ਰੱਖਿਆ ਮੰਤਰਾਲਾ

ਰੱਖਿਆ ਸਕੱਤਰ ਨੇ ਇੰਡੀਆ ਗੇਟ ਅਤੇ ਰਾਜਪਥ ਵਿਖੇ ਐਨਸੀਸੀ ਦੇ ਸਵੱਛਤਾ ਪਖਵਾੜੇ ਦਾ ਉਦਘਾਟਨ ਕੀਤਾ

Posted On: 18 JAN 2021 4:32PM by PIB Chandigarh

ਰੱਖਿਆ ਸਕੱਤਰ, ਡਾ. ਅਜੈ ਕੁਮਾਰ ਨੇ 18 ਜਨਵਰੀ 2021 ਨੂੰ ਇੰਡੀਆ ਗੇਟ ਵਿਖੇ ਐਨ ਸੀ ਸੀ ਵਲੋਂ ਮਨਾਏ ਜਾ ਰਹੇ ਸਵੱਛਤਾ ਪਖਵਾੜੇ ਦਾ ਉਦਘਾਟਨ ਕੀਤਾ। ਇਸ ਸਵੱਛਤਾ ਪਖਵਾੜੇ ਦਾ ਵਿਸ਼ਾ ਹੈ "ਕਲੀਨ ਇੰਡੀਆ, ਗ੍ਰੀਨ ਇੰਡੀਆ, ਇਹ ਹੈ ਮੇਰਾ ਡਰੀਮ ਇੰਡੀਆ"।

ਇਸ ਮੌਕੇ ਬੋਲਦਿਆਂ ਡਾ: ਅਜੈ ਕੁਮਾਰ ਨੇ ਕਿਹਾ ਕਿ ਐਨ.ਸੀ.ਸੀ. ਵਿਸ਼ਵ ਦਾ ਸਭ ਤੋਂ ਵੱਡਾ ਵਰਦੀਧਾਰੀ ਯੁਵਾ ਸੰਗਠਨ ਹੈ ਅਤੇ ਦੇਸ਼ ਦੇ ਨਿਰਮਾਣ ਵਿੱਚ ਐਨ.ਸੀ.ਸੀ. ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ- ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਵਿਸ਼ੇਸ਼ ਰਾਸ਼ਟਰੀ ਏਕਤਾ ਕੈਂਪ, ਲੀਡਰਸ਼ਿਪ ਅਤੇ ਸ਼ਖਸੀਅਤ ਵਿਕਾਸ ਅਤੇ ਸਵੱਛਤਾ ਅਭਿਆਨ ਪ੍ਰੋਗਰਾਮਾਂ ਵਰਗੀਆਂ ਗਤੀਵਿਧੀਆਂ ਨੇ ਇਸ ਕੰਮ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਐਨ.ਸੀ.ਸੀ. ਕੈਡਿਟਸ ਵਲੋਂ ਕਰੋਨਾ ਕਾਲ ਦੌਰਾਨ ਚਲਾਏ ਗਏ ਪ੍ਰੋਗਰਾਮ “ਐਨ.ਸੀ.ਸੀ. ਯੋਗਦਾਨ” ਰਾਹੀਂ ਮਹਾਮਾਰੀ ਫੈਲਣ ਤੋਂ ਰੋਕਣ ਲਈ ਕੀਤੇ ਯਤਨਾਂ ਲਈ ਕੋਰੋਨਾ ਵਾਰੀਅਰਜ਼ ਦੇ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਐਨ.ਸੀ.ਸੀ. ਨੇ ਸਵੱਛਤਾ ਦੀ ਮਹੱਤਤਾ ਪ੍ਰਤੀ ਲੋਕਾਂ ਦੀ ਰਾਏ ਨੂੰ ਜੁਟਾਉਣ ਲਈ, ਕੌਮੀ ਸਵੱਛਤਾ ਪਖਵਾੜਿਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਵੱਡੇ ਉਪਰਾਲੇ ਕੀਤੇ ਹਨ। ਰੱਖਿਆ ਸਕੱਤਰ ਨੇ ਕਿਹਾ ਕਿ ਐਨਸੀਸੀ ਕੈਡਿਟਾਂ ਦੀ ਵੱਖ ਵੱਖ ਕਮਿਉਨਿਟੀ ਵਿਕਾਸ ਅਤੇ ਸਮਾਜ ਸੇਵੀ ਯੋਜਨਾਵਾਂ ਵਿੱਚ ਸਵੈ-ਇੱਛੈਕ ਭਾਗੀਦਾਰੀ ਸ਼ਲਾਘਾਯੋਗ ਹੈ ਅਤੇ ਸਾਡੀ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਅਜਿਹੇ ਯਤਨਾਂ ਦਾ ਲਾਭ ਮਿਲਿਆ ਹੈ। ਡਾ.ਅਜੈ ਕੁਮਾਰ ਨੇ ਇਸ ਪਖਵਾੜੇ ਦੇ ਵਿਸ਼ੇ ਦੀ ਸ਼ਲਾਘਾ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਅਜਿਹੀਆਂ ਮੁਹਿੰਮਾਂ ਦੀ ਮਦਦ ਨਾਲ ਰਾਸ਼ਟਰ ਨਿਰੰਤਰ ਤਰੱਕੀ ਦੀ ਰਾਹ ' ਤੇ ਅੱਗੇ ਵੱਧ ਸਕਦੀ ਹੈ।

ਰੱਖਿਆ ਸਕੱਤਰ ਨੇ ਇਹ ਵੀ ਕਿਹਾ ਕਿ ਐਨ ਸੀ ਸੀ ਕੈਡਿਟਾਂ ਨੂੰ ਦਿੱਤੀ ਗਈ ਬਹੁ-ਪੱਖੀ ਸਿਖਲਾਈ ਨੇ ਕੁਝ ਬਹੁਤ ਹੀ ਨਾਮਵਰ ਅਤੇ ਪ੍ਰਮੁੱਖ ਵਿਦਿਆਰਥੀ ਪੈਦਾ ਕੀਤੇ ਹਨ ਜੋ ਸਰਕਾਰ, ਆਰਮਡ ਫੋਰਸਿਜ਼ ਅਤੇ ਵੱਖ ਵੱਖ ਨਾਗਰਿਕ ਸੰਗਠਨਾਂ ਵਿਚ ਸੀਨੀਅਰ ਨਿਯੁਕਤੀਆਂ ਹਾਸਲ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਨ.ਸੀ.ਸੀ. ਰਾਸ਼ਟਰ ਦੀ ਅਗਵਾਈ ਲਈ ਤਿਆਰ, ਸਿਖਿਅਤ, ਅਨੁਸ਼ਾਸਤ ਅਤੇ ਪ੍ਰੇਰਿਤ ਨੌਜਵਾਨਾਂ ਦਾ ਭੰਡਾਰ ਬਣਾਉਣ ਵਿੱਚ ਨਿਰੰਤਰ ਸੇਵਾਵਾਂ ਦੇ ਰਿਹਾ ਹੈ।

ਉਦਘਾਟਨੀ ਸਮਾਰੋਹ ਵਿੱਚ ਇੱਕ ਕੈਡਿਟ ਵਲੋਂ ਇੱਕ ਸ਼ਾਨਦਾਰ ਸਵਾਗਤ ਭਾਸ਼ਣ ਦਿੱਤਾ ਗਿਆ, ਇੱਕ ਕੈਡਿਟ ਨੇ ਕਵਿਤਾ ਦਾ ਪਾਠ ਅਤੇ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਜੀਵਨ ਵਿੱਚ ਸਵੱਛਤਾ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਇੱਕ ਕੈਡਿਟ ਵਲੋਂ ਅਨੁਭਵ ਵੀ ਸਾਂਝੇ ਕੀਤੇ ਗਏ । ਐਨਸੀਸੀ ਕੈਡਿਟਾਂ ਨੇ ਇੱਕ ਚੰਗੀ ਕੋਰੀਓਗ੍ਰਾਫੀ ਦੀ ਮਦਦ ਨਾਲ ਤਿਆਰ ਨੁੱਕੜ ਨਾਟਕ ਰਾਹੀਂ ਸਵੱਛਤਾ ਨੂੰ ਇੱਕ ਜੀਵਨ ਸ਼ੈਲੀ ਵਜੋਂ ਸਵੀਕਾਰ ਕਰਨ ਦੀ ਮਹੱਤਤਾ ਤੇ ਚਾਨਣਾ ਪਾਇਆ। ਸਮਾਰੋਹ ਦੀ ਸਮਾਪਤੀ ਰੱਖਿਆ ਸਕੱਤਰ ਵਲੋਂ ਪਲਾਗ ਰਨ ਨੂੰ ਹਰੀ ਝੰਡੀ ਦਿਖਾਉਣ ਨਾਲ ਹੋਈ। 

ਸਵੱਛਤਾ ਪਖਵਾੜੇ ਤਹਿਤ ਐਨਸੀਸੀ ਕੈਡਿਟ ਗਣਤੰਤਰ ਦਿਵਸ ਪਰੇਡ - 2021 ਦੇ ਦੌਰਾਨ ਰਾਜਪਥ ਨੂੰ ਸਾਫ ਰੱਖਣਗੇ,  ਸਵੱਛਤਾ ਸੰਬੰਧਿਤ ਬੈਨਰ ਪ੍ਰਦਰਸ਼ਤ ਕਰਣਗੇ, ਪੰਫਲੇਟ ਵੰਡ ਕੇ ਅਤੇ ਨੁੱਕੜ ਨਾਟਕਾਂ ਰਾਹੀਂ ਸਵੱਛਤਾ ਬਰਕਰਾਰ ਰੱਖਣ ਬਾਰੇ ਜਾਗਰੂਕਤਾ ਫੈਲਾਉਣਗੇ। 26 ਵੱਖ- ਵੱਖ ਟੀਮਾਂ ਤਹਿਤ ਕੈਡਿਟਸ 18 ਤੋਂ 29 ਜਨਵਰੀ 2021 ਤੱਕ ਇੰਡੀਆ ਗੇਟ ਦੇ 'ਸੀ ਹੇਕਸਾਗੋਨ' ਤੋਂ ਵਿਜੇ ਪਥ ਤੱਕ ਰੋਜ਼ਾਨਾ ਅਭਿਆਸ ਵੀ ਕਰਨਗੇ ਅਤੇ ਅਜਿਹਾ ਕਰਦਿਆਂ ਸਫਾਈ ਦੀ ਮਹੱਤਤਾ ਬਾਰੇ ਜਾਗਰੂਕਤਾ ਵੀ ਫੈਲਾਉਣਗੇ।

ਐਨਸੀਸੀ ਦੇ ਡੀਜੀ ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ, ਅਤੇ ਐਮਓਡੀ ਅਤੇ ਐਨਸੀਸੀ ਦੇ ਬਹੁਤ ਸਾਰੇ ਪਤਵੰਤੇ ਇਸ ਸਮਾਰੋਹ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਏਬੀਬੀ / ਨਾਮਪੀ / ਕੇਏ / ਰਾਜੀਬ



(Release ID: 1689785) Visitor Counter : 114