ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡਾਂ ਵਿੱਚ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਭਾਰਤ ਵਲੋਂ ਵਿਸ਼ਵ ਐਂਟੀ ਡੋਪਿੰਗ ਏਜੰਸੀ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਏਗੀ: ਸ਼੍ਰੀ ਕਿਰੇਨ ਰਿਜੀਜੂ

Posted On: 07 DEC 2020 5:42PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜੀਜੂ ਨੇ ਸੋਮਵਾਰ ਨੂੰ ਐਂਟੀ-ਡੋਪਿੰਗ ਅਤੇ ਸਪੋਰਟਸ ਸਾਇੰਸ ਵਿਸ਼ੇ 'ਤੇ ਇੱਕ ਵੈਬੀਨਾਰ ਦਾ ਉਦਘਾਟਨ ਕੀਤਾ। ਇਸ ਵੈਬੀਨਾਰ ਦਾ ਆਯੋਜਨ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ), ਨੈਸ਼ਨਲ ਸਪੋਰਟਸ ਯੂਨੀਵਰਸਿਟੀ (ਐੱਨਐੱਸਯੂ) ਅਤੇ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ (ਐੱਨਡੀਟੀਐੱਲ) ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ। 

 

 

 ਇਸ ਵਰਚੁਅਲ ਬੈਠਕ ਵਿੱਚ ਸ੍ਰੀ ਵਿਟੋਲਡ ਬੰਕਾ, ਪ੍ਰਧਾਨ, ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ), ਸੁਨੀਲ ਸ਼ੈੱਟੀ, ਬ੍ਰਾਂਡ ਅੰਬੈਸਡਰ, ਨਾਡਾ;  ਸ਼੍ਰੀ ਰਵੀ ਮਿੱਤਲ, ਸਕੱਤਰ (ਖੇਡਾਂ);  ਸ਼੍ਰੀ ਆਰ ਸੀ ਮਿਸ਼ਰਾ, ਵਾਈਸ ਚਾਂਸਲਰ, ਐੱਨਐੱਸਯੂ ਅਤੇ ਸ਼੍ਰੀ ਨਵੀਨ ਅਗਰਵਾਲ, ਡੀਜੀ ਅਤੇ ਸੀਈਓ, ਨਾਡਾ ਵੀ ਸ਼ਾਮਲ ਸਨ।

 

 

 ਸ਼੍ਰੀ ਰਿਜਿਜੂ ਨੇ ਵਾਡਾ ਦੇ ਮੁੱਖੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਸਵੱਛ ਖੇਡ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਦਾ ਸਮਰਥਨ ਕਰੇਗਾ।  ਖੇਡ ਮੰਤਰੀ ਨੇ ਕਿਹਾ “ਸ਼੍ਰੀਮਾਨ ਬੰਕਾ, ਮੈਨੂੰ ਤੁਹਾਡੇ ਤੋਂ ਇਹ ਸੁਣ ਕੇ ਖੁਸ਼ੀ ਹੋ ਰਹੀ ਹੈ ਕਿ ਵਾਡਾ ਵਿੱਚ ਭਾਰਤ ਦੇ ਯੋਗਦਾਨ ਦੀ ਵਰਤੋਂ ਐਂਟੀ ਡੋਪਿੰਗ ਖੋਜ ਅਤੇ ਡੋਪਿੰਗ ਵਿਰੋਧੀ ਕਮਿਊਨਿਟੀ ਦੀ ਖੋਜੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਏਗੀ।  ਭਾਰਤ ਨਿਰਪੱਖ ਖੇਡਾਂ ਅਤੇ ਸਾਫ-ਸੁਥਰੀਆਂ ਖੇਡਾਂ ਲਈ ਦ੍ਰਿੜਤਾ ਨਾਲ ਖੜ੍ਹਾ ਹੈ, ਅਤੇ ਅਸੀਂ ਖੇਡਾਂ ਵਿੱਚ ਇਮਾਦਾਰੀ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਾਂਗੇ।”

 

 

 ਸ਼੍ਰੀ ਰਿਜਿਜੂ ਨੇ ਇਹ ਵੀ ਦੱਸਿਆ ਕਿ ਨਾਡਾ ਡੋਪਿੰਗ ਦੀ ਬੁਰਾਈ ਤੋਂ ਛੁਟਕਾਰਾ ਪਾਉਣ ਲਈ ਆਪਣੀਆਂ ਕੋਸ਼ਿਸ਼ਾਂ ਲਈ ਪ੍ਰਤੀਬੱਧ ਹੈ ਅਤੇ ਵਾਡਾ ਦੁਆਰਾ ਨਿਰਧਾਰਿਤ ਸਾਰੇ ਡੋਪਿੰਗ ਵਿਰੋਧੀ ਨਿਯਮਾਂ ਨੂੰ ਲਾਗੂ ਕਰ ਰਿਹਾ ਹੈ। ਸ੍ਰੀ ਰਿਜਿਜੂ ਨੇ ਅੱਗੇ ਕਿਹਾ “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਨਾਡਾ ਇੰਡੀਆ ਡੋਪ ਮੁਕਤ ਖੇਡਾਂ ਲਈ ਵਚਨਬੱਧ ਹੈ ਅਤੇ ਡੋਪਿੰਗ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਸਪੋਰਟਸ ਫਰੈਟਰਨਿਟੀ ਨੂੰ ਆਪਣਾ ਨਿਰੰਤਰ ਸਮਰਥਨ ਜਾਰੀ ਰੱਖ ਰਿਹਾ ਹੈ। ਇਸ ਵਲੋਂ ਐਂਟੀ-ਡੋਪਿੰਗ ਨਿਯਮਾਂ ਅਤੇ ਨੀਤੀਆਂ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਲਾਗੂ ਕੀਤਾ ਜਾ ਰਿਹਾ ਹੈ, ਜੋ ਕਿ ਵਰਲਡ ਐਂਟੀ-ਡੋਪਿੰਗ ਕੋਡ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਕੂਲ ਹੈ।” 

 

ਖੇਡ ਮੰਤਰੀ ਨੇ ਵਾਡਾ ਦੇ ਪ੍ਰਧਾਨ ਨੂੰ ਇਹ ਭਰੋਸਾ ਵੀ ਦਿੱਤਾ ਕਿ ਐੱਨਡੀਟੀਐੱਲ ਨੇ ਵਾਡਾ ਵੱਲੋਂ ਸੁਝਾਏ ਗਏ ਵਿਭਿੰਨ ਨੁਕਤਿਆਂ ‘ਤੇ ਸੁਧਾਰਾਤਮਕ ਕਦਮ ਚੁੱਕੇ ਹਨ ਅਤੇ ਉਮੀਦ ਜਤਾਈ ਹੈ ਕਿ ਜਲਦੀ ਹੀ ਇਸ ਨੂੰ ਵਾਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੋਪ ਵਿਸ਼ਲੇਸ਼ਣ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਏਗੀ।“

 

 

 ਅਦਾਕਾਰ ਸੁਨੀਲ ਸ਼ੈੱਟੀ ਅਤੇ ਬ੍ਰਾਂਡ ਅੰਬੈਸਡਰ, ਨਾਡਾ ਨੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਸ਼ੇ 'ਤੇ ਵੈਬੀਨਾਰਾਂ ਦੇ ਨਿਰੰਤਰ ਆਯੋਜਨ ਜ਼ਰੀਏ ਅਥਲੀਟਾਂ ਦੇ ਸੁਧਾਰ ਵਿੱਚ ਸਹਾਇਤਾ ਮਿਲੇਗੀ। “ਮੈਨੂੰ ਐਂਟੀ ਡੋਪਿੰਗ ਦੇ ਵਿਸ਼ੇ 'ਤੇ ਇਸ ਵੈਬੀਨਾਰ ਲਈ ਬਹੁਤ ਖੁਸ਼ੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇਸ ਵਿਸ਼ੇ ‘ਤੇ ਵਿਚਾਰਾਂ ਕਰਨ ਲਈ ਇਸੇ ਤਰ੍ਹਾਂ ਨਿਰੰਤਰ ਵੈਬੀਨਾਰ ਹੁੰਦੇ ਰਹਿਣ। ਇਸ ਨਾਲ ਸਾਡੇ ਅਥਲੀਟਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਮਿਲੇਗੀ।”

 

 

 

             **********

 

 

ਐੱਨਬੀ/ਓਏ



(Release ID: 1679023) Visitor Counter : 83