ਸੱਭਿਆਚਾਰ ਮੰਤਰਾਲਾ

ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਨਮ ਵਰ੍ਹੇਗੰਢ ਦੇ ਸਮਾਗਮ ਲਈ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ

Posted On: 21 DEC 2020 6:17PM by PIB Chandigarh

ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਨਮ ਵਰ੍ਹੇਗੰਢ ਦੇ ਸਮਾਗਮ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ। ਇਹ ਉੱਚ ਪੱਧਰੀ ਕਮੇਟੀ 23 ਜਨਵਰੀ, 2021 ਤੋਂ ਸ਼ੁਰੂ ਹੋ ਕੇ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗ਼ਮ ਦੀਆਂ ਗਤੀਵਿਧੀਆਂ ਬਾਰੇ ਫੈਸਲਾ ਲਵੇਗੀ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਉੱਚ ਪੱਧਰੀ ਕਮੇਟੀ ਦੀ ਅਗਵਾਈ ਕਰਨਗੇ। ਇਹ ਯਾਦਗਾਰੀ ਸਮਾਗਮ ਇੱਕ ਸ਼ਰਧਾਂਜਲੀ ਵਜੋਂ ਅਤੇ ਨੇਤਾ ਜੀ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਦਿੱਤੇ ਗਏ ਵੱਡੇ ਯੋਗਦਾਨ ਲਈ ਧੰਨਵਾਦ ਵਜੋਂ ਕਰਵਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੇਤਾ ਜੀ ਬੋਸ ਬਾਰੇ ਬੋਲਦਿਆਂ ਕਿਹਾ ਸੀ, “ਸੁਭਾਸ਼ ਚੰਦਰ ਬੋਸ ਦੀ ਬਹਾਦਰੀ ਅਤੇ ਬਸਤੀਵਾਦ ਦਾ ਟਾਕਰਾ ਕਰਨ ਵਿੱਚ ਅਮਿੱਟ ਯੋਗਦਾਨ ਲਈ ਭਾਰਤ ਹਮੇਸ਼ਾਂ ਧੰਨਵਾਦੀ ਰਹੇਗਾ। ਉਹ ਇੱਕ ਦੁਰਲੱਭ ਵਿਅਕਤੀ ਸਨ, ਜਿਨ੍ਹਾਂ ਨੇ ਹਰ ਭਾਰਤੀ ਨੂੰ ਸਵੈਮਾਣ ਦੀ ਜ਼ਿੰਦਗੀ ਜੀਉਣ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਨੂੰ ਪ੍ਰਤੀਬੱਧ ਕੀਤਾ। ਸੁਭਾਸ਼ ਬਾਬੂ ਆਪਣੀ ਬੌਧਿਕ ਸ਼ਕਤੀ ਅਤੇ ਸੰਸਥਾਗਤ ਹੁਨਰ ਲਈ ਵੀ ਜਾਣੇ ਜਾਂਦੇ ਸਨ। ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਪੂਰਾ ਕਰਨ ਅਤੇ ਇੱਕ ਮਜ਼ਬੂਤ ​​ਭਾਰਤ ਬਣਾਉਣ ਲਈ ਵਚਨਬੱਧ ਹਾਂ। ”

ਉੱਚ ਪੱਧਰੀ ਯਾਦਗਾਰੀ ਕਮੇਟੀ ਦੇ ਮੈਂਬਰਾਂ ਵਿੱਚ ਮਾਹਰ, ਇਤਿਹਾਸਕਾਰ, ਲੇਖਕ, ਨੇਤਾ ਜੀ ਸੁਭਾਸ ਚੰਦਰ ਬੋਸ ਦੇ ਪਰਿਵਾਰਕ ਮੈਂਬਰ ਅਤੇ ਅਜ਼ਾਦ ਹਿੰਦ ਫੌਜ਼ / ਆਈਐਨਏ ਨਾਲ ਜੁੜੇ ਉੱਘੇ ਵਿਅਕਤੀ ਸ਼ਾਮਲ ਹੋਣਗੇ। ਇਹ ਕਮੇਟੀ ਦਿੱਲੀ, ਕੋਲਕਾਤਾ ਅਤੇ ਨੇਤਾ ਜੀ ਅਤੇ ਆਜ਼ਾਦ ਹਿੰਦ ਫੌਜ ਨਾਲ ਜੁੜੇ ਹੋਰ ਸਥਾਨਾਂ ਅਤੇ ਨਾਲ ਹੀ ਵਿਦੇਸ਼ਾਂ ਵਿੱਚ ਵੀ ਯਾਦਗਾਰੀ ਗਤੀਵਿਧੀਆਂ ਲਈ ਮਾਰਗਦਰਸ਼ਨ ਕਰੇਗੀ।

ਪਿਛਲੇ ਸਮੇਂ ਦੌਰਾਨ, ਭਾਰਤ ਸਰਕਾਰ ਨੇ ਨੇਤਾ ਜੀ ਸੁਭਾਸ ਚੰਦਰ ਬੋਸ ਦੀ ਕੀਮਤੀ ਵਿਰਾਸਤ ਨੂੰ ਸੰਭਾਲਣ ਅਤੇ ਸੁਰੱਖਿਅਤ ਕਰਨ ਲਈ ਕਈ ਕਦਮ ਚੁੱਕੇ ਹਨ। ਨਵੀਂ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਨੇਤਾ ਜੀ 'ਤੇ ਇੱਕ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ 23.01.2019 ਨੂੰ ਕੀਤਾ ਗਿਆ ਸੀ। ਕੋਲਕਾਤਾ ਵਿਖੇ ਇਤਿਹਾਸਕ ਵਿਕਟੋਰੀਆ ਮੈਮੋਰੀਅਲ ਇਮਾਰਤ ਵਿੱਚ ਸਥਾਈ ਪ੍ਰਦਰਸ਼ਨੀ ਅਤੇ ਨੇਤਾ ਜੀ 'ਤੇ ਲਾਈਟ ਐਂਡ ਸਾਊਂਡ ਸ਼ੋਅ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ। 

2015 ਵਿੱਚ, ਭਾਰਤ ਸਰਕਾਰ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਸਬੰਧਤ ਫਾਈਲਾਂ ਨੂੰ ਗੁਪਤ ਸੂਚੀ ਵਿਚੋਂ ਹਟਾਇਆ ਅਤੇ ਉਹਨਾਂ ਨੂੰ ਜਨਤਾ ਤੱਕ ਪਹੁੰਚਯੋਗ ਬਣਾਉਣ ਦਾ ਫੈਸਲਾ ਕੀਤਾ ਸੀ। ਸਭ ਤੋਂ ਪਹਿਲਾਂ 33 ਫਾਈਲਾਂ ਨੂੰ 4 ਦਸੰਬਰ 2015 ਨੂੰ ਜਨਤਕ ਕੀਤਾ ਗਿਆ ਸੀ। ਨੇਤਾ ਜੀ ਨਾਲ ਸਬੰਧਤ 100 ਫਾਈਲਾਂ ਦੀਆਂ ਡਿਜੀਟਲ ਕਾਪੀਆਂ 23 ਜਨਵਰੀ, 2016 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਨੂੰ ਪੂਰਾ ਕਰਨ ਲਈ ਜਾਰੀ ਕੀਤੀਆਂ ਸਨ।

2018 ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੀ ਆਪਣੀ ਫੇਰੀ ਦੌਰਾਨ ਪ੍ਰਧਾਨ ਮੰਤਰੀ ਨੇਤਾ ਜੀ ਬੋਸ ਦੁਆਰਾ ਤਿਰੰਗਾ ਲਹਿਰਾਉਣ ਦੀ 75 ਵੀਂ ਵਰ੍ਹੇਗੰਢ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਨੂੰ ਨਮਨ ਕੀਤਾ, ਜਿਸ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਟਾਪੂਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਸੀ। ਪ੍ਰਧਾਨ ਮੰਤਰੀ ਨੇ ਅੰਡੇਮਾਨ ਅਤੇ ਨਿਕੋਬਾਰ ਵਿੱਚ 3 ਟਾਪੂਆਂ ਦਾ ਨਾਮ ਬਦਲਿਆ। ਰੌਸ ਟਾਪੂ ਦਾ ਨਾਂਅ ਤਬਦੀਲ ਕਰਕੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਪ ਰੱਖਿਆ ਗਿਆ; ਨੀਲ ਟਾਪੂ ਦਾ ਨਾਂਅ ਸ਼ਹੀਦ ਦੀਪ ; ਅਤੇ ਹੈਵਲੋਕ ਟਾਪੂ ਨੂੰ ਸਵਰਾਜ ਦੀਪ ਦਾ ਨਾਂਅ ਦਿੱਤਾ ਗਿਆ। 

***

ਐਨਬੀ/ਕੇਪੀ(Release ID: 1682504) Visitor Counter : 5