ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਉਣ ਵਾਲੇ ਸਾਲਾਂ ’ਚ ਪਾਣੀ ਦੀ ਘਾਟ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਸੀਵੇਜ ਦੇ ਪਾਣੀ ਦਾ ਸ਼ੁੱਧੀਕਰਣ ਜ਼ਰੂਰੀ ਹੈ: ਡਾ. ਹਰਸ਼ ਵਰਧਨ

ਡਾ. ਹਰਸ਼ ਵਰਧਨ ਨੇ ਵਿਗਿਆਨੀਆਂ ਨੂੰ ਸਮੁੱਚੇ ਦੇਸ਼ ’ਚ ਵਰਤੋਂ ਲਈ ਆਪਣੀ ਸੀਵੇਜ ਟ੍ਰੀਟਮੈਂਟ ਟੈਕਨੋਲੋਜੀ ਵਿੱਚ ਵਾਧਾ ਕਰਨ ਦਾ ਸੱਦਾ ਦਿੱਤਾ

ਪੁਣੇ ਸਥਿਤ ਸੀਐੱਸਆਈਆਰ-ਐੱਨਸੀਐੱਲ ’ਚ ਸੀਐੱਸਆਈਆਰ-NEERI, ਨਾਗਪੁਰ ਅਤੇ ਸੀਐੱਸਆਈਆਰ-ਐੱਨਸੀਐੱਲ ਵੱਲੋਂ ਵਿਕਸਤ ਵਾਤਾਵਰਣ–ਪੱਖੀ ਤੇ ਕਾਰਜਕੁਸ਼ਲ ਫ਼ਾਈਟੋਰਿਡ ਟੈਕਨੋਲੋਜੀ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਉਦਘਾਟਨ

ਫ਼ਾਈਟੋਰਿਡ ਟੈਕਨੋਲੋਜੀ ਸੀਵੇਜ ਟ੍ਰੀਟਮੈਂਟ ਗੰਦੇ ਪਾਣੀ ਦੇ ਸ਼ੁੱਧੀਕਰਣ ਲਈ ਇੱਕ ਸਵੈ–ਟਿਕਾਊ ਟੈਕਨੋਲੋਜੀ ਹੈ, ਜੋ ਕੁਦਰਤੀ ਤਰ–ਭੂਮੀ ਉੱਤੇ ਕੰਮ ਕਰਦੀ ਹੈ

Posted On: 02 DEC 2020 6:47PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਪਾਣੀ ਦੀ ਘਾਟ ਦੀ ਚੁਣੌਤੀ ਦਾ ਟਾਕਰਾ ਕਰਨ ਲਈ ਸੀਵੇਜ ਦੇ ਪਾਣੀ ਦਾ ਸ਼ੁੱਧੀਕਰਣ ਜ਼ਰੂਰੀ ਹੈ। ਉਨ੍ਹਾਂ ‘ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ’ (ਸੀਐੱਸਆਈਆਰ) ਦੇ ਵਿਗਿਆਨੀਆਂ ਨੂੰ ਸੀਵੇਜ ਟ੍ਰੀਟਮੈਂਟ ਟੈਕਨੋਲੋਜੀ ਵਿੱਚ ਵਾਧਾ ਕਰਨ ਅਤੇ ਦੇਸ਼ ਭਰ ਦੇ ਸਾਰੇ ਕੈਂਪਸਾਂ ਵਿੱਚ ਸਥਾਪਤ ਕਰਨ ਦਾ ਸੱਦਾ ਦਿੱਤਾ।

 

ਡਾ. ਹਰਸ਼ ਵਰਧਨ; ਪੁਣੇ ਸਥਿਤ ਸੀਐੱਸਆਈਆਰ – ਨੈਸ਼ਨਲ ਕੈਮੀਕਲ ਲੈਬੋਰੇਟਰੀ (ਐੱਨਸੀਐੱਲ) ਵਿਖੇ ਸੀਐੱਸਆਈਆਰ – ਨੈਸ਼ਨਲ ਇਨਵਾਇਰਨਮੈਂਟ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (NEERI), ਨਾਗਪੁਰ ਅਤੇ ਸੀਐੱਸਆਈਆਰ-ਐੱਨਸੀਐੱਲ ਵੱਲੋਂ ਵਿਕਸਤ ਕੀਤੇ ਗਏ ਵਾਤਾਵਰਣ–ਪੱਖੀ ਅਤੇ ਕਾਰਜਕੁਸ਼ਲ ਫ਼ਾਈਟੋਰਿਡ ਟੈਕਨੋਲੋਜੀ ਸੀਵੇਜ ਟ੍ਰੀਟਮੈਂਟ ਪਲਾਂਟ (ਐੱਸਟੀਪੀ) ਦਾ ਉਦਘਾਟਨ ਕਰਨ ਤੋਂ ਬਾਅਦ ਵਰਚੁਅਲ ਮਾਧਿਅਮ ਰਾਹੀਂ ਸੀਐੱਸਆਈਆਰ ਦੇ ਵਿਗਿਆਨੀਆਂ ਨੂੰ ਸੰਬੋਧਨ ਕਰ ਰਹੇ ਸਨ।

 

 

ਮੰਤਰੀ ਨੇ ਸੀਐੱਸਆਈਆਰ ਵਿਗਿਆਨੀਆਂ ਵੱਲੋਂ ਫ਼ਾਈਟੋਰਿਡ ਟੈਕਨੋਲੋਜੀ ਦੀ ਵਰਤੋਂ ਨਾਲ ਤਿਆਰ ਕੀਤੇ ਸੀਵੇਜ ਸ਼ੁੱਧੀਕਰਣ ਪਲਾਂਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਕੁਦਰਤੀ ਸ਼ੁੱਧੀਕਰਣ ਵਿਧੀ ਸੀ, ਜਿਸ ਦੁਆਰਾ ਸ਼ੁੱਧ ਕੀਤੇ ਪਾਣੀ ਦੀ ਵਰਤੋਂ ਪੀਣ ਸਮੇਤ ਵਿਭਿੰਨ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਮਾਰੋਹ ਨੂੰ ਇਹ ਟੈਕਨੋਲੋਜੀ ਵਿਆਪਕ ਵਰਤੋਂ ਲਈ ਅੱਗੇ ਲਿਜਾਣ ਦੇ ਸੰਕਲਪ ਵਜੋਂ ਲਿਆ ਜਾ ਸਕਦਾ ਹੈ। ਉਨ੍ਹਾਂ ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਅਤੇ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਅਧੀਨ ਆਉਂਦੇ ਹੋਰ ਵਿਭਾਗਾਂ ਦੁਆਰਾ ਕਈ ਹੋਰ ਅਜਿਹੇ ਪ੍ਰੋਜੈਕਟਾਂ ਬਾਰੇ ਵੀ ਦੱਸਿਆ, ਜਿੱਥੇ ਗੰਦੇ ਪਾਣੀ ਨੂੰ ਚੰਗੇ ਇਸਤੇਮਾਲ ਲਈ ਸ਼ੁੱਧ ਕੀਤਾ ਜਾਂਦਾ ਹੈ।

 

ਫ਼ਾਈਟੋਰਿਡ; ਜ਼ਮੀਨੀ ਸਤ੍ਹਾ ਦੇ ਹੇਠਾਂ ਮਿਸ਼ਰਤ ਪ੍ਰਵਾਹ ਨਿਰਮਿਤ ਤਰ–ਭੂਮੀ ਪ੍ਰਣਾਲੀ ਹੈ, ਜਿਸ ਨੂੰ ਸੀਐੱਸਆਈਆਰ-NEERI, ਨਾਗਪੁਰ ਨੇ ਵਿਕਸਤ ਕੀਤਾ ਹੈ ਤੇ ਉਸ ਦਾ ਆਲਮੀ ਪੱਧਰ ਉੱਤੇ ਪੇਟੈਂਟ ਕਰਵਾਇਆ ਹੈ ਅਤੇ ਉਸ ਦਾ ਇੱਕ ਇਕੱਲੀ–ਕਾਰੀ ਸੀਵੇਜ ਸ਼ੁੱਧੀਕਰਣ ਪ੍ਰਣਾਲੀ ਵਜੋਂ !0 ਸਾਲਾਂ ਤੋਂ ਵੀ ਵੱਧ ਸਮੇਂ ਲਈ ਨਿਰੰਤਰ ਸੰਚਾਲਨ ਕਰਦਿਆਂ ਖੇਤਰ ਵਿੱਚ ਸਫ਼ਲ ਪ੍ਰਦਰਸ਼ਨ ਕੀਤਾ ਹੈ।

 

ਫ਼ਾਈਟੋਰਿਡ ਗੰਦੇ ਪਾਣੀ ਦੇ ਸ਼ੁੱਧੀਕਰਣ ਲਈ ਇੱਕ ਸਵੈ–ਟਿਕਾਊ ਟੈਕਨੋਲੋਜੀ ਹੈ, ਜੋ ਕੁਦਰਤੀ ਤਰ–ਭੂਮੀ ਦੇ ਸਿਧਾਂਤ ਉੱਤੇ ਕੰਮ ਕਰਦੀ ਹੈ। ਇਹ ਕੁਝ ਵਿਸ਼ੇਸ਼ ਪੌਦਿਆਂ ਦੀ ਵਰਤੋਂ ਕਰਦੀ ਹੈ, ਜੋ ਗੰਦੇ ਪਾਣੀ ’ਚੋਂ ਸਿੱਧੇ ਪੋਸ਼ਕ ਪਦਾਰਥ ਜਜ਼ਬ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਮਿੱਟੀ ਦੀ ਲੋੜ ਨਹੀਂ ਹੁੰਦੀ। ਇਹ ਪੌਦੇ ਪੋਸ਼ਕ ਪਦਾਰਥਾਂ ਨੂੰ ਦਬਾਉਣ ਤੇ ਹਟਾਉਣ ਵਜੋਂ ਕੰਮ ਕਰਦੇ ਹਨ।

 

ਸੀਵੇਜ ਦੇ ਸ਼ੁੱਧੀਕਰਣ ਲਈ ਫ਼ਾਈਟੋਰਿਡ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਇਹ ਸੰਭਵ ਹੈ ਕਿ ਬਾਗ਼ਬਾਨੀ ਦੇ ਮੰਤਵਾਂ ਲਈ ਸ਼ੁੱਧ ਕੀਤੇ ਪਾਣੀ ਨੂੰ ਮੁੜ ਹਾਸਲ ਕਰ ਕੇ ਉਸ ਦੀ ਦੋਬਾਰਾ ਵਰਤੋਂ ਕੀਤੀ ਜਾ ਸਕੇ।

 

ਸੀਐੱਸਆਈਆਰ-ਐੱਨਸੀਐੱਲ ਅਜਿਹੀ ਪਹਿਲੀ ਸੀਐੱਸਆਈਆਰ ਪ੍ਰਯੋਗਸ਼ਾਲਾ ਹੈ, ਜਿਸ ਨੇ NEERI ਫ਼ਾਈਟੋਰਿਡ ਜਲ ਸ਼ੁੱਧੀਕਰਣ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਰਵਾਇਤੀ ਪ੍ਰਕਿਰਿਆ ਦੇ ਮੁਕਾਬਲੇ ਸੀਵੇਜ ਸ਼ੁੱਧੀਕਰਣ ਲਈ ਫ਼ਾਈਟੋਰਿਡ ਟੈਕਨੋਲੋਜੀ ਅਧਾਰਿਤ ਇਹ ਕੁਦਰਤੀ ਪ੍ਰਣਾਲੀ ਦੌਰਾਨ ਕਿਸੇ ਕਿਸਮ ਦੀ ਕੋਈ ਊਰਜਾ ਖ਼ਰਚ ਨਹੀਂ ਹੁੰਦੀ ਤੇ ਸੰਚਾਲਨ ਅਤੇ ਰੱਖ–ਰਖਾਅ ਉੱਤੇ ਵੀ ਕੋਈ ਖ਼ਰਚ ਨਹੀਂ ਆਉਂਦਾ।

 

ਡਾ. ਸ਼ੇਖਰ ਸੀ. ਮੈਂਡੇ, ਡਾਇਰੈਕਟਰ ਜਨਰਲ, ਸੀਐੱਸਆਈਆਰ ਅਤੇ ਸਕੱਤਰ, ਡੀਐੱਸਆਈਆਰ ਇਸ ਮੌਕੇ ਮੌਜੂਦ ਸਨ, ਜਦ ਕਿ ਡਾ. ਐੱਸ. ਚੰਦਰਸੇਖਰ, ਡਾਇਰੈਕਟਰ ਸੀਐੱਸਆਈਆਰ–ਇੰਡੀਅਨ ਇੰਸਟੀਟਿਊਟ ਆੱਵ੍ ਕੈਮੀਕਲ ਟੈਕਨੋਲੋਜੀ (ਆਈਆਈਸੀਟੀ) ਅਤੇ ਵਧੀਕ ਚਾਰਜ, ਡਾਇਰੈਕਟਰ ਸੀਐੱਸਆਈਆਰ-ਐੱਨਸੀਐੱਲ; ਪ੍ਰੋ. ਅਸ਼ਵਨੀ ਕੁਮਾਰ ਨਾਂਗੀਆ, ਸਾਬਕਾ ਡਾਇਰੈਕਟਰ, ਸੀਐੱਸਆਈਆਰ-ਐੱਨਸੀਐੱਲ ਡਾ. ਰਾਕੇਸ਼ ਕੁਮਾਰ, ਡਾਇਰੈਕਟਰ, ਸੀਐੱਸਆਈਆਰ-NEERI, ਨਾਗਪੁਰ; ਸ਼੍ਰੀ ਕੇ.ਡੀ. ਦੇਸ਼ਪਾਂਡੇ, ਸੀਐੱਸਆਈਆਰ-ਐੱਨਸੀਐੱਲ ਅਤੇ ਸੀਐੱਸਆਈਆਰ ਦੀਆਂ ਵਿਭਿੰਨ ਪ੍ਰਯੋਗਸ਼ਾਲਾਵਾਂ ਦੇ ਵਿਗਿਆਨੀਆਂ ਨੇ ਇਸ ਸਮਾਰੋਹ ’ਚ ਔਨਲਾਈਨ ਭਾਗ ਲਿਆ।

 

 

*****

ਐੱਨਬੀ/ਕੇਜੀਐੱਸ



(Release ID: 1677861) Visitor Counter : 137