ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪ੍ਰਧਾਨ ਮੰਤਰੀ ਨੇ ਦੂਸਰੇ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ


ਸੁਆਮੀ ਵਿਵੇਕਾਨੰਦ ਦਾ ਅਸਰ ਅਤੇ ਪ੍ਰਭਾਵ ਸਾਡੇ ਰਾਸ਼ਟਰੀ ਜੀਵਨ ’ਤੇ ਜਿਉਂ ਦਾ ਤਿਉਂ ਕਾਇਮ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਨਿਸ਼ਕਾਮ ਅਤੇ ਸਿਰਜਣਾਤਮਕ ਢੰਗ ਨਾਲ ਯੋਗਦਾਨ ਪਾਉਣ ਦੀ ਸਲਾਹ ਦਿੱਤੀ
ਨੌਜਵਾਨ ਸਕਾਰਾਤਮਕ ਤਬਦੀਲੀਆਂ ਲਈ ਨਵੀਨਤਾਵਾਂ ਲੈ ਕੇ ਆ ਰਹੇ ਹਨ, ਜੋ ਦੇਸ਼ ਦੇ ਲੋਕਤੰਤਰੀ ਭਵਿੱਖ ਲਈ ਇੱਕ ਉਤਸ਼ਾਹਜਨਕ ਸੰਕੇਤ ਹੈ: ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ
ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕਠਨਾਈਆਂ ਦਾ ਹੱਲ ਲੋਕਤੰਤਰ ਰਾਹੀਂ ਕੀਤਾ ਜਾਵੇਗਾ: ਲੋਕ ਸਭਾ ਸਪੀਕਰ

ਨੌਜਵਾਨਾਂ ਦਾ ਸਸ਼ਕਤੀਕਰਨ ਦੇਸ਼ ਨੂੰ ਸਸ਼ਕਤ ਕਰਨਾ ਹੈ: ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’

ਨੌਜਵਾਨ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੇ ਸਰਪ੍ਰਸਤ ਹਨ: ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ)

Posted On: 12 JAN 2021 5:52PM by PIB Chandigarh

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਦੂਸਰੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਸਮਾਰੋਹ ਕੇਂਦਰੀ ਹਾਲ ਵਿੱਚ ਹੋਇਆ ਅਤੇ ਪ੍ਰਧਾਨ ਮੰਤਰੀ ਨੇ ਇਸ ਮੇਲੇ ਦੇ ਤਿੰਨ ਨੌਜਵਾਨ ਰਾਸ਼ਟਰੀ ਜੇਤੂਆਂ ਦੇ ਵਿਚਾਰ ਵੀ ਸੁਣੇ। ਇਸ ਅਵਸਰ ‘ਤੇ ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ; ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਅਤੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਕਿਰੇਨ ਰਿਜੀਜੂ ਮੌਜੂਦ ਸਨ।

 

 ਸੁਆਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਂ ਬੀਤਣ ਦੇ ਬਾਵਜੂਦ ਸੁਆਮੀ ਵਿਵੇਕਾਨੰਦ ਦਾ ਅਸਰ ਅਤੇ ਪ੍ਰਭਾਵ ਸਾਡੇ ਰਾਸ਼ਟਰੀ ਜੀਵਨ ’ਤੇ ਜਿਉਂ ਦਾ ਤਿਉਂ ਕਾਇਮ ਹੈ। ਰਾਸ਼ਟਰਵਾਦ ਅਤੇ ਰਾਸ਼ਟਰ–ਨਿਰਮਾਣ ਬਾਰੇ ਉਨ੍ਹਾਂ ਦੇ ਵਿਚਾਰ ਅਤੇ ਲੋਕਾਂ ਤੇ ਪੂਰੀ ਦੁਨੀਆ ਦੀ ਸੇਵਾ ਬਾਰੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਲਗਾਤਾਰ ਪ੍ਰੇਰਿਤ ਕਰਦੀਆਂ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਸੁਆਮੀ ਜੀ ਦੀ ਵਿਅਕਤੀਗਤ ਅਤੇ ਸੰਸਥਾਨਾਂ ਨੂੰ ਦੇਣ ਦਾ ਜ਼ਿਕਰ ਕੀਤਾ। ਵਿਅਕਤੀ ਸੁਆਮੀ ਵਿਵੇਕਾਨੰਦ ਦੇ ਸੰਪਰਕ ਵਿੱਚ ਆਏ ਅਤੇ ਸੰਸਥਾਨਾਂ ਦੀ ਸਥਾਪਨਾ ਕੀਤੀ ਅਤੇ ਬਦਲੇ ’ਚ ਉਹ ਨਵੇਂ ਸੰਸਥਾਨ–ਨਿਰਮਾਤਾ ਬਣੇ। ਇਸ ਨਾਲ ਵਿਅਕਤੀਗਤ ਵਿਕਾਸ ਤੋਂ ਸੰਸਥਾਨ–ਨਿਰਮਾਣ ਅਤੇ ਇਸ ਦੇ ਉਲਟ ਇੱਕ ਵਧੀਆ ਚੱਕਰ ਦੀ ਸ਼ੁਰੂਆਤ ਹੋਈ। ਇਹ ਭਾਰਤ ਦੀ ਵੱਡੀ ਤਾਕਤ ਹੈ ਅਤੇ ਪ੍ਰਧਾਨ ਮੰਤਰੀ ਨੇ ਵਿਅਕਤੀਗਤ ਉੱਦਮਤਾ ਅਤੇ ਮਹਾਨ ਕੰਪਨੀਆਂ ਦਰਮਿਆਨ ਸੰਪਰਕਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਹਾਲੀਆ ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਪ੍ਰਦਾਨ ਕੀਤੇ ਲਚਕਤਾ ਅਤੇ ਸਿੱਖਣ ਦੇ ਨਵੀਨ ਕਿਸਮ ਦੇ ਤਰੀਕੇ ਦਾ ਲਾਭ ਲੈਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਇੱਕ ਵਧੀਆ ਪ੍ਰਣਾਲੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਜਿਹੇ ਕਿਸੇ ਪ੍ਰਬੰਧ ਦੀ ਅਣਹੋਂਦ ਕਾਰਨ ਹੀ ਨੌਜਵਾਨ ਮਜਬੂਰਨ ਵਿਦੇਸ਼ਾਂ ਨੂੰ ਜਾਣ ਬਾਰੇ ਸੋਚਦੇ ਹਨ।

ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੱਤਾ ਕਿ ਇਹ ਸੁਆਮੀ ਵਿਵੇਕਾਨੰਦ ਹੀ ਸਨ, ਜਿਨ੍ਹਾਂ ਨੇ ਆਤਮ–ਵਿਸ਼ਵਾਸ ਨਾਲ ਭਰਪੂਰ, ਸਾਫ਼ ਮਨ ਦੇ, ਨਿਡਰ ਅਤੇ ਬਹਾਦਰ ਨੌਜਵਾਨਾਂ ਦੀ ਪਹਿਚਾਣ ਰਾਸ਼ਟਰ ਦੀ ਨੀਂਹ ਵਜੋਂ ਕੀਤੀ। ਸ਼੍ਰੀ ਮੋਦੀ ਨੇ ਨੌਜਵਾਨਾਂ ਲਈ ਸੁਆਮੀ ਵਿਵੇਕਾਨੰਦ ਦੇ ਮੰਤਰ ਪੇਸ਼ ਕੀਤੇ। ਸਰੀਰਕ ਤੰਦਰੁਸਤੀ ਲਈ ਇਹ ਹੈ ‘ਲੋਹੇ ਦੇ ਪੱਠੇ ਅਤੇ ਇਸਪਾਤ ਦੀਆਂ ਨਸਾਂ’; ਸ਼ਖ਼ਸੀਅਤ ਦੇ ਵਿਕਾਸ ਲਈ ਇਹ ਹੈ ‘ਆਪਣੇ–ਆਪ ’ਚ ਵਿਸ਼ਵਾਸ ਕਰੋ’; ਲੀਡਰਸ਼ਿਪ ਅਤੇ ਟੀਮ–ਵਰਕ ਲਈ ਸੁਆਮੀ ਜੀ ਨੇ ਕਿਹਾ ‘ਸਭ ’ਚ ਵਿਸ਼ਵਾਸ ਕਰੋ।’

 

 ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਿਆਸਤ ਵਿੱਚ ਨਿਸ਼ਕਾਮ ਅਤੇ ਸਿਰਜਣਾਤਮਕ ਢੰਗ ਨਾਲ ਯੋਗਦਾਨ ਪਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਅੱਜ ਇਮਾਨਦਾਰ ਲੋਕਾਂ ਨੂੰ ਸਿਆਸਤ ਦੇ ਉਸ ਪੁਰਾਣੇ ਵਿਚਾਰ ਨੂੰ ਤਬਦੀਲ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਵਿੱਚ ਇਸ ਨੂੰ ਸਿਧਾਂਤਹੀਣ ਗਤੀਵਿਧੀਆਂ ਦਾ ਇੱਕ ਸਥਾਨ ਮੰਨਿਆ ਜਾਂਦਾ ਸੀ। ਅੱਜ ਇਮਾਨਦਾਰੀ ਅਤੇ ਕਾਰਗੁਜ਼ਾਰੀ ਸਮੇਂ ਦੀ ਜ਼ਰੂਰਤ ਬਣ ਗਈਆਂ ਹਨ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਖ਼ਾਨਦਾਨੀ ਸਿਆਸਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਉਨ੍ਹਾਂ ਲੋਕਾਂ ਲਈ ਇੱਕ ਬੋਝ ਬਣ ਚੁੱਕਾ ਹੈ, ਜਿਨ੍ਹਾਂ ਦੀ ਵਿਰਾਸਤ ਹੀ ਭ੍ਰਿਸ਼ਟਾਚਾਰ ਸੀ। ਉਨ੍ਹਾਂ ਨੌਜਵਾਨਾਂ ਨੂੰ ਖ਼ਾਨਦਾਨੀ ਪ੍ਰਣਾਲੀ ਦਾ ਖ਼ਾਤਮਾ ਕਰਨ ਦਾ ਸੱਦਾ ਦਿੱਤਾ। ਖ਼ਾਨਦਾਨੀ ਸਿਆਸਤ ਇੱਕ ਜਮਹੂਰੀ ਢਾਂਚੇ ਵਿੱਚ ਅਸਮਰੱਥਾ ਅਤੇ ਤਾਨਾਸ਼ਾਹੀ ਨੂੰ ਉਭਾਰਦੀ ਹੈ ਅਤੇ ਅਜਿਹੇ ਲੋਕ ਪਰਿਵਾਰ ਦੀ ਸਿਆਸਤ ਅਤੇ ਸਿਆਸਤ ’ਚ ਪਰਿਵਾਰ ਨੂੰ ਬਚਾਉਣ ਲਈ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘ਅੱਜ, ਹੁਣ ਉਪਨਾਮ ਦੀਆਂ ਫਹੁੜੀਆਂ ਨਾਲ ਚੋਣ ਜਿੱਤਣ ਦੇ ਦਿਨ ਚਲੇ ਗਏ ਹਨ ਪਰ ਫਿਰ ਵੀ ਖ਼ਾਨਦਾਨੀ ਸਿਆਸਤ ਦੀ ਬੁਰਾਈ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ… ਖ਼ਾਨਦਾਨੀ ਸਿਆਸਤ ਦੇਸ਼ ਨੂੰ ਅੱਵਲ ਰੱਖਣ ਦੀ ਥਾਂ ਸਵੈ ਅਤੇ ਪਰਿਵਾਰ ਨੂੰ ਉਤਸ਼ਾਹਿਤ ਕਰਦੀ ਹੈ। ਇਹੋ ਭਾਰਤ ’ਚ ਸਮਾਜਿਕ ਭ੍ਰਿਸ਼ਟਾਚਾਰ ਦਾ ਵੱਡਾ ਕਾਰਣ ਹੈ।’

 

 ਭੁਜ ’ਚ ਆਏ ਭੁਚਾਲ ਦੇ ਬਾਅਦ ਮੁੜ–ਉਸਾਰੀ ਦੇ ਕਾਰਜਾਂ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦੱਸਿਆ ਕਿ ਆਪਦਾ ਦੇ ਸਮੇਂ ਸਮਾਜ ਆਪਣਾ ਰਾਹ ਖ਼ੁਦ ਬਣਾਉਣਾ ਜਾਣਦਾ ਹੈ ਅਤੇ ਆਪਣੀ ਕਿਸਮਤ ਖ਼ੁਦ ਲਿਖਦਾ ਹੈ। ਇਸੇ ਤਰ੍ਹਾਂ ਸਾਰੇ 130 ਕਰੋੜ ਭਾਰਤੀ ਅੱਜ ਆਪਣੀ ਕਿਸਮਤ ਆਪ ਲਿਖ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਨੌਜਵਾਨਾਂ ਦੁਆਰਾ ਕੀਤੀ ਜਾ ਰਹੀ ਹਰੇਕ ਕੋਸ਼ਿਸ਼, ਇਨੋਵੇਸ਼ਨ, ਇਮਾਨਦਾਰਾਨਾ ਸੰਕਲਪ ਸਾਡੇ ਭਵਿੱਖ ਦੀ ਇੱਕ ਮਜ਼ਬੂਤ ਨੀਂਹ ਰੱਖ ਰਿਹਾ ਹੈ।

 

 ਇਸ ਮੌਕੇ ਬੋਲਦਿਆਂ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੀ ਮੁੜ ਸੁਰਜੀਤੀ ਅਤੇ ਇਸਦੇ ਸੰਵਿਧਾਨ ਅਤੇ ਸੰਸਦ ਨੂੰ ਮਜਬੂਤ ਕਰਨ ਲਈ ਨੌਜਵਾਨਾਂ ਦੀ ਊਰਜਾ ਅਤੇ ਸ਼ਕਤੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤੀ ਲੋਕਤੰਤਰ ਦਾ ਭਵਿੱਖ ਵਾਕਈ ਉਜਲਾ ਹੈ ਕਿਉਂਕਿ ਨੌਜਵਾਨ ਦੇਸ਼ ਦੇ ਮਸਲਿਆਂ, ਸਾਡੇ ਲੋਕਤੰਤਰ ਅਤੇ ਇਸਦੀਆਂ ਪ੍ਰਣਾਲੀਆਂ ਵਿੱਚ ਸਕ੍ਰਿਆ ਭਾਗੀਦਾਰ ਹਨ।  ਨੌਜਵਾਨ ਸਕਾਰਾਤਮਕ ਤਬਦੀਲੀਆਂ ਲਈ ਨਵੀਨਤਾਵਾਂ ਲੈ ਕੇ ਆ ਰਹੇ ਹਨ, ਜੋ ਦੇਸ਼ ਦੇ ਲੋਕਤੰਤਰੀ ਭਵਿੱਖ ਲਈ ਇੱਕ ਉਤਸ਼ਾਹਜਨਕ ਸੰਕੇਤ ਹੈ।

 

 ਸ੍ਰੀ ਬਿਰਲਾ ਨੇ ਨੌਜਵਾਨ ਭਾਗੀਦਾਰਾਂ ਨੂੰ ਪਾਰਲੀਮਾਨੀ ਪ੍ਰਕਿਰਿਆਵਾਂ ਅਤੇ ਲੋਕਾਂ ਵਿੱਚ ਕਦਰਾਂ ਕੀਮਤਾਂ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਸ਼ਕਤੀ ਅਤੇ ਊਰਜਾ ਦਾ ਸਰੋਤ ਜੋ ਨੌਜਵਾਨ ਇਥੋਂ ਲੈ ਕੇ ਜਾਣਗੇ, ਉਸ ਨਾਲ ਦੇਸ਼ ਦੇ ਵਿਭਿੰਨ ਖਿੱਤਿਆਂ ਵਿੱਚ ਲੋਕਤੰਤਰ ਨੂੰ ਮਜਬੂਤ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਨਾਲ ਹੀ ਲੋਕਤੰਤਰ ਦੇ ਮਾਧਿਅਮ ਜ਼ਰੀਏ ਰਾਸ਼ਟਰ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕਠਨਾਈਆਂ ਦੇ ਹੱਲ ਲਈ ਰਾਹ ਖੁਲ੍ਹੇਗਾ।

 

 ਸ਼੍ਰੀ ਬਿਰਲਾ ਨੇ ਅੱਗੇ ਕਿਹਾ ਕਿ ਸੁਆਮੀ ਵਿਵੇਕਾਨੰਦ ਨੇ ਨੌਜਵਾਨਾਂ ਨੂੰ ਅੰਦਰੂਨੀ ਤਾਕਤ ਅਤੇ ਆਤਮ-ਵਿਸ਼ਵਾਸ ਦੇ ਗੁਣਾਂ ਨੂੰ ਮਜ਼ਬੂਤ ​​ਕਰਨ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੋਟ ਕੀਤਾ ਕਿ ਉਹ ਸਾਰੇ ਭਾਗੀਦਾਰਾਂ ਵਿੱਚ ਉਹੋ ਜਿਹੀ ਨੌਜਵਾਨ ਸ਼ਕਤੀ ਅਤੇ ਵਿਸ਼ਵਾਸ ਦੀ ਕਲਪਨਾ ਕਰ ਸਕਦੇ ਹਨ ਜੋ ਅਸੰਭਵ ਚੀਜ਼ਾਂ ਨੂੰ ਸੰਭਵ ਬਣਾ ਸਕਦੀ ਹੈ ਅਤੇ ਉਨ੍ਹਾਂ ਵਿੱਚ ਸੁਆਮੀ ਜੀ ਦੇ ਸੁਪਨੇ ਸਾਕਾਰ ਕਰਨ ਦੀ ਯੋਗਤਾ ਹੈ।

 

 ਸੰਵਿਧਾਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ ਕਿ ਸਾਡੇ ਸੰਵਿਧਾਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਪੇਸ਼ਕਾਰੀ ਹੈ ਅਤੇ ਪ੍ਰਸਤਾਵਨਾ ਦਾ ਪਹਿਲਾ ਵਾਕ ‘ਅਸੀਂ ਭਾਰਤ ਦੇ ਲੋਕ’ ਹੈ। ਇਹ ਵਾਕ ਹਰ ਕਿਸੇ ਨੂੰ ਰਾਸ਼ਟਰੀ ਭਾਵਨਾ ਨਾਲ ਬੰਨ੍ਹਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਾਗਰਿਕ ਸੰਸਦੀ ਅਤੇ ਸੰਵਿਧਾਨਕ ਪ੍ਰਕਿਰਿਆ ਵਿਚ ਸਭ ਤੋਂ ਮਹੱਤਵਪੂਰਨ ਅੰਗ ਹੁੰਦੇ ਹਨ ਅਤੇ ਨਾਗਰਿਕਾਂ ਵਿਚ ਸਭ ਤੋਂ ਮਹੱਤਵਪੂਰਨ ਹਿੱਸਾ ਨੌਜਵਾਨ ਹੁੰਦੇ ਹਨ।

 

 ਸ੍ਰੀ ਪੋਖਰਿਆਲ ਨੇ ਕਿਹਾ ਕਿ ਨੌਜਵਾਨਾਂ ਦਾ ਸਸ਼ਕਤੀਕਰਨ ਰਾਸ਼ਟਰ ਦੇ ਸਸ਼ਕਤੀਕਰਨ ਵੱਲ ਅਗਵਾਈ ਕਰਦਾ ਹੈ ਅਤੇ ਰਾਸ਼ਟਰੀ ਯੁਵਕ ਮੇਲੇ ਦੇ ਜ਼ਰੀਏ ਸਮਾਜ ਦੇ ਅੰਦਰ ਅਤੇ ਸਮਾਜ ਤੋਂ ਅੱਗੇ ਰਾਸ਼ਟਰ ਤੱਕ ਵਿਅਕਤੀਆਂ ਦੇ ਸਸ਼ਕਤੀਕਰਨ ਦਾ ਅਭਿਆਨ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

 

 ਸੁਆਮੀ ਵਿਵੇਕਾਨੰਦ ਨੂੰ ਯਾਦ ਕਰਦਿਆਂ ਸ੍ਰੀ ਪੋਖਰਿਆਲ ਨੇ ਕਿਹਾ ਕਿ ਸੁਆਮੀ ਜੀ ਨੇ ਹਮੇਸ਼ਾ ਹੀ ਨੌਜਵਾਨਾਂ ਨੂੰ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਮੰਨਿਆ। ਉਨ੍ਹਾਂ ਅੱਗੇ ਕਿਹਾ ਕਿ ਚਰਿੱਤਰ ਨਿਰਮਾਣ ਜੀਵਨ ਅਤੇ ਸਮਾਜ ਦੀ ਉਸਾਰੀ ਦੇ ਨਾਲ-ਨਾਲ ਕੌਮ ਲਈ ਵੀ ਸਭ ਤੋਂ ਵੱਧ ਮਹੱਤਵ ਰੱਖਦਾ ਹੈ, ਜੋ ਕਿ ਸਰੀਰਕ ਸ਼ੁੱਧਤਾ, ਸਮਾਜਿਕ ਸ਼ੁੱਧਤਾ, ਬੌਧਿਕ ਸ਼ੁੱਧਤਾ ਅਤੇ ਅਧਿਆਤਮਿਕ ਸ਼ੁੱਧਤਾ ਦੇ ਚਾਰ ਥੰਮ੍ਹਾਂ ‘ਤੇ ਟਿੱਕਿਆ ਹੈ।

 

 ਆਪਣੇ ਸੰਬੋਧਨ ਵਿੱਚ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਯੁਵਕ ਮਾਮਲੇ ਅਤੇ ਖੇਡਾਂ ਸ੍ਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਇਹ ਪਹਿਲਾ ਅਵਸਰ ਹੈ ਜਦੋਂ ਕਿ ਨੈਸ਼ਨਲ ਯੂਥ ਫੈਸਟੀਵਲ ਟੈਕਨੋਲੋਜੀ ਦੀ ਵਰਤੋਂ ਕਰਦਿਆਂ, ਇੱਕ ਔਨਲਾਈਨ-ਔਫਲਾਈਨ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤਾ ਗਿਆ ਹੈ, ਅਤੇ ਇਸ ਵਿੱਚ ਰਿਕਾਰਡ ਭਾਗੀਦਾਰੀ ਵੇਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ 7 ਲੱਖ ਨੌਜਵਾਨਾਂ ਨੇ 24 ਵਿਭਿੰਨ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ‘ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ’ ਦੇ ਜੇਤੂਆਂ ਨੂੰ ਵਧਾਈ ਦਿੱਤੀ। ਸ਼੍ਰੀ ਰਿਜਿਜੂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ -19 ਨਾਲ ਲੜਨ ਲਈ ਦੇਸ਼ ਨੂੰ ਜੋਸ਼ੀਲਾ ਸੱਦਾ ਦਿੱਤਾ ਸੀ, ਤਾਂ ਇਹ ਭਾਰਤੀ ਨੌਜਵਾਨ ਸਨ ਜਿਨ੍ਹਾਂ ਨੇ ਇਸ ਆਲਮੀ ਮਹਾਮਾਰੀ ਦੇ ਵਿਰੁੱਧ ਲੜਨ ਵਿਚ ਮੋਹਰੀ ਭੂਮਿਕਾ ਨਿਭਾਈ ਸੀ। ਰਾਸ਼ਟਰੀ ਯੁਵਕ ਦਿਵਸ ਦੇ ਅਵਸਰ 'ਤੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਕੋਲ ਇੱਕ ਵੱਡੀ ਯੁਵਾ ਸ਼ਕਤੀ ਹੈ ਜੋ ਆਤਮਨਿਰਭਰ ਭਾਰਤ ਉਸਾਰਨ ਦੇ ਸਮਰੱਥ ਹੈ ਅਤੇ ਇਹ ਨੌਜਵਾਨ ਪੀੜ੍ਹੀ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਦੀ ਸਰਪ੍ਰਸਤ ਵੀ ਹੈ।

 

 ਬਾਅਦ ਵਿੱਚ, ਪਤਵੰਤਿਆਂ ਵਲੋਂ ਪ੍ਰੋਗਰਾਮ ਦੇ ਅੰਤ ਵਿੱਚ ਨੈਸ਼ਨਲ ਯੂਥ ਪਾਰਲੀਮੈਂਟ 2021 ਮੁਕਾਬਲੇ ਦੇ ਜੇਤੂਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ।

 

**********

 

ਐੱਨਬੀ/ਓਏ/ਯੂਡੀ



(Release ID: 1688101) Visitor Counter : 161