ਪੁਲਾੜ ਵਿਭਾਗ

ਇਸਰੋ ਨਿੱਜੀ ਖੇਤਰ ਦੇ ਸਹਿਯੋਗ ਨਾਲ "ਆਤਮਨਿਰਭਰ ਭਾਰਤ" ਨੂੰ ਹੁਲਾਰਾ ਦੇਵੇਗਾ - ਡਾ.ਜਿਤੇਂਦਰ ਸਿੰਘ

Posted On: 04 JAN 2021 5:40PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬ ਵਿਕਾਸ ਖੇਤਰਾਂ ਦੇ ਵਿਕਾਸ (ਡੋਨਰ), ਪ੍ਰਧਾਨ ਮੰਤਰੀ ਦਫਤਰ, ਪ੍ਰਸੋਨਲ, ਜਨ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਦੇ ਮੰਤਰਾਲਿਆਂ ਵਿੱਚ ਰਾਜ ਮੰਤਰੀ  ਡਾ. ਜਿਤੇਂਦਰ ਸਿੰਘ ਨੇ ਅੱਜ ਦਿੱਲੀ ਵਿਚ ਕਿਹਾ ਕਿ ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਨਿੱਜੀ ਖੇਤਰ ਨਾਲ ਸਹਿਯੋਗ ਕਰਕੇ  "ਆਤਮਨਿਰਭਰ ਭਾਰਤ" ਨੂੰ ਹੁਲਾਰਾ ਦੇਵੇਗਾ।

 

ਇਸਰੋ ਦੀਆਂ ਹਾਲ ਹੀ ਦੀਆਂ ਕੁਝ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਦਾ  ਪੂਰਾ ਕ੍ਰੈਡਿਟ ਪ੍ਰਧਾਨ ਮੰਤਰ ਨਰੇਂਦਰ ਮੋਦੀ ਨੂੰ ਦਿੱਤਾ ਜਿਨ੍ਹਾਂ ਦੀ ਨਿੱਜੀ ਦਖਲਅੰਦਾਜ਼ੀ ਨੇ ਭਾਰਤ ਦੇ ਪੁਲਾੜ ਖੇਤਰ ਨੂੰ ਨਿੱਜੀ ਖੇਤਰ ਦੀ ਭਾਈਵਾਲੀ ਲਈ ਖੋਲ੍ਹਣ ਦਾ ਇਤਿਹਾਸਕ ਫੈਸਲਾ ਲੈਣ ਦੇ ਯੋਗ ਬਣਾਇਆ। ਉਨ੍ਹਾਂ ਕਿਹਾ, ਭਾਰਤੀ ਰਾਸ਼ਟਰੀ ਪੁਲਾੜ ਪ੍ਰਮੋਸ਼ਨ ਅਤੇ ਆਥੋਰਾਈਜ਼ੇਸ਼ਨ ਸੈਂਟਰ (ਇਨ-ਸਪੇਸ) ਨਿੱਜੀ ਕੰਪਨੀਆਂ ਦੇ ਨਾਲ ਨਾਲ ਸਟਾਰਟ ਅੱਪਸ ਲਈ ਇਸ ਖੇਤਰ ਵਿਚ ਇਕੋ  ਬਰਾਬਰ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਵਾਏਗਾ। ਪੁਲਾੜ ਗਤੀਵਿਧੀਆਂ ਦੀ ਤਜਵੀਜ਼ਸ਼ੁਦਾ ਰੇਂਜ ਵਿਚ ਛੋਟੇ ਸੈਟੇਲਾਈਟ ਲਾਂਚ ਵ੍ਹੀਕਲ, ਜੀਓਸਪੈਟੀਅਲ ਸੇਵਾਵਾਂ, ਸੈਟੇਲਾਈਟ ਕੰਸਟੈਲੇਸ਼ਨ, ਐਪਲੀਕੇਸ਼ਨ ਪ੍ਰੋਡਕਟ ਆਦਿ ਦੀਆਂ ਗਤੀਵਿਧੀਆਂ ਸ਼ਾਮਿਲ ਹਨ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਿੱਜੀ ਖੇਤਰ ਦੀ ਭਾਈਵਾਲੀ ਲਈ ਪੁਲਾੜ ਖੇਤਰ ਨੂੰ ਖੋਲ੍ਹਣ ਦਾ ਅਭਿਆਨ ਪ੍ਰਧਾਨ ਮੰਤਰੀ ਮੋਦੀ ਵਲੋਂ ਚੁੱਕਿਆ ਗਿਆ ਇਕ ਮਹੱਤਵਪੂਰਨ ਕਦਮ ਸੀ ਅਤੇ ਦੇਸ਼ ਭਰ ਦੇ  ਨਿੱਜੀ ਖੇਤਰ ਦੇ ਲੋਕਾਂ ਵਲੋਂ ਵੱਡੀ ਪੱਧਰ ਤੇ ਇਸ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੇ ਉਨ੍ਹਾਂ ਲਫ਼ਜ਼ਾਂ ਦਾ ਹਵਾਲਾ ਦਿੱਤਾ ਕਿ ਇਨ੍ਹਾਂ ਸੁਧਾਰਾਂ ਰਾਹੀਂ ਕੀਤੇ ਜਾਣ ਵਾਲੇ ਯਤਨ ਨਾ ਸਿਰਫ ਭਾਰਤ ਨੂੰ ਪੁਲਾੜ ਮਾਰਕੀਟ ਵਿਚ ਇਕ ਪ੍ਰਤੀਯੋਗੀ ਬਣਾਉਣਗੇ ਬਲਕਿ ਇਹ ਵੀ ਸੁਨਿਸ਼ਚਿਤ ਕਰਨਗੇ ਕਿ ਪੁਲਾੜ ਪ੍ਰੋਗਰਾਮ ਦੇ ਲਾਭ ਗਰੀਬ ਤੋਂ ਗਰੀਬ ਤੱਕ ਪਹੁੰਚਣ। ਇਹ ਮੋਦੀ ਸਰਕਾਰ ਦੀ ਹਰੇਕ ਸੁਧਾਰ ਦੀ ਯੋਜਨਾਬੰਦੀ ਦੇ ਸਿਧਾਂਤ ਨਾਲ ਮੇਲ ਖਾਂਦੀ ਹੈ ਜਿਸ ਦਾ ਉਦੇਸ਼ ਗਰੀਬ ਤੋਂ ਗਰੀਬ ਤੱਕ ਲਾਭ ਪਹੁੰਚਾਉਣਾ ਹੈ ਅਤੇ ਭਾਰਤ ਨੂੰ ਆਤਮਨਿਰਭਰ ਭਾਰਤ ਦੀ ਦਿਸ਼ਾ ਵਿਚ ਨਿਰੰਤਰ ਯਤਨਾਂ ਨਾਲ ਸਵੈ-ਨਿਰਭਰ ਭਾਰਤ ਬਣਾਉਣਾ ਹੈ। 

ਪੁਲਾੜ ਖੇਤਰ ਦੀ ਸਮਰੱਥਾ ਅਤੇ ਸਰੋਤਾਂ ਨੂੰ ਵਧਾਉਣ ਤੋਂ ਇਲਾਵਾ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਧੀ ਹੋਈ ਨਿੱਜੀ ਖੇਤਰ ਦੀ ਭਾਈਵਾਲੀ ਵੀ ਕਾਬਲ ਪੁਲਾੜ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਦੇਸ਼ ਤੋਂ  ਬਾਹਰ ਜਾਣ ਲਈ ਨਿਰਉਤਸ਼ਾਹਿਤ ਕਰੇਗੀ ਜੋ ਕੰਮ ਦੀ ਤਲਾਸ਼ ਵਿਚ ਭਾਰਤ ਤੋਂ ਬਾਹਰ ਜਾਣ ਦੇ ਇੱਛੁਕ ਹਨ। ਉਨ੍ਹਾਂ ਅੱਗੇ ਦੱਸਿਆ ਕਿ 25 ਤੋਂ ਵੱਧ ਉਦਯੋਗਾਂ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਾੜ ਗਤੀਵਿਧੀਆਂ ਸ਼ੁਰੂ ਕਰਨ ਲਈ ਪਹਿਲਾਂ ਹੀ ਪੁਲਾੜ ਵਿਭਾਗ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅਧੀਨ ਪਿਛਲੇ ਛੇ ਸਾਲਾਂ ਵਿਚ ਪੁਲਾੜ ਟੈਕਨੋਲੋਜੀ ਦੀਆਂ ਐਪਲੀਕੇਸ਼ਨਾਂ ਬੁਨਿਆਦੀ ਢਾਂਚੇ ਦੇ ਵੱਖ-ਵੱਖ ਖੇਤਰਾਂ ਤੱਕ ਵਿਸਥਾਰਤ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਆਮ ਨਾਗਰਿਕ ਲਈ ਈਜ਼ ਆਫ ਲਿਵਿੰਗ ਲਿਆਂਦੀ ਗਈ ਹੈ। ਪੁਲਾੜ ਅਤੇ ਸੈਟੇਲਾਈਟ ਟੈਕਨੋਲੋਜੀ ਅੱਜ ਰੇਲਵੇ, ਸੜਕਾਂ ਅਤੇ ਪੁਲਾਂ ਦੇ ਨਿਰਮਾਣ, ਖੇਤੀਬਾਡ਼ੀ ਸੈਕਟਰ, ਹਾਊਸਿੰਗ, ਟੈਲੀ-ਮੈਡੀਸਨ ਆਦਿ ਤੋਂ ਇਲਾਵਾ ਆਫਤ ਪ੍ਰਬੰਧਨ ਅਤੇ ਪੂਰੀ ਤਰ੍ਹਾਂ ਨਾਲ ਸਹੀ ਮੌਸਮ ਦੀ ਭਵਿੱਖਬਾਣੀ ਲਈ ਵੱਡੀ ਪੱਧਰ ਤੇ ਇਸਤੇਮਾਲ ਕੀਤੀ ਜਾ ਰਹੀ ਹੈ। 

-------------------------------

ਐਸਐਨਸੀ



(Release ID: 1686128) Visitor Counter : 194