ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ’ਚ ਨਰੇਲਾ ਵਿੱਚ ਰਾਨੀਖੇੜਾ ਵਿਖੇ ਸੰਗਠਤ ਕਚਰੇ ਤੋਂ ਊਰਜਾ ਸੁਵਿਧਾਵਾਂ ਦੇ ਵਿਕਾਸ ਲਈ ਇੰਡੀਅਨ ਆੱਇਲ ਤੇ ਐੱਨਡੀਐੱਮਸੀ ਵਿਚਾਲੇ ਸਹਿਮਤੀ–ਪੱਤਰ ’ਤੇ ਹੋਏ ਹਸਤਾਖਰ


ਕਿਹਾ ਕਿ ਇਸ ਇਤਿਹਾਸਕ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਵਿਭਿੰਨ ਕਿਸਮਾਂ ਨਾਲ ਬਿਜਲੀ ਪੈਦਾ ਕਰਨ ਤੇ ਕੱਚੇ ਮਾਲ ਦੀਆਂ ਦਰਾਮਦਾਂ ਉੱਤੇ ਨਿਰਭਰਤਾ ਘਟਾਉਣ ਦੇ ਨਾਲ–ਨਾਲ ਹੋਰ ਰਾਸ਼ਟਰੀ ਉਦੇਸ਼ਾਂ ਦੀ ਪ੍ਰਾਪਤੀ 'ਚ ਮਦਦ ਮਿਲੇਗੀ

ਅਜਿਹੇ ਪਲਾਂਟਸ ’ਚ ਪੈਦਾ ਹੋਣ ਵਾਲੀ ਸਾਰੀ ਗੈਸ ਵੀ ਜਨਤਕ ਖੇਤਰ ਦੇ ਤੇਲ ਉੱਦਮਾਂ ਵੱਲੋਂ ਖਰੀਦਣ ਦਾ ਦਿੱਤਾ ਭਰੋਸਾ

Posted On: 19 JAN 2021 3:22PM by PIB Chandigarh

ਇੰਡੀਅਨ ਆੱਇਲ ਕਾਰਪੋਰੇਸ਼ਨ ਲਿਮਿਟੇਡ (ਇੰਡੀਅਨ ਆਇਲ) ਅਤੇ ਉੱਤਰ ਦਿੱਲੀ ਨਗਰ ਨਿਗਮ (NDMC) ਨੇ ਅੱਜ ਨਵੀਂ ਦਿੱਲੀ ਦੇ ਨਰੇਲਾ ਇਲਾਕੇ ’ਚ ਰਾਨੀਖੇੜਾ ਵਿਖੇ NDMC ਦੇ ਭਰਾਓ ਪਾਉਣ ਵਾਲੇ ਸਥਾਨ ਉੱਤੇ ਕਚਰੇ ਤੋਂ ਊਰਜਾ ਬਣਾਉਣ ਦੀਆਂ ਸੰਗਠਤ ਸੁਵਿਧਾਵਾਂ ਦੇ ਵਿਕਾਸ ਲਈ ਇੱਕ ਸਹਿਮਤੀ–ਪੱਤਰ (MOU) ਉੱਤੇ ਹਸਤਾਖਰ ਕੀਤੇ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ  ਧਰਮੇਂਦਰ ਪ੍ਰਧਾਨ, ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ, ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਸ਼੍ਰੀ  ਜੈ ਪ੍ਰਕਾਸ਼, ਪੈਟਰੋਲੀਅਮ ਤੇ ਕੁਦਰਤ ਗੈਸ ਮਾਮਲਿਆਂ ਦੇ ਸਕੱਤਰ ਸ਼੍ਰੀ  ਤਰੁਣ ਕਪੂਰ, ਉੱਤਰੀ ਦਿੱਲੀ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗਿਆਨੇਸ਼ ਭਾਰਤੀ ਅਤੇ ਇੰਡੀਅਨ ਆੱਇਲ ਦੇ ਚੇਅਰਮੈਨ ਸ਼੍ਰੀ ਐੱਸ ਐੱਮ ਵੈੱਦਿਆ ਦੀ ਮੌਜੂਦਗੀ ਵਿੱਚ ਇਸ ਸਹਿਮਤੀ–ਪੱਤਰ ਉੱਤੇ ਹਸਤਾਖਰ ਕੀਤੇ ਗਏ।

ਇਸ ਸਹਿਮਤੀ–ਪੱਤਰ ਦੇ ਹਿੱਸੇ ਵਜੋਂ ਇੰਡੀਅਨ–ਆੱਇਲ ਨਰੇਲਾ ’ਚ ਰਾਨੀਖੇੜਾ ਵਿਖੇ ਕਚਰੇ ਤੋਂ ਊਰਜਾ ਤਿਆਰ ਕਰਨ ਵਾਲੇ ਇੱਕ ਸੰਗਠਤ ਪਲਾਂਟ ਸਥਾਪਤ ਕਰਨ ਲਈ ਕਨਸੈਸ਼ਨੇਅਰ ਦੀ ਸ਼ਨਾਖ਼ਤ ਲਈ ਐੱਨਡੀਐੱਮਸੀ ਨੂੰ ਸੁਵਿਧਾ ਦੇਵੇਗਾ।ਇਹ ਪਲਾਂਟ ਨਗਰ ਦੇ ਠੋਸ ਕਚਰੇ ਤੇ ਐੱਨਡੀਐੱਮਸੀ ਦੇ ਆਰਗੈਨਿਕ ਕਚਰੇ ਨੂੰ ਪ੍ਰਕਿਰਿਆ ਵਿੱਚੋਂ ਦੀ ਲੰਘਾ ਕੇ ਕੰਪ੍ਰੈੱਸਡ ਬਾਇਓਗੈਸ (CBG) ਬਣਾਏਗਾ, ਪਲਾਸਟਿਕਸ ਨੂੰ ਰੀ–ਸਾਇਕਲ ਕਰੇਗਾ, ਨਿੱਕਲਣ ਵਾਲੇ ਈਂਧਨ (RDF) ਨੂੰ ਪਲਾਸਟਿਕ ਜਾਂ ਸਿਨਗੈਸ ਅਤੇ ਉਸ ਦੇ ਡਾਊਨਸਟ੍ਰੀਮ ਉਤਪਾਦ, ਪਲਾਸਟਿਕਸ ਦੀ ਰੀਸਾਈਕਲਿੰਗ ਆਦਿ ਤਿਆਰ ਕਰਨ ਲਈ ਵਰਤੇਗਾ।

 

ਇਸ ਮੌਕੇ ਬੋਲਦਿਆਂ ਸ਼੍ਰੀ  ਪ੍ਰਧਾਨ ਨੇ ਕਿਹਾ ਕਿ ਇਸ ਇਤਿਹਾਸਕ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਵਿਭਿੰਨ ਕਿਸਮਾਂ ਨਾਲ ਊਰਜਾ ਪੈਦਾ ਕਰਨ ਅਤੇ ਕੱਚੇ ਮਾਲ ਦੀਆਂ ਦਰਾਮਦਾਂ ਉੱਤੇ ਨਿਰਭਰਤਾ ਘਟਾਉਣ ਦੇ ਨਾਲ–ਨਾਲ ਹੋਰ ਰਾਸ਼ਟਰੀ ਉਦੇਸ਼ਾਂ ਦੀ ਪੂਰਤੀ ਵਿੱਚ ਵੀ ਮਦਦ ਮਿਲੇਗੀ। ‘ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਇੱਕ ਟਿਕਾਊ ਭਵਿੱਖ ਲਈ ਦਿੱਲੀ ਵਿੱਚ ਅਜਿਹੇ ਪਲਾਂਟ ਸਥਾਪਤ ਕਰਨ ਲਈ ਪ੍ਰਤੀਬੱਧ ਹੈ। ਇਸ ਸਹਿਮਤੀ–ਪੱਤਰ ਉੱਤੇ ਹਸਤਾਖਰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ  ਨਰੇਂਦਰ ਮੋਦੀ ਦੀ ਦੂਰ–ਦ੍ਰਿਸ਼ਟੀ ਦੀ ਤਰਜ਼ ਉੱਤੇ ਭਾਰਤ ਲਈ ਇੱਕ ਪ੍ਰਦੂਸ਼ਣ–ਮੁਕਤ ਤੇ ਊਰਜਾ ਮਾਮਲਿਆਂ ’ਚ ਕਾਰਜਕੁਸ਼ਲ ਭਵਿੱਖ ਸੁਰੱਖਿਅਤ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਹਿਤ ਨਵੀਨ ਕਿਸਮ ਦੇ ਸਮਾਧਾਨ ਅਪਣਾ ਕੇ ਊਰਜਾ ਦੇ ਮਾਮਲੇ ’ਚ ਆਤਮ–ਨਿਰਭਰਤਾ ਹਾਸਲ ਕਰਨ ਵਾਸਤੇ ਹੀ ਕੀਤੇ ਗਏ ਹਨ।’

ਇਸ ਪ੍ਰੋਜੈਕਟ ਦੀ ਸਥਾਪਨਾ ਲਈ ਇੰਡੀਅਨ–ਆੱਇਲ ਅਤੇ ਉੱਤਰੀ ਡੀਐੱਮਸੀ ਦੇ ਆਪਸੀ ਤਾਲਮੇਲ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਤੁਰੰਤ ਪਾਸਾਰ ਕਰਨ ਅਤੇ ਸਮੁੱਚੇ ਭਾਰਤ ਵਿੱਚ ਬਿਲਕੁਲ ਅਜਿਹੇ ਪਾਇਲਟ ਪ੍ਰੋਜੈਕਟ ਕਾਇਮ ਕਰਨ ਦਾ ਸੱਦਾ ਦਿੱਤਾ। ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿੱਚ ਅਜਿਹੇ CBG ਪਲਾਂਟਸ ਨਾ ਸਿਰਫ਼ ਰਾਸ਼ਟਰੀ ਰਾਜਧਾਨੀ ਵਿੱਚ ਠੋਸ ਕਚਰੇ ਦੀ ਸਮੱਸਿਆ ਨੂੰ ਹੱਲ ਕਰਨਗੇ, ਸਗੋਂ ਉਹ ਪ੍ਰਦੂਸ਼ਣ ਤੇ ਸਾਡੀ ਤੇਲ ਨਿਰਭਰਤਾ ਘਟਾਉਣ ਵਿੱਚ ਵੀ ਮਦਦ ਕਰਨਗੇ। ਉਨ੍ਹਾਂ ਨਵੀਂ ਦਿੱਲੀ ਨਗਰ ਕੌਂਸਲ ਅਤੇ ਦਿੱਲੀ ਛਾਉਣ ਸਮੇਤ ਦਿੱਲੀ ਦੇ ਹੋਰਨਾਂ ਇਲਾਕਿਆਂ ਵਿੱਚ ਠੋਸ ਕੂੜਾ–ਕਰਕਟ ਦੀ ਸੰਭਾਲ ਲਈ ਅਜਿਹੇ ਹੋਰ ਪਲਾਂਟ ਕਾਇਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਅਜਿਹੇ ਪਲਾਂਟਾਂ ਤੋਂ ਪੈਦਾ ਹੋਣ ਵਾਲੀ ਗੈਸ ਦੀ ਵੀ ਜਨਤਕ ਖੇਤਰ ਦੇ ਤੇਲ ਉੱਦਮਾਂ ਵੱਲੋਂ 100 ਫ਼ੀ ਸਦੀ ਖ਼ਰੀਦ ਕੀਤੇ ਜਾਣ ਦਾ ਭਰੋਸਾ ਦਿਵਾਇਆ। ਸ਼੍ਰੀ  ਪ੍ਰਧਾਨ ਨੇ ਕਿਹਾ ਕਿ ਸਰਕਾਰ ਅਜਿਹੇ ਪਲਾਂਟਸ ਤੋਂ ਪੈਦਾ ਹੋਣ ਵਾਲੀ ਗੈਸ ਨੂੰ PNG, CNG ਪਾਈਪਲਾਈਨਾਂ ਨਾਲ ਜੋੜਨ ਦੇ ਯੋਗ ਬਣਾਏਗੀ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਨਿਸ਼ਚਤ ਸਮਾਂ–ਸੀਮਾ ਅੰਦਰ ਤੇ ਪਾਰਦਰਸ਼ੀ ਤਰੀਕੇ ਨਾਲ ਇੱਕ ਤੋਂ ਦੂਜੇ ਸਿਰੇ ਤੱਕ ਦਾ ਸਮਾਧਾਨ ਲੱਭਣਾ ਚਾਹੀਦਾ ਹੈ, ਤਾਂ ਜੋ ਰੋਜ਼ਾਨਾ ਸ਼ਹਿਰ ਵਿੱਚ ਪੈਦਾ ਹੋਣ ਵਾਲਾ 14,000 ਤੋਂ 15,000 ਟਨ ਠੋਸ ਕੂੜੇ ਦਾ ਨਿਬੇੜਾ ਇੱਕ ਸੁਰੱਖਿਅਤ ਤੇ ਸਿਹਤਮੰਦ ਤਰੀਕੇ ਨਾਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜਨਤਕ ਖੇਤਰ ਦੇ ਅਦਾਰੇ ਜਿੱਥੇ ਕਿਤੇ ਵੀ ਜ਼ਰੂਰਤ ਹੋਵੇਗੀ, ਤਕਨਾਲੋਜੀ ਦੇ ਮਾਮਲੇ ਵਿੱਚ ਵੀ ਮਦਦ ਮੁਹੱਈਆ ਕਰਵਾਉਣਗੇ। ਮੰਤਰੀ ਨੇ ਇਸ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ, ਤਾਂ ਜੋ ਇਸ ਦੇ ਨਤੀਜੇ ਅਗਲੇ ਦੋ ਕੁ ਸਾਲਾਂ ਅੰਦਰ ਵੇਖਣ ਨੂੰ ਮਿਲ ਸਕਣ। ਸ਼੍ਰੀ  ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਹਰਿਆਣਾ ’ਚ ਖੇਤੀਬਾੜੀ ਦੀ ਰਹਿੰਦ–ਖੂਹੰਦ ਦੀ ਸੰਭਾਲ ਲਈ ਕੰਮ ਕਰ ਰਹੀ ਹੈ, ਜਿਸ ਨਾ ਸਿਰਫ਼ ਪ੍ਰਦੂਸ਼ਣ ਘਟਾਉਣ ’ਚ ਮਦਦ ਮਿਲੇਗੀ, ਸਗੋਂ ਉਸ ਰਹਿੰਦ–ਖੂਹੰਦ ਤੋਂ ਕਿਸਾਨਾਂ ਨੂੰ ਵਾਧੂ ਆਮਦਨ ਵੀ ਹੋਵੇਗੀ।

ਸ਼੍ਰੀ ਅਨਿਲ ਬੈਜਲ ਨੇ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਲਈ ਇਸ ਪ੍ਰੋਜੈਕਟ ਦੇ ਫ਼ਾਇਦਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸ਼ਹਿਰ ਦੀ ਸਿਰਫ਼ ਅੱਧਾ ਕਚਰੇ ਪ੍ਰੋਸੈੱਸ ਕਰਨ ਦੀ ਸਮਰੱਥਾ ਹੈ ਅਤੇ ਕਚਰੇ ਤੋਂ ਊਰਜਾ ਤਿਆਰ ਕਰਨ ਵਾਲੇ ਇਨ੍ਹਾਂ ਪਲਾਂਟਸ ਦੀ ਸ਼ੁਰੂਆਤ ਨਾਲ ਨਾ ਸਿਰਫ਼ ਠੋਸ ਕਚਰੇ ਦਾ ਨਿਬੇੜਾ ਸਵੱਛ ਤੇ ਪ੍ਰਦੂਸ਼ਣ–ਮੁਕਤ ਤਰੀਕੇ ਕੀਤਾ ਜਾ ਸਕੇਗਾ, ਸਗੋਂ ਇਸ ਤੋਂ ਊਰਜਾ, CBG, ਸ਼ਹਿਰੀ ਖਾਦ ਆਦਿ ਵੀ ਪੈਦਾ ਹੋਣਗੇ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ  ਤਰੁਣ ਕਪੂਰ ਨੇ ਆਪਣੇ ਭਾਸ਼ਣ ’ਚ ਕਿਹਾ ਕਿ MSW ਨੂੰ ਵਿਗਿਆਨਕ ਢੰਗ ਨਾਲ ਨਿਪਟਣਾ ਤੇ ਉਸ ਨੂੰ ਊਰਜਾ ’ਚ ਤਬਦੀਲ ਕਰਨਾ ਅਹਿਮ ਹੈ। ਇਸ ਨਾਲ ਭਾਰਤ ਦੀਆਂ ਊਰਜਾ ਜ਼ਰੂਰਤਾਂ ਪੂਰੀਆਂ ਹੋਣਗੀਆਂ ਤੇ ਨਾਲ ਹੀ ਕਚਰੇ ਘਟੇਗਾ ਅਤੇ ਮਿੱਟੀ ਨਿਕਾਸੀ ਦੀ ਸਮੱਸਿਆ ਆਵੇਗੀ। ਉਨ੍ਹਾਂ ਕਿਹਾ ਕਿ SATAT ਯੋਜਨਾ ਅਧੀਨ ਵਿਚਾਰੇ ਗਏ 5,000 ਪਲਾਂਟਸ ਵਿੱਚੋਂ 15 ਚਾਲੂ ਹੋ ਗਏ ਹਨ ਅਤੇ ਅਜਿਹੇ ਪਲਾਂਟਾਂ ਵਿੱਚ ਤਿਆਰ ਹੋਣ ਵਾਲੀ ਉੱਚ–ਮਿਆਰੀ ਗੈਸ ਦੀ ਬਹੁਤ ਜ਼ਿਆਦਾ ਮੰਗ ਹੈ।

ਇੰਡੀਅਨ–ਆੱਇਲ ਦੇ ਚੇਅਰਮੈਨ ਸ਼੍ਰੀ  ਐੱਸਐੱਮ ਵੈਦਿਆ ਨੇ ਆਪਣੇ ਸੰਬੋਧਨ ਦੌਰਾਨ ਦਿੱਲੀ ’ਚ ਕਚਰੇ ਦੇ ਨਿਬੇੜੇ ਦੀ ਸਮੱਸਿਆ ਉੱਤੇ ਜ਼ੋਰ ਦਿੱਤਾ। ਉਨ੍ਹਾਂ ਸੂਚਿਤ ਕੀਤਾ ਕਿ ਪ੍ਰਸਤਾਵਿਤ ਪਲਾਂਟ ਕਚਰੇ ਦੇ ਪ੍ਰਬੰਧ ਲਇ ਇੱਕ ਅਜਿਹਾ ਟਿਕਾਊ ਹੱਲ ਪ੍ਰਦਾਨ ਕਰੇਗਾ, ਜਿਸ ਦੀ ਬਾਅਦ ’ਚ ਵੀ ਵਰਤੋਂ ਕੀਤੀ ਜਾ ਸਕੇਗੀ। MSW ਤੋਂ ਊਰਜਾ ਤਿਆਰ ਕਰਨ ਵਾਲੇ ਪਲਾਂਟ ਦੀ ਸਥਾਪਨਾ ਦੇ ਕਈ ਫ਼ਾਇਦੇ ਹੋਣਗੇ ਅਤੇ ਇਹ ‘ਸਵੱਛ ਭਾਰਤ, ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ’ ਜਿਹੀਆਂ ਸਰਕਾਰੀ ਪਹਿਲਕਦਮੀਆਂ ਦੀ ਤਰਜ਼ ’ਤੇ ਵੀ ਹੈ। ਇਹ ਕਚਰੇ ਇਕੱਠਾ ਕਰਨ ਤੋਂ ਲੈ ਕੇ ਊਰਜਾ ਦੀ ਵਿਕਰੀ ਤੱਕ ਸਾਰੀ ਕੀਮਤ–ਲੜੀ ਦੌਰਾਨ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ।

ਇਹ ਸੰਗਠਤ ਪਲਾਂਟ; ਐੱਨਡੀਐੱਮਸੀ ਵੱਲੋਂ ਇਕੱਠਾ ਕੀਤੇ ਜਾਣ ਵਾਲੇ ਨਗਰ ਦੇ ਲਗਭਗ 250 ਕਰੋੜ ਟਨ ਠੋਸ ਕਚਰੇ ਨੂੰ ਪ੍ਰੋਸੈੱਸ ਕਰੇਗਾ, ਪਲਾਸਟਿਕਸ ਨੂੰ ਰੀਸਾਈਕਲ ਕਰੇਗਾ ਅਤੇ ਕੰਪ੍ਰੈੱਸਡ ਬਾਇਓ–ਗੈਸ #CBG, ਈਥਾਨੌਲ, ਸਿਨਗੈਸ ਅਤੇ ਹੋਰ ਮੁੱਲ–ਵਾਧਾ ਡਾਊਨਸਟ੍ਰੀਮ ਉਤਪਾਦ ਵੀ ਤਿਆਰ ਕਰੇਗਾ।

******

ਵਾਇਬੀ



(Release ID: 1690119) Visitor Counter : 114