ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੋਵਿਡ-19 ਲਾਕਡਾਊਨ ਦੌਰਾਨ ਰੇਲਵੇ ਵਲੋਂ 49 ਕਰੋਡ਼ ਰੁਪਏ ਦੇ ਖਰੀਦ ਆਰਡਰਾਂ ਨਾਲ ਖਾਦੀ ਕਾਰੀਗਰਾਂ ਨੂੰ ਵੱਡਾ ਹੁਲਾਰਾ ਮਿਲਿਆ
Posted On:
16 JAN 2021 3:05PM by PIB Chandigarh
ਖਾਦੀ ਗਤੀਵਿਧੀਆਂ ਨੂੰ ਪਿਛਲੇ ਸਾਲ, ਜਦੋਂ ਕਿ ਤਕਰੀਬਨ ਸਾਰਾ ਹੀ ਸਾਲ ਕੋਵਿਡ-19 ਲਾਕਡਾਊਨ ਕਾਰਣ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਰਿਹਾ, ਭਾਰਤੀ ਰੇਲਵੇ ਤੋਂ 48.90 ਕਰੋਡ਼ ਰੁਪਏ ਮੁੱਲ ਦਾ ਵੱਡਾ ਖਰੀਦ ਆਰਡਰ ਮਿਲਣ ਤੇ ਖਾਦੀ ਉਦਯੋਗ ਨੂੰ ਵੱਡਾ ਹੁਲਾਰਾ ਮਿਲਿਆ। ਰੇਲਵੇ ਨੇ ਦਸੰਬਰ, 2020 ਵਿਚ ਇਕੱਲਿਆਂ ਹੀ 8.48 ਕਰੋਡ਼ ਰੁਪਏ ਦਾ ਖਾਦੀ ਦਾ ਸਮਾਨ ਖਰੀਦਿਆ ਅਤੇ ਇਸ ਨਾਲ ਕੋਵਿਡ-19 ਦੇ ਸੰਕਟ ਕਾਲ ਦੌਰਾਨ ਜਿਥੇ ਖਾਦੀ ਕਾਰੀਗਰਾਂ ਦੀ ਆਮਦਨ ਵਧੀ ਉਥੇ ਰੁਜ਼ਗਾਰ ਵੀ ਪੈਦਾ ਹੋਇਆ।
ਭਾਰਤੀ ਰੇਲਵੇ ਤੋਂ ਖਰੀਦ ਆਰਡਰਾਂ ਕਾਰਣ ਦੇਸ਼ ਭਰ ਵਿਚ 82 ਖਾਦੀ ਸੰਸਥਾਨਾਂ ਨਾਲ ਰਜਿਸਟਰਡ ਕਾਰੀਗਰਾਂ ਨੂੰ ਸਿੱਧੇ ਤੌਰ ਤੇ ਫਾਇਦਾ ਹੋਇਆ ਜੋ ਸ਼ੀਟਿੰਗ ਕਪਡ਼ੇ, ਤੌਲੀਏ, ਬੈੱਡ ਸ਼ੀਟਾਂ, ਫਲੈਗ ਬੈਨਰਾਂ, ਸਪੰਜ਼ੀ ਕਪਡ਼ਿਆ, ਸੂਤੀ ਕਾਟਨ, ਖਾਦੀ ਬੰਟਿੰਗ ਕਪਡ਼ਿਆਂ ਅਤੇ ਹੋਰ ਸਮਾਨ ਦੇ ਉਤਪਾਦਨ ਵਿਚ ਲੱਗੇ ਹੋਏ ਸਨ।
ਭਾਰਤੀ ਰੇਲਵੇ ਨੇ ਮਈ, 2020 ਤੋਂ ਦਸੰਬਰ, 2020 (ਦਸੰਬਰ 2021) ਤੱਕ 48.49 ਕਰੋਡ਼ ਰੁਪਏ ਦਾ ਖਾਦੀ ਸਮਾਨ ਖਰੀਦਿਆ ਜਿਸ ਨਾਲ ਮਹਾਮਾਰੀ ਦੌਰਾਨ ਖਾਦੀ ਗਤੀਵਿਧੀਆਂ ਜਾਰੀ ਰਹੀਆਂ। ਭਾਰਤੀ ਰੇਲਵੇ ਨੇ ਮਈ ਅਤੇ ਜੂਨ ਦੇ ਮਹੀਨਿਆਂ ਵਿਚ ਖਾਦੀ ਤੋਂ 19.80 ਕਰੋਡ਼ ਰੁਪਏ ਦੇ ਮੁੱਲ ਦਾ ਸਮਾਨ ਖਰੀਦਿਆ ਜਦੋਂ ਲਾਕਡਾਊਨ ਕਾਰਣ ਅਰਥਚਾਰਾ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਸੀ। ਇਸੇ ਤਰ੍ਹਾਂ ਰੇਲਵੇ ਨੇ ਜੁਲਾਈ ਅਤੇ ਅਗਸਤ ਵਿਚ 7.42 ਕਰੋਡ਼ ਰੁਪਏ ਦੇ ਮੁੱਲ ਦਾ ਖਾਦੀ ਸਮਾਨ ਖਰੀਦਿਆ ਜਦੋਂ ਕਿ ਅਕਤੂਬਰ ਅਤੇ ਨਵੰਬਰ ਦੇ ਮਹੀਨੇ 13.01 ਕਰੋਡ਼ ਰੁਪਏ ਦੇ ਖਾਦੀ ਉਤਪਾਦ ਖਰੀਦੇ ਗਏ।
ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਸ਼੍ਰੀ ਪੀਯੂਸ਼ ਗੋਇਲ ਦਾ ਕੇਵੀਆਈਸੀ ਨੂੰ ਵੱਡੇ ਆਰਡਰ ਦੇ ਕੇ ਖਾਦੀ ਕਾਰੀਗਰਾਂ ਦੀ ਸਹਾਇਤਾ ਕਰਨ ਲਈ ਧੰਨਵਾਦ ਕੀਤਾ। ਸ਼੍ਰੀ ਸਕਸੈਨਾ ਨੇ ਕਿਹਾ, "ਮਹਾਮਾਰੀ ਦੌਰਾਨ ਕੇਵੀਆਈਸੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਰੁਜ਼ਗਾਰ ਨੂੰ ਨਿਰੰਤਰ ਜਾਰੀ ਰੱਖਣ ਅਤੇ ਕਾਰੀਗਰਾਂ ਦੀ ਰੋਜ਼ੀ-ਰੋਟੀ ਦੀ ਸੀ। ਕੇਵੀਆਈਸੀ ਨੇ ਮਹਾਮਾਰੀ ਦੌਰਾਨ ਜਿੱਥੇ ਆਪਣੇ ਕਾਰੀਗਰਾਂ ਨੂੰ ਖਾਦੀ ਦੇ ਮਾਸਕ ਬਣਾਉਣ ਵਿਚ ਸ਼ਾਮਿਲ ਕੀਤਾ, ਉੱਥੇ ਹੀ ਰੇਲਵੇ ਤੋਂ ਪ੍ਰਾਪਤ ਵੱਡੇ ਆਰਡਰਾਂ ਨੇ ਵੀ ਖਾਦੀ ਦਾ ਚਰਖਾ ਘੁੰਮਾਈ ਰੱਖਿਆ। ਸਕਸੈਨਾ ਨੇ ਕਿਹਾ ਕਿ ਇਸ ਨਾਲ ਕਾਰੀਗਰਾਂ ਦੀ ਆਮਦਨ ਅਤੇ ਰੁਜ਼ਗਾਰ ਵਿਚ ਵਾਧਾ ਹੋਇਆ ਜਿਸ ਨਾਲ ਵਿੱਤੀ ਨਿਰਾਸ਼ਾ ਤੇ ਕਾਬੂ ਪਾਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਸਹਾਇਤਾ ਮਿਲੀ।"
ਸਿੱਧੀ ਖਰੀਦ ਰਾਹੀਂ ਖਾਦੀ ਦੀ ਸਹਾਇਤਾ ਕਰਨ ਤੋਂ ਇਲਾਵਾ ਰੇਲਵੇ ਨੇ ਖਾਦੀ ਕਾਰੀਗਰਾਂ ਦੀ ਮਜ਼ਬੂਤੀ ਲਈ ਨੀਤੀਗਤ ਫੈਸਲੇ ਵੀ ਲਾਗੂ ਕੀਤੇ। ਅਜਿਹੇ ਹੀ ਇਕ ਫੈਸਲੇ ਵਿੱਚ ਰੇਲਵੇ ਨੇ 400 ਰੇਲਵੇ ਸਟੇਸ਼ਨਾਂ ਨੂੰ ਨਾਮਜ਼ਦ ਕੀਤਾ ਜਿਥੇ ਮੁਸਾਫਰਾਂ ਨੂੰ ਭੋਜਨ ਅਤੇ ਹੋਰ ਪੀਣ ਵਾਲੇ ਪਦਾਰਥਾਂ ਦੀ ਵਿੱਕਰੀ ਲਈ ਮਿੱਟੀ ਦੇ ਬਰਤਨ ਇਸਤੇਮਾਲ ਕੀਤੇ ਗਏ ਅਤੇ ਕੇਵੀਆਈਸੀ ਦੀ ਕੁਮਹਾਰ ਸਸ਼ਕਤੀਕਰਨ ਯੋਜਨਾ ਅਧੀਨ ਸਿਖਲਾਈ ਪ੍ਰਾਪਤ ਕੁਮਹਾਰਾਂ ਨੂੰ ਵੱਡਾ ਹੁਲਾਰਾ ਮਿਲਿਆ। ਰੇਲਵੇ ਮੰਤਰਾਲਾ "ਪਲਾਸਟਿਕ ਫਰੀ ਸਟੇਸ਼ਨਾਂ" ਵਜੋਂ 100 ਹੋਰ ਰੇਲਵੇ ਸਟੇਸ਼ਨਾਂ ਨੂੰ ਅਧਿਸੂਚਿਤ ਕਰਨ ਦੀ ਪ੍ਰਕ੍ਰਿਆ ਵਿਚ ਹੈ।
--------------------------------
ਬੀਐਨ /ਐਮਐਸ /ਐਮਆਰ
(Release ID: 1689136)
Visitor Counter : 198