ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਦੇਸ਼ ਵਿਚ ਏਵੀਅਨ ਇਨਫਲੂਐਂਜ਼ਾ ਦੀ ਸਥਿਤੀ

Posted On: 19 JAN 2021 6:16PM by PIB Chandigarh

19 ਜਨਵਰੀ, 2021 ਤੱਕ 5 ਰਾਜਾਂ ਵਿਚ ਪੋਲਟਰੀ ਪੰਛੀਆਂ ਵਿਚ ਅਤੇ 10 ਰਾਜਾਂ ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋ ਚੁੱਕੀ ਹੈ।

 

ਇਸ ਤੋਂ ਇਲਾਵਾ ਅੱਲਾਪੁਜ਼ਾ ਜ਼ਿਲ੍ਹੇ ਅਤੇ ਨੰਦੇਡ਼ ਜ਼ਿਲ੍ਹੇ ਦੇ ਚਿਖਾਰੀ ਅਤੇ ਤਾਲਾਹਾਰੀ ਪਿੰਡਾਂ, ਸਤਾਰਾ ਦੇ ਮਰਾਈ ਵਾਡ਼ੀ, ਲਾਤੂਰ ਦੇ ਦਾਵਨਗਾਓਂ, ਨਾਗਪੁਰ ਦੇ ਵਾਰੰਗਾ, ਗਡ਼ਚਿਰੋਲੀ ਦੇ ਗਡ਼ਚਿਰੋਲੀ, ਮੁੰਬਈ ਦੇ ਕਲਿਆਣ, ਥਾਣੇ ਅਤੇ ਬੀਡ਼ ਜ਼ਿਲ੍ਹੇ ਦੇ ਬਰਾਤੀ ਵਿਚ ਪੋਲਟਰੀ ਨਮੂਨਿਆਂ ਵਿਚ  ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ ਹੈ।

 

ਉੱਤਰ ਪ੍ਰਦੇਸ਼ ਦੇ ਅਲੀਗੰਜ, ਖੇਡ਼ੀ ਵਿਚ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਅਤੇ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿਚ ਬਾਰ-ਹੈਡਿੱਡ ਹੰਸਾਂ ਵਿਚ ਏਵੀਅਨ ਇਨਫਲੂਐਂਜ਼ਾ ਦੀ ਪੁਸ਼ਟੀ ਹੋਈ ਹੈ।

 

ਮਹਾਰਾਸ਼ਟਰ ਵਿਚ ਪ੍ਰਭਾਨੀ ਜ਼ਿਲ੍ਹੇ ਅਤੇ ਮੁੰਬਈ ਦੇ ਸੀਪੀਡੀਓ ਦੇ ਕੇਂਦਰਾਂ ਵਿਚ ਕੰਟਰੋਲ ਅਤੇ ਕੰਟੇਨਮੈਂਟ ਆਪ੍ਰੇਸ਼ਨ ਮੁਕੰਮਲ ਕਰ ਲਏ ਗਏ ਹਨ ਅਤੇ ਸੈਨਿਟਾਈਜ਼ੇਸ਼ਨ ਦੀ ਪ੍ਰਕ੍ਰਿਆ ਜਾਰੀ ਹੈ। ਦੂਜੇ ਸਾਰੇ ਹੀ ਪ੍ਰਭਾਵਤ ਖੇਤਰਾਂ ਵਿਚ ਆਰਆਰਟੀ'ਜ਼ ਤਾਇਨਾਤ ਕੀਤੀ ਗਈ ਹੈ ਅਤੇ ਪੋਲਟਰੀ ਪੰਛੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ। ਜਿਨ੍ਹਾਂ ਥਾਵਾਂ ਤੇ ਕਾਂਵਾਂ/ਪ੍ਰਵਾਸੀ ਪੰਛੀਆਂ/ ਜੰਗਲੀ ਪੰਛੀਆਂ ਵਿਚ ਬਿਮਾਰੀ ਦੇ ਨਤੀਜੇ ਪਾਜ਼ਿਟਿਵ ਆਏ ਹਨ, ਉਥੇ ਨਿਗਰਾਨੀ ਦਾ ਕੰਮ ਜਾਰੀ ਹੈ।

 

ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਹਰਦਾ ਅਤੇ ਮੰਦਸੌਰ ਜ਼ਿਲ੍ਹਿਆਂ ਅਤੇ ਛੱਤੀਸਗਡ਼੍ਹ ਦੇ ਬਲੌਦ ਜ਼ਿਲ੍ਹੇ ਵਿਚ ਪੰਛੀਆਂ ਨੂੰ ਮਾਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਪੋਲਟਰੀ ਵਿਚ ਬੀਮਾਰੀ ਦੇ ਫੈਲਣ ਵਾਲੇ ਕੇਂਦਰ ਦੇ ਇਰਦ-ਗਿਰਦ ਦੇ ਤਕਰੀਬਨ 1 ਕਿਲੋਮੀਟਰ ਦੇ ਘੇਰੇ ਵਿਚ ਪੋਲਟਰੀ ਪੰਛੀਆਂ ਨੂੰ ਮਾਰਨ ਲਈ ਆਰਆਰਟੀ ਤਾਇਨਾਤ ਕੀਤੀ ਗਈ ਹੈ। ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਦੇ ਬੀਮਾਰੀ ਵਾਲੇ ਕੇਂਦਰਾਂ ਵਿਚ ਪੋਲਟਰੀ ਨੂੰ ਮਾਰਨ ਦਾ ਕੰਮ ਜਾਰੀ ਹੈ।

 

ਦੇਸ਼ ਦੇ ਪ੍ਰਭਾਵਤ ਖੇਤਰਾਂ ਵਿਚ ਸਥਿਤੀ ਦੀ ਨਿਗਰਾਨੀ ਲਈ ਗਠਿਤ ਕੀਤੀ ਗਈ ਕੇਂਦਰੀ ਟੀਮ ਪ੍ਰਭਾਵਤ ਥਾਵਾਂ ਦਾ ਦੌਰਾ ਕਰ ਰਹੀ ਹੈ ਅਤੇ ਇਸ ਨੇ ਏਵੀਅਨ ਇਨਫਲੂਐਂਜ਼ਾ ਦੀ ਬੀਮਾਰੀ ਵਾਲੇ ਕੇਂਦਰਾਂ ਵਾਲੇ ਮਹਾਰਾਸ਼ਟਰ ਦੇ ਰਾਏਗਡ਼੍ਹ ਅਤੇ ਪੁਣੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਬੀਮਾਰੀ ਦਾ ਅਧਿਐਨ ਕੀਤਾ।

 

ਸਾਰੇ ਹੀ ਰਾਜਾਂ/ਕੇਂਦਰ ਸ਼ਸਤ ਪ੍ਰਦੇਸ਼ਾਂ ਵੱਲੋਂ, ਵਿਭਾਗ ਨੂੰ ਏਵੀਅਨ ਇਨਫਲੂਐਂਜ਼ਾ 2021 ਨੂੰ ਕੰਟਰੋਲ ਕਰਨ ਅਤੇ ਇਸ ਦੀ ਕੰਟੇਨਮੈਂਟ ਲਈ ਸੋਧੀ ਹੋਈ ਕਾਰਜ ਯੋਜਨਾ ਦੇ ਅਧਾਰ ਤੇ ਅਪਣਾਏ ਗਏ ਕੰਟਰੋਲ ਉਪਰਾਲਿਆਂ ਸੰਬੰਧੀ ਰੋਜ਼ਾਨਾ ਦੇ ਅਧਾਰ ਤੇ ਰਿਪੋਰਟ ਕੀਤੀ ਜਾ ਰਹੀ ਹੈ।

 

ਵਿਭਾਗ ਟਵਿਟਰ, ਫੇਸਬੁੱਕ ਹੈਂਡਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਹੋਰ ਪਲੇਟਫਾਰਮਾਂ ਰਾਹੀਂ ਏਵੀਅਨ ਇਨਫਲੂਐਂਜ਼ਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

 ------------------------------ 

ਏਪੀਐਸ/ਐਮਜੀ


(Release ID: 1690211) Visitor Counter : 121