ਪ੍ਰਧਾਨ ਮੰਤਰੀ ਦਫਤਰ

ਜੀ–20 ਸਿਖ਼ਰ ਸੰਮੇਲਨ ਦੇ ਦੌਰਾਨ ਇੱਕ ਹੋਰ ਸਮਾਗਮ: ‘ਧਰਤੀ ਨੂੰ ਸੁਰੱਖਿਅਤ ਰੱਖਦਿਆਂ: ਸੀਸੀਈ ਪਹੁੰਚ’ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 22 NOV 2020 6:53PM by PIB Chandigarh

ਮਾਣਯੋਗ ਮਹਾਮਹਿਮ,

 

ਸਤਿਕਾਰਯੋਗ ਪਤਵੰਤੇ ਸੱਜਣ ਸਾਹਿਬਾਨ,

 

ਅੱਜ, ਸਾਡਾ ਧਿਆਨ ਆਲਮੀ ਮਹਾਮਾਰੀ ਦੇ ਪ੍ਰਭਾਵਾਂ ਤੋਂ ਆਪਣੇ ਨਾਗਰਿਕਾਂ ਤੇ ਅਰਥਵਿਵਸਥਾਵਾਂ ਨੂੰ ਬਚਾਉਣ ਉੱਤੇ ਕੇਂਦ੍ਰਿਤ ਹੈ। ਇਸ ਦੇ ਨਾਲ ਹੀ ਅਸੀਂ ਆਪਣਾ ਧਿਆਨ ਇੰਨੇ ਹੀ ਅਹਿਮ ਮਸਲੇ ਜਲਵਾਯੂ ਪਰਿਵਰਤਨ ਉੱਤੇ ਵੀ ਕੇਂਦ੍ਰਿਤ ਰੱਖਣਾ ਹੈ। ਜਲਵਾਯੂ ਪਰਿਵਰਤਨ ਇਕੱਲੇ–ਕਾਰੇ ਰਹਿ ਕੇ ਨਹੀਂ, ਬਲਕਿ ਜ਼ਰੂਰ ਹੀ ਸੰਗਠਿਤ ਹੋ ਕੇ ਵਿਆਪਕ ਤੇ ਸਮੂਹਕ ਤਰੀਕੇ ਨਾਲ ਲੜਿਆ ਜਾਣਾ ਚਾਹੀਦਾ ਹੈ। ਵਾਤਾਵਰਣ ਨਾਲ ਇੱਕਸੁਰਤਾ ਮਿਲਾ ਕੇ ਜਿਊਣ ਦੇ ਸਾਡੇ ਰਵਾਇਤੀ ਲੋਕਾਚਾਰ ਤੋਂ ਪ੍ਰੇਰਿਤ ਹੋ ਕੇ ਅਤੇ ਮੇਰੀ ਸਰਕਾਰ ਦੀ ਪ੍ਰਤੀਬੱਧਤਾ ਕਾਰਨ ਭਾਰਤ ਨੇ ਘੱਟ–ਕਾਰਬਨ ਤੇ ਜਲਵਾਯੂ ਉੱਤੇ ਘੱਟ ਅਸਰ ਪਾਉਣ ਵਾਲੀਆਂ ਵਿਕਾਸ ਪਿਰਤਾਂ ਅਪਣਾਈਆਂ ਹਨ।

 

ਮੈਨੂੰ ਇਹ ਗੱਲ ਸਾਂਝੀ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਨੇ ਨਾ ਸਿਰਫ਼ ਆਪਣੇ ਪੈਰਿਸ ਸਮਝੌਤੇ ਦੇ ਟੀਚਿਆਂ ਦੀ ਪੂਰਤੀ ਕਰ ਲਈ ਹੈ, ਬਲਕਿ ਦੇਸ਼ ਉਨ੍ਹਾਂ ਤੋਂ ਅਗਾਂਹ ਵੀ ਵਧ ਗਿਆ ਹੈ। ਭਾਰਤ ਨੇ ਬਹੁਤ ਸਾਰੇ ਖੇਤਰਾਂ ਵਿੱਚ ਠੋਸ ਕਾਰਵਾਈ ਕੀਤੀ ਹੈ। ਅਸੀਂ ਐੱਲਈਡੀ ਲਾਈਟਾਂ ਨੂੰ ਹਰਮਨਪਿਆਰਾ ਬਣਾਇਆ ਹੈ। ਇਸ ਨਾਲ ਹਰ ਸਾਲ 3.80 ਕਰੋੜ ਟਨ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਤੋਂ ਬਚਾਅ ਹੋਇਆ ਹੈ। ਸਾਡੀ ਉੱਜਵਲਾ ਯੋਜਨਾ ਰਾਹੀਂ 8 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਧੂੰਆਂ–ਮੁਕਤ ਰਸੋਈ–ਘਰ ਮੁਹੱਈਆ ਕਰਵਾਏ ਗਏ ਹਨ। ਇਹ ਪੂਰੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਵੱਛ ਊਰਜਾ ਮੁਹਿੰਮਾਂ ਵਿੱਚ ਸ਼ਾਮਲ ਹੈ।

 

ਇੱਕ–ਵਾਰੀ ਵਰਤ ਕੇ ਸੁੱਟੇ ਜਾਣ ਵਾਲੇ ਪਲਾਸਟਿਕਾਂ ਦੀ ਵਰਤੋਂ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ; ਸਾਡੇ ਜੰਗਲਾਂ ਹੇਠ ਰਕਬਾ ਵਧ ਰਿਹਾ ਹੈ; ਸ਼ੇਰਾਂ ਤੇ ਚੀਤਿਆਂ ਦੀ ਆਬਾਦੀ ਵਧ ਰਹੀ ਹੈ; ਸਾਡਾ ਉਦੇਸ਼ ਸਾਲ 2030 ਤੱਕ ਬੰਜਰ ਪਈ 2.60 ਕਰੋੜ ਹੈਕਟੇਅਰ ਜ਼ਮੀਨ ਨੂੰ ਬਹਾਲ ਕਰਨਾ ਹੈ; ਅਤੇ, ਅਸੀਂ ਇੱਕ ਸਰਕੂਲਰ ਅਰਥਵਿਵਸਥਾ ਨੂੰ ਉਤਸ਼ਾਹਿਤ ਕਰ ਰਹੇ ਹਾਂ। ਭਾਰਤ ਅਗਲੀ ਪੀੜ੍ਹੀ ਦਾ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ ਜਿਵੇਂ ਕਿ ਮੈਟਰੋ ਨੈੱਟਵਰਕਸ, ਜਲ–ਮਾਰਗ ਤੇ ਹੋਰ। ਸੁਵਿਧਾ ਤੇ ਕਾਰਜਕੁਸ਼ਲਤਾ ਤੋਂ ਇਲਾਵਾ ਉਹ ਇੱਕ ਸਵੱਛ ਵਾਤਾਵਰਣ ਵਿੱਚ ਵੀ ਯੋਗਦਾਨ ਪਾਉਣਗੇ। ਅਸੀਂ ਸਾਲ 2022 ਦੇ ਟੀਚੇ ਤੋਂ ਬਹੁਤ ਪਹਿਲਾਂ 175 ਗੀਗਾਵਾਟ ਅਖੁੱਟ ਊਰਜਾ ਦਾ ਆਪਣਾ ਨਿਸ਼ਾਨਾ ਪੂਰਾ ਕਰ ਲਵਾਂਗੇ। ਹੁਣ, ਅਸੀਂ 2030 ਤੱਕ 450 ਗੀਗਾਵਾਟ ਹਾਸਲ ਕਰਨ ਲਈ ਇੱਕ ਵੱਡਾ ਕਦਮ ਉਠਾ ਰਹੇ ਹਾਂ।

 

ਮਾਣਯੋਗ ਮਹਾਮਹਿਮ,

 

ਸਤਿਕਾਰਯੋਗ ਪਤਵੰਤੇ ਸੱਜਣ ਸਾਹਿਬਾਨ,

 

‘ਇੰਟਰਨੈਸ਼ਨਲ ਸੋਲਰ ਅਲਾਇੰਸ’ (ਆਈਐੱਸਏ) ਤੇਜ਼ੀ ਨਾਲ ਪ੍ਰਫ਼ੁੱਲਤ ਹੋ ਰਹੇ ਅੰਤਰਰਾਸ਼ਟਰੀ ਸੰਗਠਨਾਂ ਵਿੱਚ ਸ਼ਾਮਲ ਹੈ ਤੇ ਇਸ ਉੱਤੇ 88 ਦੇਸ਼ਾਂ ਨੇ ਹਸਤਾਖਰ ਕਰ ਦਿੱਤੇ ਹਨ। ਅਰਬਾਂ ਡਾਲਰ ਗਤੀਸ਼ੀਲ ਕਰਨ ਲਈ ਹਜ਼ਾਰਾਂ ਸਬੰਧਿਤ ਧਿਰਾਂ ਨੂੰ ਸਿੱਖਿਅਤ ਕਰਨ ਅਤੇ ਅਖੁੱਟ ਊਰਜਾ ਵਿੱਚ ਖੋਜ ਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀਆਂ ਯੋਜਨਾਵਾਂ ਨਾਲ ਆਈਐੱਸਏ ਕਾਰਬਨ ਦੀ ਨਿਕਾਸੀ ਘਟਾਉਣ ਵਿੱਚ ਆਪਣਾ ਯੋਗਦਾਨ ਪਾਵੇਗਾ। ਇੱਕ ਹੋਰ ਉਦਾਹਰਣ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਐਂਟ ਇਨਫ਼੍ਰਾਸਟ੍ਰਕਚਰ’ (ਆਪਦਾ ਦਾ ਸਾਹਮਣਾ ਕਰਨ ਵਾਲੇ ਬੁਨਿਆਦੀ ਢਾਂਚੇ ਲਈ ਗੱਠਜੋੜ) ਦੀ ਹੈ। 

 

18 ਦੇਸ਼ – ਜਿਨ੍ਹਾਂ ਵਿੱਚੋਂ 8 ਦੇਸ਼ ਜੀ–20 ਵਿੱਚੋਂ ਹਨ – ਅਤੇ 4 ਅੰਤਰਰਾਸ਼ਟਰੀ ਸੰਗਠਨ ਪਹਿਲਾਂ ਹੀ ਇਸ ਗੱਠਜੋੜ ਵਿੱਚ ਸ਼ਾਮਲ ਹੋ ਚੁੱਕੇ ਹਨ। ਸੀਡੀਆਰਆਈ ਨੇ ਅਹਿਮ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਿੱਚ ਵਾਧਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਕੁਦਰਤੀ ਆਫ਼ਤਾਂ ਦੌਰਾਨ ਇਨਫ਼੍ਰਾ ਨੁਕਸਾਨ ਇੱਕ ਅਜਿਹਾ ਵਿਸ਼ਾ ਹੈ, ਜਿਸ ਵੱਲ ਓਨਾ ਧਿਆਨ ਨਹੀਂ ਦਿੱਤਾ ਗਿਆ, ਜਿੰਨਾ ਕਿ ਦਿੱਤਾ ਜਾਣਾ ਚਾਹੀਦਾ ਹੈ। ਗ਼ਰੀਬ ਦੇਸ਼ ਇਸ ਤੋਂ ਖ਼ਾਸ ਤੌਰ ਉੱਤੇ ਪ੍ਰਭਾਵਿਤ ਹਨ। ਇਸੇ ਲਈ, ਇਹ ਗੱਠਜੋੜ ਅਹਿਮ ਹੈ।

 

ਮਾਣਯੋਗ ਮਹਾਮਹਿਮ,

 

ਸਤਿਕਾਰਯੋਗ ਪਤਵੰਤੇ ਸੱਜਣ ਸਾਹਿਬਾਨ,

 

ਨਵੀਆਂ ਅਤੇ ਟਿਕਾਊ ਟੈਕਨੋਲੋਜੀਆਂ ਦੀ ਖੋਜ ਤੇ ਇਨੋਵੇਸ਼ਨ ਵਿੱਚ ਹੋਰ ਵਾਧਾ ਕਰਨ ਲਈ ਇਹ ਸਰਬੋਤਮ ਸਮਾਂ ਹੈ। ਸਾਨੂੰ ਸਹਿਯੋਗ ਤੇ ਤਾਲਮੇਲ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ। ਸਮੁੱਚਾ ਵਿਸ਼ਵ ਤੇਜ਼ੀ ਨਾਲ ਪ੍ਰਗਤੀ ਕਰ ਸਕਦਾ ਹੈ, ਜੇ ਵਿਕਾਸਸ਼ੀਲ ਵਿਸ਼ਵ ਨੂੰ ਟੈਕਨੋਲੋਜੀ ਤੇ ਵਿੱਤੀ ਸਹਾਇਤਾ ਵੱਡੇ ਪੱਧਰ ਉੱਤੇ ਮਿਲਦੀ ਰਹੇ।

 

ਮਾਣਯੋਗ ਮਹਾਮਹਿਮ,

 

ਸਤਿਕਾਰਯੋਗ ਪਤਵੰਤੇ ਸੱਜਣ ਸਾਹਿਬਾਨ,

 

ਮਾਨਵਤਾ ਦੀ ਖ਼ੁਸ਼ਹਾਲੀ ਲਈ, ਹਰੇਕ ਵਿਅਕਤੀ ਨੂੰ ਜ਼ਰੂਰ ਹੀ ਖ਼ੁਸ਼ਹਾਲ ਹੋਣਾ ਹੋਵੇਗਾ – ਮਜ਼ਦੂਰਾਂ ਨੂੰ ਸਿਰਫ਼ ਉਤਪਾਦਨ ਦੇ ਇੱਕ ਤੱਤ ਵਜੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ, ਹਰੇਕ ਕਰਮਚਾਰੀ ਦੇ ਮਾਨਵੀ ਸਵੈਮਾਣ ਉੱਤੇ ਜ਼ਰੂਰ ਹੀ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹੀ ਪਹੁੰਚ ਸਾਡੀ ਧਰਤੀ ਨੂੰ ਸੁਰੱਖਿਅਤ ਰੱਖਣ ਦੀ ਸਰਬੋਤਮ ਗਰੰਟੀ ਹੋਵੇਗੀ। ਤੁਹਾਡਾ ਧੰਨਵਾਦ।

 

***

 

ਡੀਐੱਸ/ਏਕੇ


(Release ID: 1674974) Visitor Counter : 216