਤੇ ਪੜ੍ਹੇ–ਲਿਖੇ ਨੌਜਵਾਨਾਂ ਨੂੰ ਖੇਤੀਬਾੜੀ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਨ ਵਾਸਤੇ ਕਦਮ ਚੁੱਕਣ ਦਾ ਸੱਦਾ ਦਿੱਤਾ। ਉਨ੍ਹਾਂ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਭਾਰਤੀ ਖੇਤੀਬਾੜੀ ਦਾ ਭਵਿੱਖ ਕਿਰਸਾਨੀ ਦੇ ਟੈਕਨੋਲੋਜੀ ਦੁਆਰਾ ਸੰਚਾਲਿਤ ਅਭਿਆਸਾਂ ਅਤੇ ਪੂਰੀ ਤਰ੍ਹਾਂ ਜਾਣਕਾਰੀ ਤੇ ਆਧੁਨਿਕ ਵਿਚਾਰਾਂ ਦੇ ਹਾਣੀ ਕਿਸਾਨਾਂ ਦੇ ਹੱਥਾਂ ਵਿੱਚ ਹੈ।

 

ਉਪ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਨੀਤੀ ਆਯੋਗ, ਖੇਤੀਬਾੜੀ ਮੰਤਰਾਲੇ ਅਤੇ ਫ਼ੂਡ ਐਂਡ ਐਗ੍ਰੀਕਲਚਰ ਆਰਗੇਨਾਇਜ਼ੇਸ਼ਨ (ਐੱਫਏਓ) ਦੁਆਰਾ ਆਯੋਜਿਤ ‘2030 ਵੱਲ ਭਾਰਤੀ ਖੇਤੀਬਾੜੀ: ਕਿਸਾਨਾਂ ਦੀ ਆਮਦਨ ਵਧਾਉਣ, ਪੋਸ਼ਣ ਸੁਰੱਖਿਆ ਅਤੇ ਟਿਕਾਊ ਭੋਜਨ ਪ੍ਰਣਾਲੀਆਂ ਲਈ ਰਸਤੇ’ ਬਾਰੇ ‘ਰਾਸ਼ਟਰੀ ਸੰਵਾਦ’ ਦਾ ਵਰਚੁਅਲੀ ਉਦਘਾਟਨ ਕਰਦਿਆਂ ਕੀਤੀਆਂ।

 

ਪੜ੍ਹੇ–ਲਿਖੇ ਨੌਜਵਾਨਾਂ ‘ਚ ਖੇਤੀਬਾੜੀ ਲਈ ਘਟਦੀ ਜਾ ਰਹੀ ਦਿਲਚਸਪੀ ਉੱਤੇ ਚਿੰਤਾ ਪ੍ਰਗਟਾਉਂਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਬਦਲਦੇ ਜਾ ਰਹੇ ਸਮਾਜਿਕ–ਆਰਥਿਕ ਹਾਲਾਤ, ਖੇਤੀਬਾੜੀ ਦੀਆਂ ਵਧਦੀਆਂ ਲਾਗਤਾਂ ਤੇ ਘਟਦੇ ਮੁਨਾਫ਼ਿਆਂ ਕਾਰਨ ਨੌਜਵਾਨ ਹੁਣ ਖੇਤੀਬਾੜੀ ਦੇ ਕਿੱਤੇ ਨੂੰ ਹੁਣ ਘੱਟ ਤਰਜੀਹ ਦਿੰਦੇ ਹਨ। ਉਨ੍ਹਾਂ ਕਿਸਾਨਾਂ ਨੂੰ ‘ਖੇਤੀ–ਉੱਦਮੀ’ ਬਣਾਉਣ ਲਈ ਲੈਬ–ਖੇਤ ਦੇ ਮਜ਼ਬੂਤ ਸਬੰਧ ਕਾਇਮ ਕਰਨ ਅਤੇ ਕਿਸਾਨ–ਉਦਯੋਗ ਗੱਲਬਾਤ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਖ਼ਾਹਿਸ਼ੀ ਕਿਸਾਨਾਂ ਲਈ ‘ਬਿਜ਼ਨਸ ਇਨਕਿਊਬੇਸ਼ਨ ਸੈਂਟਰਸ’ ਦੀ ਸਥਾਪਨਾ ਵੀ ਸਹੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ।

 

ਖੇਤੀਬਾੜੀ ਦੀਆਂ ਲਾਗਤਾਂ ਵਿੱਚ ਚੋਖਾ ਵਾਧਾ ਹੋਣ ਦਾ ਜ਼ਿਕਰ ਕਦਿਆਂ ਸ਼੍ਰੀ ਨਾਇਡੂ ਨੇ ਨੀਤੀ–ਘਾੜਿਆਂ ਤੇ ਹੋਰ ਸਬੰਧਤ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਇਹ ਲਾਗਤਾਂ ਘਟਾਉਣ ਲਈ ਕੰਮ ਕਰਨ। ਇਸ ਲਈ ਉਨ੍ਹਾਂ ਆਰਗੈਨਿਕ ਖੇਤੀ ਨੂੰ ਵੱਡੇ ਪੱਧਰ ਉੱਤੇ ਉਤਸ਼ਾਹਿਤ ਕਰਨ ਦਾ ਸੁਝਾਅ ਵੀ ਦਿੱਤਾ। ਰਸਾਇਣਕ ਖੇਤੀ ਤੋਂ ਦੂਰ ਜਾਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, ‘ਆਰਗੈਨਿਕ ਖੇਤੀ ਕਿਸਾਨਾਂ, ਖਪਤਕਾਰਾਂ ਤੇ ਵਾਤਾਵਰਣ – ਸਭਨਾਂ ਲਈ ਲਾਹੇਵੰਦ ਹੈ।’ ਉਨ੍ਹਾਂ ਨਾ ਕੇਵਲ ‘ਦੇਸ਼ ਨੂੰ ਦੌਲਤਮੰਦ’, ਸਗੋਂ ‘ਦੇਸ਼ ਨੂੰ ਸਿਹਤਮੰਦ’ ਬਣਾਉਣ ਲਈ ਆਰਗੈਨਿਕ ਖੇਤੀਬਾੜੀ ਦੀ ਇੱਕ ਲੋਕ–ਲਹਿਰ ਬਣਾਉਣ ਦਾ ਸੱਦਾ ਦਿੱਤਾ।

 

ਖੇਤੀਬਾੜੀ ਨੂੰ ਭਾਰਤ ਦੀ ਆਤਮਾ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਾ ਸਿਰਫ਼ ਸਾਡੀ ਅਨਾਜ ਸੁਰੱਖਿਆ ਲਈ, ਬਲਕਿ ਉਪਜੀਵਕਾ ਲਈ ਵੀ ਅਹਿਮ ਹੈ। ਉਨ੍ਹਾਂ ਕਿਹਾ, ‘ਖੇਤੀਬਾੜੀ; ਭਾਰਤ ਦੇ ਵਾਤਾਵਰਣ, ਸੱਭਿਆਚਾਰ ਅਤੇ ਸੱਭਿਅਤਾ ਦਾ ਥੰਮ੍ਹ ਹੈ।’

 

ਕੋਵਿਡ–19 ਮਹਾਮਾਰੀ ਕਾਰਨ ਪੈਦਾ ਹੋਏ ਅਣਸੁਖਾਵੇਂ ਹਾਲਾਤ ਦੇ ਬਾਵਜੂਦ ਸਾਲ 2019–20 ਦੀ ਫ਼ਸਲ ‘ਚ ਰਿਕਾਰਡ ਅਨਾਜ ਉਤਪਾਦਨ ਲਈ ਉਨ੍ਹਾਂ ਕਿਸਾਨਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।

 

ਭਾਰਤੀ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਦੇ ਚਾਰ ਅਹਿਮ ਸੈੱਟਾਂ ਦੀ ਸੂਚੀ ਗਿਣਵਾਉਂਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਸਾਡੀ ਪ੍ਰਫ਼ੁੱਲਤ ਹੋ ਰਹੀ ਆਬਾਦੀ ਵਾਸਤੇ ਅਨਾਜ ਦੀ ਸੁਰੱਖਿਆ ਅਤੇ ਬਿਹਤਰ ਪੋਸ਼ਣ ਦੀ ਚੁਣੌਤੀ ਹੈ। ਉਨ੍ਹਾਂ ਇਹ ਵੀ ਕਿਹਾ,‘ਦਰਅਸਲ, ਹੁਣ ‘ਅਨਾਜ ਸੁਰੱਖਿਆ’ ਤੋਂ ਧਿਆਨ ਹਟਾ ਕੇ ‘ਪੋਸ਼ਣ ਸੁਰੱਖਿਆ’ ਉੱਤੇ ਕੇਂਦ੍ਰਿਤ ਕਰਨ ਦੀ ਪਹੁੰਚ ਅਪਣਾਉਣ ਦਾ ਵੇਲਾ ਆ ਗਿਆ ਹੈ।’

 

ਸ਼੍ਰੀ ਨਾਇਡੂ ਨੇ ਕਿਹਾ ਕਿ ਦੂਜੀ ਚੁਣੌਤੀ ਕੁਦਰਤੀ ਸਰੋਤਾਂ – ਜ਼ਮੀਨ, ਪਾਣੀ, ਵਣ ਤੇ ਅਜਿਹੇ ਹੋਰ ਕੁਦਰਤੀ ਸਰੋਤਾਂ ਨੂੰ ਬਰਕਰਾਰ ਰੱਖਣ ਦੀ ਹੈ। ਉਨ੍ਹਾਂ ਪਾਣੀ ਦੀ ਵਰਤੋਂ ਲਈ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਵਾਲੀਆਂ ਟੈਕਨੋਲੋਜੀਆਂ ਉੱਤੇ ਵਧੇਰੇ ਜ਼ੋਰ ਦੇਣ ਦੇ ਗੱਲ ਕੀਤੀ।

 

ਜਲਵਾਯੂ–ਪਰਿਵਰਤਨ ਨੂੰ ਤੀਜੀ ਵੱਡੀ ਚਿੰਤਾ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਜਲਵਾਯੂ–ਪਰਿਵਰਤਨ ਦੇ ਖ਼ਤਰਨਾਕ ਅਸਰ ਦਾ ਟਾਕਰਾ ਕਰਨ ਲਈ ਖੇਤੀਬਾੜੀ ਦੀਆਂ ਜ਼ਰੂਰਤਾਂ ਨੂੰ ਵਧੇਰੇ ਲਚਕਦਾਰ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਹੁਤ ਜ਼ਰੂਰੀ ਸਮਝਦਿਆਂ ਜਾਗਰੂਕਤਾ ਨਾਲ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਅੰਤ ‘ਚ ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸਾਨ ਤੇ ਖੇਤ ‘ਚ ਕੰਮ ਕਰਨ ਵਾਲਾ ਕਾਮਾ ਖੇਤੀਬਾੜੀ ਦੇ ਭੂ–ਦ੍ਰਿਸ਼ ਦੇ ਕੇਂਦਰ ਵਿੱਚ ਹਨ ਅਤੇ ਇਨ੍ਹਾਂ ਵੱਲ ਪੂਰੀ ਤਰ੍ਹਾਂ ਅਣਵੰਡਿਆ ਧਿਆਨ ਦੇਣ ਦੀ ਵੀ ਜ਼ਰੂਰਤ ਹੈ। ਉਨ੍ਹਾਂ ਕਿਹਾ,‘ਇਹ ਯਕੀਨੀ ਬਣਾਉਣਾ ਸਾਡੀ ਨੈਤਿਕ ਜ਼ਿੰਮੇਦਾਰੀ ਹੈ ਕਿ ਅਸੀਂ ਉਸ ਨੂੰ ਇੱਕ ਰੋਸ਼ਨ ਭਵਿੱਖ ਦੇਈਏ ਅਤੇ ਭਾਰਤੀ ਖੇਤੀਬਾੜੀ ਦਾ ਗਠਨ ਕਰਨ ਵਾਲੇ ਸਾਡੇ ਅੰਨਦਾਤਾ ਦੇ ਖ਼ੂਨ–ਪਸੀਨੇ ਨੂੰ ਮਾਨਤਾ ਦੇਈਏ।’

 

ਉਪ ਰਾਸ਼ਟਰਪਤੀ ਨੇ ਖੇਤੀਬਾੜੀ ਨਾਲ ਸਬੰਧਤ ਨੀਤੀ ਉਲੀਕਦਿਆਂ ਤੇ ਯੋਜਨਾਬੰਦੀ ਕਰਦਿਆਂ ਟਿਕਾਊਯੋਗਤਾ ਦੇ ਸਾਰੇ ਪਾਸਾਰਾਂ – ਆਰਥਿਕ, ਸਮਾਜਿਕ ਤੇ ਵਾਤਾਵਰਣਕ ਨੂੰ ਇੱਕ ਕਰਨ ਦੀ ਲੋੜ ਵੀ ਪ੍ਰਗਟਾਈ। ਉਨ੍ਹਾਂ ਖੇਤੀਬਾੜੀ ਦੇ ਅਜਿਹੇ ਵਧੇਰੇ ਵਿਆਪਕ ਤੇ ਹੋਰ ਸਮੁੱਚੇ ਦ੍ਰਿਸ਼ ਦੀ ਵਕਾਲਤ ਕੀਤੀ, ਜਿਸ ਵਿੱਚ ਪੌਦਿਆਂ, ਮੱਛੀਆਂ, ਵਣਾਂ ਤੇ ਪਸ਼ੂ–ਧਨ ਦੀ ਟਿਕਾਊਯੋਗਤਾ ਅਤੇ ਉਨ੍ਹਾਂ ਦੀ ਕੁਦਰਤੀ ਅੰਤਰ–ਨਿਰਭਰਤਾ ਹੋਵੇ ਤੇ ਲੋਕਾਂ ਦੀ ਸਲਾਮਤੀ ਵੱਲ ਬਣਦਾ ਧਿਆਨ ਦਿੱਤਾ ਗਿਆ ਹੋਵੇ।

 

ਭਾਰਤ ‘ਚ ਖੇਤੀਬਾੜੀ ਵਿੱਚ ਔਰਤਾਂ ਦੀ ਵਧਦੀ ਜਾ ਰਹੀ ਭੂਮਿਕਾ ਵੱਲ ਧਿਆਨ ਖਿੱਚਦਿਆਂ ਸ਼੍ਰੀ ਨਾਇਡੂ ਨੇ ਨੀਤੀ–ਘਾੜਿਆਂ ਨੂੰ ਮਹਿਲਾ ਕਿਸਾਨਾਂ ਦੀ ਭਲਾਈ ਵੱਲ ਖ਼ਾਸ ਧਿਆਨ ਦੇਣ ਦੀ ਬੇਨਤੀ ਕੀਤੀ।

 

ਪਿੱਛੇ ਜਿਹੇ ਰੇਗਿਸਤਾਨੀ ਟਿੱਡੀ–ਦਲਾਂ ਦੇ ਹਮਲੇ, ਚੱਲ ਰਹੀ ਕੋਵਿਡ–19 ਮਹਾਂਮਾਰੀ ਅਤੇ ਬਰਡ–ਫ਼ਲੂ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਅਨਾਜ ਤੇ ਖੇਤ–ਪ੍ਰਣਾਲੀਆਂ ਨੂੰ ਆਫ਼ਤਾਂ ਦੇ ਅਸਰ ਤੋਂ ਮੁਕਤ ਬਣਾਉਣ, ਗ੍ਰਾਮੀਣ ਅਰਥਵਿਵਸਥਾ ਨੂੰ ਮੁੜ–ਸੁਰਜੀਤ ਕਰਨ ਅਤੇ ਖ਼ਾਸ ਕਰਕੇ ਸਮਾਜ ਕੇ ਅਸੁਰੱਖਿਅਤ ਵਰਗਾਂ ਦੀ ਸਿਹਤ ਅਤੇ ਪੋਸ਼ਣ ਉੱਤੇ ਵਧੇਰੇ ਜ਼ੋਰ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ।

 

ਉਨ੍ਹਾਂ ਦਾ ਇਹ ਵਿਚਾਰ ਸੀ ਕਿ ਕਿਸਾਨਾਂ ਨੂੰ ਮੁਰਗ਼ੀ–ਪਾਲਣ, ਪਸ਼ੂ–ਪਾਲਣ, ਮੱਛੀ–ਪਾਲਣ ਤੇ ਬਾਗ਼ਬਾਨੀ ਜਿਹੇ ਸਹਾਇਕ ਧੰਦੇ ਅਪਣਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਜੇ ਕਦੇ ਫ਼ਸਲ ਨਾਕਾਮ ਰਹੇ, ਤਾਂ ਉਨ੍ਹਾਂ ਨੂੰ ਆਮਦਨ ਹੁੰਦੀ ਰਹੇ। ਉਨ੍ਹਾਂ ਭਾਰਤੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਦੀ ਪੂਰੀ ਸੰਭਾਵਨਾ ਦਾ ਲਾਭ ਲੈਣ ਦਾ ਵੀ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਚਾਹਿਆ ਕਿ ਖੇਤੀਬਾੜੀ ਯੂਨੀਵਰਸਿਟੀਜ਼ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਇੱਕ ਅਜਿਹੀ ਸਰਗਰਮ ਪਹੁੰਚ ਅਪਨਾਉਣੀ ਚਾਹੀਦੀ ਹੈ ਕਿ ਉਹ ਕਿਸਾਨਾਂ ਤੱਕ ਨਵੀਨਤਮ ਖੋਜ ਤੇ ਨਵਾਚਾਰ ਲਿਆਉਣ। ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਯੋਗਸ਼ਾਲਾ ਤੋਂ ਜ਼ਮੀਨ ਤੱਕ ਦੀ ਧਾਰਨਾ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨੀ ਹੋਵੇਗੀ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਕਿਸਾਨਾਂ ਨੇ ਹੜ੍ਹ, ਸੋਕਾ ਜਾਂ ਮਹਾਮਾਰੀ ਜਿਹੇ ਮਾੜੇ ਹਾਲਾਤ ਵਿੱਚ ਵੀ ਕਦੇ ਦੇਸ਼ ਨੂੰ ਥੱਲੇ ਨਹੀਂ ਲਗਣ ਦਿੱਤਾ ਅਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕੇਂਦਰ ਤੇ ਰਾਜਾਂ ਦੋਵਾਂ ਨੂੰ ‘ਟੀਮ ਇੰਡੀਆ’ ਦੀ ਭਾਵਨਾ ਨਾਲ ਇਕਜੁੱਟ ਕਾਰਵਾਈ ਕਰਨ ਦਾ ਸੱਦਾ ਦਿੱਤਾ। ਇਸ ਤੱਥ ਨੂੰ ਮਾਨਤਾ ਦਿੰਦਿਆਂ ਕਿ ਕਿਸਾਨ ਗ਼ੈਰ–ਸੰਗਠਤ ਹਨ ਤੇ ਉਨ੍ਹਾਂ ਦੀ ਆਵਾਜ਼ ਸੁਣੀ ਨਹੀਂ ਜਾਂਦੀ – ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 4 ਪੀ (Ps) – ਪਾਰਲੀਮੈਂਟ (ਸੰਸਦ), ਪੁਲਿਟੀਕਲ ਲੀਡਰਜ਼ (ਸਿਆਸੀ ਆਗੂਆਂ), ਪਾਲਿਸੀ–ਮੇਕਰਜ਼ (ਨੀਤੀ–ਘਾੜਿਆਂ) ਅਤੇ ਪ੍ਰੈੱਸ ਨੂੰ ਜ਼ਰੂਰ ਹੀ ਖੇਤੀਬਾੜੀ ਪ੍ਰਤੀ ਸਰਗਰਮੀ ਨਾਲ ਹਾਂ–ਪੱਖੀ ਨਜ਼ਰੀਆ ਅਪਣਾਉਣਾ ਹੋਵੇਗਾ।

 

ਕਰਜ਼ਾ–ਮੁਆਫ਼ੀਆਂ ਤੇ ਸਬਸਿਡੀਆਂ ਨੂੰ ਕਿਸਾਨਾਂ ਲਈ ਅਸਥਾਈ ਰਾਹਤ ਤੇ ਕੋਈ ਟਿਕਾਊ ਹੱਲ ਨਾ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਲੰਮੇ ਸਮੇਂ ਤੇ ਥੋੜ੍ਹ–ਚਿਰੇ ਉਪਾਅ ਤਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀਆਂ ਚੋਖੀਆਂ ਕੀਮਤਾਂ ਯਕੀਨੀ ਬਣਾਉਣ ਲਈ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਈ–ਮਾਰਕਿਟਿੰਗ, ਕੋਲਡ ਸਟੋਰੇਜ ਦੀਆਂ ਸੁਵਿਧਾਵਾਂ, ਬੇਰੋਕ ਬਿਜਲੀ ਸਪਲਾਈ ਅਤੇ ਸਮੇਂ–ਸਿਰ ਕਰਜ਼ਾ ਜਿਹੇ ਕਈ ਉਪਾਅ ਗਿਣਾਏ; ਕਿਉਂਕਿ ਇਹ ਗੱਲਾਂ ਖੇਤੀਬਾੜੀ ਨੂੰ ਲਾਹੇਵੰਦ ਤੇ ਵਿਵਹਾਰਕ ਬਣਾਉਣ ਲਈ ਅਹਿਮ ਹਨ।

 

2030 ਵੱਲ ਭਾਰਤੀ ਖੇਤੀਬਾੜੀ ਲਈ ਇੱਕ ਖ਼ਾਕੇ ਦੀ ਦੂਰ–ਦ੍ਰਿਸ਼ਟੀ ਬਾਰੇ ਤਿੰਨ–ਦਿਨਾ ਸੰਵਾਦ ਵਿੱਚ ਖੇਤੀ ਮਾਹਿਰ, ਕਿਸਾਨ, ਵਿਗਿਆਨੀ, ਅਕਾਦਮੀਸ਼ੀਅਨ ਤੇ ਸਿਵਲ ਸੁਸਾਇਟੀ ਦੇ ਮੈਂਬਰ ਭਾਗ ਲੈਣਗੇ।

 

ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਆਸ ਪ੍ਰਗਟਾਈ ਕਿ ਡੈਲੀਗੇਟ; ਭਾਰਤੀ ਖੇਤੀਬਾੜੀ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਦਾ ਨਿਰੀਖਣ ਕਰਨਗੇ ਅਤੇ ਕੋਈ ਅਜਿਹੀਆਂ ਢੁਕਵੀਂਆਂ ਸਿਫ਼ਾਰਸ਼ਾਂ ਕਰਨਗੇ ਕਿ ਉਨ੍ਹਾਂ ਉੱਤੇ ਕਾਬੂ ਪਾ ਕੇ ਅੱਗੇ ਕਿਵੇਂ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,‘ਮੈਨੂੰ ਭਰੋਸਾ ਹੈ ਕਿ ਸਾਡੇ ਕਿਸਾਨਾਂਖ ਤੇ ਸਾਡੇ ਵਿਗਿਆਨੀਆਂ ਅਤੇ ਨੀਤੀ–ਘਾੜਿਆਂ ਦੀ ਸੂਝ–ਬੂਝ ਤੇ ਸਖ਼ਤ ਮਿਹਨਤ ਇਹ ਯਕੀਨੀ ਬਣਾਏਗੀ ਕਿ ਅਸੀਂ ਆਪਣੀ ਮਹਾਨ ਸੱਭਿਅਤਾ ਦੇ ਸਰੀਰ ਅਤੇ ਆਤਮਾ ਦੋਵਾਂ ਨੂੰ ਸੰਭਾਲਦੇ ਹਾਂ।’

 

ਇਸ ਵਰਚੁਅਲ ਸਮਾਰੋਹ ‘ਚ ਸ਼੍ਰੀ ਪਰਸ਼ੋਤਮਭਾਈ ਰੁਪਾਲਾ, ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ, ਡਾ. ਰਾਜੀਵ ਕੁਮਾਰ, ਵਾਈਸ ਚੇਅਰ, ਨੀਤੀ ਆਯੋਗ, ਪ੍ਰੋ. ਰਮੇਸ਼ ਚੰਦ, ਮੈਂਬਰ, ਨੀਤੀ ਆਯੋਗ, ਸ਼੍ਰੀ ਸੰਜੈ ਅਗਰਵਾਲ, ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਸ਼੍ਰੀ ਜੌਂਗ–ਜੌਂਗ ਕਿਮ, ਐੱਫ਼ਏਓ ਅਸਿਸਟੈਂਟ ਡਾਇਰੈਕਟਰ ਜਨਰਲ ਅਤੇ ਏਸ਼ੀਆ–ਪ੍ਰਸ਼ਾਂਤ ਖੇਤਰ ਦੇ ਖੇਤਰੀ ਪ੍ਰਤੀਨਿਧ, ਡਾ. ਨੀਲਮ ਪਟੇਲ, ਸੀਨੀਅਰ ਸਲਾਹਕਾਰ (ਖੇਤੀਬਾੜੀ), ਨੀਤੀ ਆਯੋਗ, ਖੇਤੀ ਮਾਹਿਰ, ਖੋਜਕਾਰ ਤੇ ਕਿਸਾਨਾਂ ਨੇ ਭਾਗ ਲਿਆ।

 

*****

 

ਐੱਮਐੱਸ/ਆਰਕੇ/ਡੀਪੀ(Release ID: 1690217) Visitor Counter : 96