ਰੇਲ ਮੰਤਰਾਲਾ

ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਅੱਜ ਝੰਡੀ ਵਿਖਾ ਕੇ ਰਵਾਨਾ ਕੀਤੀਆਂ ਗਈਆਂ ਅੱਠ ਰੇਲ–ਗੱਡੀਆਂ ਤੇ ਉਦਘਾਟਨ ਕੀਤੇ ਰੇਲ ਪ੍ਰੋਜੈਕਟਾਂ ਦੇ ਵੇਰਵੇ

Posted On: 17 JAN 2021 4:37PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਭਿੰਨ ਸਥਾਨਾਂ ਤੋਂ ਕੇਵੜੀਆ ਆਉਣ ਵਾਲੀਆਂ 8 ਨਵੀਂਆਂ ਰੇਲ–ਗੱਡੀਆਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਡਭੋਈ–ਚਾਂਦੋੜ ਗੇਜ ਤੋਂ ਬ੍ਰਾੱਡ ਗੇਜ ਵਿੱਚ ਤਬਦੀਲ ਕੀਤੀ ਰੇਲ ਲਾਈਨ (18 ਕਿਲੋਮੀਟਰ), ਚਾਂਦੋੜ ਤੋਂ ਕੇਵੜੀਆ (32 ਕਿਲੋਮੀਟਰ)  ਨਵੀਂ ਬ੍ਰਾੱਡ ਗੇਜ ਰੇਲਵੇ ਲਾਈਨ, ਨਵੇਂ ਬਿਜਲਈਕ੍ਰਿਤ ਪ੍ਰਤਾਪਨਗਰ–ਕੇਵੜੀਆ ਸੈਕਸ਼ਨ (80 ਕਿਲੋਮੀਟਰ), ਡਭੋਈ ਜੰਕਸ਼ਨ, ਚਾਂਦੋੜ ਤੇ ਕੇਵੜੀਆ ਦੇ ਨਵੇਂ ਰੇਲਵੇ ਸਟੇਸ਼ਨਾਂ ਦੀਆਂ ਇਮਾਰਤਾਂ ਦਾ ਉਦਘਾਟਨ ਕੀਤਾ।

50 ਕਿਲੋਮੀਟਰ ਲੰਮੇ ਡਭੋਈ–ਚਾਂਦੋੜ–ਕੇਵੜੀਆ ਸੈਕਸ਼ਨ ਨੂੰ 18 ਕਿਲੋਮੀਟਰ ਲੰਮੇ ਡਭੋਈ–ਚਾਂਦੋੜ ਨੈਰੋ ਗੇਜ ਸੈਕਸ਼ਨ ਨੂੰ ਬ੍ਰਾੱਡ ਗੇਜ ਵਿੱਚ ਤਬਦੀਲ ਕਰ ਕੇ ਕਮਿਸ਼ਨ ਕੀਤਾ ਗਿਆ ਅਤੇ ਫਿਰ ਉਸ ਦਾ ਚਾਂਦੋੜ ਤੋਂ ਕੇਵੜੀਆ ਤੱਕ (32 ਕਿਲੋਮੀਟਰ) ਨਵੀਂ ਬ੍ਰਾੱਡ ਗੇਜ ਰੇਲਵੇ ਲਾਈਨ ਦਾ ਪਾਸਾਰ ਕੀਤਾ ਗਿਆ ਹੈ। ਪ੍ਰਤਾਪਨਗਰ–ਕੇਵੜੀਆ ਸੈਕਸ਼ਨ (80 ਆਰਕੇਐੱਮ) ਦਾ ਬਿਜਲਈਕਰਣ ਵੀ ਰੇਲ ਮੰਤਰਾਲੇ ਦੀ 100% ਰੇਲਵੇ ਬਿਜਲਈਕਰਣ ਨੀਤੀ ਮਿਸ਼ਨ ਅਨੁਸਾਰ ਕੀਤਾ ਗਿਆ ਹੈ। ਇਸ ਨਾਲ ਹੁਣ ਸਾਡੇ ਦੇਸ਼ ਵਿੱਚ ਸਾਰੀਆਂ ਦਿਸ਼ਾਵਾਂ ਤੋਂ ਬੇਰੋਕ ਰੇਲ ਕੁਨੈਕਟੀਵਿਟੀ ਮੁਹੱਈਆ ਹੋਵੇਗੀ।

ਇਸ ਪ੍ਰੋਜੈਕਟ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

  • ਇਸ ਪ੍ਰੋਜੈਕਟ ਨੂੰ 811 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨਗੀ ਦਿੱਤੀ ਗਈ ਸੀ।

  • ਨਵੀਂ ਲਾਈਨ ਦੇ ਪ੍ਰੋਜੈਕਟ ਲਈ ਜ਼ਮੀਨ ਅਕਵਾਇਰ ਕਰਨ ਦਾ ਕੰਮ ਜੁਲਾਈ 2020 ’ਚ ਮੁਕੰਮਲ ਕਰ ਲਿਆ ਗਿਆ ਸੀ ਤੇ ਇਸ ਪ੍ਰੋਜੈਕਟ ਨੂੰ ਸਿਰਫ਼ 5 ਮਹੀਨਿਆਂ ’ਚ ਸ਼ੁਰੂ ਕੀਤਾ ਗਿਆ ਹੈ।

  • ਇਸ ਦੇ ਕੁੱਲ 7 ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 4 ਪ੍ਰਮੁੱਖ (ਕ੍ਰਾੱਸਿੰਗ) ਸਟੇਸ਼ਨ ਅਤੇ 4 ਛੋਟੇ (ਠਹਿਰਾਅ) ਸਟੇਸ਼ਨ ਹਨ।

  • ਇਨ੍ਹਾਂ ਵਿੱਚੋਂ 4 ਨਵੇਂ ਸਟੇਸ਼ਨ – ਮੋਰੀਆ, ਤਿਲਕਵਾੜਾ, ਗਰੁੜੇਸ਼ਵਰ ਅਤੇ ਕੇਵੜੀਆ ਹਨ ਅਤੇ 3 ਪਹਿਲਾਂ ਤੋਂ ਮੌਜੂਦ ਸਟੇਸ਼ਨ ਡਭੋਈ ਜੰਕਸ਼ਨ, ਵੜਾਜ ਤੇ ਚਾਂਦੋੜ ਹਨ।

  • ਇੱਥੇ 8 ਵੱਡੇ ਪੁਲ, 79 ਨਿੱਕੇ ਪੁਲ, 9 ਸੜਕ ਉੱਤੇ ਓਵਰਬ੍ਰਿਜ ਅਤੇ 31 ਸੜਕ ਅੰਡਰਬ੍ਰਿਜ ਹਨ।

  • ਪ੍ਰਤਾਪਨਗਰ–ਡਭੋਈ ਸੈਕਸ਼ਨ ਉੱਤੇ ਰਫ਼ਤਾਰ 75 ਦਿਨਾਂ ਦੇ ਥੋੜ੍ਹੇ ਸਮੇਂ ਅੰਦਰ ਹੀ 75 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧਾ ਕੇ 110 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ ਅਤੇ ਡਭੋਈ–ਕੇਵੜੀਆ ਸੈਕਸ਼ਨ ਦਾ ਨਿਰਮਾਣ 110 ਕਿਲੋਮੀਟਰ ਪ੍ਰਤੀ ਘੰਟਾ ਨਾਲ ਕੀਤਾ ਗਿਆ ਹੈ। ਪ੍ਰਤਾਪਨਗਰ–ਕੇਵੜੀਆ ਦੇ ਸਮੁੱਚੇ ਸੈਕਸ਼ਨ ਦੀ ਰਫ਼ਤਾਰ ਵਿੱਚ ਹੋਰ ਵਾਧਾ ਕਰ ਕੇ 130 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਜਾਵੇਗਾ।

  • ਡਭੋਈ ਜੰਕਸ਼ਨ, ਚਾਂਦੋੜ ਤੇ ਕੇਵੜੀਆ ਦੇ ਸਟੇਸ਼ਨਾਂ ਦੀਆਂ ਇਮਾਰਤਾਂ ਨੂੰ ਬਹੁਤ ਸੋਹਣੇ ਢੰਗ ਨਾਲ ਡਿਜ਼ਾਇਨ ਕੀਤਾ ਗਿਆ ਤੇ ਉੱਨ੍ਹਾਂ ਨੂੰ ਸਥਾਨਕ ਵਿਸ਼ੇਸ਼ਤਾਵਾਂ ਤੇ ਯਾਤਰੀਆਂ ਲਈ ਆਧੁਨਿਕ ਸੁਵਿਧਾਵਾਂ ਨਾਲ ਲੈਸ ਕੀਤਾ ਗਿਆ ਹੈ। ਕੇਵੜੀਆ ਸਟੇਸ਼ਨ ਭਾਰਤ ਦਾ ਅਜਿਹਾ ਪਹਿਲਾ ਰੇਲਵੇ ਸਟੇਸ਼ਨ ਵੀ ਹੈ, ਜਿਸ ਨੂੰ ਇਸ ਦੇ ਨਿਰਮਾਣ ਦੇ ਸਮੇਂ ਤੋਂ ਹੀ ‘ਗ੍ਰੀਨ ਬਿਲਡਿੰਗ ਸਰਟੀਫ਼ਿਕੇਸ਼ਨ’ (ਪ੍ਰਦੂਸ਼ਣ–ਮੁਕਤ ਹੋਣ ਦੀ ਪ੍ਰਮਾਣਿਕਤਾ) ਦਿੱਤੀ ਗਈ ਹੈ।

  • ਸਿਵਲ ਇੰਜੀਨੀਅਰਿੰਗ ਦੇ ਕੰਮ ਦੀ ਰਫ਼ਤਾਰ ਤੇਜ਼ ਕਰਨ ਲਈ ਆਧੁਨਿਕ ਇੰਜੀਨੀਅਰਿੰਗ ਤਕਨੀਕਾਂ ਤੇ ਮੋਬਾਇਲ ਫ਼ਲੈਸ਼ ਬੱਟ ਵੈਲਡਿੰਗ ਮਸ਼ੀਨਾਂ, ਰੈਡੀ ਮਿਕਸ ਕੰਕ੍ਰੀਟ (RMC), ਮਿੱਟੀ ਚੁੱਕਣ ਵਾਲੇ ਭਾਰੀ ਉਪਕਰਣ, ਹੈਵੀ ਡਿਊਟੀ ਰੋਡ ਕ੍ਰੇਨਾਂ ਤੇ ਟ੍ਰੈਕ ਮਸ਼ੀਨਾਂ ਜਿਹੇ ਉਪਕਰਣ ਤਾਇਨਾਤ ਕੀਤੇ ਗਏ ਸਨ।

  • ਨਿੱਕੇ ਪੁਲਾਂ ਦੇ ਡਿਜ਼ਾਇਨ ਲਈ ਸਥਾਨਕ ਪੱਧਰ ਉੱਤੇ ਉਪਲਬਧ RCC ਹਿਊਮ ਪਾਈਪਾਂ ਦੀ ਵਰਤੋਂ ਕਰਦਿਆਂ ਇੱਕ ਵਿਲੱਖਣ ਤਕਨੀਕੀ ਸਮਾਧਾਨ ਨੂੰ ਅਪਣਾਇਆ ਗਿਆ ਹੈ। ਇਸ ਨਾਲ ਨਾ ਸਿਰਫ਼ ਕੰਮ ਨਿਬੇੜਨ ਦਾ ਸਮਾਂ ਘਟਿਆ ਹੈ, ਸਗੋਂ ਇੰਝ ਲਗਭਗ 27 ਕਰੋੜ ਰੁਪਏ ਦੀ ਬੱਚਤ ਵੀ ਹੋਈ ਹੈ।

  • ਸਿਗਨਲਿੰਗ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਤੇ ਕਮਿਸ਼ਨਿੰਗ ਦਾ ਸਮਾਂ ਘਟਾਉਣ ਲਈ ਵਰਚੁਅਲ ਵਿਧੀ (ਕੋਵਿਡ–19 ਮਹਾਮਾਰੀ ਦੌਰਾਨ) ਰਾਹੀਂ ‘ਇਲੈਕਟ੍ਰੌਨਿਕ ਇੰਟਰਲੌਕਿੰਗ ਸਿਗਨਲਿੰਗ ਸਿਸਟਮ’ ਲਈ ‘ਫ਼ੈਕਟਰੀ ਅਕਸੈਪਟੈਂਸ ਟੈਸਟ’ (FAT) ਅਤੇ ‘ਸਾਈਟ ਅਕਸੈਪਟੈਂਸ ਟੈਸਟ’ (SAT) ਜਿਹੀਆਂ ਨਵੀਨ ਕਿਸਮ ਦੀਆਂ ਤਕਨਾਲੋਜੀਆਂ ਦੀ ਵਰਤੋਂ ਕੀਤੀ ਗਈ ਹੈ।

  • ਬਿਜਲਈਕਰਣ ਦੇ ਕੰਮਾਂ ਦੀ ਮੁਹਿੰਮ ਲਈ ਟਾਵਰ ਵੈਗਨਜ਼, ਓਵਰ ਹੈੱਡ ਉਪਕਰਣ (OHE) ਵਾਇਰਿੰਗ ਟ੍ਰੇਨ ਨੂੰ ਵਰਤਿਆ ਗਿਆ ਸੀ।

 

ਪ੍ਰਤਾਪਨਗਰ–ਕੇਵੜੀਆ ਸੈਕਸ਼ਨ ਦਾ ਬਿਜਲਈਕਰਣ

  • ਪ੍ਰਤਾਪਨਗਰ–ਕੇਵੜੀਆ ਸੈਕਸ਼ਨ (80 ਆਰਕੇਐੱਮ) ਦਾ ਬਿਜਲਈਕਰਣ ਰੇਲ ਮੰਤਰਾਲੇ ਦੀ 100% ਰੇਲਵੇ ਬਿਜਲਈਕਰਣ ਨੀਤੀ ਮਿਸ਼ਨ ਅਨੁਸਾਰ ਕੀਤਾ ਗਿਆ ਹੈ।

  • ਇਸ ਨਾਲ ਸਾਫ਼–ਸੁਥਰੀ, ਪ੍ਰਦੂਸ਼ਣ–ਮੁਕਤ, ਤੇਜ਼–ਰਫ਼ਤਾਰ ਤੇ ਵਾਤਾਵਰਣ–ਪੱਖੀ ਰੇਲ ਆਵਾਜਾਈ ਮੁਹੱਈਆ ਹੋਵੇਗੀ, ਜਿਸ ਨਾਲ ਕਾਰਬਨ ਦੀ ਨਿਕਾਸੀ ਘਟੇਗੀ।

 ਪ੍ਰੋਜੈਕਟ ਦੇ ਪ੍ਰਮੁੱਖ ਲਾਭ

  • ਵਿਸ਼ਵ ਦੇ ਸਭ ਤੋਂ ਉੱਚੇ ‘ਸਟੈਚੂ ਆੱਵ੍ ਯੂਨਿਟੀ’ ਨੂੰ ਦੇਸ਼ ਦੀਆਂ ਵਿਭਿੰਨ ਦਿਸ਼ਾਵਾਂ ਤੋਂ ਬੇਰੋਕ ਰੇਲ ਕੁਨੈਕਟੀਵਿਟੀ ਮੁਹੱਈਆ ਹੋਈ

  • ਨਵਾਂ ਕੇਵੜੀਆ ਰੇਲਵੇ ਸਟੇਸ਼ਨ ‘ਸਟੈਚੂ ਆੱਵ੍ ਯੂਨਿਟੀ’ ਤੋਂ ਲਗਭਗ 6.5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

  • ਇਹ ਰੇਲ ਲਾਈਨ ਦੀ ਕਬਾਇਲੀ ਪੱਟੀ ਵੜਾਜ – ਚਾਂਦੋੜ – ਮੋਰੀਆ – ਤਿਲਕਵਾੜਾ – ਗਰੁੜਵੇਸ਼ਵਰ ਵਿੱਚੋਂ ਦੀ ਲੰਘਦੀ ਹੈ ਤੇ ਇਸ ਨਾਲ ਇਸ ਇਲਾਕੇ/ਖੇਤਰ ਦਾ ਵਿਕਾਸ ਹੋਵੇਗਾ।

  • ਇਸ ਨਾਲ ਪਵਿੱਤਰ ਨਰਮਦਾ ਨਦੀ ਦੇ ਕੰਢਿਆਂ ਉੱਤੇ ਸਥਾਪਤ – ਕਰਨਾਲੀ, ਪੋਇਚਾ ਤੇ ਗਰੁੜੇਸ਼ਵਰ ਜਿਹੇ ਅਹਿਮ ਧਾਰਮਿਕ ਤੇ ਪ੍ਰਾਚੀਨ ਤੀਰਥ–ਅਸਥਾਨਾਂ ਤੱਕ ਕੁਨੈਕਟੀਵਿਟੀ ਵੀ ਮੁਹੱਈਆ ਹੋਵੇਗੀ।

  • ਦੇਸ਼ ਦੇ ਅੰਦਰ ਤੇ ਕੌਮਾਂਤਰੀ ਦੋਵੇਂ ਤਰ੍ਹਾਂ ਦੇ ਸੈਰ–ਸਪਾਟੇ ਨੂੰ ਹੱਲਾਸ਼ੇਰੀ ਮਿਲੇਗੀ।

  • ਇਸ ਖੇਤਰ ਦੇ ਸਮੁੱਚੇ ਸਮਾਜਕ–ਆਰਥਿਕ ਵਿਕਾਸ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ

  • ਰੋਜ਼ਗਾਰ ਤੇ ਵਪਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

 

ਕੇਵੜੀਆ ਸਟੇਸ਼ਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ

  • ਕੇਵੜੀਆ ਰੇਲਵੇ ਸਟੇਸ਼ਨ ਨੂੰ ‘ਇੰਡੀਅਨ ਗ੍ਰੀਨ ਬਿਲਡਿੰਗ ਕੌਂਸਲ’ (IGBC) ਨਾਲ ਰਜਿਸਟਰਡ ਕੀਤਾ ਗਿਆ ਹੈ ਕਿਉਕਿ ਇਹ ਭਾਰਤ ਦਾ ਪਹਿਲਾ ਅਜਿਹਾ ਰੇਲਵੇ ਸਟੇਸ਼ਨ ਹੈ, ਜਿਸ ਨੂੰ ਇਸ ਦੇ ਨਿਰਮਾਣ ਦੇ ਸਮੇਂ ਤੋਂ ਹੀ IGBC ਦੁਆਰਾ ‘ਗ੍ਰੀਨ ਬਿਲਡਿੰਗ’ (ਪ੍ਰਦੂਸ਼ਣ–ਮੁਕਤ ਇਮਾਰਤ) ਵਜੋਂ ਪ੍ਰਮਾਣਿਕਤਾ ਦਿੱਤੀ ਗਈ ਹੈ।

  • LED ਲਾਈਟਾਂ ਤੇ ਸਟਾਰ ਰੇਟਡ ਬ੍ਰਾਂਡਡ ਬਿਜਲਈ ਉਪਲਕਰਣ ਬਿਜਲੀ ਦੀ ਬੱਚਤ ਕਰਨਗੇ।

  • ਮੀਂਹ ਦਾ ਪਾਣੀ ਇਕੱਠਾ ਕਰ ਕੇ, ਸੀਵੇਜ ਟ੍ਰੀਟਮੈਂਟ ਪਲਾਂਟ, ਈਕੋ–ਜਲ–ਮੁਕਤ ਪਖਾਨੇ ਤੇ ਸਿੰਜਾਈ ਤੁਪਕਾ ਰਾਹੀਂ ਜਲ–ਪ੍ਰਬੰਧ

  • ਖਾਦ ਪੈਦਾ ਕਰਨ ਅਤੇ ਕੂੜਾ–ਕਰਕਟ ਘਟਾਉਣ ਲਈ ਸਰੋਤ ’ਤੇ ਹੀ ਨਿਖੇੜੇ ਗਏ ਗ੍ਰੀਨ ਵੇਸਟ ਦੀ ਮੁੜ–ਵਰਤੋਂ ਕੀਤੀ ਜਾਵੇਗੀ।

  • ਪਹਿਲੇ 2 ਪੱਧਰਾਂ ਉੱਤੇ ਯਾਤਰੀਆਂ ਲਈ ਏਸੀ ਵੇਟਿੰਗ ਰੂਮਜ਼ ਤੇ ਵੀਵੀਆਈਪੀ ਲਾਊਂਜ ਜਿਹੀਆਂ ਸਹੂਲਤਾਂ ਹਨ।

  • ਤੀਜੇ ਪੱਧਰ ’ਚ ਦ੍ਰਿਸ਼ ਵੇਖਣ ਲਈ ਗੈਲਰੀ ਹੈ, ਜਿੱਥੋਂ ਸੈਲਾਨੀ ‘ਸਟੈਚੂ ਆੱਵ੍ ਯੂਨਿਟੀ’ ਦਾ ਬਹੁਤ ਵਧੀਆ ਦ੍ਰਿਸ਼ ਵੇਖ ਸਕਦੇ ਹਨ ਅਤੇ ਇੱਥੇ ਇੱਕ ਕਬਾਇਲੀ ਕਲਾ ਗੈਲਰੀ ਵੀ ਵਿਕਸਤ ਕੀਤੀ ਗਈ ਹੈ।

  • ‘ਸਟੈਚੂ ਆੱਵ੍ ਯੂਨਿਟੀ’ ਦਾ 12 ਫ਼ੁੱਟ ਉੱਚਾ ਮਾੱਡਲ, ਸਟੇਸ਼ਨ ਦੇ ਸਭ ਤੋਂ ਰੁਝੇਵਿਆਂ ਭਰੇ ਸਥਾਨ ਉੱਤੇ ਸਥਾਪਤ ਕੀਤਾ ਗਿਆ ਹੈ। ਇਸ ਨੂੰ ਉਸੇ ਬੁੱਤ–ਤਰਾਸ਼ ਸ੍ਰੀ ਰਾਮ ਵੀ. ਸੂਤਰ ਨੇ ਡਿਜ਼ਾਇਨ ਕੀਤਾ ਹੈ, ਜਿਸ ਨੇ ਅਸਲ ‘ਸਟੈਚੂ ਆੱਵ੍ ਯੂਨਿਟੀ’ ਦਾ ਡਿਜ਼ਾਇਨ ਤਿਆਰ ਕੀਤਾ ਤੇ ਸਿਰਜਿਆ ਹੈ।

  • ਆਲੇ–ਦੁਆਲੇ ਦੇ ਇਲਾਕੇ ਵਿੱਚ ਵਿਸ਼ਾਲ ਪਾਰਕਿੰਗ ਸਥਾਨ, ਭੂ–ਦ੍ਰਿਸ਼, ਥੀਮੈਟਿਕ ਪਾਰਕ, ਸੋਲਰ ਲਾਈਟਾਂ ਵਾਲੇ ਖੰਭੇ, ਆਵਾਜਾਈ ਲਈ ਚੌੜਾ ਰਾਹ, ਬਾਗ਼ਬਾਨੀ ਦੇ ਪਲਾਂਟ, ਸੈਲਫ਼ੀ ਜ਼ੋਨ ਵਾਲਾ ਥੀਮੈਟਿਕ ਪਾਰਕ ਅਤੇ ਬੱਚਿਆਂ ਦੇ ਖੇਡਣ ਦਾ ਖੇਤਰ ਮੌਜੂਦ ਹਨ।

 

ਭਾਰਤ ਨੂੰ ਜੋੜ ਰਹੇ, ਭਾਰਤ ਨੂੰ ਇੱਕਜੁਟ ਕਰ ਰਹੇ

ਕੇਵੜੀਆ ਨੂੰ ਭਾਰਤ ਦੇ ਪੂਰਬੀ, ਪੱਛਮੀ, ਉੱਤਰੀ, ਕੇਂਦਰੀ ਤੇ ਦੱਖਣੀ ਭਾਗਾਂ ਨਾਲ ਜੋੜਨ ਵਾਲੀਆਂ ਰੇਲ–ਗੱਡੀਆਂ ਦੇ ਵੇਰਵੇ ਨਿਮਨਲਿਖਤ ਅਨੁਸਾਰ ਹਨ:

ਲੜੀ ਨੰ.

ਰੇਲ–ਗੱਡੀ ਨੰਬਰ

ਇੱਥੋਂ

ਤੱਕ

ਰੇਲ–ਗੱਡੀ ਦਾ ਨਾਮ ਅਤੇ ਬਾਰੰਬਾਰਤਾ 

1

09103/04

ਕੇਵੜੀਆ

ਵਾਰਾਨਸੀ

ਮਹਾਮਨਾ ਐਕਸਪ੍ਰੈੱਸ (ਹਫ਼ਤਾਵਾਰੀ)

2

02927/28

ਦਾਦਰ

ਕੇਵੜੀਆ

ਦਾਦਰ - ਕੇਵੜੀਆ ਐਕਸਪ੍ਰੈੱਸ (ਰੋਜ਼ਾਨਾ)

3

09247/48

ਅਹਿਮਦਾਬਾਦ

ਕੇਵੜੀਆ

ਜਨ–ਸ਼ਤਾਬਦੀ ਐਕਸਪ੍ਰੈੱਸ (ਰੋਜ਼ਾਨਾ)

4

09145/46

ਕੇਵੜੀਆ

ਹਜ਼ਰਤ ਨਿਜ਼ਾਮੁੱਦੀਨ

ਨਿਜ਼ਾਮੁੱਦੀਨ – ਕੇਵੜੀਆ ਸੰਪਰਕ–ਕ੍ਰਾਂਤੀ ਐਕਸਪ੍ਰੈੱਸ (ਹਫ਼ਤੇ ’ਚ ਦੋ ਵਾਰ).

5

09105/06

ਕੇਵੜੀਆ

ਰੀਵਾ

ਕੇਵੜੀਆ – ਰੀਵਾ ਐਕਸਪ੍ਰੈੱਸ (ਹਫ਼ਤਾਵਾਰੀ)

6

09119/20

ਚੇਨਈ

ਕੇਵੜੀਆ

ਚੇਨਈ - ਕੇਵੜੀਆ ਐਕਸਪ੍ਰੈੱਸ (ਹਫ਼ਤਾਵਾਰੀ)

7

09107/08

ਪ੍ਰਤਾਪਨਗਰ

ਕੇਵੜੀਆ

ਐੱਮਈਐੱਮਯੂ ਟ੍ਰੇਨ (ਰੋਜ਼ਾਨਾ)

8

09110/09

ਕੇਵੜੀਆ

ਪ੍ਰਤਾਪਨਗਰ

ਐੱਮਈਐੱਮਯੂ ਟ੍ਰੇਨ (ਰੋਜ਼ਾਨਾ)

 

  • ਝੰਡੀ ਵਿਖਾ ਕੇ ਰਵਾਨਾ ਕੀਤੀਆਂ ਉਪਰੋਕਤ 8 ਰੇਲ–ਗੱਡੀਆਂ ਤੋਂ ਇਲਾਵਾ, ਨਿਮਨਲਿਖਤ ਰੇਲਾਂ ਵੀ ਆਪਣੀਆਂ ਸੇਵਾਵਾਂ ਦੇਣਗੀਆਂ:

ਲੜੀ ਨੰ.

ਰੇਲ–ਗੱਡੀ ਨੰਬਰ

ਇੱਥੋਂ

ਤੱਕ

ਰੇਲ–ਗੱਡੀ ਦਾ ਨਾਮ ਅਤੇ ਬਾਰੰਬਾਰਤਾ 

9

09249/50

ਅਹਿਮਦਾਬਾਦ

ਕੇਵੜੀਆ

ਜਨ–ਸ਼ਤਾਬਦੀ ਐਕਸਪ੍ਰੈੱਸ (ਰੋਜ਼ਾਨਾ)

10

09113/14

ਪ੍ਰਤਾਪਨਗਰ

ਕੇਵੜੀਆ

ਐੱਮਈਐੱਮਯੂ ਟ੍ਰੇਨ (ਰੋਜ਼ਾਨਾ)

 

  • ਐਕਸਪ੍ਰੈਸ ਰੇਲ–ਗੱਡੀਆਂ ਨੂੰ LHB ਕੋਚਾਂ ਨਾਲ ਦੌੜਾਇਆ ਜਾ ਰਿਹਾ ਹੈ। ਜਨ–ਸ਼ਤਾਬਦੀ ਐਕਸਪ੍ਰੈੱਸ ਨੂੰ ਨਵੀਨਤਮ ‘ਵਿਸਟਾਡੋਮ ਟੂਰਿਸਟ ਕੋਚ ’ ਮੁਹੱਈਆ ਕਰਵਾਇਆ ਗਿਆ ਹੈ ਤੇ ਅਜਿਹਾ ਵੀ ਭਾਰਤੀ ਰੇਲ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਕੋਚ ਰਾਹੀਂ ਧਰਤੀ ਤੋਂ ਆਕਾਸ਼ ਤੱਕ ਦਾ ਮਨਮੋਹਕ ਦ੍ਰਿਸ਼ ਵੇਖਣ ਨੂੰ ਮਿਲੇਗਾ।

  • IRCTC ਨੇ ਵੀ ‘ਸਟੈਚੂ ਆੱਵ੍ ਯੂਨਿਟੀ’ ਤੱਕ ਸੈਲਾਨੀਆਂ ਨੂੰ ਖਿੱਚਣ ਅਤੇ ਗੁੰਜਾਇਮਾਨ ਗੁਜਰਾਤ ਦੇ ਅਦਭੁਤ ਸਥਾਨਾਂ ਦਾ ਅਨੁਭਵ ਲੈਣ ਲਈ ਕਿਫ਼ਾਇਤੀ ਟੂਰ ਪੈਕੇਜਾਂ ਦੀ ਇੱਕ ਟੋਕਰੀ ਤਿਆਰ ਕੀਤੀ ਹੈ।

  • ਸੈਲਾਨੀਆਂ ਦੀ ਸੁਵਿਧਾ ਲਈ ਕੇਵੜੀਆ ਸਟੇਸ਼ਨ ਨੇੜੇ IRCTC ਦੁਆਰਾ 500 ਕਮਰਿਆਂ ਦੀ ਸਮਰੱਥਾ ਵਾਲੇ ਇੱਕ ਬਜਟ ਹੋਟਲ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।

 

ਇੱਥੇ ਇਹ ਵਰਨਣਯੋਗ ਹੈ ਕਿ ‘ਸਟੈਚੂ ਆੱਵ੍ ਯੂਨਿਟੀ’ ਦੇ ਨਿਰਮਾਣ ਲਈ ਨੀਂਹ–ਪੱਥਰ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 31 ਅਕਤੂਬਰ, 2013 ਨੂੰ ਸਰਦਾਰ ਪਟੇਲ ਦੀ ਜਯੰਤੀ ਮੌਕੇ ਗੁਜਰਾਤ ਦੇ ਤਤਕਾਲੀਨ ਮੁੱਖ ਮੰਤਰੀ ਵਜੋਂ ਰੱਖਿਆ ਸੀ। ਇ ਲੰਮੇਰੇ ਤੇ ਵਿਸ਼ਾਲ ਬੁੱਤ ਦੀ ਉਚਾਈ 182 ਮੀਟਰ ਹੈ ਤੇ ਇਸ ਦੇ ਦਰ ਆਮ ਜਨਤਾ ਲਈ ਤਹਿ–ਦਿਲੋਂ 31 ਅਕਤੂਬਰ, 2018 ਨੂੰ ਸਰਦਾਰ ਪਟੇਲ ਦੀ 143ਵੀਂ ਜਯੰਤੀ ਮੌਕੇ ਖੋਲ੍ਹ ਦਿੱਤੇ ਗਏ ਸਨ। ਇਹ ਵਿਲੱਖਣ ਵਿਚਾਰ ਲੌਹ ਪੁਰਸ਼ ਤੇ ਇੱਕਜੁਟ ਭਾਰਤ ਦੇ ਨਿਰਮਾਤਾ ਸਰਦਾਰ ਵੱਲਭਭਾਈ ਪਟੇਲ ਨੂੰ ਇੱਕ ਸ਼ਰਧਾਂਜਲੀ ਹੈ। ਪ੍ਰੇਰਣਾਦਾਇਕ ਆਗੂ ਸਰਦਾਰ ਪਟੇਲ ਇੱਕ ਮਜ਼ਬੂਤ ਤੇ ਖ਼ੁਸ਼ਹਾਲ ਭਾਰਤ ਦੀ ਨੀਂਹ ਰੱਖਦੇ ਸਮੇਂ ਆਪਣੇ ਜਤਨਾਂ ਨਾਲ ਰਿਆਸਤਾਂ ਨੂੰ ਭਾਰਤੀ ਯੂਨੀਅਨ ਵਿੱਚ ਸੰਗਠਤ ਕੀਤਾ ਸੀ। ਇਸ ਮਹਾਨ ਸ਼ਖ਼ਸੀਅਤ ਲਈ ਇੱਕ ਕਸੀਦਾ ਪੜ੍ਹਦਿਆਂ ਭਾਰਤੀ ਰੇਲ ਨੇ ਭਾਰਤ ਮਾਂ ਦੇ ਇਸ ਮਹਾਨ ਸਪੂਤ ਨੂੰ ਹਰੇਕ ਭਾਰਤੀ ਦੇ ਹੋਰ ਨੇੜੇ ਲਿਆਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਕੇਵੜੀਆ ਰੇਲਵੇ ਸਟੇਸ਼ਨ ਦਾ ਭੂਮੀ–ਪੂਜਨ 15 ਦਸੰਬਰ, 2018 ਨੂੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਕੀਤਾ ਗਿਆ ਸੀ। ਹੁਣ ਡਭੋਈ–ਚਾਂਦੋੜ–ਕੇਵੜੀਆ ਰੇਲ ਲਾਈਨ ਦੀ ਕਮਿਸ਼ਨਿੰਗ ਤੇ ਕੇਵੜੀਆ ਰੇਲਵੇ ਸਟੇਸ਼ਨ ਦੇ ਉਦਘਾਟਨ ਨਾਲ, ਹੁਣ ਦੇਸ਼ ਭਰ ਦੇ ਲੋਕਾਂ ਨੂੰ ਇਸ ਪ੍ਰਤੀਮੂਰਤੀ ‘ਸਟੈਚੂ ਆੱਵ੍ ਯੂਨਿਟੀ’, ਇਸ ਖੇਤਰ ਦੇ ਬਹੁਤ ਸਾਰੇ ਤੀਰਥ–ਅਸਥਾਨਾਂ ਦੇ ਨਾਲ–ਨਾਲ ‘ਸਟੈਚੂ ਆੱਵ੍ ਯੂਨਿਟੀ’ ਦੇ ਆਲੇ–ਦੁਆਲੇ ਦੇ ਸੈਲਾਨੀਆਂ ਦੀ ਦਿਲਚਸਪੀ ਵਾਲੇ ਸਥਾਨਾਂ ਦੇ ਨਾਲ–ਨਾਲ ਨਵਾਂ ਲਾਂਚ ਕੀਤੇ ਜੰਗਲ ਸਫ਼ਾਰੀ ਪਾਰਕ, ਏਕਤਾ ਮਾਲ, ਬੱਚਿਆਂ ਦਾ ਪੋਸ਼ਕ ਪਾਰਕ ਤੇ ਆਰੋਗਯ ਵਣ ਤੇ ਆਕਰਸ਼ਣ ਦੇ ਅਜਿਹੇ ਬਹੁਤ ਸਾਰੇ ਸਥਾਨਾਂ ਤੱਕ ਪੁੱਜਣਾ ਆਸਾਨ ਹੋ ਗਿਆ ਹੈ। ਇਹ ਵਰਣਨਯੋਗ ਹੈ ਕਿ ਕੇਵੜੀਆ ਅਤੇ ਪ੍ਰਤਾਪਨਗਰ (ਵੜੋਦਰਾ) ਵਿਚਾਲੇ ਮੌਜੂਦਾ ਸੜਕੀ ਆਵਾਜਾਈ ਦੇ ਮੁਕਾਬਲੇ ਰੇਲ ਰਾਹੀਂ ਆਵਾਜਾਈ ਨਾਲ ਸਮੇਂ ਦੀ ਵਧੇਰੇ ਬੱਚਤ ਹੋਵੇਗੀ ਤੇ ਕਿਰਾਏ ਦੇ ਮਾਮਲੇ ’ਚ ਵੀ ਇਹ ਮੁਕਾਬਲਤਨ ਕਿਫ਼ਾਇਤੀ ਰਹੇਗਾ।

*******

ਡੀਜੇਐੱਨ/ਐੱਮਕੇਵੀ



(Release ID: 1689570) Visitor Counter : 151