ਉਪ ਰਾਸ਼ਟਰਪਤੀ ਸਕੱਤਰੇਤ
ਕੋਵਿਡ–19 ਭਾਰਤ ਦੇ ਮੱਛੀ–ਪਾਲਣ ਖੇਤਰ ਲਈ ਗੇਮ ਚੇਂਜਰ ਸਿੱਧ ਹੋ ਸਕਦਾ ਹੈ - ਉਪ ਰਾਸ਼ਟਰਪਤੀ
ਮੱਛੀ ਦੇ ਪੋਸ਼ਕ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਸੱਦਾ ਦਿੱਤਾ
ਭਾਰਤ ਦੇ ਸਲਾਨਾ ਮੱਛੀ ਉਤਪਾਦਨ ਦੀ ਮੰਗ ਤੇ ਪੂਰਤੀ ਵਿਚਲਾ ਪਾੜਾ ਪੂਰਨ ਦਾ ਸੱਦਾ
ਸ਼੍ਰੀ ਨਾਇਡੂ ਦੁਆਰਾ ਮੱਛੀ–ਪਾਲਣ ਖੇਤਰ ਲਈ ਰਿਣ, ਬੁਨਿਆਦੀ ਢਾਂਚੇ ਦੇ ਵਿਕਾਸ ਤੇ ਬਜ਼ਾਰ ਸੰਪਰਕਾਂ ਵਿੱਚ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ
ਭਾਰਤ ਨੂੰ ਮੱਛੀਆਂ ਦੀ ਬਰਾਮਦ ’ਚ ਅੱਵਲ ਨੰਬਰ ਬਣਨ ਦਾ ਇੱਛੁਕ ਹੋਣਾ ਚਾਹੀਦਾ ਹੈ – ਉਪ ਰਾਸ਼ਟਰਪਤੀ
ਨਿਊਟ੍ਰਾਸਿਊਟੀਕਲਸ ਤੇ ਸਜਾਵਟੀ ਮੱਛੀਆਂ ਜਿਹੇ ਇਨੋਵੇਟਿਵ ਉਤਪਾਦਾਂ ਰਾਹੀਂ ਭਾਰਤ ਦੀ ਸਮੁੰਦਰੀ–ਖੇਤੀ ਵਿੱਚ ਵਿਭਿੰਨਤਾ ਲਿਆਉਣ ਦਾ ਸੱਦਾ
ਸਮੁੰਦਰੀ ਤੇ ਤਾਜ਼ਾ ਪਾਣੀ ਨੂੰ ਦੂਸ਼ਿਤ ਕਰਨ ਤੇ ਮਸ਼ੀਨੀ ਟ੍ਰਾਲਿਆਂ ਨਾਲ ਹੱਦੋਂ ਵੱਧ ਮੱਛੀਆਂ ਫੜਨ ’ਤੇ ਚਿੰਤਾ ਪ੍ਰਗਟਾਈ
ਮਿਉਂਸਪਲ ਇਕਾਈਆਂ ਨੂੰ ਸਵੱਛ ਤੇ ਆਕਰਸ਼ਕ ਮੱਛੀ–ਬਜ਼ਾਰ ਬਣਾਉਣ ਲਈ ਕਿਹਾ
ਸਾਡੇ ਆਪਣੇ ਲੋਕਾਂ ਨੂੰ ਇੱਕ ਵਾਰ ਫਿਰ ਪਾਣੀਆਂ ਦੀ ਖੋਜ ਕਰਨ ਤੇ ਇੱਕ ਆਗੂ ਤੇ ਇਸ ਖੇਤਰ ਵਿੱਚ ਸ਼ੁੱਧ ਸੁਰੱਖਿਆ ਪ੍ਰਦਾਤਾ ਵਜੋਂ ਉੱਭਰਨ ਦੀ ਲੋੜ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਦੁਆਰਾ ਵਿਸ਼ਾਖਾਪਟਨਮ ’ਚ ਸੀਐੱਮਐੱਫਆਰਆਈ ਅਤੇ ਸੀਆਈਐੱਫਟੀ ਦਾ ਦੌਰਾ ਤੇ ਵਿਗਿਆਨੀਆਂ ਤੇ ਸਟਾਫ਼ ਨਾਲ ਕੀਤੀ ਗੱਲਬਾਤ
ਤੁਹਾਡੇ ਖੋਜ ਤੇ ਵਿਕਾਸ ਨਾਲ ਮਛੇਰਿਆਂ ਦੇ ਜੀਵਨ ’ਚ ਸੁਧਾਰ ਹੋਣਾ ਚਾਹੀਦਾ ਹੈ – ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਕਿਹਾ
Posted On:
07 DEC 2020 5:19PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੈ ਅੱਜ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਕੋਵਿਡ–19 ਭਾਰਤ ਦੇ ਮੱਛੀ–ਪਾਲਣ ਖੇਤਰ ਲਈ ਗੇਮ ਚੇਂਜਰ ਸਿੱਧ ਹੋ ਸਕਦਾ ਹੈ ਕਿਉਂਕਿ ਮਹਾਮਾਰੀ ਨੇ ਲੋਕਾਂ ਨੂੰ ਖਾਣ–ਪੀਣ ਦੀਆਂ ਤੰਦਰੁਸਤ ਆਦਤਾਂ ਅਪਨਾਉਣ ਬਾਰੇ ਜਾਗਰੂਕ ਕਰ ਦਿੱਤਾ ਹੈ।
ਅੱਜ ਵਿਸ਼ਾਖਾਪਟਨਮ ’ਚ ‘ਸੈਂਟਰਲ ਮੇਰੀਨ ਫ਼ਿਸ਼ਰੀਜ਼ ਰਿਸਰਚ ਇੰਸਟੀਟਿਊਟ’ (ਸੀਐੱਮਐੱਫਆਰਆਈ) ਅਤੇ ‘ਸੈਂਟਰਲ ਇੰਸਟੀਟਿਊਟ ਆੱਵ੍ ਫ਼ਿਸ਼ਰੀਜ਼ ਟੈਕਨੋਲੋਜੀ’ (ਸੀਆਈਐੱਫਟੀ) ਦੇ ਵਿਗਿਆਨੀਆਂ ਤੇ ਹੋਰ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮੱਛੀਆਂ ਪ੍ਰੋਟੀਨ ਦਾ ਵੱਡਾ ਸਰੋਤ ਹਨ ਅਤੇ ਦੇਸ਼, ਖ਼ਾਸ ਕਰਕੇ ਬੱਚਿਆਂ ਵਿੱਚ ਕੁਪੋਸ਼ਣ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਇਸ ਸਬੰਧੀ ਉਨ੍ਹਾਂ ਸਿਹਤ ਮਾਹਿਰਾਂ ਤੇ ਪੋਸ਼ਣ–ਵਿਗਿਆਨੀਆਂ ਨੂੰ ਕਿਹਾ ਕਿ ਉਹ ਆਮ ਲੋਕਾਂ ਵਿੱਚ ਮੱਛੀਆਂ ਨੂੰ ਆਪਣੀ ਖ਼ੁਰਾਕ ਵਿੱਚ ਸ਼ਾਮਲ ਕਰਨ ਦੇ ਬਹੁਤ ਸਾਰੇ ਫ਼ਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ। ਉਨ੍ਹਾਂ ਇਹ ਵੀ ਕਿਹਾ,‘ਮੱਛੀਆਂ ਵਿੱਚ ਚਰਬੀ ਵਾਲੇ ਓਮੇਗਾ–2 ਐਸਿਡ ਭਰਪੂਰ ਮਾਤਰਾ ’ਚ ਹੁੰਦੇ ਹਨ, ਜੋ ਸਾਡੇ ਸਰੀਰ ਲਈ ਜ਼ਰੂਰੀ ਹਨ ਤੇ ਦਿਲ ਦੀਆਂ ਧਮਣੀਆਂ (ਕਾਰਡੀਓ–ਵੈਸਕਿਊਲਰ) ਸਿਹਤ ਲਈ ਚੰਗੇ ਹੁੰਦੇ ਹਨ। ਇਸ ਪੱਖ ਨੂੰ ਹਰਮਨਪਿਆਰਾ ਬਣਾਉਣ ਅਤੇ ਆਮ ਵਿਅਕਤੀ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਜ਼ਰੂਰਤ ਹੈ।’
ਸ਼੍ਰੀ ਨਾਇਡੂ ਨੇ ਕਿਹਾ ਕਿ ਹਿਮਾਲਾ ਪਰਬਤਾਂ ਦੇ ਸ਼ੁੱਧ ਪਾਣੀਆਂ ਤੋਂ ਲੈ ਕੇ 8,000 ਕਿਲੋਮੀਟਰ ਲੰਬੇ ਸਮੁੰਦਰੀ ਤੱਟਾਂ ਤੱਕ ਭਾਰਤ ਕੋਲ ਜਲ ਦੇ ਭਾਰੀ ਸਰੋਤ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ,‘ਇਨ੍ਹਾਂ ਪਾਣੀਆਂ ਵਿੱਚ ਮੱਛੀਆਂ ਦੇ ਵਿਭਿੰਨ ਪ੍ਰਕਾਰ ਦੇ ਅਜਿਹੇ ਜੀਵ ਮੌਜੂਦ ਹਨ, ਜੋ ਕਈ ਨਸਲਾਂ ਤੋਂ ਕਰੋੜਾਂ ਲੋਕਾਂ ਲਈ ਉਪਜੀਵਕਾ ਦਾ ਸਾਧਨ ਬਣੇ ਰਹੇ ਹਨ।’
ਉਨ੍ਹਾਂ ਕਿਹਾ ਕਿ ਦੁਨੀਆ ਦੇ ਕੁੱਲ ਮੱਛੀ ਉਤਪਾਦਨ ਵਿੱਚ ਭਾਰਤ ਦੂਜੇ ਨੰਬਰ ਉੱਤੇ ਹੈ, ਫਿਰ ਵੀ ਹਾਲੇ ਦੇਸ਼ ਦੇ ਅੰਦਰ ਅਤੇ ਸਮੁੰਦਰੀ ਮੱਛੀ–ਪਾਲਣ ਵਿੱਚ ਬਹੁਤ ਕੁਝ ਕਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਮੱਛੀ–ਪਾਲਣ ਲਘੂ ਉਦਯੋਗ ਵਜੋਂ ਇੱਕ ਮਾਮੂਲੀ ਸ਼ੁਰੂਆਤ ਤੋਂ ਹੁਣ ਸਾਡੇ ਦੇਸ਼ ਲਈ ਇੱਕ ਬਹੁਤ ਅਹਿਮ ਸਮਾਜਿਕ–ਆਰਥਿਕ ਤਾਕਤ ਬਣ ਚੁੱਕਾ ਹੈ ਅਤੇ ਇਸ ਵੇਲੇ ਭਾਰਤੀ ਸਮੁੰਦਰੀ ਤਟਾਂ ਉੱਤੇ ਲਗਭਗ ਡੇਢ ਕਰੋੜ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਨੀਆ ਵਿੱਚ ਮੱਛੀਆਂ ਦਾ ਚੌਥਾ ਸਭ ਤੋਂ ਵੱਡਾ ਬਰਾਮਦਕਾਰ ਹੈ ਅਤੇ ਇਹ ਖੇਤਰ ਵਿਦੇਸ਼ੀ ਮੁਦਰਾ ਕਮਾਉਣ ਦਾ ਪ੍ਰਮੁੱਖ ਅੰਸ਼ਦਾਨੀਆਂ ਵਿੱਚੋਂ ਇੱਕ ਰਿਹਾ ਹੈ ਅਤੇ ਭਾਰਤ ਨੂੰ ਮੱਛੀਆਂ ਦੀ ਬਰਾਮਦ ਵਿੱਚ ਅੱਵਲ ਨੰਬਰ ਬਣਨ ਦਾ ਚਾਹਵਾਨ ਬਣਨਾ ਚਾਹੀਦਾ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਵਧਦੀ ਆਬਾਦੀ ਤੇ ਪਸ਼ੂ–ਪ੍ਰੋਟੀਨ ਦੀ ਵਧਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਕਿਉਂਕਿ ਮੱਛੀਆਂ ਦੀ ਦੇਸ਼ ਵਿੱਚ ਆਵਸ਼ਕਤਾ ਦੇ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਹੈ; ਇਸ ਲਈ ਭਾਰਤ ’ਚ ਮੱਛੀਆਂ ਦੇ ਉਤਪਾਦਨ ਦੀ ਸਲਾਨਾ ਮੰਗ ਤੇ ਪੂਰਤੀ ਵਿਚਲਾ ਪਾੜਾ ਪੂਰਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਵਿਚਾਰ ਪ੍ਰਗਟਾਇਆ ਕਿ ਸਿਰਫ਼ ਮੱਛੀਆਂ ਫੜਨ ਵਾਲੇ ਸਥਾਨਾਂ ਤੇ ਡੂੰਘੇ–ਸਮੁੰਦਰ ਵਿੱਚ ਮੱਛੀਆਂ ਫੜਨ ਨਾਲ ਹੀ ਮੰਗ ਦੀ ਪੂਰਤੀ ਨਹੀਂ ਹੋ ਸਕਦੀ ਅਤੇ ਇਸ ਲਈ ਸਮੁੰਦਰੀ ਮੱਛੀਆਂ ਦੇ ਸੱਭਿਆਚਾਰ ਨੂੰ ਪ੍ਰਫ਼ੁੱਲਤ ਕਰਨਾ ਇੱਕ ਰਾਹ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ 8,000 ਕਿਲੋਮੀਟਰ ਤੋਂ ਵੱਧ ਦੇ ਸਮੁੰਦਰੀ ਤਟਾਂ ਉੱਤੇ ਸਮੁੰਦਰੀ ਖੇਤੀ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ ਅਤੇ ਮੱਛੀਆਂ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਸਮੁੰਦਰੀ–ਖੇਤੀ ਵਿੱਚ ਕੇਜ–ਫ਼ਾਰਮਿੰਗ ਦੀ ਟੈਕਨੋਲੋਜੀ ਨੂੰ ਵਿਆਪਕ ਮਾਨਤਾ ਹਾਸਲ ਹੈ। ਉਨ੍ਹਾਂ ਇਸ ਸਬੰਧੀ ਸੀਐੱਮਐੱਫਆਰਆਈ ਅਤੇ ਸੀਆਈਐੱਫਟੀ ਦੁਆਰਾ ਕੀਤੇ ਜਾ ਰਹੇ ਚੰਗੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਬਹੁਤ ਸਾਲਾਂ ਤੋਂ ਮੱਛੀਆਂ ਦੇ ਮਿਆਰੀ ਬੀਜ ਦੀ ਉਪਲਬਧਤਾ ਦੀ ਘਾਟ ਚਿੰਤਾ ਦਾ ਵੱਡਾ ਵਿਸ਼ਾ ਰਿਹਾ ਹੈ ਅਤੇ ਖੋਜ ਸੰਸਥਾਨਾਂ ਦੀਆਂ ਕੋਸ਼ਿਸ਼ਾਂ ਨੇ ਇਸ ਸਮੱਸਿਆ ਨੂੰ ਜਿਸ ਤਰੀਕੇ ਨਾਲ ਘਟਾਇਆ ਹੈ, ਉਹ ਕਾਫ਼ੀ ਸ਼ਲਾਘਾਯੋਗ ਹੈ ਪਰ ਹਾਲੇ ਵੀ ਇਸ ਖੇਤਰ ਵਿੱਚ ਨਵਾਚਾਰ ਦੀ ਚੋਖੀ ਸੰਭਾਵਨਾ ਮੌਜੂਦ ਹੈ। ਇਸੇ ਤਰ੍ਹਾਂ, ਉਨ੍ਹਾਂ ਸਾਡੇ ਉਤਪਾਦਾਂ ਦੀ ਬਿਹਤਰ ਗ੍ਰੇਡਿੰਗ, ਗੁਣਵੱਤਾ ਭਰੋਸੇ ਤੇ ਪੈਕੇਜਿੰਗ ਦੇ ਉੱਚ ਮਿਆਰ, ਇੱਕਸੁਰਤਾ ਤੇ ਭਰੋਸੇਯੋਗਤਾ ਨੂੰ ਕਾਇਮ ਰੱਖਦਿਆਂ ਸਾਡੀਆਂ ਮੱਛੀਆਂ ਦੇ ਮੁੱਲ–ਵਾਧੇ ਵਿੱਚ ਸੁਧਾਰ ਦੀ ਲੋੜ ਉੱਤੇ ਜ਼ੋਰ ਦੇਣ ਦਾ ਸੱਦਾ ਦਿੱਤਾ। ਉਪ ਰਾਸ਼ਟਰਪਤੀ ਨੇ ਨਿਊਟ੍ਰਾਸਿਊਟੀਕਲਸ ਤੇ ਸਜਾਵਟੀ ਮੱਛੀਆਂ ਜਿਹੇ ਇਨੋਵੇਟਿਵ ਉਤਪਾਦਾਂ ਵਿੱਚ ਸਰਮਾਇਆ ਲਾ ਕੇ ਭਾਰਤੀ ਸਮੁੰਦਰੀ–ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਗੱਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅੰਤ ’ਚ, ਸਾਨੂੰ ਕੋਲਡ ਸਟੋਰੇਜ ਜਿਹੇ ਲੋੜੀਂਦਾ ਬੁਨਿਆਦੀ ਢਾਂਚਾ ਸਿਰਜ ਕੇ ਫ਼ਸਲ ਤਿਆਰ ਹੋਣ ਤੋਂ ਬਾਅਦ ਦੇ ਨੁਕਸਾਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ। ਉਪ ਰਾਸ਼ਟਰਪਤੀ ਨੇ ਇਹ ਵੀ ਚਾਹਿਆ ਕਿ ਮਿਉਂਸਪਲ ਇਕਾਈਆਂ ਨੂੰ ਸਾਫ਼–ਸੁਥਰੇ ਤੇ ਆਕਰਸ਼ਕ ਮੱਛੀ–ਬਜ਼ਾਰ ਤਿਆਰ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਲੈਣੀ ਚਾਹੀਦੀ ਹੈ।
ਸ਼੍ਰੀ ਨਾਇਡੂ ਨੇ ਜਲਵਾਯੂ ਪਰਿਵਰਤਨ ਕਾਰਨ ਮੌਸਮਾਂ ਵਿੱਚ ਬਹੁਤ ਜ਼ਿਆਦਾ ਵਧਦੀ ਜਾ ਰਹੀ ਬਾਰੰਬਾਰਤਾ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਮੰਦੇਭਾਗੀਂ, ਸਮੁੰਦਰ ਦਾ ਪੱਧਰ ਉੱਚਾ ਹੋਣ, ਮਹਾਸਾਗਰਾਂ ਦੇ ਗਰਮ ਹੋਣ ਤੇ ਉਨ੍ਹਾਂ ਵਿੱਚ ਤੇਜ਼ਾਬੀ–ਮਾਦਾ ਵਧਣ ਦੁਆਰਾ ਇਸ ਦਾ ਅਸਰ ਜ਼ਿਆਦਾਤਰ ਸਮੁੰਦਰਾਂ ਤੇ ਮਹਾਸਾਗਰਾਂ ਦੁਆਰਾ ਬਹੁਤ ਜ਼ਿਆਦਾ ਮਹਿਸੂਸ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ,‘ਸਮੁੰਦਰੀ ਜੀਵਨ ਉੱਤੇ ਇਸ ਦਾ ਮਾੜਾ ਅਸਰ ਪੈ ਰਿਹਾ ਹੈ ਅਤੇ ਮਨੁੱਖੀ ਜ਼ਿੰਦਗੀਆਂ ਇਸ ਉੱਤੇ ਨਿਰਭਰ ਹਨ।’
ਉਪ ਰਾਸ਼ਟਰਪਤੀ ਨੇ ਸਮੁੰਦਰੀ ਅਤੇ ਤਾਜ਼ੇ ਪਾਣੀ ਦੇ ਦੂਸ਼ਿਤ ਹੋਣ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸੁੱਟੇ ਗਏ ਪਲਾਸਟਿਕਸ, ਹੋਰ ਰਹਿੰਦ–ਖੂਹੰਦ ਵਾਲੇ ਕੂੜਾ–ਕਰਕਟ ਅਤੇ ਉਦਯੋਗਿਕ ਰਸਾਇਣ ਅੰਤ ’ਚ ਸਾਡੇ ਜਲ–ਭੰਡਾਰਾਂ ਵਿੱਚ ਚਲੇ ਜਾਂਦੇ ਹਨ; ਜਿਸ ਕਾਰਨ ਜਲ–ਜੀਵਾਂ ਦੇ ਜੀਵਨ ਅਤੇ ਉਨ੍ਹਾਂ ਉੱਤੇ ਨਿਰਭਰ ਰਹਿਣ ਵਾਲੀਆਂ ਆਬਾਦੀਆਂ ਉੱਤੇ ਤਬਾਹਕੁੰਨ ਅਸਰ ਪੈਂਦਾ ਹੈ।
ਉਨ੍ਹਾਂ ਮਸ਼ੀਨੀ ਟ੍ਰਾਲਿਆਂ ਨਾਲ ਹੱਦੋਂ ਵੱਧ ਮੱਛੀਆਂ ਫੜਨ ਉੱਤੇ ਵੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਮੁੰਦਰੀ ਫ਼ਿਸਰੀਜ਼ ਦੀ ਹੱਦੋਂ ਵੱਧ ਵਰਤੋਂ ਕੀਤੀ ਜਾਂਦੀ ਹੈ ਅਤੇ ਡੂੰਘੇ ਸਮੁੰਦਰਾਂ ਵਿੱਚ ਮੱਛੀਆਂ ਫੜਨ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਛੋਟੇ ਪੱਧਰ ਦੇ ਮਛੇਰੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
ਇਹ ਅਨੁਮਾਨ ਹੈ ਕਿ ਵਿਸ਼ਵ ਦੇ ਮਹਾਸਾਗਰਾਂ ਦਾ ਬੁਨਿਆਦੀ ਉਤਪਾਦਨ 2100 ਤੱਕ 6% ਅਤੇ ਊਸ਼ਣ–ਕਟੀਬੰਧ ਖੇਤਰਾਂ ਵਿੱਚ 11% ਘਟਣ ਦੀ ਸੰਭਾਵਨਾ ਹੈ।
ਉਪ ਰਾਸ਼ਟਰਪਤੀ ਨੇ ਭਾਰਤ ਵਿੱਚ ਮੱਛੀ–ਪਾਲਣ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ – ਸਰੋਤਾਂ ਦੇ ਸਟੇਨੇਬਲ ਪ੍ਰਬੰਧ ਤੇ ਵਾਤਾਵਰਣਕ ਤਬਦੀਲੀ ਕਾਰਨ ਹੋਣ ਵਾਲਾ ਨੁਕਸਾਨ ਘਟਾਉਣ; ਮੁੱਲ–ਵਾਧੇ ਵਿੱਚ ਸੁਧਾਰ ਅਤੇ ਬਿਹਤਰ ਕੀਮਤਾਂ ਹਾਸਲ ਕਰਨ ਲਈ ਉਤਪਾਦਨ ਤੋਂ ਬਾਅਦ ਦੀਆਂ ਸੁਵਿਧਾਵਾਂ ਤੇ ਜਲ–ਜੀਵਨ ਵਿੱਚ ਨਵਾਚਾਰ ਲਈ ਟੈਕਨੋਲੋਜੀ ਵਿੱਚ ਵਾਧਾ ਕਰਨ ਅਤੇ ਉਤਪਾਦਨ ਸਮਰੱਥਾਵਾਂ ਸੁਧਾਰਨ ਦੀ ਤ੍ਰੈਮੁਖੀ ਰਣਨੀਤੀ ਉਲੀਕਣ ਦਾ ਸੁਝਾਅ ਦਿੱਤਾ।
ਉਪ ਰਾਸ਼ਟਰਪਤੀ ਨੇ ਮੱਛੀ–ਪਾਲਣ ਲਈ ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (PMMSY) ਜਿਹੀਆਂ ਬਹੁਤ ਸਾਰੀਆਂ ਪਹਿਲਕਦਮੀਆਂ ਅਤੇ ਵਾਤਾਵਰਣਕ ਤੌਰ ਉੱਤੇ ਸਿਹਤਮੰਦ, ਆਰਥਿਕ ਤੌਰ ਉੱਤੇ ਵਿਵਹਾਰਕ ਅਤੇ ਸਮਾਜਿਕ ਸ਼ਮੂਲੀਅਤ ਵਾਲੇ ਮੱਛੀ–ਪਾਲਣ ਖੇਤਰ ਲਈ ‘ਰਾਸ਼ਟਰੀ ਮੱਛੀ–ਪਾਲਣ ਨੀਤੀ’ ਲਈ ਸਰਕਾਰ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਮੱਛੀ–ਪਾਲਣ ਖੇਤਰ ਲਈ ਰਿਣ, ਕੋਲਡ ਚੇਨਜ਼ ਦੇ ਵਿਕਾਸ, ਦੇਸ਼ ਅੰਦਰ ਬਜ਼ਾਰ ਸੰਪਰਕਾਂ ਵਿੱਚ ਵਾਧਾ ਕਰਨ ਤੇ ਫ਼ਸਲ ਤਿਆਰ ਹੋਣ ਤੋਂ ਬਾਅਦ ਭੰਡਾਰਣ, ਉਨ੍ਹਾਂ ਦੀ ਹੈਂਡਲਿੰਗ ਤੇ ਮੁੱਲ–ਵਾਧੇ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ,‘ਅੰਤ ’ਚ ਸਰਕਾਰੀ ਸੰਸਥਾਨਾਂ ਦੁਆਰਾ ਖੋਜ ਤੇ ਵਿਕਾਸ ਦੀ ਵਧੇਰੇ ਮਦਦ, ਮੱਛੀਆਂ ਤੇ ਝੀਂਗਾ ਮੱਛੀਆਂ ਦੀਆਂ ਹੈਚਰੀਜ਼ ਵਿੱਚ ਨਿਜੀ ਨਿਵੇਸ਼ ਵਧਾਉਣ ਅਤੇ ਜਲ–ਜੀਵਨ ਸੰਪਤੀਆਂ, ਫ਼ੀਡ ਮਿਲਜ਼ ਤੇ ਸਹਾਇਕ ਉਦਯੋਗਾਂ ਦੀ ਸਥਾਪਨਾ ਲਈ ਕੀਤੀਆਂ ਜਾ ਰਹੀਆਂ ਸਰਕਾਰੀ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ।’
ਉਨ੍ਹਾਂ ਸੀਐੱਮਐੱਫਆਰਆਈ ਅਤੇ ਸੀਆਈਐੱਫਟੀ ਦੇ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਇਹ ਚੇਤੇ ਰੱਖੋ ਕਿ ਤੁਹਾਡੇ ਦੁਆਰਾ ਕੀਤੀ ਜਾਣ ਵਾਲੀ ਖੋਜ ਮਛੇਰਿਆਂ ਤੇ ਜੀਵਨਾਂ ਵਿੱਚ ਸੁਧਾਰ ਲਿਆਉਣ ਤੇ ਉਨ੍ਹਾਂ ਨੂੰ ਲਾਭ ਪਹੁੰਚਾਉਣ ਵਾਲੀ ਹੋਣੀ ਚਾਹੀਦੀ ਹੈ। ਸ਼੍ਰੀ ਨਾਇਡੂ ਨੇ ਮਹਾਮਾਰੀ ਦੌਰਾਨ ਕਿਸਾਨਾਂ ਦੁਆਰਾ ਰਿਕਾਰਡ ਅਨਾਜ ਉਤਪਾਦਨ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ,‘ਮੈਂ ਮੱਛੀ–ਪਾਲਕਾਂ ਸਮੇਤ ਕਿਸਾਨਾਂ ਨੂੰ ਸਲਾਮ ਕਰਦਾ ਹਾਂ।’
ਉਪ ਰਾਸ਼ਟਰਪਤੀ ਨੇ ਖੋਜ ਸੰਸਥਾਨ ਛੋਟੇ ਮਛੇਰਿਆਂ ਨੂੰ ਇਨੋਵੇਟਿਵ ਸਮੁੰਦਰੀ ਮੱਛੀ ਸੱਭਿਆਚਾਰ ਅਤੇ ਬਿਹਤਰ ਵਿਸਤਾਰ ਪ੍ਰੋਗਰਾਮਾਂ ਰਾਹੀਂ ਆਧੁਨਿਕ ਟਿਕਾਊ ਅਭਿਆਸ ਅਪਨਾਉਣ ਹਿਤ ਉਤਸ਼ਾਹਿਤ ਕਰਨ ਵਾਸਤੇ ਆਖ ਸਕਦੇ ਹਨ।
ਉਨ੍ਹਾਂ ਮੱਛੀਆਂ ਦੇ ਸਿਹਤ ਲਈ ਫ਼ਾਇਦਿਆਂ ਬਾਰੇ ਜਾਗਰੂਕਤਾ ਵਧਣ ਤੇ ਸਹੀ ਇਨਪੁਟਸ ਤੇ ਟੈਕਨੋਲੋਜੀਆਂ ਨਾਲ ਆਉਂਦੇ ਸਾਲਾਂ ਵਿੱਚ ਮੱਛੀ–ਪਾਲਣ ਵਧੇਰੇ ਲਾਹੇਵੰਦ ਧੰਦਾ ਬਣ ਸਕਦਾ ਹੈ ਅਤੇ ਇਸ ਖੇਤਰ ਉੱਤੇ ਨਿਰਭਰ ਕਰੋੜਾਂ ਲੋਕਾਂ ਨੂੰ ਗ਼ਰੀਬੀ ਵਿੱਚੋਂ ਕੱਢ ਸਕਦਾ ਹੈ। ਇਹ ‘ਨੀਲੀ ਕ੍ਰਾਂਤੀ’ ਦੀ ਪਹਿਲਕਦਮੀ ਦਾ ਅਸਲ ਉਦੇਸ਼ ਹੈ।
ਸ਼੍ਰੀ ਨਾਇਡੂ ਨੇ ਸਾਡੇ ਲੰਮੇ ਸਮੁੰਦਰੀ ਤਟ ਸਾਡੀ ਕਮਜ਼ੋਰੀ ਨਹੀਂ, ਸਗੋਂ ਸਾਡੀ ਤਾਕਤ ਹੋਣੇ ਚਾਹੀਦੇ ਹਨ ਤੇ ਇਸ ਖੇਤਰ ਵਿੱਚ ਇੱਕ ਆਗੂ ਤੇ ਸ਼ੁੱਧ ਸੁਰੱਖਿਆ ਪ੍ਰਦਾਤੇ ਵਜੋਂ ਆਤਮ–ਵਿਸ਼ਵਾਸ ਨਾਲ ਇੱਕ ਵਾਰ ਫਿਰ ਪਾਣੀਆਂ ਦੀ ਖੋਜ ਹੋਣੀ ਚਾਹੀਦੀ ਹੈ, ਤਾਂ ਸਾਡੇ ਆਪਣੇ ਲੋਕਾਂ ਨੂੰ ਭੋਜਨ ਮੁਹੱਈਆ ਹੋ ਸਕੇ।
ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਅੱਜ ਵਿਸ਼ਾਖਾਪਟਨਮ ’ਚ ਸੀਐੱਮਐੱਫਆਰਆਈ ਅਤੇ ਸੀਆਈਐੱਫਟੀ ਦਾ ਦੌਰਾ ਵੀ ਕੀਤਾ ਅਤੇ ਮੱਛੀ–ਪਾਲਣ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਕਾਰਜਾਂ ਲਈ ਦੋਵੇਂ ਸੰਸਥਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੋਵਿਡ–19 ਮਹਾਮਾਰੀ ਦੀ ਆਮਦ ਤੋਂ ਬਾਅਦ ਕਿਸੇ ਵਿਗਿਆਨਕ ਸੰਸਥਾਨ ਵਿੱਚ ਉਪ ਰਾਸ਼ਟਰਪਤੀ ਦਾ ਇਹ ਪਹਿਲਾ ਦੌਰਾ ਸੀ। ਇਸ ਮੌਕੇ ਉਨ੍ਹਾਂ ਰਾਸ਼ਟਰ ਨੂੰ ਸਨੈਪਰ ਬੀਜ ਵੀ ਸਮਰਪਿਤ ਕੀਤੇ।
ਸ਼੍ਰੀ ਮੁੱਤਮਸੈੱਟੀ ਸ਼੍ਰੀਨਿਵਾਸ ਰਾਓ, ਸੈਰ–ਸਪਾਟਾ ਸੱਭਿਆਚਾਰ ਤੇ ਯੁਵਾ ਤਰੱਕੀ ਮੰਤਰਾਲਾ, ਆਂਧਰਾ ਪ੍ਰਦੇਸ਼, ਡਾ. ਏ. ਗੋਪਾਲਾਕ੍ਰਿਸ਼ਨਨ, ਡਾਇਰੈਕਟਰ, ਆਈਸੀਏਆਰ-ਸੀਐੱਮਐੱਫਆਰਆਈ, ਡਾ. ਆਰ. ਰਘੂ ਪ੍ਰਕਾਸ਼, ਐੱਸਆਈਸੀ, ਆਈਸੀਏਆਰ-ਸੀਆਈਐੱਫਟੀ ਖੋਜ ਕੇਂਦਰ, ਸ਼੍ਰੀ ਕੇ. ਮੁਰਲੀਧਰਨ, ਆਈਸੀਏਆਰ-ਸੀਐੱਮਐੱਫਆਰਆਈ ਦੇ ਸੰਸਥਾਨ ਪ੍ਰਬੰਧਨ ਕਮੇਟੀ ਮੈਂਬਰ, ਸ਼੍ਰੀ ਸੁਭਦੀਪ ਘੋਸ਼, ਮੁਖੀ, ਆਈਸੀਏਆਰ-ਸੀਐੱਮਐੱਫਆਰਆਈ ਦੇ ਨਾਲ–ਨਾਲ ਸੀਐੱਮਐੱਫਆਰਆਈ ਅਤੇ ਸੀਆਈਐੱਫਟੀ ਦੇ ਵਿਗਿਆਨੀਆਂ ਤੇ ਸਟਾਫ਼ ਮੈਂਬਰ ਵੀ ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਪਤਵੰਤੇ ਸੱਜਣਾਂ ਵਿੱਚ ਸ਼ਾਮਲ ਸਨ।
******
ਐੱਮਐੱਸ/ਡੀਪੀ
(Release ID: 1678921)
Visitor Counter : 214