ਪ੍ਰਧਾਨ ਮੰਤਰੀ ਦਫਤਰ

17 ਨਵੰਬਰ, 2020 ਨੂੰ ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 17 NOV 2020 7:31PM by PIB Chandigarh

ਸ਼੍ਰੀ ਮਾਈਕਲ ਬਲੂਮਬਰਗ, ਚਿੰਤਕ ਆਗੂ, ਉਦਯੋਗਾਂ ਦੇ ਕਪਤਾਨ, ਬਲੂਮਬਰਗ ‘ਨਿਊ ਇਕਨੌਮਿਕ ਫ਼ੋਰਮ’ ਦੇ ਵਿਲੱਖਣ ਭਾਗੀਦਾਰ–ਜਨ।

 

ਮੈਂ ਸ਼ੁਰੂਆਤ ‘ਬਲੂਮਬਰਗ ਫ਼ਿਲੈਨਥ੍ਰੌਪੀਜ਼’ ’ਚ ਮਾਈਕਲ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੇ ਜਾ ਰਹੇ ਮਹਾਨ ਕਾਰਜ ਦੀ ਸ਼ਲਾਘਾ ਕਰਨ ਤੋਂ ਕਰਦਾ ਹਾਂ। ਭਾਰਤ ਦੇ ‘ਸਮਾਰਟ ਸਿਟੀਜ਼ ਮਿਸ਼ਨ’ ਨੂੰ ਡਿਜ਼ਾਇਨ ਕਰਨ ਵਿੱਚ ਇਸ ਟੀਮ ਵੱਲੋਂ ਦਿੱਤਾ ਗਿਆ ਸਹਿਯੋਗ ਬਹੁਤ ਵਧੀਆ ਰਿਹਾ ਹੈ।

 

ਦੋਸਤੋ,

 

ਅਸੀਂ ਆਪਣੇ ਇਤਿਹਾਸ ਦੇ ਬਹੁਤ ਅਹਿਮ ਨੁਕਤੇ ’ਤੇ ਹਾਂ। ਵਿਸ਼ਵ ਦੇ ਅੱਧੇ ਤੋਂ ਵੱਧ ਨਾਗਰਿਕ ਪਹਿਲਾਂ ਹੀ ਸ਼ਹਿਰੀ ਇਲਾਕਿਆਂ ’ਚ ਰਹਿੰਦੇ ਹਨ। ਅਗਲੇ ਦੋ ਦਹਾਕਿਆਂ ਦੌਰਾਨ ਭਾਰਤ ਤੇ ਕੁਝ ਅਫ਼ਰੀਕੀ ਦੇਸ਼ਾਂ ਵਿੱਚ ਸ਼ਹਿਰੀਕਰਣ ਦੀ ਸਭ ਤੋਂ ਵੱਡੀ ਲਹਿਰ ਵੇਖਣ ਨੂੰ ਮਿਲਣ ਜਾ ਰਹੀ ਹੈ। ਪਰ ਕੋਵਿਡ–19 ਮਹਾਮਾਰੀ ਨੇ ਵਿਸ਼ਵ ਸਾਹਮਣੇ ਅਨੇਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਨੇ ਸਾਨੂੰ ਵਿਖਾਇਆ ਹੈ ਕਿ ਸਾਡੇ ਵਿਕਾਸ ਦੇ ਇੰਜਣ – ਸ਼ਹਿਰ ਵੀ ਅਸੁਰੱਖਿਅਤ ਖੇਤਰ ਹਨ। ਵਿਸ਼ਵ ਦੇ ਬਹੁਤ ਸਾਰੇ ਸ਼ਹਿਰਾਂ ਨੇ ਮਹਾਨ ਮੰਦਵਾੜੇ ਤੋਂ ਬਾਅਦ ਹੁਣ ਖ਼ੁਦ ਨੂੰ ਸਭ ਤੋਂ ਭੈੜੀ ਆਰਥਿਕ ਮੰਦਹਾਲੀ ਦੇ ਕੰਢੇ ਪੁੱਜ ਚੁੱਕੇ ਕਰਾਰ ਦੇ ਦਿੱਤਾ ਹੈ। ਉਹ ਬਹੁਤ ਸਾਰੀਆਂ ਚੀਜ਼ਾਂ ਜੋ ਸ਼ਹਿਰ ਵਿੱਚ ਜੀਵਨ ਬਤੀਤ ਕਰਨ ਨੂੰ ਦਰਸਾਉਂਦੀਆਂ ਹਨ, ਉਨ੍ਹਾਂ ਉੱਤੇ ਹੀ ਸੁਆਲੀਆ–ਨਿਸ਼ਾਨ ਲੱਗ ਗਏ ਹਨ। ਲੋਕਾਂ ਦੇ ਭਰਵੇਂ ਇਕੱਠੇ ਕਰਨੇ, ਖੇਡਾਂ ਨਾਲ ਸਬੰਧਿਤ ਗਤੀਵਿਧੀਆਂ, ਸਿੱਖਿਆ ਤੇ ਮਨੋਰੰਜਨ ਵਰਗੀਆਂ ਚੀਜ਼ਾਂ ਪਹਿਲਾਂ ਜਿਹੀਆਂ ਨਹੀਂ ਰਹੀਆਂ। ਸਮੁੱਚੇ ਵਿਸ਼ਵ ਸਾਹਮਣੇ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਹੁਣ ਮੁੜ–ਸ਼ੁਰੂਆਤ ਕਿਵੇਂ ਕੀਤੀ ਜਾਵੇ? ਇਹ ਮੁੜ–ਸ਼ੁਰੂਆਤ ਸਭ ਕੁਝ ਨਵੇਂ ਸਿਰੇ ਤੋਂ ਸੈੱਟ ਕੀਤੇ ਬਗ਼ੈਰ ਸੰਭਵ ਨਹੀਂ ਹੋਵੇਗੀ। ਮਾਨਸਿਕ ਸੋਚਣੀ ਨੂੰ ਨਵੇਂ ਸਿਰੇ ਤੋਂ ਸੈੱਟ ਕਰਨਾ ਹੋਵੇਗਾ। ਪ੍ਰਕਿਰਿਆਵਾਂ ਨੂੰ ਨਵੇਂ ਤਰੀਕੇ ਸੈੱਟ ਕਰਨਾ ਹੋਵੇਗਾ। ਅਤੇ ਅਭਿਆਸ ਵੀ ਨਵੇਂ ਸਿਰੇ ਤੋਂ ਸੈੱਟ ਕਰਨੇ ਹੋਣਗੇ।

 

ਦੋਸਤੋ,

 

ਮੈਂ ਸੋਚਦਾ ਹਾਂ ਕਿ ਦੋ ਵਿਸ਼ਵ–ਯੁੱਧਾਂ ਤੋਂ ਬਾਅਦ ਮੁੜ–ਉਸਾਰੀ ਦੀਆਂ ਇਤਿਹਾਸਕ ਕੋਸ਼ਿਸ਼ਾਂ ਤੋਂ ਅਸੀਂ ਕਈ ਸਬਕ ਸਿੱਖ ਸਕਦੇ ਹਾਂ। ਵਿਸ਼ਵ–ਯੁੱਧਾਂ ਤੋਂ ਬਾਅਦ, ਸਮੁੱਚੇ ਵਿਸ਼ਵ ਨੇ ਇੱਕ ਨਵੀਂ ਵਿਸ਼ਵ–ਵਿਵਸਥਾ ਲਈ ਕੰਮ ਕੀਤਾ ਸੀ। ਨਵੇਂ ਪ੍ਰੋਟੋਕੋਲਜ਼ ਵਿਕਸਿਤ ਕੀਤੇ ਗਏ ਸਨ ਤੇ ਵਿਸ਼ਵ ਨੇ ਖ਼ੁਦ ਨੂੰ ਤਬਦੀਲ ਕੀਤਾ ਸੀ। ਕੋਵਿਡ–19 ਨੇ ਵੀ ਸਾਨੂੰ ਹਰੇਕ ਖੇਤਰ ਵਿੱਚ ਨਵੇਂ ਪ੍ਰੋਟੋਕੋਲਜ਼ ਵਿਕਸਿਤ ਕਰਨ ਦਾ ਇੱਕ ਉਹੋ ਜਿਹਾ ਮੌਕਾ ਦਿੱਤਾ ਹੈ। ਜੇ ਅਸੀਂ ਭਵਿੱਖ ਲਈ ਕੁਝ ਮਜ਼ਬੂਤ ਪ੍ਰਣਾਲੀਆਂ ਵਿਕਸਿਤ ਕਰਨੀਆਂ ਚਾਹੁੰਦੇ ਹਾਂ, ਤਾਂ ਵਿਸ਼ਵ ਨੂੰ ਇਸ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਸਾਨੂੰ ਵਿਸ਼ਵ ਦੀਆਂ ਕੋਵਿਡ ਤੋਂ ਬਾਅਦ ਦੀਆਂ ਜ਼ਰੂਰਤਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸਾਡੇ ਸ਼ਹਿਰੀ ਕੇਂਦਰਾਂ ਨੂੰ ਨਵੀਂ ਨੁਹਾਰ ਬਖ਼ਸ਼ਣਾ ਇੱਕ ਚੰਗਾ ਸ਼ੁਰੂਆਤੀ ਨੁਕਤਾ ਹੋਵੇਗਾ।

 

ਦੋਸਤੋ,

 

ਇੱਥੇ ਮੈਂ ਭਾਰਤੀ ਸ਼ਹਿਰਾਂ ਦਾ ਇੱਕ ਹਾਂ–ਪੱਖੀ ਪੱਖ ਸਾਂਝਾ ਕਰਨਾ ਚਾਹੁੰਦਾ ਹਾਂ। ਭਾਰਤੀ ਸ਼ਹਿਰਾਂ ਨੇ ਇਨ੍ਹਾਂ ਔਖੇ ਸਮਿਆਂ ਦੌਰਾਨ ਇੱਕ ਅਸਾਧਾਰਣ ਮਿਸਾਲ ਪੇਸ਼ ਕੀਤੀ ਹੈ। ਸਮੁੱਚੇ ਵਿਸ਼ਵ ਵਿੱਚ ਹੀ ਲੌਕਡਾਊਨ ਲਈ ਚੁੱਕੇ ਕਦਮਾਂ ਦਾ ਵਿਰੋਧ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਫਿਰ ਵੀ, ਭਾਰਤੀ ਸ਼ਹਿਰਾਂ ਨੇ ਬਹੁਤ ਧਿਆਨ ਨਾਲ ਰੋਕਥਾਮ ਦੇ ਇਨ੍ਹਾਂ ਕਦਮਾਂ ਦੀ ਪਾਲਣਾ ਕੀਤੀ ਸੀ। ਅਜਿਹਾ ਇਸ ਕਰਕੇ ਹੋਇਆ ਕਿਉਂਕਿ ਸਾਡੇ ਲਈ, ਸਾਡੇ ਸ਼ਹਿਰਾਂ ਲਈ ਸਭ ਤੋਂ ਵੱਡਾ ਆਧਾਰ ਲੋਕ ਸਨ, ਕੰਕ੍ਰੀਟ ਨਹੀਂ। ਮਹਾਮਾਰੀ ਨੇ ਮੁੜ ਇਸੇ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਸਮਾਜਾਂ ਤੇ ਕਾਰੋਬਾਰੀ ਅਦਾਰਿਆਂ ਵਜੋਂ ਸਾਡਾ ਸਭ ਤੋਂ ਵੱਡਾ ਵਸੀਲਾ ਸਾਡੇ ਲੋਕ ਹਨ। ਕੋਵਿਡ ਤੋਂ ਬਾਅਦ ਦੇ ਵਿਸ਼ਵ ਦੀ ਉਸਾਰੀ ਇਸ ਪ੍ਰਮੁੱਖ ਤੇ ਬੁਨਿਆਦੀ ਸਰੋਤ ਦਾ ਵਿਕਾਸ ਕਰ ਕੇ ਹੀ ਕਰਨੀ ਹੋਵੇਗੀ। ਸ਼ਹਿਰ ਸਾਡੇ ਵਿਕਾਸ ਦੇ ਜੀਵੰਤ ਇੰਜਣ ਹਨ। ਉਨ੍ਹਾਂ ਕੋਲ ਇਸ ਬਹੁਤ ਜ਼ਿਆਦਾ ਲੋੜੀਂਦੀ ਤਬਦੀਲੀ ਦੀ ਤਾਕਤ ਹੈ।

 

ਲੋਕ ਅਕਸਰ ਸ਼ਹਿਰਾਂ ’ਚ ਜਾ ਕੇ ਵੱਸ ਜਾਂਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਉਨ੍ਹਾਂ ਨੂੰ ਕੰਮ ਮਿਲਦਾ ਹੈ। ਪਰ ਕੀ ਸਾਡੇ ਲਈ ਇਹ ਅਜਿਹਾ ਸਮਾਂ ਨਹੀਂ ਹੈ ਕਿ ਅਸੀਂ ਲੋਕਾਂ ਲਈ ਅਜਿਹੇ ਸ਼ਹਿਰ ਬਣਾਈਏ ਜੋ ਲੋਕਾਂ ਲਈ ਕੰਮ ਕਰਨ? ਕੋਵਿਡ–19 ਨੇ ਸ਼ਹਿਰਾਂ ਨੂੰ ਲੋਕਾਂ ਲਈ ਹੋਰ ਵਧੇਰੇ ਰਹਿਣਯੋਗ ਬਣਾਉਣ ਦੀ ਸਾਡੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦਾ ਇੱਕ ਮੌਕਾ ਦਿੱਤਾ ਹੈ। ਇਸ ਵਿੱਚ ਬਿਹਤਰ ਆਵਾਸ ਸੁਵਿਧਾਵਾਂ, ਕੰਮ ਦਾ ਬਿਹਤਰ ਮਾਹੌਲ, ਛੋਟੀ ਤੇ ਕਾਰਜਕੁਸ਼ਲ ਯਾਤਰਾ ਸ਼ਾਮਲ ਹਨ। ਲੌਕਡਾਊਨ ਦੌਰਾਨ ਬਹੁਤ ਸਾਰੇ ਸ਼ਹਿਰਾਂ ਵਿੱਚ ਸਾਫ਼ ਝੀਲਾਂ ਤੇ ਦਰਿਆ ਦੇ ਨਾਲ–ਨਾਲ ਪਹਿਲਾਂ ਦੇ ਮੁਕਾਬਲੇ ਸਾਫ਼ ਹਵਾ ਵੀ ਵੇਖਣ ਨੂੰ ਮਿਲੀ। ਇਸ ਲਈ ਸਾਡੇ ਵਿੱਚੋਂ ਬਹੁਤਿਆਂ ਨੇ ਚਿੜੀਆਂ ਦਾ ਚਹਿਚਹਾਉਣਾ ਵੇਖਿਆ, ਜੋ ਪਹਿਲਾਂ ਅਸੀਂ ਕਦੇ ਨੋਟ ਹੀ ਨਹੀਂ ਕਰਦੇ ਸਾਂ। ਕੀ ਅਸੀਂ ਅਜਿਹੇ ਚਿਰ–ਸਥਾਈ ਸ਼ਹਿਰ ਨਹੀਂ ਉਸਾਰ ਸਕਦੇ, ਜਿੱਥੇ ਇਹ ਵਿਸ਼ੇਸ਼ਤਾਵਾਂ ਇੱਕ ਨੇਮ ਹੋਣ ਕੋਈ ਖ਼ਾਸੀਅਤ ਨਹੀਂ? ਭਾਰਤ ’ਚ ਅਜਿਹੇ ਸ਼ਹਿਰੀ ਕੇਂਦਰਾਂ ਦੀ ਉਸਾਰੀ ਕਰਨ ਦੀ ਕੋਸ਼ਿਸ਼ ਚਲ ਰਹੀ ਹੈ, ਜਿੱਥੇ ਇੱਕ ਸ਼ਹਿਰ ਦੀਆਂ ਸੁਵਿਧਾਵਾਂ ਹੋਣ ਪਰ ਭਾਵਨਾ ਇੱਕ ਪਿੰਡ ਦੀ ਹੋਵੇ।

 

ਦੋਸਤੋ,

 

ਮਹਾਮਾਰੀ ਦੌਰਾਨ, ਟੈਕਨੋਲੋਜੀ ਨੇ ਵੀ ਸਾਨੂੰ ਆਪਣਾ ਕੰਮ ਜਾਰੀ ਰੱਖਣ ਵਿੱਚ ਸਾਡੀ ਮਦਦ ਕੀਤੀ ਸੀ। ਇਸ ਲਈ ਵੀਡੀਓ ਕਾਨਫ਼ਰੰਸਿੰਗ ਜਿਹੇ ਇੱਕ ਸਾਦੇ ਜਿਹੇ ਟੌਲ ਦਾ ਧੰਨਵਾਦ। ਮੈਂ ਬਹੁਤ ਸਾਰੀਆਂ ਹੋਰ ਬੈਠਕਾਂ ਕਰ ਸਕਦਾ ਹਾਂ। ਇਸ ਨਾਲ ਮੈਨੂੰ ਦੂਰੀ ਤਹਿ ਕਰਨ ਵਿੱਚ ਵੀ ਮਦਦ ਮਿਲੀ ਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਪਰ ਇਸ ਨਾਲ ਵੀ ਕੋਵਿਡ ਤੋਂ ਬਾਅਦ ਦੇ ਵਿਸ਼ਵ ਲਈ ਇੱਕ ਦਿਲਚਸਪ ਸੁਆਲ ਪੈਦਾ ਹੋ ਜਾਂਦਾ ਹੈ। ਕੀ ਅਸੀਂ ਵੀਡੀਓ–ਕਾਨਫ਼ਰੰਸਿੰਗ ਜਿਹੀ ਕੋਵਿਡ–ਸਮਿਆਂ ਦੇ ਸਬਕ ਜਾਰੀ ਰੱਖਾਂਗੇ? ਜਾਂ ਕੀ ਅਸੀਂ ਕਿਸੇ ਕਾਨਫ਼ਰੰਸ ਵਿੱਚ ਭਾਗ ਲੈਣ ਲਈ ਮਹਾਂਦੀਪਾਂ ਦੇ ਪਾਰ ਜਾਣ ਲਈ ਯਾਤਰਾ ਕਰਿਆ ਕਰਾਂਗੇ? ਸ਼ਹਿਰੀ ਪ੍ਰਣਾਲੀਆਂ ਉੱਤੇ ਤਣਾਅ ਘਟਾਉਣਾ ਸਾਡੀਆਂ ਪਸੰਦਾਂ ਉੱਤੇ ਨਿਰਭਰ ਹੋਵੇਗਾ।

 

ਇਹ ਪਸੰਦਾਂ ਸਾਨੂੰ ਇੱਕ ਬਿਹਤਰ ਕੰਮ – ਜੀਵਨ ਸੰਤੁਲਨ ਕਾਇਮ ਰੱਖਣ ਵਿੱਚ ਵੀ ਮਦਦ ਕਰਨਗੇ। ਅੱਜ ਦੇ ਜੁੱਗ ਵਿੱਚ, ਲੋਕਾਂ ਨੂੰ ਕਿਤੋਂ ਵੀ ਕੰਮ ਕਰਨ ਦੀ ਤਾਕਤ ਦੇਣਾ, ਕਿਤੇ ਵੀ ਰਹਿਣਾ, ਕਿਸੇ ਵੀ ਸਥਾਨ ਤੋਂ ਵਿਸ਼ਵ ਸਪਲਾਈ–ਲੜੀਆਂ ਦਾ ਲਾਭ ਲੈਣਾ ਇੱਕ ਲਾਜ਼ਮੀ ਜ਼ਰੂਰਤ ਹੈ। ਇਸੇ ਲਈ ਅਸੀਂ ਸੇਵਾਵਾਂ ਦੇ ਟੈਕਨੋਲੋਜੀ ਤੇ ਗਿਆਨ–ਆਧਾਰਤ ਖੇਤਰ ਲਈ ਸਰਲੀਕ੍ਰਿਤ ਦਿਸ਼ਾ–ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਇਸ ਨਾਲ ‘ਵਰਕ ਫ਼੍ਰੌਮ ਹੋਮ’ (ਘਰੋਂ ਕੰਮ ਕਰਨ) ਅਤੇ ‘ਕਿਤੋਂ ਵੀ ਕੰਮ ਕਰਨ’ (ਵਰਕ ਫ਼੍ਰੌਮ ਐਨੀਵ੍ਹੇਅਰ) ਦੀ ਸੁਵਿਧਾ ਮਿਲੇਗੀ।

 

ਦੋਸਤੋ,

 

ਸਾਡੇ ਸ਼ਹਿਰ ਕਿਫ਼ਾਇਤੀ ਆਵਾਸ ਦੀ ਉਪਲਬਧਤਾ ਤੋਂ ਬਗ਼ੈਰ ਖ਼ੁਸ਼ਹਾਲ ਨਹੀਂ ਹੋ ਸਕਦੇ। ਇਸ ਦੇ ਹੀ ਮੱਦੇਨਜ਼ਰ ਅਸੀਂ 2015 ’ਚ ‘ਸਭਨਾਂ ਲਈ ਆਵਾਸ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਮੈਂ ਇਹ ਜਾਣ ਕੇ ਖ਼ੁਸ਼ ਹਾਂ ਕਿ ਅਸੀਂ ਆਪਣੇ ਰਾਹ ਉੱਤੇ ਵਧੀਆ ਤਰੀਕੇ ਨਾਲ ਚਲ ਰਹੇ ਹਾਂ। ਅਸੀਂ ਸਾਲ 2022 ਦੀ ਟੀਚਾਗਤ ਡੈੱਡਲਾਈਨ ਤੋਂ ਪਹਿਲਾਂ ਸ਼ਹਿਰੀ ਇਲਾਕਿਆਂ ਵਿੱਚ ਖ਼ਾਹਿਸ਼ਮੰਦ ਪਰਿਵਾਰਾਂ ਨੂੰ ਇੱਕ ਕਰੋੜ ਜਾਂ 10 ਮਿਲੀਅਨ ਤੋਂ ਵੱਧ ਮਕਾਨ ਦੇ ਦੇਵਾਂਗੇ। ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਅਸੀਂ ਕਿਫ਼ਾਇਤੀ ਕਿਰਾਏ ਉੱਤੇ ਆਵਾਸ ਦੀ ਪਹਿਲ ਵੀ ਕੀਤੀ ਹੈ। ਅਸੀਂ ਰੀਅਲ ਇਸਟੇਟ ਰੈਗੂਲੇਸ਼ਨ ਕਾਨੂੰਨ ਬਣਾਇਆ। ਇਸ ਨਾਲ ਰੀਅਲ ਇਸਟੇਟ ਖੇਤਰ ਦੀ ਗਤੀਸ਼ੀਲਤਾ ਦੀ ਕਾਇਆਕਲਪ ਹੀ ਹੋ ਗਈ। ਇਸ ਨਾਲ ਇਹ ਵਧੇਰੇ ਗਾਹਕ–ਪੱਖੀ ਤੇ ਪਾਰਦਰਸ਼ੀ ਵੀ ਬਣ ਗਈ।

 

ਦੋਸਤੋ,

 

ਲਚਕਦਾਰ ਸ਼ਹਿਰ ਕਾਇਮ ਕਰਨ ਲਈ ਟਿਕਾਊ ਗਤੀਸ਼ੀਲਤਾ ਪ੍ਰਮੁੱਖ ਹੈ। ਇਸ ਵੇਲੇ 27 ਸ਼ਹਿਰਾਂ ਵਿੱਚ ਮੈਟਰੋ ਟ੍ਰੇਨਾਂ ਦਾ ਕੰਮ ਚਲ ਰਿਹਾ ਹੈ। ਅਸੀਂ 2022 ਤੱਕ ਦੇਸ਼ ਵਿੱਚ 1,000 ਕਿਲੋਮੀਟਰ ਦੇ ਲਗਭਗ ਲੰਮੀ ਮੈਟਰੋ ਰੇਲ ਪ੍ਰਣਾਲੀ ਦੇ ਦੇਵਾਂਗੇ। ਸਾਡੀ ‘ਮੇਕ ਇਨ ਇੰਡੀਆ’ ਦੀ ਪ੍ਰੇਰਨਾ ਨੇ ਪਾਰਦਰਸ਼ੀ ਪ੍ਰਣਾਲੀਆਂ ਦੇ ਉਤਪਾਦਨ ਲਈ ਦੇਸੀ ਸਮਰੱਥਾ ਵਿੱਚ ਅਥਾਹ ਵਿਕਾਸ ਕੀਤਾ ਹੈ। ਇਸ ਨਾਲ ਸਾਡੇ ਆਵਾਜਾਈ ਦੇ ਚਿਰ–ਸਥਾਈ ਨਿਸ਼ਾਨੇ ਵੱਡੇ ਤਰੀਕੇ ਨਾਲ ਪੂਰੇ ਕਰਨ ਵਿੱਚ ਸਾਨੂੰ ਵੱਡੀ ਮਦਦ ਮਿਲੇਗੀ।

 

ਦੋਸਤੋ,

 

ਇੱਕ ਸਮਾਰਟ, ਖ਼ੁਸ਼ਹਾਲ ਤੇ ਲਚਕਦਾਰ ਸ਼ਹਿਰ ਦੀ ਯਾਤਰਾ ਵਿੱਚ ਟੈਕਨੋਲੋਜੀ ਦਾ ਇੱਕ ਅਹਿਮ ਯੋਗਦਾਨ ਹੈ। ਟੈਕਨੋਲੋਜੀ ਇੱਕ ਸ਼ਹਿਰ ਦਾ ਪ੍ਰਬੰਧ ਕਾਰਜਕੁਸ਼ਲ ਤਰੀਕੇ ਚਲਾਉਣ ਅਤੇ ਆਪਸ ਵਿੱਚ ਜੁੜੇ ਭਾਈਚਾਰੇ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਅਸੀਂ ਇੱਕ ਅਜਿਹੇ ਭਵਿੱਖ ਵੱਲ ਵਧ ਰਹੇ ਹਾਂ, ਜਿੱਥੇ ਸਿੱਖਿਆ, ਸਿਹਤ–ਸੰਭਾਲ਼, ਖ਼ਰੀਦਦਾਰੀ, ਖਾਣ–ਪੀਣ ਦੇ ਅਨੁਭਵਾਂ ਦਾ ਇੱਕ ਵੱਡਾ ਹਿੱਸਾ ਔਨਲਾਈਨ ਹੋ ਸਕਦਾ ਹੈ। ਸਾਡੇ ਸ਼ਹਿਰਾਂ ਨੂੰ ਭੌਤਿਕ ਤੇ ਡਿਜੀਟਲ ਵਿਸ਼ਵਾਂ ਲਈ ਕੇਂਦਰਮੁਖਤਾ ਵਾਸਤੇ ਤਿਆਰ ਰਹਿਣ ਦੀ ਲੋੜ ਹੈ। ਸਾਡੇ ਪ੍ਰੋਗਰਾਮ – ਡਿਜੀਟਲ ਇੰਡੀਆ ਅਤੇ ਸਟਾਰਟ–ਅੱਪ ਇੰਡੀਆ ਮਿਸ਼ਨਾਂ ਇਸ ਸਬੰਧੀ ਸਮਰੱਥਾਵਾਂ ਪੈਦਾ ਕਰਨ ਵਿੱਚ ਮਦਦ ਕਰ ਰਹੀਆਂ ਹਨ। ਅਸੀਂ ਦੋ–ਪੜਾਵੀ ਪ੍ਰਕਿਰਿਆ ਰਾਹੀਂ 100 ਸਮਾਰਟ ਸਿਟੀਜ਼ ਦੀ ਚੋਣ ਕੀਤੀ ਹੈ। ਇਹ ਸਹਿਕਾਰਤਾ ਤੇ ਪ੍ਰਤੀਯੋਗੀ ਸੰਘਵਾਦ ਦੇ ਦਰਸ਼ਨ ਨੂੰ ਸਹੀ ਕਰਾਰ ਦੇਣ ਦਾ ਇੱਕ ਰਾਸ਼ਟਰ–ਵਿਆਪੀ ਮੁਕਾਬਲਾ ਸੀ।

 

ਇਨ੍ਹਾਂ ਸ਼ਹਿਰਾਂ ਨੇ ਲਗਭਗ ਦੋ ਲੱਖ ਕਰੋੜ ਰੁਪਏ ਜਾਂ 30 ਬਿਲੀਅਨ ਡਾਲਰ ਕੀਮਤ ਦੇ ਪ੍ਰੋਜੈਕਟ ਤਿਆਰ ਕੀਤੇ ਹਨ। ਅਤੇ ਲਗਭਗ ਇੱਕ ਲੱਖ ਚਾਲੀ ਹਜ਼ਾਰ ਕਰੋੜ ਰੁਪਏ ਜਾਂ 20 ਬਿਲੀਅਨ ਡਾਲਰ ਕੀਮਤ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹ ਜਾਂ ਮੁਕੰਮਲ ਹੋਣ ਨੇੜੇ ਹਨ। ਟੈਕਨੋਲੋਜੀ ਦਾ ਹਰ ਸੰਕਭ ਫ਼ਾਇਦਾ ਲੈਣ ਲਈ ਸੰਗਠਿਤ ਕਮਾਂਡ ਤੇ ਕੰਟਰੋਲ ਸੈਂਟਰ ਬਹੁਤ ਸਾਰੇ ਸ਼ਹਿਰਾਂ ਵਿੱਚ ਸਥਾਪਿਤ ਕੀਤੇ ਗਏ ਹਨ। ਇਹ ਸੈਂਟਰ ਇਸ ਵੇਲੇ ਵਿਭਿੰਨ ਸ਼ਹਿਰਾਂ ਵਿੱਚ ਕੋਵਿਡ ਦੀ ਸਥਿਤੀ ਨਾਲ ਨਿਪਟਣ ਲਈ ਵਾਰ–ਰੂਮਜ਼ ਵਜੋਂ ਸੇਵਾ ਨਿਭਾ ਰਹੇ ਹਨ।

 

ਅੰਤ ’ਚ, ਮੈਂ ਤੁਹਾਨੂੰ ਸਭ ਨੂੰ ਇੱਕ ਗੱਲ ਚੇਤੇ ਕਰਵਾਉਣੀ ਚਾਹਾਂਗਾ। ਜੇ ਤੁਸੀਂ ਸ਼ਹਿਰੀਕਰਣ ਵਿੱਚ ਸਰਮਾਇਆ ਲਾਉਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਹੁਣ ਭਾਰਤ ’ਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ। ਜੇ ਤੁਸੀਂ ਗਤੀਸ਼ੀਲਤਾ ਵਿੱਚ ਸਰਮਾਇਆ ਲਾਉਣ ਬਾਰੇ ਸੋਚ ਰਹੇ ਹੋ, ਤਾਂ ਭਾਰਤ ਵਿੱਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ। ਜੇ ਤੁਸੀਂ ਇਨੋਵੇਸ਼ਨ ਵਿੱਚ ਨਿਵੇਸ਼ ਬਾਰੇ ਵਿਚਾਰ ਕਰ ਰਹੇ ਹੋ, ਤਾਂ ਭਾਰਤ ਵਿੱਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ। ਜੇ ਤੁਸੀਂ ਚਿਰ–ਸਥਾਈ ਸਮਾਧਾਨਾਂ ਵਿੱਚ ਸਰਮਾਇਆ ਲਾਉਣ ਬਾਰੇ ਸੋਚ ਰਹੇ ਹੋ, ਤਾਂ ਭਾਰਤ ਵਿੱਚ ਤੁਹਾਡੇ ਉਤੇਜਨਾਪੂਰਣ ਮੌਕੇ ਹਨ। ਇਹ ਮੌਕੇ ਇੱਕ ਜੀਵੰਤ ਲੋਕਤੰਤਰ ਵਿੱਚ ਮਿਲ ਰਹੇ ਹਨ। ਇੱਕ ਵਪਾਰ–ਪੱਖੀ ਮਾਹੌਲ। ਇੱਕ ਵਿਸ਼ਾਲ ਬਾਜ਼ਾਰ। ਅਤੇ ਇੱਕ ਅਜਿਹੀ ਸਰਕਾਰ ਜੋ ਭਾਰਤ ਨੂੰ ਨਿਵੇਸ਼ ਲਈ ਵਿਸ਼ਵ ਦਾ ਇੱਕ ਤਰਜੀਹੀ ਟਿਕਾਣਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।

 

ਦੋਸਤੋ,

 

ਭਾਰਤ ਹੁਣ ਸ਼ਹਿਰੀ ਕਾਇਆਕਲਪ ਵੱਲ ਅੱਗੇ ਵਧਣ ਦੇ ਰਾਹ ਉੱਤੇ ਹੈ। ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਰੀਆਂ ਸਬੰਧਿਤ ਧਿਰਾਂ ਦੀ ਮਦਦ ਨਾਲ, ਸਿਵਲ ਸੁਸਾਇਟੀ, ਅਕਾਦਮਿਕ ਸੰਸਥਾਨ, ਉਦਯੋਗ ਤੇ ਸਭ ਤੋਂ ਵੱਧ ਅਹਿਮ ਨਾਗਰਿਕ ਤੇ ਸਥਾਨਕ ਭਾਈਚਾਰੇ ਲਚਕਦਾਰ ਤੇ ਖ਼ੁਸ਼ਹਾਲ ਗਲੋਬਲ ਸਿਟੀਜ਼ ਦਾ ਸੁਪਨਾ ਸਾਕਾਰ ਕਰ ਲੈਣਗੇ।

 

ਤੁਹਾਡਾ ਧੰਨਵਾਦ।

                                                                            *** 

 

ਡੀਐੱਸ/ਐੱਸਐੱਚ/ਏਕੇ



(Release ID: 1673572) Visitor Counter : 181