ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੀ 17ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.10.2020)

Posted On: 25 OCT 2020 11:51AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਅੱਜ ਵਿਜਯਦਸ਼ਮੀ ਯਾਨੀ ਦੁਸ਼ਹਿਰੇ ਦਾ ਤਿਓਹਾਰ ਹੈ। ਇਸ ਪਵਿੱਤਰ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਢੇਰਾਂ ਸ਼ੁਭਕਾਮਨਾਵਾਂ। ਦੁਸ਼ਹਿਰੇ ਦਾ ਇਹ ਤਿਓਹਾਰ ਝੂਠ ਉੱਤੇ ਸੱਚਾਈ ਦੀ ਜਿੱਤ ਦਾ ਤਿਓਹਾਰ ਹੈ ਲੇਕਿਨ ਨਾਲ ਹੀ ਇਹ ਇੱਕ ਤਰ੍ਹਾਂ ਨਾਲ ਮੁਸੀਬਤਾਂ ਉੱਤੇ ਧੀਰਜ ਦੀ ਜਿੱਤ ਦਾ ਤਿਓਹਾਰ ਵੀ ਹੈਅੱਜ ਤੁਸੀਂ ਸਾਰੇ ਬਹੁਤ ਸੰਜਮ ਨਾਲ ਜੀਅ ਰਹੇ ਹੋ। ਮਰਿਯਾਦਾ ਵਿੱਚ ਰਹਿ ਕੇ ਪਰਵ, ਤਿਓਹਾਰ ਮਨਾ ਰਹੇ ਹੋ। ਇਸ ਲਈ ਜੋ ਲੜਾਈ ਅਸੀਂ ਲੜ ਰਹੇ ਹਾਂ, ਉਸ ਵਿੱਚ ਜਿੱਤ ਵੀ ਨਿਸ਼ਚਿਤ ਹੈ। ਪਹਿਲਾਂ ਦੁਰਗਾ ਪੰਡਾਲ ਵਿੱਚ ਮਾਂ ਦੇ ਦਰਸ਼ਨਾਂ ਦੇ ਲਈ ਇੰਨੀ ਭੀੜ ਇਕੱਠੀ ਹੋ ਜਾਂਦੀ ਸੀ - ਇੱਕਦਮ ਮੇਲੇ ਵਰਗਾ ਮਾਹੌਲ ਰਹਿੰਦਾ ਸੀ, ਲੇਕਿਨ ਇਸ ਵਾਰ ਅਜਿਹਾ ਨਹੀਂ ਹੋ ਸਕਿਆ। ਪਹਿਲਾਂ ਦੁਸ਼ਹਿਰੇ ਉੱਤੇ ਵੀ ਵੱਡੇ-ਵੱਡੇ ਮੇਲੇ ਲਗਦੇ ਸਨ, ਲੇਕਿਨ ਇਸ ਵਾਰ ਉਨ੍ਹਾਂ ਦਾ ਰੂਪ ਵੀ ਵੱਖਰਾ ਹੀ ਹੈ। ਰਾਮ ਲੀਲਾ ਦਾ ਤਿਓਹਾਰ ਵੀ ਉਸ ਦਾ ਬਹੁਤ ਵੱਡਾ ਆਕਰਸ਼ਣ ਸੀ, ਲੇਕਿਨ ਉਸ ਵਿੱਚ ਵੀ ਕੁਝ ਨਾ ਕੁਝ ਪਾਬੰਦੀਆਂ ਲੱਗੀਆਂ ਹਨ। ਪਹਿਲਾਂ ਨਵਰਾਤਰਿਆਂ ਉੱਤੇ ਗੁਜਰਾਤ ਦੇ ਗਰਬਾ ਦੀ ਗੂੰਜ ਹਰ ਪਾਸੇ ਛਾਈ ਰਹਿੰਦੀ ਸੀ, ਇਸ ਵਾਰੀ ਵੱਡੇ-ਵੱਡੇ ਆਯੋਜਨ ਸਾਰੇ ਬੰਦ ਹਨ। ਅਜੇ ਅੱਗੇ ਹੋਰ ਵੀ ਕਈ ਤਿਓਹਾਰ ਆਉਣ ਵਾਲੇ ਹਨ, ਅੱਗੇ ਈਦ ਹੈ, ਸ਼ਰਦ ਪੂਰਨੀਮਾ ਹੈ, ਵਾਲਮੀਕਿ ਜਯੰਤੀ ਹੈ ਫਿਰ ਧਨ-ਤੇਰਸ, ਦੀਵਾਲੀ, ਭਾਈ ਦੂਜ, ਛਠ ਮਈਆ ਦੀ ਪੂਜਾ ਹੈ, ਗੁਰੂ ਨਾਨਕ ਦੇਵ ਜੀ ਦੀ ਜਯੰਤੀ ਹੈ - ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਅਸੀਂ ਸੰਜਮ ਨਾਲ ਹੀ ਕੰਮ ਲੈਣਾ ਹੈ, ਮਰਿਯਾਦਾ ਵਿੱਚ ਹੀ ਰਹਿਣਾ ਹੈ।

 

ਸਾਥੀਓ, ਜਦੋਂ ਅਸੀਂ ਤਿਓਹਾਰ ਦੀ ਗੱਲ ਕਰਦੇ ਹਾਂ, ਤਿਆਰੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮਨ ਵਿੱਚ ਇਹੀ ਆਉਂਦਾ ਹੈ ਕਿ ਬਾਜ਼ਾਰ ਕਦੋਂ ਜਾਣਾ ਹੈ। ਕੀ-ਕੀ ਖਰੀਦਣਾ ਹੈ। ਖਾਸਕਰ ਬੱਚਿਆਂ ਵਿੱਚ ਤਾਂ ਇਸ ਦਾ ਵਿਸ਼ੇਸ਼ ਉਤਸ਼ਾਹ ਰਹਿੰਦਾ ਹੈ। ਇਸ ਵਾਰੀ ਤਿਓਹਾਰ ਉੱਤੇ ਨਵਾਂ ਕੀ ਮਿਲਣ ਵਾਲਾ ਹੈ। ਤਿਓਹਾਰਾਂ ਦੀ ਇਹ ਉਮੰਗ ਅਤੇ ਬਾਜ਼ਾਰ ਦੀ ਚਮਕ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ, ਲੇਕਿਨ ਇਸ ਵਾਰੀ ਜਦੋਂ ਤੁਸੀਂ ਖਰੀਦਦਾਰੀ ਕਰਨ ਜਾਓ ਤਾਂ ‘Vocal for Local’ ਦਾ ਆਪਣਾ ਸੰਕਲਪ ਜ਼ਰੂਰ ਯਾਦ ਰੱਖੋ। ਬਾਜ਼ਾਰ ਤੋਂ ਸਮਾਨ ਖਰੀਦਦੇ ਸਮੇਂ ਅਸੀਂ ਸਥਾਨਕ ਉਤਪਾਦਾਂ ਨੂੰ ਪਹਿਲ ਦੇਣੀ ਹੈ।

ਸਾਥੀਓ, ਤਿਓਹਾਰਾਂ ਦੇ ਇਸ ਖੁਸ਼ੀ ਭਰੇ ਮੌਕੇ ਉੱਤੇ Lockdown ਦੇ ਸਮੇਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। Lockdown ਵਿੱਚ ਅਸੀਂ ਸਮਾਜ ਦੇ ਉਨ੍ਹਾਂ ਸਾਥੀਆਂ ਨੂੰ ਹੋਰ ਨਜ਼ਦੀਕ ਤੋਂ ਜਾਣਿਆ ਹੈ, ਜਿਨ੍ਹਾਂ ਤੋਂ ਬਿਨਾ ਸਾਡਾ ਜੀਵਨ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ - ਸਫਾਈ ਕਰਮਚਾਰੀ, ਘਰ ਵਿੱਚ ਕੰਮ ਕਰਨ ਵਾਲੇ ਭੈਣ-ਭਰਾ, ਲੋਕਲ ਸਬਜ਼ੀ ਵਾਲੇ, ਦੁੱਧ ਵਾਲੇ, Security Guards, ਇਨ੍ਹਾਂ ਸਾਰਿਆਂ ਦਾ ਸਾਡੇ ਜੀਵਨ ਵਿੱਚ ਕੀ ਰੋਲ ਹੈ, ਅਸੀਂ ਹੁਣ ਭਲੀਭਾਂਤ ਮਹਿਸੂਸ ਕੀਤਾ ਹੈ। ਮੁਸ਼ਕਿਲ ਸਮੇਂ ਵਿੱਚ ਇਹ ਤੁਹਾਡੇ ਨਾਲ ਸਨ। ਸਾਡੇ ਸਾਰਿਆਂ ਦੇ ਨਾਲ ਸਨ। ਹੁਣ ਆਪਣੇ ਤਿਓਹਾਰਾਂ ਵਿੱਚ, ਆਪਣੀਆਂ ਖੁਸ਼ੀਆਂ ਵਿੱਚ ਵੀ ਅਸੀਂ ਇਨ੍ਹਾਂ ਨੂੰ ਨਾਲ ਰੱਖਣਾ ਹੈ। ਮੇਰਾ ਅਨੁਰੋਧ ਹੈ ਕਿ ਜਿਵੇਂ ਵੀ ਸੰਭਵ ਹੋਵੇ, ਇਨ੍ਹਾਂ ਨੂੰ ਆਪਣੀਆਂ ਖੁਸ਼ੀਆਂ ਵਿੱਚ ਜ਼ਰੂਰ ਸ਼ਾਮਿਲ ਕਰੋ। ਪਰਿਵਾਰ ਦੇ ਮੈਂਬਰ ਦੇ ਵਾਂਗ ਕਰੋ। ਫਿਰ ਤੁਸੀਂ ਵੇਖੋਗੇ ਤੁਹਾਡੀਆਂ ਖੁਸ਼ੀਆਂ ਕਿੰਨੀਆਂ ਵਧ ਜਾਂਦੀਆਂ ਹਨ।

 

ਸਾਥੀਓ, ਅਸੀਂ ਆਪਣੇ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਵੀ ਯਾਦ ਰੱਖਣਾ ਹੈ ਜੋ ਇਨ੍ਹਾਂ ਤਿਓਹਾਰਾਂ ਵਿੱਚ ਵੀ ਸਰਹੱਦਾਂ ਉੱਤੇ ਡਟੇ ਹੋਏ ਹਨ, ਭਾਰਤ ਮਾਤਾ ਦੀ ਸੇਵਾ ਅਤੇ ਸੁਰੱਖਿਆ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਯਾਦ ਕਰਕੇ ਹੀ ਆਪਣੇ ਤਿਓਹਾਰ ਮਨਾਉਣੇ ਹਨ। ਅਸੀਂ ਘਰ ਵਿੱਚ ਇੱਕ ਦੀਵਾ ਭਾਰਤ ਮਾਤਾ ਦੇ ਇਨ੍ਹਾਂ ਵੀਰ ਬੇਟੇ-ਬੇਟੀਆਂ ਦੇ ਸਨਮਾਨ ਵਿੱਚ ਵੀ ਜਗਾਉਣਾ ਹੈ। ਮੈਂ ਆਪਣੇ ਵੀਰ ਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਭਾਵੇਂ ਸਰਹੱਦ ਉੱਤੇ ਹੋ, ਲੇਕਿਨ ਪੂਰਾ ਦੇਸ਼ ਤੁਹਾਡੇ ਨਾਲ ਹੈ। ਤੁਹਾਡੇ ਲਈ ਕਾਮਨਾ ਕਰ ਰਿਹਾ ਹੈ। ਮੈਂ ਉਨ੍ਹਾਂ ਪਰਿਵਾਰਾਂ ਦੇ ਪਿਆਰ ਨੂੰ ਵੀ ਨਮਨ ਕਰਦਾ ਹਾਂ, ਜਿਨ੍ਹਾਂ ਦੇ ਬੇਟੇ-ਬੇਟੀਆਂ ਅੱਜ ਸਰਹੱਦ 'ਤੇ ਹਨ। ਹਰ ਉਹ ਵਿਅਕਤੀ ਜੋ ਦੇਸ਼ ਨਾਲ ਜੁੜੀ ਕਿਸੇ ਨਾ ਕਿਸੇ ਜ਼ਿੰਮੇਵਾਰੀ ਦੀ ਵਜ੍ਹਾ ਨਾਲ ਆਪਣੇ ਘਰ ਵਿੱਚ ਨਹੀਂ ਹੈ, ਆਪਣੇ ਪਰਿਵਾਰ ਤੋਂ ਦੂਰ ਹੈ - ਮੈਂ ਦਿਲ ਤੋਂ ਉਸ ਦਾ ਆਭਾਰ ਪ੍ਰਗਟ ਕਰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਜਦੋਂ ਅਸੀਂ Local ਦੇ ਲਈ Vocal ਹੋ ਰਹੇ ਹਾਂ ਤਾਂ ਦੁਨੀਆਂ ਵੀ ਸਾਡੇ local products ਦੀ fan ਹੋ ਰਹੀ ਹੈ। ਸਾਡੇ ਕਈ local products ਵਿੱਚ Global ਹੋਣ ਦੀ ਬਹੁਤ ਵੱਡੀ ਸ਼ਕਤੀ ਹੈ। ਜਿਵੇਂ ਇੱਕ ਉਦਾਹਰਣ ਹੈ - ਖਾਦੀ ਦਾ। ਲੰਮੇ ਸਮੇਂ ਤੱਕ ਖਾਦੀ ਸਾਦਗੀ ਦੀ ਪਛਾਣ ਰਹੀ ਹੈ, ਲੇਕਿਨ ਸਾਡੀ ਖਾਦੀ ਅੱਜ Eco- friendly fabric ਦੇ ਰੂਪ ਵਿੱਚ ਜਾਣੀ ਜਾ ਰਹੀ ਹੈ। ਸਿਹਤ ਦੇ ਪੱਖੋਂ ਵੀ ਇਹ body friendly fabric ਹੈ, all weather fabric ਹੈ ਅਤੇ ਅੱਜ ਖਾਦੀ fashion statement ਤਾਂ ਬਣ ਹੀ ਰਹੀ ਹੈ। ਖਾਦੀ ਦੀ Popularity ਤਾਂ ਵਧ ਹੀ ਰਹੀ ਹੈ, ਨਾਲ ਹੀ ਦੁਨੀਆਂ ਵਿੱਚ ਕਈ ਜਗ੍ਹਾ ਖਾਦੀ ਬਣਾਈ ਵੀ ਜਾ ਰਹੀ ਹੈ। ਮੈਕਸੀਕੋ ਵਿੱਚ ਇੱਕ ਜਗ੍ਹਾ ਓਹਾਕਾ (Oaxaca)’ ਇਸ ਇਲਾਕੇ ਵਿੱਚ ਕਈ ਪਿੰਡ ਅਜਿਹੇ ਹਨ, ਜਿੱਥੇ ਸਥਾਨਕ ਦਿਹਾਤੀ ਖਾਦੀ ਬੁਣਨ ਦਾ ਕੰਮ ਕਰਦੇ ਹਨ। ਅੱਜ ਇੱਥੋਂ ਦੀ ਖਾਦੀ 'ਓਹਾਕਾ ਖਾਦੀ' ਦੇ ਨਾਂ ਨਾਲ ਪ੍ਰਸਿੱਧ ਹੋ ਚੁੱਕੀ ਹੈ। ਓਹਾਕਾ ਵਿੱਚ ਖਾਦੀ ਕਿਵੇਂ ਪਹੁੰਚੀ, ਇਹ ਵੀ ਘੱਟ interesting ਨਹੀਂ ਹੈ। ਦਰਅਸਲ ਮੈਕਸੀਕੋ ਦੇ ਇੱਕ ਨੌਜਵਾਨ Mark Brown ਨੇ ਇੱਕ ਵਾਰੀ ਮਹਾਤਮਾ ਗਾਂਧੀ ਬਾਰੇ ਇੱਕ ਫਿਲਮ ਦੇਖੀ, Brown ਇਹ ਫਿਲਮ ਵੇਖ ਕੇ ਬਾਪੂ ਤੋਂ ਏਨਾ ਪ੍ਰਭਾਵਿਤ ਹੋਏ ਕਿ ਉਹ ਭਾਰਤ ਵਿੱਚ ਬਾਪੂ ਦੇ ਆਸ਼ਰਮ ਆਏ ਅਤੇ ਬਾਪੂ ਦੇ ਬਾਰੇ ਹੋਰ ਗਹਿਰਾਈ ਨਾਲ ਜਾਣਿਆ-ਸਮਝਿਆ। ਉਦੋਂ Brown ਨੂੰ ਅਹਿਸਾਸ ਹੋਇਆ ਕਿ ਖਾਦੀ ਸਿਰਫ ਇੱਕ ਕੱਪੜਾ ਹੀ ਨਹੀਂ ਹੈ, ਬਲਕਿ ਇਹ ਤਾਂ ਇੱਕ ਪੂਰੀ ਜੀਵਨ ਪੱਧਤੀ ਹੈ। ਇਸ ਨਾਲ ਕਿਸ ਤਰ੍ਹਾਂ ਗ੍ਰਾਮੀਣ ਅਰਥਵਿਵਸਥਾ ਅਤੇ ਆਤਮਨਿਰਭਰਤਾ ਦਾ ਦਰਸ਼ਨ ਜੁੜਿਆ ਹੈ, Brown ਇਸ ਨਾਲ ਬਹੁਤ ਪ੍ਰਭਾਵਿਤ ਹੋਏ। ਉਦੋਂ ਤੋਂ ਹੀ Brown ਨੇ ਠਾਨ ਲਿਆ ਕਿ ਉਹ ਮੈਕਸੀਕੋ ਵਿੱਚ ਜਾ ਕੇ ਖਾਦੀ ਦਾ ਕੰਮ ਸ਼ੁਰੂ ਕਰਨਗੇ। ਉਨ੍ਹਾਂ ਨੇ ਮੈਕਸੀਕੋ ਦੇ ਓਹਾਕਾ ਵਿੱਚ ਪਿੰਡ ਵਾਲਿਆਂ ਨੂੰ ਖਾਦੀ ਦਾ ਕੰਮ ਸਿਖਾਇਆ। ਉਨ੍ਹਾਂ ਨੂੰ  ਟਰੇਨਿੰਗ ਦਿੱਤੀ ਅਤੇ ਅੱਜ 'ਓਹਾਕਾ ਖਾਦੀ' ਇੱਕ ਬ੍ਰਾਂਡ ਬਣ ਗਿਆ ਹੈ। ਇਸ ਪ੍ਰੋਜੈਕਟ ਦੀ ਵੈੱਬਸਾਈਟ 'ਤੇ ਲਿਖਿਆ ਹੈ - ‘The Symbol of Dharma in Motion’ ਇਸ ਵੈੱਬਸਾਈਟ ਵਿੱਚ Mark Brown ਦਾ ਬਹੁਤ ਹੀ ਦਿਲਚਸਪ  interview ਵੀ ਮਿਲੇਗਾ। ਉਹ ਦੱਸਦੇ ਹਨ ਕਿ ਸ਼ੁਰੂ ਵਿੱਚ ਲੋਕਾਂ ਨੂੰ ਖਾਦੀ ਬਾਰੇ ਕੁਝ ਸ਼ੰਕਾ ਸੀ, ਪ੍ਰੰਤੂ ਆਖਿਰਕਾਰ ਇਸ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਅਤੇ ਇਸ ਦਾ ਬਾਜ਼ਾਰ ਤਿਆਰ ਹੋ ਗਿਆ। ਉਹ ਕਹਿੰਦੇ ਹਨ ਇਹ ਰਾਮ-ਰਾਜ ਨਾਲ ਜੁੜੀਆਂ ਗੱਲਾਂ ਹਨ, ਜਦੋਂ ਤੁਸੀਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋ ਤਾਂ ਫਿਰ ਲੋਕ ਵੀ ਤੁਹਾਡੇ ਨਾਲ ਜੁੜਨ ਲਗਦੇ ਹਨ।

 

ਸਾਥੀਓ, ਦਿੱਲੀ ਦੇ Connaught Place ਦੇ ਖਾਦੀ ਸਟੋਰ ਵਿੱਚ ਇਸ ਵਾਰੀ ਗਾਂਧੀ ਜਯੰਤੀ 'ਤੇ ਇੱਕ ਹੀ ਦਿਨ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਖਰੀਦਦਾਰੀ ਹੋਈ। ਇਸੇ ਤਰ੍ਹਾਂ ਕੋਰੋਨਾ ਦੇ ਸਮੇਂ ਵਿੱਚ ਖਾਦੀ ਦੇ ਮਾਸਕ ਵੀ ਬਹੁਤ  popular ਹੋ ਰਹੇ ਹਨ। ਦੇਸ਼ ਭਰ ਵਿੱਚ ਕਈ ਜਗ੍ਹਾ self help groups ਅਤੇ ਦੂਸਰੀਆਂ ਸੰਸਥਾਵਾਂ ਖਾਦੀ ਦੇ ਮਾਸਕ ਬਣਾ ਰਹੀਆਂ ਹਨ। ਯੂ. ਪੀ. ਵਿੱਚ ਬਾਰਾਬੰਕੀ  ਵਿੱਚ ਇੱਕ ਮਹਿਲਾ ਹੈ - ਸੁਮਨ ਦੇਵੀ, ਸੁਮਨ ਜੀ ਨੇ self help group ਦੀਆਂ ਆਪਣੀਆਂ ਸਾਥੀ ਔਰਤਾਂ ਦੇ ਨਾਲ ਮਿਲ ਕੇ ਖਾਦੀ ਮਾਸਕ ਬਣਾਉਣਾ ਸ਼ੁਰੂ ਕੀਤਾ, ਹੌਲ਼ੀ-ਹੌਲ਼ੀ ਉਨ੍ਹਾਂ ਦੇ ਨਾਲ ਹੋਰ ਔਰਤਾਂ ਵੀ ਜੁੜਦੀਆਂ ਚਲੀਆਂ ਗਈਆਂ, ਹੁਣ ਉਹ ਸਾਰੇ ਮਿਲ ਕੇ ਹਜ਼ਾਰਾਂ ਖਾਦੀ ਮਾਸਕ ਬਣਾ ਰਹੀਆਂ ਹਨ। ਸਾਡੇ local products ਦੀ ਖੂਬੀ ਹੈ ਕਿ ਉਨ੍ਹਾਂ ਨਾਲ ਅਕਸਰ ਇੱਕ ਪੂਰਾ ਦਰਸ਼ਨ ਜੁੜਿਆ ਹੁੰਦਾ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਜਦੋਂ ਸਾਨੂੰ ਆਪਣੀਆਂ ਚੀਜ਼ਾਂ ਉੱਤੇ ਫਖ਼ਰ ਹੁੰਦਾ ਹੈ ਤਾਂ ਦੁਨੀਆਂ ਵਿੱਚ ਵੀ ਉਨ੍ਹਾਂ ਦੇ ਪ੍ਰਤੀ ਜਿਗਿਆਸਾ ਵਧਦੀ ਹੈ। ਜਿਵੇਂ ਸਾਡੇ ਅਧਿਆਪਨ ਨੇ, ਯੋਗ ਨੇ, ਆਯੁਰਵੇਦ ਨੇ ਪੂਰੀ ਦੁਨੀਆਂ ਨੂੰ ਆਕਰਸ਼ਿਤ ਕੀਤਾ ਹੈ, ਸਾਡੇ ਕਈ ਖੇਡ ਵੀ ਦੁਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ। ਅੱਜ-ਕੱਲ੍ਹ ਸਾਡਾ ਮਲਖੰਬ ਵੀ ਅਨੇਕਾਂ ਦੇਸ਼ਾਂ ਵਿੱਚ ਪ੍ਰਚੱਲਿਤ ਹੋ ਗਿਆ ਹੈ। ਅਮਰੀਕਾ ਵਿੱਚ ਚਿਨਮੇਯ ਪਾਟਣਕਰ ਅਤੇ ਪ੍ਰਗਿਆ ਪਾਟਣਕਰ ਨੇ ਜਦੋਂ ਆਪਣੇ ਘਰ ਵਿੱਚ ਹੀ ਮਲਖੰਬ ਸਿਖਾਉਣਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਨੂੰ ਵੀ ਇੰਨੀ ਸਫਲਤਾ ਮਿਲੇਗੀ। ਅਮਰੀਕਾ ਵਿੱਚ ਅੱਜ ਕਈ ਥਾਵਾਂ ਉੱਤੇ ਮਲਖੰਬ Training Centres ਚਲ ਰਹੇ ਹਨ। ਵੱਡੀ ਗਿਣਤੀ ਵਿੱਚ ਅਮਰੀਕਾ ਦੇ ਨੌਜਵਾਨ ਇਸ ਨਾਲ ਜੁੜ ਰਹੇ ਹਨ, ਮਲਖੰਬ ਸਿੱਖ ਰਹੇ ਹਨ। ਅੱਜ ਜਰਮਨੀ ਹੋਵੇ, ਪੋਲੈਂਡ ਹੋਵੇ, ਮਲੇਸ਼ੀਆ ਹੋਵੇ ਅਜਿਹੇ ਲਗਭਗ 20 ਹੋਰ ਦੇਸ਼ਾਂ ਵਿੱਚ ਵੀ ਮਲਖੰਬ ਖੂਬ popular ਹੋ ਗਿਆ ਹੈ। ਹੁਣ ਤਾਂ ਇਸ ਦੀ World Championship ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਕਈ ਦੇਸ਼ਾਂ ਦੇ ਪ੍ਰਤੀਭਾਗੀ ਹਿੱਸਾ ਲੈਂਦੇ ਹਨ। ਭਾਰਤ ਵਿੱਚ ਤਾਂ ਪ੍ਰਾਚੀਨ ਕਾਲ ਤੋਂ ਅਜਿਹੇ ਕਈ ਖੇਡ ਰਹੇ ਹਨ ਜੋ ਸਾਡੇ ਅੰਦਰ ਇੱਕ ਅਸਧਾਰਣ ਵਿਕਾਸ ਕਰਦੇ ਹਨ। ਸਾਡੇ Mind, Body Balance ਨੂੰ ਇੱਕ ਨਵੇਂ ਆਯਾਮ ਉੱਤੇ ਲੈ ਜਾਂਦੇ ਹਨ, ਲੇਕਿਨ ਸੰਭਵ ਹੈ ਕਿ ਨਵੀਂ ਪੀੜ੍ਹੀ ਦੇ ਸਾਡੇ ਨੌਜਵਾਨ ਸਾਥੀ ਮਲਖੰਬ ਤੋਂ ਓਨਾ ਜਾਣੂ ਨਾ ਹੋਣ। ਤੁਸੀਂ ਇਸ ਨੂੰ ਇੰਟਰਨੈੱਟ ਉੱਤੇ ਜ਼ਰੂਰ search ਕਰੋ ਅਤੇ ਵੇਖੋ।

 

ਸਾਥੀਓ, ਸਾਡੇ ਦੇਸ਼ ਵਿੱਚ ਕਿੰਨੀਆਂ ਹੀ Martial Arts ਹਨ। ਮੈਂ ਚਾਹਾਂਗਾ ਕਿ ਸਾਡੇ ਨੌਜਵਾਨ ਸਾਥੀ ਇਨ੍ਹਾਂ ਦੇ ਬਾਰੇ ਵਿੱਚ ਵੀ ਜਾਨਣ। ਇਨ੍ਹਾਂ ਨੂੰ ਸਿੱਖਣ ਅਤੇ ਸਮੇਂ ਦੇ ਹਿਸਾਬ ਨਾਲ innovate ਵੀ ਕਰਨ, ਜਦੋਂ ਜੀਵਨ ਵਿੱਚ ਵੱਡੀਆਂ ਚੁਣੌਤੀਆਂ ਨਹੀਂ ਹੁੰਦੀਆਂ ਤਾਂ ਸ਼ਖ਼ਸੀਅਤ ਦਾ ਸਰਵਉੱਤਮ ਵੀ ਬਾਹਰ ਨਿਕਲ ਕੇ ਨਹੀਂ ਆਉਂਦਾ। ਇਸ ਲਈ ਆਪਣੇ ਆਪ ਨੂੰ ਹਮੇਸ਼ਾ challenge ਕਰਦੇ ਰਹੋ।

 

ਮੇਰੇ ਪਿਆਰੇ ਦੇਸ਼ਵਾਸੀਓ, ਕਿਹਾ ਜਾਂਦਾ ਹੈ ‘Learning is Growing’ ਅੱਜ 'ਮਨ ਕੀ ਬਾਤ' ਵਿੱਚ ਮੈਂ ਤੁਹਾਡੀ ਜਾਣ-ਪਛਾਣ ਇੱਕ ਅਜਿਹੇ ਵਿਅਕਤੀ ਨਾਲ ਕਰਾਵਾਂਗਾ, ਜਿਸ ਵਿੱਚ ਇੱਕ ਅਨੋਖਾ ਜਨੂੰਨ ਹੈ, ਇਹ ਜਨੂੰਨ ਹੈ ਦੂਸਰਿਆਂ ਦੇ ਨਾਲ reading ਅਤੇ learning ਦੀਆਂ ਖੁਸ਼ੀਆਂ ਨੂੰ ਵੰਡਣ ਦਾ। ਇਹ ਹਨ ਪੋਨ ਮਰਿਯੱਪਨ, ਪੋਨ ਮਰਿਯੱਪਨ ਤਮਿਲ ਨਾਡੂ ਦੇ ਤੁਤੁਕੁੜੀ ਵਿੱਚ ਰਹਿੰਦੇ ਹਨ। ਤੁਤੁਕੁੜੀ ਨੂੰ pearl city ਯਾਨੀ ਮੋਤੀਆਂ ਦੇ ਸ਼ਹਿਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਕਦੇ ਪਾਂਡਿਯਨ ਸਾਮਰਾਜ ਦਾ ਇੱਕ ਮਹੱਤਵਪੂਰਣ ਕੇਂਦਰ ਸੀ। ਇੱਥੇ ਰਹਿਣ ਵਾਲੇ ਮੇਰੇ ਦੋਸਤ ਪੋਨ ਮਰਿਯੱਪਨ, hair cutting ਦੇ ਪੇਸ਼ੇ ਨਾਲ ਜੁੜੇ ਹਨ ਅਤੇ ਇੱਕ saloon ਚਲਾਉਂਦੇ ਹਨ। ਬਹੁਤ ਛੋਟਾ ਜਿਹਾ saloon ਹੈ। ਉਨ੍ਹਾਂ ਨੇ ਇੱਕ ਅਨੋਖਾ ਅਤੇ ਪ੍ਰੇਰਣਾਦਾਇਕ ਕੰਮ ਕੀਤਾ ਹੈ। ਆਪਣੇ saloon ਦੇ ਇੱਕ ਹਿੱਸੇ ਨੂੰ ਹੀ ਪੁਸਤਕਾਲਿਆ ਬਣਾ ਦਿੱਤਾ ਹੈ। ਜੇਕਰ ਵਿਅਕਤੀ  saloon ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦੇ ਦੌਰਾਨ ਉੱਥੇ ਕੁਝ ਪੜ੍ਹਦਾ ਹੈ ਅਤੇ ਜੋ ਪੜ੍ਹਿਆ ਹੈ, ਉਸ ਦੇ ਬਾਰੇ ਵਿੱਚ ਥੋੜ੍ਹਾ ਲਿਖਦਾ ਹੈ ਤਾਂ ਪੋਨ ਮਰਿਯੱਪਨ ਜੀ ਉਸ ਗ੍ਰਾਹਕ ਨੂੰ discount ਦਿੰਦੇ ਹਨ - ਹੈ ਨਾ ਮਜ਼ੇਦਾਰ! ਆਓ ਤੁਤੁਕੁੜੀ ਚਲਦੇ ਹਾਂ - ਪੋਨ ਮਰਿਯੱਪਨ ਜੀ ਨਾਲ ਗੱਲ ਕਰਦੇ ਹਾਂ।

 

ਪ੍ਰਧਾਨ ਮੰਤਰੀ : ਪੋਨ ਮਰਿਯੱਪਨ ਜੀ ਵਣੱਕਮ... ਨੱਲਾ ਇਰ ਕਿੰਗੜਾ?

 

(ਪ੍ਰਧਾਨ ਮੰਤਰੀ : ਪੋਨ ਮਰਿਯੱਪਨ ਜੀ, ਵਣੱਕਮ। ਤੁਸੀਂ ਕਿਵੇਂ ਹੋ?)

 

ਪੋਨ ਮਰਿਯੱਪਨ ... (ਤਮਿਲ ਵਿੱਚ ਜਵਾਬ)...

 

ਪੋਨ ਮਰਿਯੱਪਨ ... ਮਾਣਯੋਗ ਪ੍ਰਧਾਨ ਮੰਤਰੀ ਜੀ, ਵਣੱਕਮ (ਨਮਸਕਾਰ)।

 

ਪ੍ਰਧਾਨ ਮੰਤਰੀ : ਵਣੱਕਮ, ਵਣੱਕਮ... ਉਂਗਲੱਕੇ ਇੰਦ ਲਾਇਬ੍ਰੇਰੀ ਆਈਡਿਆ  ਯੇਪੜੀ ਵੰਦਦਾ

 

(ਪ੍ਰਧਾਨ ਮੰਤਰੀ : ਵਣੱਕਮ, ਵਣੱਕਮ। ਤੁਹਾਨੂੰ ਇਹ ਪੁਸਤਕਾਲਿਆ ਦਾ ਜੋ idea  ਹੈ, ਇਹ ਕਿਵੇਂ ਆਇਆ।

 

ਪੋਨ ਮਰਿਯੱਪਨ : ਤਮਿਲ ਵਿੱਚ ਜਵਾਬ।

 

(ਪੋਨ ਮਰਿਯੱਪਨ ਦੇ ਉੱਤਰ ਦਾ ਪੰਜਾਬੀ ਅਨੁਵਾਦ) : ਮੈਂ 8ਵੀਂ ਜਮਾਤ ਤੱਕ ਪੜ੍ਹਿਆ ਹਾਂ, ਉਸ ਤੋਂ ਬਾਅਦ ਮੇਰੀਆਂ ਪਰਿਵਾਰਕ ਪ੍ਰਸਥਿਤੀਆਂ ਦੇ ਕਾਰਣ ਮੈਂ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਨਾ ਰੱਖ ਸਕਿਆ, ਜਦੋਂ ਮੈਂ ਪੜ੍ਹੇ-ਲਿਖੇ ਆਦਮੀਆਂ ਨੂੰ ਮਿਲਦਾ ਹਾਂ ਤਾਂ ਮੇਰੇ ਮਨ ਵਿੱਚ ਇੱਕ ਕਮੀ ਮਹਿਸੂਸ ਹੋ ਰਹੀ ਸੀ। ਇਸ ਲਈ ਮੇਰੇ ਮਨ ਵਿੱਚ ਇਹ ਆਇਆ ਕਿ ਅਸੀਂ ਕਿਉਂ ਨਾ ਇੱਕ ਪੁਸਤਕਾਲਿਆ ਸਥਾਪਿਤ ਕਰੀਏ ਅਤੇ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਇਹ ਲਾਭ ਹੋਵੇਗਾ, ਇਹੀ ਮੇਰੇ ਲਈ ਇੱਕ ਪ੍ਰੇਰਣਾ ਬਣੇ।

 

ਪ੍ਰਧਾਨ ਮੰਤਰੀ : ਉਂਗਲੱਕੇ ਯੇਨਦ ਪੁਤਹਮ ਪਿਡਿਕਕੁਮ?

 

(ਪ੍ਰਧਾਨ ਮੰਤਰੀ : ਤੁਹਾਨੂੰ ਕਿਹੜੀ ਪੁਸਤਕ ਬਹੁਤ ਪਸੰਦ ਹੈ?)

 

ਪੋਨ ਮਰਿਯੱਪਨ ... (ਤਮਿਲ ਵਿੱਚ ਜਵਾਬ)...

 

(ਪੋਨ ਮਰਿਯੱਪਨ Pon Mariyappan) : ਮੈਨੂੰ 'ਥਿਰੁਕੁਰਲ' ਬਹੁਤ ਪ੍ਰਿਯ ਹੈ।)

 

ਪ੍ਰਧਾਨ ਮੰਤਰੀ : ਤੁਹਾਡੇ ਨਾਲ ਗੱਲ ਕਰਨ ਵਿੱਚ ਮੈਨੂੰ ਬਹੁਤ ਪ੍ਰਸੰਨਤਾ ਹੋਈ।  ਤੁਹਾਨੂੰ ਬਹੁਤ ਸ਼ੁਭਕਾਮਨਾਵਾਂ।)

 

ਪੋਨ ਮਰਿਯੱਪਨ : ... (ਤਮਿਲ ਵਿੱਚ ਜਵਾਬ)...

 

(ਪੋਨ ਮਰਿਯੱਪਨ : ਮੈਂ ਵੀ ਮਾਣਯੋਗ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਦੇ ਹੋਏ  ਅਤਿ ਪ੍ਰਸੰਨਤਾ ਮਹਿਸੂਸ ਕਰ ਰਿਹਾ ਹਾਂ।)

 

ਪ੍ਰਧਾਨ ਮੰਤਰੀ : ਨਲ ਵਾੜ ਤੁੱਕਲ

(ਪ੍ਰਧਾਨ ਮੰਤਰੀ : ਅਨੇਕ ਸ਼ੁਭਕਾਮਨਾਵਾਂ।)

 

ਪੋਨ ਮਰਿਯੱਪਨ : ... (ਤਮਿਲ ਵਿੱਚ ਜਵਾਬ)...

(ਪੋਨ ਮਰਿਯੱਪਨ ਧੰਨਵਾਦ ਪ੍ਰਧਾਨ ਮੰਤਰੀ ਜੀ।)

 

ਪ੍ਰਧਾਨ ਮੰਤਰੀ : Thank you.

 

ਅਸੀਂ ਹੁਣੇ ਪੋਨ ਮਰਿਯੱਪਨ ਜੀ ਨਾਲ ਗੱਲ ਕੀਤੀ। ਵੇਖੋ ਕਿਵੇਂ ਉਹ ਲੋਕਾਂ ਦੇ ਵਾਲਾਂ ਨੂੰ ਤਾਂ ਸੰਵਾਰਦੇ ਹੀ ਹਨ, ਉਨ੍ਹਾਂ ਨੂੰ ਆਪਣਾ ਜੀਵਨ ਸੰਵਾਰਨ ਦਾ ਮੌਕਾ ਵੀ ਦਿੰਦੇ ਹਨ। ਥਿਰੁਕੁਰਲ ਦੇ ਹਰਮਨਪਿਆਰੇ ਹੋਣ ਦੇ ਬਾਰੇ ਸੁਣ ਕੇ ਬਹੁਤ ਚੰਗਾ ਲੱਗਾ। ਥਿਰੁਕੁਰਲ ਦੀ ਹਰਮਨਪਿਆਰਤਾ ਦੇ ਬਾਰੇ ਤੁਸੀਂ ਸਾਰਿਆਂ ਨੇ ਵੀ ਸੁਣਿਆ, ਅੱਜ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਥਿਰੁਕੁਰਲ ਉਪਲੱਬਧ ਹੈ। ਜੇਕਰ ਮੌਕਾ ਮਿਲੇ ਤਾਂ ਇਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਜੀਵਨ ਦੇ ਲਈ ਇੱਕ ਤਰ੍ਹਾਂ ਨਾਲ ਮਾਰਗ ਦਰਸ਼ਕ ਹੈ।

 

ਸਾਥੀਓ, ਲੇਕਿਨ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਪੂਰੇ ਭਾਰਤ ਵਿੱਚ ਅਨੇਕਾਂ ਲੋਕ ਹਨ, ਜਿਨ੍ਹਾਂ ਨੂੰ ਗਿਆਨ ਦੇ ਪ੍ਰਸਾਰ ਨਾਲ ਅਪਾਰ ਖੁਸ਼ੀ ਮਿਲਦੀ ਹੈ, ਇਹ ਉਹ ਲੋਕ ਹਨ ਜੋ ਹਮੇਸ਼ਾ ਇਸ ਗੱਲ ਦੇ ਲਈ ਤਿਆਰ ਰਹਿੰਦੇ ਹਨ ਕਿ ਹਰ ਕੋਈ ਪੜ੍ਹਨ ਦੇ ਲਈ ਪ੍ਰੇਰਿਤ ਹੋਵੇ। ਮੱਧ ਪ੍ਰਦੇਸ਼ ਦੇ ਸਿੰਗਰੋਲੀ ਦੀ ਅਧਿਆਪਕਾ ਊਸ਼ਾ ਦੂਬੇ ਜੀ ਨੇ ਤਾਂ ਆਪਣੀ scooty ਨੂੰ ਵੀ mobile library ਵਿੱਚ ਬਦਲ ਦਿੱਤਾ। ਉਹ ਹਰ ਰੋਜ਼ ਆਪਣੇ ਚਲਦੇ-ਫਿਰਦੇ ਪੁਸਤਕਾਲਾ ਦੇ ਨਾਲ ਕਿਸੇ ਨਾ ਕਿਸੇ ਪਿੰਡ ਵਿੱਚ ਪਹੁੰਚ ਜਾਂਦੀ ਹੈ ਅਤੇ ਬੱਚਿਆਂ ਨੂੰ ਪੜ੍ਹਾਉਂਦੀ ਹੈ, ਬੱਚੇ ਉਨ੍ਹਾਂ ਨੂੰ ਪਿਆਰ ਨਾਲ ਕਿਤਾਬਾਂ ਵਾਲੀ ਦੀਦੀ ਕਹਿ ਕੇ ਬੁਲਾਉਂਦੇ ਹਨ। ਇਸ ਸਾਲ ਅਗਸਤ ਵਿੱਚ ਅਰੁਣਾਚਲ ਪ੍ਰਦੇਸ਼ ਦੇ ਨਿਰਜੁਲੀ ਦੇ  Rayo Village ਵਿੱਚ ਇੱਕ Self Help Library ਬਣਾਈ ਗਈ ਹੈ। ਦਰਅਸਲ ਉੱਥੋਂ ਦੀ ਮੀਨਾਗੁਰੁੰਗ ਅਤੇ ਦੀਵਾਂਗ ਹੋਸਾਈ ਨੂੰ ਜਦੋਂ ਪਤਾ ਲੱਗਿਆ ਕਿ ਕਸਬੇ ਵਿੱਚ ਕੋਈ ਲਾਇਬ੍ਰੇਰੀ ਨਹੀਂ ਹੈ ਤਾਂ ਉਨ੍ਹਾਂ ਨੇ ਇਸ ਦੀ funding ਦੇ ਲਈ ਹੱਥ ਵਧਾਇਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਲਾਇਬ੍ਰੇਰੀ ਦੇ ਲਈ ਕੋਈ membership ਹੀ ਨਹੀਂ ਹੈ, ਕੋਈ ਵੀ ਵਿਅਕਤੀ ਦੋ ਹਫ਼ਤਿਆਂ ਦੇ ਲਈ ਕਿਤਾਬ ਲਿਜਾ ਸਕਦਾ ਹੈ। ਪੜ੍ਹਨ ਤੋਂ ਬਾਅਦ ਉਸ ਨੂੰ ਵਾਪਸ ਕਰਨਾ ਹੁੰਦਾ ਹੈ। ਇਹ library ਸੱਤੇ ਦਿਨ, 24 ਘੰਟੇ ਖੁੱਲ੍ਹੀ ਰਹਿੰਦੀ ਹੈ। ਆਂਢ-ਗੁਆਂਢ ਦੇ ਮਾਪੇ ਇਹ ਵੇਖ ਕੇ ਕਾਫੀ ਖੁਸ਼ ਹਨ ਕਿ ਉਨ੍ਹਾਂ ਦੇ ਬੱਚੇ ਕਿਤਾਬ ਪੜ੍ਹਨ ਵਿੱਚ ਜੁਟੇ ਹੋਏ ਹਨ। ਖਾਸਕਰ ਉਸ ਸਮੇਂ ਜਦੋਂ ਸਕੂਲਾਂ ਨੇ ਵੀ online ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ, ਉੱਥੇ ਹੀ ਇੱਕ ਚੰਡੀਗੜ੍ਹ ਵਿੱਚ NGO ਚਲਾਉਣ ਵਾਲੇ ਸੰਦੀਪ ਕੁਮਾਰ ਜੀ ਨੇ ਇੱਕ mini van ਵਿੱਚ mobile library ਬਣਾਈ ਹੈ। ਇਸੇ ਮਾਧਿਅਮ ਨਾਲ ਗ਼ਰੀਬ ਬੱਚਿਆਂ ਨੂੰ ਪੜ੍ਹਨ ਦੇ ਲਈ ਮੁਫ਼ਤ ਵਿੱਚ books ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਗੁਜਰਾਤ ਦੇ ਭਾਵ ਨਗਰ ਦੀਆਂ ਦੋ ਸੰਸਥਾਵਾਂ ਦੇ ਬਾਰੇ ਮੈਂ ਜਾਣਦਾ ਹਾਂ ਜੋ ਬਿਹਤਰੀਨ ਕੰਮ ਕਰ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਹੈ 'ਵਿਕਾਸ ਵਰਤੁਲ ਟਰੱਸਟ' ਇਹ ਸੰਸਥਾ ਪ੍ਰਤੀਯੋਗੀ ਪਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਬਹੁਤ ਮਦਦਗਾਰ ਹੈ। ਇਹ ਟਰੱਸਟ 1975 ਤੋਂ ਕੰਮ ਕਰ ਰਿਹਾ ਹੈ ਅਤੇ ਇਹ 5000 ਪੁਸਤਕਾਂ ਦੇ ਨਾਲ 140 ਤੋਂ ਜ਼ਿਆਦਾ magazine ਉਪਲੱਬਧ ਕਰਵਾਉਂਦਾ ਹੈ। ਅਜਿਹੀ ਇੱਕ ਸੰਸਥਾ 'ਪੁਸਤਕ ਪਰਵ' ਹੈ। ਇਹ innovative ਪ੍ਰੋਜੈਕਟ ਹੈ ਜੋ ਸਾਹਿਤਕ ਪੁਸਤਕਾਂ ਦੇ ਨਾਲ ਹੀ ਦੂਸਰੀਆਂ ਕਿਤਾਬਾਂ ਮੁਫ਼ਤ ਉਪਲੱਬਧ ਕਰਵਾਉਂਦੇ ਹਨ। ਇਸ library ਵਿੱਚ ਅਧਿਆਤਮਿਕ, ਆਯੁਰਵੇਦਿਕ ਉਪਚਾਰ ਅਤੇ ਕਈ ਹੋਰ ਵਿਸ਼ਿਆਂ ਨਾਲ ਸਬੰਧਿਤ ਪੁਸਤਕਾਂ ਵੀ ਸ਼ਾਮਿਲ ਹਨ। ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਹੋਰ ਯਤਨਾਂ ਦੇ ਬਾਰੇ ਕੁਝ ਪਤਾ ਹੈ ਤਾਂ ਮੇਰਾ ਅਨੁਰੋਧ ਹੈ ਕਿ ਤੁਸੀਂ ਉਸ ਨੂੰ social media ਉੱਤੇ ਜ਼ਰੂਰ ਸਾਂਝਾ ਕਰੋ। ਇਹ ਉਦਾਹਰਣ ਪੁਸਤਕ ਪੜ੍ਹਨ ਜਾਂ ਪੁਸਤਕਾਲਿਆ ਖੋਲ੍ਹਣ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਹ ਉਸ ਨਵੇਂ ਭਾਰਤ ਦੀ ਭਾਵਨਾ ਦਾ ਵੀ ਪ੍ਰਤੀਕ ਹੈ, ਜਿਸ ਵਿੱਚ ਸਮਾਜ ਦੇ ਵਿਕਾਸ ਦੇ ਲਈ ਹਰ ਖੇਤਰ ਅਤੇ ਹਰ ਤਬਕੇ ਦੇ ਲੋਕ ਨਵੇਂ-ਨਵੇਂ ਅਤੇ innovative ਤਰੀਕੇ ਅਪਣਾ ਰਹੇ ਹਨ। ਗੀਤਾ ਵਿੱਚ ਕਿਹਾ ਗਿਆ ਹੈ ਨ ਹੀ ਗਿਆਨੇਨ ਸਦਸ਼ੰ ਪਵਿਤਰ ਮਿਹ ਵਿਦਯਤੇ ਅਰਥਾਤ ਗਿਆਨ ਦੇ ਸਮਾਨ ਸੰਸਾਰ ਵਿੱਚ ਕੁਝ ਵੀ ਪਵਿੱਤਰ ਨਹੀਂ ਹੈ। ਮੈਂ ਗਿਆਨ ਦਾ ਪ੍ਰਸਾਰ ਕਰਨ ਵਾਲੇ ਅਜਿਹੀ ਨੇਕ ਕੋਸ਼ਿਸ਼ ਕਰਨ ਵਾਲੇ ਸਾਰੇ ਮਹਾਪੁਰਖਾਂ ਦਾ ਦਿਲ ਤੋਂ ਅਭਿਨੰਦਨ ਕਰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਕੁਝ ਹੀ ਦਿਨਾਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਨਮ ਜਯੰਤੀ 31 ਅਕਤੂਬਰ ਨੂੰ ਅਸੀਂ ਸਾਰੇ ਰਾਸ਼ਟਰੀ ਏਕਤਾ ਦਿਵਸ ਦੇ ਤੌਰ 'ਤੇ ਮਨਾਵਾਂਗੇ। 'ਮਨ ਕੀ ਬਾਤ' ਵਿੱਚ ਪਹਿਲਾਂ ਵੀ ਅਸੀਂ ਸਰਦਾਰ ਵੱਲਭ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ। ਅਸੀਂ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਦੇ ਕਈ ਪਹਿਲੂਆਂ 'ਤੇ ਚਰਚਾ ਕੀਤੀ ਹੈ। ਬਹੁਤ ਘੱਟ ਲੋਕ ਮਿਲਣਗੇ, ਜਿਨ੍ਹਾਂ ਦੀ ਸ਼ਖ਼ਸੀਅਤ ਵਿੱਚ ਇਕੱਠੇ ਕਈ ਸਾਰੇ ਤੱਤ ਮੌਜੂਦ ਹਨ - ਵਿਚਾਰਕ ਗਹਿਰਾਈ, ਨੈਤਿਕ ਹੌਂਸਲਾ, ਰਾਜਨੀਤਿਕ ਵਿਲੱਖਣਤਾ, ਖੇਤੀ ਖੇਤਰ ਦਾ ਗਹਿਰਾ ਗਿਆਨ ਅਤੇ ਰਾਸ਼ਟਰੀ ਏਕਤਾ ਦੇ ਪ੍ਰਤੀ ਸਮਰਪਣ ਭਾਵ, ਕੀ ਤੁਸੀਂ ਸਰਦਾਰ ਪਟੇਲ ਦੇ ਬਾਰੇ ਇੱਕ ਗੱਲ ਜਾਣਦੇ ਹੋ ਜੋ ਉਨ੍ਹਾਂ ਦੇ sense of humour ਨੂੰ ਦਰਸਾਉਂਦੀ ਹੈ। ਜ਼ਰਾ ਉਸ ਲੋਹਪੁਰਸ਼ ਦੀ ਛਵੀ ਦੀ ਕਲਪਨਾ ਕਰੋ ਜੋ ਰਾਜੇ-ਰਜਵਾੜਿਆਂ ਨਾਲ ਗੱਲ ਕਰ ਰਹੇ ਸਨ, ਪੂਜਨੀਕ ਬਾਪੂ ਦੇ ਜਨ-ਅੰਦੋਲਨ ਦਾ ਪ੍ਰਬੰਧ ਕਰ ਰਹੇ ਸਨ, ਨਾਲ ਹੀ ਅੰਗਰੇਜ਼ਾਂ ਨਾਲ ਲੜਾਈ ਵੀ ਲੜ ਰਹੇ ਸਨ ਅਤੇ ਇਨ੍ਹਾਂ ਸਭ ਦੇ ਵਿਚਕਾਰ ਵੀ ਉਨ੍ਹਾਂ ਦਾ sense of humour ਪੂਰੇ ਰੰਗ ਵਿੱਚ ਹੁੰਦਾ ਸੀ। ਬਾਪੂ ਨੇ ਸਰਦਾਰ ਪਟੇਲ ਦੇ ਬਾਰੇ ਕਿਹਾ ਸੀ - ਉਨ੍ਹਾਂ ਦੀਆਂ ਹਾਸਪੂਰਣ ਗੱਲਾਂ ਮੈਨੂੰ ਇੰਨਾ ਹਸਾਉਂਦੀਆਂ ਸਨ ਕਿ ਹਸਦਿਆਂ-ਹਸਦਿਆਂ ਪੇਟ ਵਿੱਚ ਵਲ ਪੈ ਜਾਂਦੇ ਸਨ, ਅਜਿਹਾ, ਦਿਨ ਵਿੱਚ ਇੱਕ ਵਾਰ ਨਹੀਂ, ਕਈ-ਕਈ ਵਾਰ ਹੁੰਦਾ ਸੀ। ਇਸ ਵਿੱਚ ਸਾਡੇ ਲਈ ਵੀ ਇੱਕ ਸਬਕ ਹੈ। ਪ੍ਰਸਥਿਤੀਆਂ ਕਿੰਨੀਆਂ ਵੀ ਮੁਸ਼ਕਿਲ ਕਿਉਂ ਨਾ ਹੋਣ, ਆਪਣੇ sense of humour ਨੂੰ ਜਿਊਂਦਾ ਰੱਖੋ। ਇਹ ਸਾਨੂੰ ਸਹਿਜ ਤਾਂ ਰੱਖੇਗਾ ਹੀ, ਅਸੀਂ ਆਪਣੀ ਸਮੱਸਿਆ ਨੂੰ ਵੀ ਹੱਲ ਕਰ ਸਕਾਂਗੇ, ਸਰਦਾਰ ਸਾਹਿਬ ਨੇ ਇਹੀ ਤਾਂ ਕੀਤਾ ਸੀ।

 

ਮੇਰੇ ਪਿਆਰੇ ਦੇਸ਼ਵਾਸੀਓ, ਸਰਦਾਰ ਪਟੇਲ ਨੇ ਆਪਣਾ ਪੂਰਾ ਜੀਵਨ ਦੇਸ਼ ਦੀ ਇਕਜੁੱਟਤਾ ਦੇ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਭਾਰਤੀ ਜਨ ਮਾਨਸ ਨੂੰ ਸੁਤੰਤਰਤਾ ਅੰਦੋਲਨ ਨਾਲ ਜੋੜਿਆ। ਉਨ੍ਹਾਂ ਨੇ ਆਜ਼ਾਦੀ ਦੇ ਨਾਲ ਕਿਸਾਨਾਂ ਦੇ ਮੁੱਦਿਆਂ ਨੂੰ ਜੋੜਨ ਦਾ ਕੰਮ ਕੀਤਾ। ਉਨ੍ਹਾਂ ਨੇ ਰਾਜੇ-ਰਜਵਾੜਿਆਂ ਨੂੰ ਸਾਡੇ ਰਾਸ਼ਟਰ ਦੇ ਨਾਲ ਇੱਕ ਕਰਨ ਦਾ ਕੰਮ ਕੀਤਾ। ਉਹ ਵਿਭਿੰਨਤਾ ਵਿੱਚ ਏਕਤਾ ਦੇ ਮੰਤਰ ਨੂੰ ਹਰ ਭਾਰਤੀ ਦੇ ਮਨ ਵਿੱਚ ਜਗਾ ਰਹੇ ਸਨ।

 

ਸਾਥੀਓ, ਅੱਜ ਅਸੀਂ ਆਪਣੀ ਬਾਣੀ, ਆਪਣੇ ਵਿਵਹਾਰ, ਆਪਣੇ ਕਰਮ ਨਾਲ ਹਰ ਪਲ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਣਾ ਹੈ ਜੋ ਸਾਨੂੰ 'ਇੱਕ' ਕਰੇ ਜੋ ਦੇਸ਼ ਦੇ ਇੱਕ ਹਿੱਸੇ ਵਿੱਚ ਰਹਿਣ ਵਾਲੇ ਨਾਗਰਿਕ ਦੇ ਮਨ ਵਿੱਚ ਦੂਸਰੇ ਕੋਨੇ ਵਿੱਚ ਰਹਿਣ ਵਾਲੇ ਨਾਗਰਿਕ ਦੇ ਲਈ ਸਹਿਜਤਾ ਅਤੇ ਆਪਣੇਪਨ ਦਾ ਭਾਵ ਪੈਦਾ ਕਰ ਸਕੇ। ਸਾਡੇ ਪੁਰਖਿਆਂ ਨੇ ਸਦੀਆਂ ਤੋਂ ਇਹ ਯਤਨ ਲਗਨ ਨਾਲ ਕੀਤੇ ਹਨ। ਹੁਣ ਵੇਖੋ ਕੇਰਲ ਵਿੱਚ ਜਨਮੇ ਪੂਜਨੀਕ ਆਦਿ ਸ਼ੰਕਰਾਚਾਰਿਆ ਜੀ ਨੇ ਭਾਰਤ ਦੀਆਂ ਚਹੁੰਆਂ ਦਿਸ਼ਾਵਾਂ ਵਿੱਚ ਚਾਰ ਮਹੱਤਵਪੂਰਣ ਮੱਠਾਂ ਦੀ ਸਥਾਪਨਾ ਕੀਤੀ - ਉੱਤਰ ਵਿੱਚ ਬੱਦਰੀ ਆਸ਼ਰਮ, ਪੂਰਬ ਵਿੱਚ ਪੂਰੀ, ਦੱਖਣ ਵਿੱਚ ਸ਼੍ਰਿੰਗੇਰੀ ਅਤੇ ਪੱਛਮ ਵਿੱਚ ਦੁਆਰਕਾ। ਉਨ੍ਹਾਂ ਨੇ ਸ਼੍ਰੀਨਗਰ ਦੀ ਯਾਤਰਾ ਵੀ ਕੀਤੀ, ਇਹੀ ਕਾਰਣ ਹੈ ਕਿ ਉੱਥੇ ਇੱਕ ‘Shankracharya Hill’ ਹੈ। ਤੀਰਥ-ਭ੍ਰਮਣ ਆਪਣੇ ਆਪ ਵਿੱਚ ਭਾਰਤ ਨੂੰ ਇੱਕ ਸੂਤਰ ਵਿੱਚ ਪਰੋਂਦਾ ਹੈ। ਜਯੋਤਿਰ ਲਿੰਗਾਂ ਅਤੇ ਸ਼ਕਤੀਪੀਠਾਂ ਦੀ ਲੜੀ ਭਾਰਤ ਨੂੰ ਇੱਕ ਸੂਤਰ ਵਿੱਚ ਬੰਨ੍ਹਦੀ ਹੈ। ਤ੍ਰਿਪੁਰਾ ਤੋਂ ਲੈ ਕੇ ਗੁਜਰਾਤ ਤੱਕ, ਜੰਮੂ-ਕਸ਼ਮੀਰ ਤੋਂ ਲੈ ਕੇ ਤਮਿਲ ਨਾਡੂ ਤੱਕ ਸਥਾਪਿਤ ਸਾਡੇ ਸ਼ਰਧਾ ਦੇ ਕੇਂਦਰ ਸਾਨੂੰ 'ਇੱਕ' ਕਰਦੇ ਹਨ। ਭਗਤੀ ਅੰਦੋਲਨ ਪੂਰੇ ਭਾਰਤ ਵਿੱਚ ਇੱਕ ਵੱਡਾ ਜਨ-ਅੰਦੋਲਨ ਬਣ ਗਿਆ, ਜਿਸ ਨੇ ਸਾਨੂੰ ਭਗਤੀ ਦੇ ਮਾਧਿਅਮ ਨਾਲ ਇਕਜੁੱਟ ਕੀਤਾ। ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਇਹ ਗੱਲਾਂ ਕਿਵੇਂ ਘੁਲ ਗਈਆਂ ਹਨ, ਜਿਸ ਵਿੱਚ ਏਕਤਾ ਦੀ ਤਾਕਤ ਹੈ। ਹਰ ਇੱਕ ਧਾਰਮਿਕ ਕਾਰਜ ਤੋਂ ਪਹਿਲਾਂ ਵਿਭਿੰਨ ਨਦੀਆਂ ਨੂੰ ਯਾਦ ਕੀਤਾ ਜਾਂਦਾ ਹੈ - ਇਸ ਵਿੱਚ ਦੂਰ ਉੱਤਰ ਵਿੱਚ ਸਥਿਤ ਸਿੰਧੂ ਨਦੀ ਤੋਂ ਲੈ ਕੇ ਦੱਖਣ ਭਾਰਤ ਦੀ ਜੀਵਨ ਦਾਇਨੀ ਕਾਵੇਰੀ ਨਦੀ ਤੱਕ ਸ਼ਾਮਿਲ ਹੈ। ਅਕਸਰ ਸਾਡੇ ਇੱਥੇ ਲੋਕ ਕਹਿੰਦੇ ਹਨ, ਇਸ਼ਨਾਨ ਕਰਦੇ ਸਮੇਂ ਪਵਿੱਤਰ ਭਾਵ ਨਾਲ ਏਕਤਾ ਦਾ ਮੰਤਰ ਹੀ ਬੋਲਦੇ ਹਨ :-

ਗੰਗੇ ਚ ਯਮੁਨੇ ਚੈਵ ਗੋਦਾਵਰੀ ਸਰਸਵਤੀ।

ਨਰਮਦੇ ਸਿੰਧੂ ਕਾਵੇਰੀ ਜਲੇਸਿਮਨ ਸਨਿਧਿੰ ਕੁਰੁ।।

 

ਇਸੇ ਤਰ੍ਹਾਂ ਸਿੱਖਾਂ ਦੇ ਪਵਿੱਤਰ ਸਥਾਨਾਂ ਵਿੱਚ ਨਾਂਦੇੜ ਸਾਹਿਬ ਅਤੇ ਪਟਨਾ ਸਾਹਿਬ ਗੁਰਦੁਆਰੇ ਸ਼ਾਮਿਲ ਹਨ। ਸਾਡੇ ਸਿੱਖ ਗੁਰੂਆਂ ਨੇ ਵੀ ਆਪਣੇ ਜੀਵਨ ਅਤੇ ਸਦਕਾਰਜਾਂ ਦੇ ਮਾਧਿਅਮ ਨਾਲ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਪਿਛਲੀ ਸਦੀ ਵਿੱਚ ਸਾਡੇ ਦੇਸ਼ ਵਿੱਚ ਡਾ. ਬਾਬਾ ਸਾਹਿਬ ਅੰਬੇਡਕਰ ਵਰਗੀਆਂ ਮਹਾਨ ਸ਼ਖਸੀਅਤਾਂ ਰਹੀਆਂ ਹਨ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੇ ਮਾਧਿਅਮ ਨਾਲ ਇਕਜੁੱਟ ਕੀਤਾ।

 

ਸਾਥੀਓ,

 

Unity is Power, Unity is strength,

Unity is Progress, Unity is Empowerment,

United we will scale new heights

 

ਵੈਸੇ ਅਜਿਹੀਆਂ ਤਾਕਤਾਂ ਵੀ ਮੌਜੂਦ ਰਹੀਆਂ ਹਨ ਜੋ ਨਿਰੰਤਰ ਸਾਡੇ ਮਨ ਵਿੱਚ ਸ਼ੱਕ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ। ਦੇਸ਼ ਨੇ ਵੀ ਹਰ ਵਾਰ ਇਨ੍ਹਾਂ ਬਦ-ਇਰਾਦਿਆਂ ਦਾ ਮੂੰਹਤੋੜ ਜਵਾਬ ਦਿੱਤਾ ਹੈ। ਅਸੀਂ ਨਿਰੰਤਰ ਆਪਣੀ creativity ਨਾਲ, ਪ੍ਰੇਮ ਨਾਲ ਹਰ ਪਲ ਯਤਨਪੂਰਵਕ ਆਪਣੇ ਛੋਟੇ ਤੋਂ ਛੋਟੇ ਕੰਮਾਂ ਵਿੱਚ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਖੂਬਸੂਰਤ ਰੰਗਾਂ ਨੂੰ ਸਾਹਮਣੇ ਲਿਆਉਣਾ ਹੈ, ਏਕਤਾ ਦੇ ਨਵੇਂ ਰੰਗ ਭਰਨੇ ਹਨ ਅਤੇ ਹਰ ਨਾਗਰਿਕ ਨੇ ਭਰਨੇ ਹਨ। ਇਸ ਸੰਦਰਭ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ website ਵੇਖਣ ਦਾ ਅਨੁਰੋਧ ਕਰਦਾ ਹਾਂ - ekbharat.gov.in (ਏਕ ਭਾਰਤ ਡੌਟ ਗੌਵ ਡੌਟ ਇਨ) ਇਸ ਵਿੱਚ national integration ਦੀ ਸਾਡੀ ਮੁਹਿੰਮ ਨੂੰ ਅੱਗੇ ਵਧਾਉਣ ਦੇ ਕਈ ਯਤਨ ਦਿਖਾਈ ਦੇਣਗੇ। ਇਸ ਦਾ ਇੱਕ ਦਿਲਚਸਪ corner ਹੈ, ਅੱਜ ਦਾ ਵਾਕ। ਇਸ  Section ਵਿੱਚ ਅਸੀਂ ਹਰ ਰੋਜ਼ ਇੱਕ ਵਾਕ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਕਿਵੇਂ ਬੋਲਦੇ ਹਨ, ਇਹ ਸਿੱਖ ਸਕਦੇ ਹਾਂ। ਤੁਸੀਂ ਇਸ website ਦੇ ਲਈ contribute ਵੀ ਕਰੋ, ਜਿਵੇਂ ਹਰ ਰਾਜ ਅਤੇ ਸੰਸਕ੍ਰਿਤੀ ਵਿੱਚ ਵੱਖ-ਵੱਖ ਖਾਣ-ਪਾਣ ਹੁੰਦਾ ਹੈ, ਇਹ ਪਕਵਾਨ ਸਥਾਨਕ ਪੱਧਰ ਦੇ ਖਾਸ ingredients ਯਾਨੀ ਅਨਾਜ ਅਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ। ਕੀ ਅਸੀਂ ਇਨ੍ਹਾਂ local food ਦੀ recipe ਨੂੰ local ingredients ਦੇ ਨਾਵਾਂ ਨਾਲ, ਏਕ ਭਾਰਤ ਸ਼੍ਰੇਸ਼ਠ ਭਾਰਤ website ਉੱਤੇ share ਕਰ ਸਕਦੇ ਹਾਂ। Unity ਅਤੇ Immunity ਨੂੰ ਵਧਾਉਣ ਦੇ ਲਈ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ।

 

ਸਾਥੀਓ, ਇਸ ਮਹੀਨੇ ਦੀ 31 ਤਾਰੀਖ ਨੂੰ ਮੈਨੂੰ ਕੇਵੜੀਆ ਵਿੱਚ ਇਤਿਹਾਸਕ Statue of Unity ਉੱਤੇ ਹੋ ਰਹੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ। ਤੁਸੀਂ ਲੋਕ ਵੀ ਜ਼ਰੂਰ ਜੁੜਨਾ।

ਮੇਰੇ ਪਿਆਰੇ ਦੇਸ਼ਵਾਸੀਓ, 31 ਅਕਤੂਬਰ ਨੂੰ ਅਸੀਂ 'ਵਾਲਮੀਕਿ ਜਯੰਤੀ' ਵੀ ਮਨਾਵਾਂਗੇ। ਮੈਂ ਮਹਾਰਿਸ਼ੀ ਵਾਲਮੀਕਿ ਨੂੰ ਨਮਨ ਕਰਦਾ ਹਾਂ ਅਤੇ ਇਸ ਖ਼ਾਸ ਮੌਕੇ ਦੇ ਲਈ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਮਹਾਰਿਸ਼ੀ ਵਾਲਮੀਕਿ ਦੇ ਮਹਾਨ ਵਿਚਾਰ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ, ਸ਼ਕਤੀ ਪ੍ਰਦਾਨ ਕਰਦੇ ਹਨ, ਇਹ ਲੱਖਾਂ-ਕਰੋੜਾਂ ਗ਼ਰੀਬਾਂ ਅਤੇ ਦਲਿਤਾਂ ਦੇ ਲਈ ਬਹੁਤ ਵੱਡੀ ਉਮੀਦ ਹੈ। ਉਨ੍ਹਾਂ ਦੇ ਅੰਦਰ ਆਸ਼ਾ ਅਤੇ ਵਿਸ਼ਵਾਸ ਦਾ ਸੰਚਾਰ ਕਰਦੇ ਹਨ। ਉਹ ਕਹਿੰਦੇ ਹਨ - ਕਿਸੇ ਵੀ ਮਨੁੱਖ ਦੀ ਇੱਛਾ ਸ਼ਕਤੀ ਜੇਕਰ ਉਸ ਦੇ ਨਾਲ ਹੋਵੇ ਤਾਂ ਉਹ ਕੋਈ ਵੀ ਕੰਮ ਬੜੀ ਅਸਾਨੀ ਨਾਲ ਕਰ ਸਕਦਾ ਹੈ, ਇਹ ਇੱਛਾ ਸ਼ਕਤੀ ਹੀ ਹੈ ਜੋ ਕਈ ਨੌਜਵਾਨਾਂ ਨੂੰ ਅਸਧਾਰਣ ਕੰਮ ਕਰਨ ਲਈ ਤਾਕਤ ਦਿੰਦੀ ਹੈ। ਮਹਾਰਿਸ਼ੀ ਵਾਲਮੀਕਿ ਨੇ ਸਕਾਰਾਤਮਕ ਸੋਚ ਉੱਤੇ ਬਲ ਦਿੱਤਾ - ਉਨ੍ਹਾਂ ਦੇ ਲਈ ਸੇਵਾ ਅਤੇ ਮਨੁੱਖੀ ਗੌਰਵ ਦਾ ਸਥਾਨ ਸਰਵੋਤਮ ਹੈ। ਮਹਾਰਿਸ਼ੀ ਵਾਲਮੀਕਿ ਦੇ ਆਚਾਰ-ਵਿਚਾਰ ਅਤੇ ਆਦਰਸ਼ ਅੱਜ New India ਸਾਡੇ ਸੰਕਲਪ ਦੇ ਲਈ ਪ੍ਰੇਰਣਾ ਵੀ ਹੈ ਅਤੇ ਦਿਸ਼ਾ-ਨਿਰਦੇਸ਼ ਵੀ ਹੈ। ਅਸੀਂ ਮਹਾਰਿਸ਼ੀ ਵਾਲਮੀਕਿ ਦੇ ਪ੍ਰਤੀ ਹਮੇਸ਼ਾ ਆਭਾਰੀ ਰਹਾਂਗੇ ਕਿ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਰਗ ਦਰਸ਼ਨ ਦੇ ਲਈ ਰਾਮਾਇਣ ਵਰਗੇ ਮਹਾਗ੍ਰੰਥ ਦੀ ਰਚਨਾ ਕੀਤੀ।

 

31 ਅਕਤੂਬਰ ਨੂੰ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਅਸੀਂ ਗੁਆ ਦਿੱਤਾ, ਮੈਂ ਆਦਰਪੂਰਵਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।

 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਕਸ਼ਮੀਰ ਦਾ ਪੁਲਵਾਮਾ ਪੂਰੇ ਦੇਸ਼ ਨੂੰ ਪੜ੍ਹਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਬੱਚੇ ਆਪਣਾ Home Work ਕਰਦੇ ਹਨ, Notes ਬਣਾਉਂਦੇ ਹਨ ਤਾਂ ਕਿਤੇ ਨਾ ਕਿਤੇ ਇਸ ਦੇ ਪਿੱਛੇ ਪੁਲਵਾਮਾ ਦੇ ਲੋਕਾਂ ਦੀ ਸਖ਼ਤ ਮਿਹਨਤ ਵੀ ਹੈ। ਕਸ਼ਮੀਰ ਘਾਟੀ ਪੂਰੇ ਦੇਸ਼ ਦੀ ਲਗਭਗ 90 ਪ੍ਰਤੀਸ਼ਤ Pencil Slate ਲੱਕੜ ਦੀ ਤਖਤੀ ਦੀ ਮੰਗ ਨੂੰ ਪੂਰਾ ਕਰਦੀ ਹੈ ਅਤੇ ਉਸ ਵਿੱਚ ਬਹੁਤ ਵੱਡੀ ਹਿੱਸੇਦਾਰੀ ਪੁਲਵਾਮਾ ਦੀ ਹੈ। ਇੱਕ ਸਮੇਂ ਅਸੀਂ ਲੋਕ ਵਿਦੇਸ਼ਾਂ ਤੋਂ  Pencil ਦੇ ਲਈ ਲੱਕੜੀ ਮੰਗਵਾਉਂਦੇ ਸੀ, ਲੇਕਿਨ ਹੁਣ ਸਾਡਾ ਪੁਲਵਾਮਾ ਇਸ ਖੇਤਰ ਨਾਲ ਦੇਸ਼ ਨੂੰ ਆਤਮ-ਨਿਰਭਰ ਬਣਾ ਰਿਹਾ ਹੈਅਸਲ ਵਿੱਚ ਪੁਲਵਾਮਾ ਦੇ ਇਹ  Pencil Slates, States ਦੇ ਵਿਚਕਾਰ ਦੇ 7aps ਨੂੰ ਘੱਟ ਕਰ ਰਹੇ ਹਨ। ਘਾਟੀ ਦੀ ਚਿਨਾਰ ਦੀ ਲੱਕੜੀ ਵਿੱਚ High Moisture Content ਅਤੇ Softness ਹੁੰਦੀ ਹੈ ਜੋ Pencil ਦੇ ਨਿਰਮਾਣ ਦੇ ਲਈ ਉਸ ਨੂੰ ਸਭ ਤੋਂ Suitable ਬਣਾਉਂਦੀ ਹੈ।  ਪੁਲਵਾਮਾ ਵਿੱਚ ਉੱਖੂ ਨੂੰ Pencil  Village ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ Pencil Slate ਨਿਰਮਾਣ ਦੀਆਂ ਕਈ ਇਕਾਈਆਂ ਹਨ ਜੋ ਰੋਜ਼ਗਾਰ ਉਪਲੱਬਧ ਕਰਵਾਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਕਾਫੀ ਸੰਖਿਆ ਵਿੱਚ ਔਰਤਾਂ ਕੰਮ ਕਰਦੀਆਂ ਹਨ।

 

ਸਾਥੀਓ, ਪੁਲਵਾਮਾ ਦੀ ਆਪਣੀ ਇਹ ਪਛਾਣ ਉਦੋਂ ਸਥਾਪਿਤ ਹੋਈ ਹੈ, ਜਦੋਂ ਇੱਥੋਂ ਦੇ ਲੋਕਾਂ ਨੇ ਕੁਝ ਨਵਾਂ ਕਰਨ ਦੀ ਠਾਣੀ। ਕੰਮ ਨੂੰ ਲੈ ਕੇ Risk ਉਠਾਇਆ ਅਤੇ ਖੁਦ ਨੂੰ ਉਸ ਦੇ ਪ੍ਰਤੀ ਸਮਰਪਿਤ ਕਰ ਦਿੱਤਾ। ਅਜਿਹੇ ਹੀ ਮਿਹਨਤੀ ਲੋਕਾਂ ਵਿੱਚੋਂ ਇੱਕ ਹੈ - ਮੰਜੂਰ ਅਹਿਮਦ ਅਲਾਈ, ਪਹਿਲਾਂ ਮੰਜੂਰ ਭਾਈ ਲੱਕੜੀ ਕੱਟਣ ਵਾਲੇ ਇੱਕ ਆਮ ਮਜ਼ਦੂਰ ਸਨ, ਮੰਜੂਰ ਭਾਈ ਕੁਝ ਨਵਾਂ ਕਰਨਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਗਰੀਬੀ ਵਿੱਚ ਨਾ ਜੀਣ। ਉਨ੍ਹਾਂ ਨੇ ਆਪਣੀ ਪੁਸ਼ਤੈਨੀ ਜ਼ਮੀਨ ਵੇਚ ਦਿੱਤੀ ਅਤੇ Apple Wooden Box ਯਾਨੀ ਸੇਬ ਰੱਖਣ ਵਾਲੇ ਲੱਕੜੀ ਦੇ ਬਕਸੇ ਬਣਾਉਣ ਦੀ ਯੂਨਿਟ ਸ਼ੁਰੂ ਕੀਤੀ। ਉਹ ਆਪਣੇ ਛੋਟੇ ਜਿਹੇ Business ਵਿੱਚ ਜੁਟੇ ਹੋਏ ਸਨ ਤਾਂ ਹੀ ਮੰਜੂਰ ਭਾਈ ਨੂੰ ਕਿਤੋਂ ਪਤਾ ਲੱਗਾ ਕਿ ਪੈਂਸਿਲ ਨਿਰਮਾਣ ਵਿੱਚ Poplar Wood ਯਾਨੀ ਚਿਨਾਰ ਦੀ ਲੱਕੜੀ ਦੀ ਵਰਤੋਂ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਮੰਜੂਰ ਭਾਈ ਨੇ ਆਪਣੀ ਯੋਗਤਾ ਦਿਖਾਉਂਦੇ ਹੋਏ ਕੁਝ  Famous Pencil Manufacturing Units ਨੂੰ Poplar Wooden Box ਦੀ ਸਪਲਾਈ ਸ਼ੁਰੂ ਕਰ ਦਿੱਤੀ। ਮੰਜੂਰ ਜੀ ਨੂੰ ਇਹ ਬਹੁਤ ਫਾਇਦੇਮੰਦ ਲੱਗਿਆ ਅਤੇ ਉਨ੍ਹਾਂ ਦੀ ਆਮਦਨੀ ਵੀ ਚੰਗੀ-ਖਾਸੀ ਵਧਣ ਲੱਗੀ। ਸਮੇਂ ਦੇ ਨਾਲ ਉਨ੍ਹਾਂ ਨੇ Pencil Slate Manufacturing Machinery ਲੈ ਲਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੂੰ Pencil Slate ਦੀ Supply ਸ਼ੁਰੂ ਕਰ ਦਿੱਤੀ। ਅੱਜ ਮੰਜੂਰ ਭਾਈ ਦੇ ਇਸ Business ਦਾ Turnover ਕਰੋੜਾਂ ਵਿੱਚ ਹੈ ਅਤੇ ਉਹ ਲਗਭਗ 200 ਲੋਕਾਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ। ਅੱਜ 'ਮਨ ਕੀ ਬਾਤ' ਦੇ ਜ਼ਰੀਏ ਸਾਰੇ ਦੇਸ਼ਵਾਸੀਆਂ ਦੇ ਵੱਲੋਂ ਮੈਂ ਮੰਜੂਰ ਭਾਈ ਸਮੇਤ ਪੁਲਵਾਮਾ ਦੇ ਮਿਹਨਤਕਸ਼ ਭੈਣ-ਭਰਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸ਼ਲਾਘਾ ਕਰਦਾ ਹਾਂ - ਤੁਸੀਂ ਸਾਰੇ ਦੇਸ਼ ਦੇ  Young Minds ਸਿੱਖਿਅਤ ਕਰਨ ਦੇ ਲਈ ਆਪਣਾ ਬਹੁਮੁੱਲਾ ਯੋਗਦਾਨ ਰਹੇ ਹੋ।

 

ਮੇਰੇ ਪਿਆਰੇ ਦੇਸ਼ਵਾਸੀਓ, Lockdown ਦੇ ਦੌਰਾਨ Technology-based service delivery ਦੇ ਕਈ ਪ੍ਰਯੋਗ ਸਾਡੇ ਦੇਸ਼ ਵਿੱਚ ਹੋਏ ਹਨ ਅਤੇ ਹੁਣ ਅਜਿਹਾ ਨਹੀਂ ਰਿਹਾ ਕਿ ਬਹੁਤ ਵੱਡੀ technology ਅਤੇ logistics companies ਹੀ ਇਹ ਕਰ ਸਕਦੀਆਂ ਹਨ। ਝਾਰਖੰਡ ਵਿੱਚ ਇਹ ਕੰਮ ਔਰਤਾਂ ਦੇ self help group ਨੇ ਕਰ ਵਿਖਾਇਆ ਹੈ। ਇਨ੍ਹਾਂ ਔਰਤਾਂ ਨੇ ਕਿਸਾਨਾਂ ਦੇ ਖੇਤਾਂ ਤੋਂ ਸਬਜ਼ੀਆਂ ਅਤੇ ਫਲ ਲਏ ਅਤੇ ਸਿੱਧੇ ਘਰਾਂ ਤੱਕ ਪਹੁੰਚਾਏ। ਇਨ੍ਹਾਂ ਔਰਤਾਂ ਨੇ 'ਅਜੀਵਿਕਾ' farm fresh ਨਾਂ ਨਾਲ ਇੱਕ app ਬਣਵਾਇਆ, ਜਿਸ ਦੇ ਜ਼ਰੀਏ ਲੋਕ ਅਸਾਨੀ ਨਾਲ ਸਬਜ਼ੀਆਂ ਮੰਗਵਾ ਸਕਦੇ ਸਨ। ਇਸ ਪੂਰੀ ਕੋਸ਼ਿਸ਼ ਨਾਲ ਕਿਸਾਨਾਂ ਨੂੰ ਆਪਣੀਆਂ ਸਬਜ਼ੀਆਂ ਅਤੇ ਫਲਾਂ ਦੀ ਚੰਗੀ ਕੀਮਤ ਮਿਲੀ ਅਤੇ ਲੋਕਾਂ ਨੂੰ ਵੀ fresh ਸਬਜ਼ੀਆਂ ਮਿਲਦੀਆਂ ਰਹੀਆਂ। ਉੱਥੇ ਅਜੀਵਿਕਾ farm fresh’ app ਦਾ idea ਬਹੁਤ popular ਹੋ ਰਿਹਾ ਹੈ। Lock down ਵਿੱਚ ਇਨ੍ਹਾਂ ਨੇ 50 ਲੱਖ ਰੁਪਏ ਤੋਂ ਵੀ ਜ਼ਿਆਦਾ ਦੀਆਂ ਫਲ-ਸਬਜ਼ੀਆਂ ਲੋਕਾਂ ਤੱਕ ਪਹੁੰਚਾਈਆਂ ਹਨ। ਸਾਥੀਓ agriculture sector ਵਿੱਚ ਨਵੀਆਂ ਸੰਭਾਵਨਾਵਾਂ ਬਣਦੀਆਂ ਦੇਖ ਸਾਡੇ ਨੌਜਵਾਨ ਵੀ ਕਾਫੀ ਗਿਣਤੀ ਵਿੱਚ ਇਸ ਨਾਲ ਜੁੜਨ ਲੱਗੇ ਹਨ। ਮੱਧ ਪ੍ਰਦੇਸ਼ ਦੇ ਬੜਵਾਨੀ ਵਿੱਚ ਅਤੁਲ ਪਾਟੀਦਾਰ ਆਪਣੇ ਖੇਤਰ ਦੇ 4 ਹਜ਼ਾਰ ਕਿਸਾਨਾਂ ਨੂੰ digital ਰੂਪ ਨਾਲ ਜੋੜ ਚੁੱਕੇ ਹਨ। ਇਹ ਕਿਸਾਨ ਅਤੁਲ ਪਾਟੀਦਾਰ ਦੇ E-platform farm card ਦੇ ਜ਼ਰੀਏ ਖੇਤੀ ਦੇ ਸਮਾਨ, ਜਿਵੇਂ ਖਾਦ, ਬੀਜ pesticide, fungicide ਆਦਿ ਦੀ home delivery ਪਾ ਰਹੇ ਹਨ। ਯਾਨੀ ਕਿਸਾਨਾਂ ਨੂੰ ਘਰ ਤੱਕ ਉਨ੍ਹਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਮਿਲ ਰਹੀਆਂ ਹਨ। ਇਸ digital platform ਉੱਤੇ ਆਧੁਨਿਕ ਖੇਤੀ ਉਪਕਰਣ ਵੀ ਕਿਰਾਏ 'ਤੇ ਮਿਲ ਜਾਂਦੇ ਹਨ। Lock down ਦੇ ਸਮੇਂ ਵੀ ਇਸ digital platform ਦੇ ਜ਼ਰੀਏ ਕਿਸਾਨਾਂ ਨੂੰ ਹਜ਼ਾਰਾਂ packet deliver ਕੀਤੇ ਗਏ, ਜਿਨ੍ਹਾਂ ਵਿੱਚ ਕਪਾਹ ਅਤੇ ਸਬਜ਼ੀਆਂ ਦੇ ਬੀਜ ਵੀ ਸਨ। ਅਤੁਲ ਜੀ ਅਤੇ ਉਨ੍ਹਾਂ ਦੀ team ਕਿਸਾਨਾਂ ਨੂੰ ਤਕਨੀਕੀ ਰੂਪ ਨਾਲ ਜਾਗਰੂਕ ਕਰ ਰਹੀਆਂ ਹਨ। online payment ਅਤੇ ਖਰੀਦਦਾਰੀ ਸਿਖਾ ਰਹੀਆਂ ਹਨ।

 

ਸਾਥੀਓ, ਇਨ੍ਹੀਂ ਦਿਨੀਂ ਮਹਾਰਾਸ਼ਟਰ ਦੀ ਇੱਕ ਘਟਨਾ ਵੱਲ ਮੇਰਾ ਧਿਆਨ ਗਿਆ, ਉੱਥੇ ਇੱਕ farmer producer ਕੰਪਨੀ ਨੇ ਮੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਮੱਕੀ ਖਰੀਦੀ। ਕੰਪਨੀ ਨੇ ਕਿਸਾਨਾਂ ਨੂੰ ਇਸ ਵਾਰ ਮੁੱਲ ਦੇ ਇਲਾਵਾ bonus ਵੀ ਦਿੱਤਾ। ਕਿਸਾਨਾਂ ਨੂੰ ਵੀ ਇੱਕ ਸੁਖਦ ਹੈਰਾਨੀ ਹੋਈ, ਜਦੋਂ ਉਸ ਕੰਪਨੀ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਜੋ ਨਵੇਂ ਖੇਤੀ ਕਾਨੂੰਨ ਬਣਾਏ ਹਨ, ਹੁਣ ਉਸ ਦੇ ਤਹਿਤ ਕਿਸਾਨ ਭਾਰਤ ਵਿੱਚ ਕਿਤੇ ਵੀ ਫਸਲ ਵੇਚ ਪਾ ਰਹੇ ਹਨ ਅਤੇ ਉਨ੍ਹਾਂ ਨੂੰ ਚੰਗੀ ਕੀਮਤ ਮਿਲ ਰਹੀ ਹੈ। ਇਸ ਲਈ ਉਨ੍ਹਾਂ ਨੇ ਸੋਚਿਆ ਕਿ ਇਸ ਵਾਰ extra profit ਨੂੰ ਕਿਸਾਨਾਂ ਦੇ ਨਾਲ ਵੀ ਵੰਡਣਾ ਚਾਹੀਦਾ ਹੈ, ਉਸ 'ਤੇ ਉਨ੍ਹਾਂ ਦਾ ਵੀ ਹੱਕ ਹੈ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ  bonus ਦਿੱਤਾ। ਸਾਥੀਓ, bonus ਅਜੇ ਭਾਵੇਂ ਛੋਟਾ ਹੀ ਹੋਵੇ, ਲੇਕਿਨ ਇਹ ਸ਼ੁਰੂਆਤ ਬਹੁਤ ਵੱਡੀ ਹੈ। ਇਸ ਨਾਲ ਸਾਨੂੰ ਪਤਾ ਚਲਦਾ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਜ਼ਮੀਨੀ ਪੱਧਰ 'ਤੇ ਕਿਸ ਤਰ੍ਹਾਂ ਦੇ ਬਦਲਾਓ ਕਿਸਾਨਾਂ ਦੇ ਪੱਖ ਵਿੱਚ ਆਉਣ ਦੀਆਂ ਸੰਭਾਵਨਾਵਾਂ ਭਰੀਆਂ ਪਈਆਂ ਹਨ।

 

ਮੇਰੇ ਪਿਆਰੇ ਦੇਸ਼ਵਾਸੀਓ, ਅੱਜ 'ਮਨ ਕੀ ਬਾਤ' ਵਿੱਚ ਦੇਸ਼ਵਾਸੀਆਂ ਦੀਆਂ ਅਸਧਾਰਣ ਉਪਲੱਬਧੀਆਂ ਸਾਡੇ ਦੇਸ਼, ਸਾਡੀ ਸੰਸਕ੍ਰਿਤੀ ਦੇ ਵੱਖ-ਵੱਖ ਪਹਿਲੂਆਂ ਉੱਤੇ ਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਸਾਡਾ ਦੇਸ਼ ਪ੍ਰਤਿਭਾਵਾਨ ਲੋਕਾਂ ਨਾਲ ਭਰਿਆ ਹੋਇਆ ਹੈ। ਜੇਕਰ ਤੁਸੀਂ ਵੀ ਅਜਿਹੇ ਲੋਕਾਂ ਨੂੰ ਜਾਣਦੇ ਹੋ ਤਾਂ ਉਨ੍ਹਾਂ ਦੇ ਬਾਰੇ ਗੱਲ ਕਰੋ, ਲਿਖੋ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਨੂੰ ਸ਼ੇਅਰ ਕਰੋ। ਆਉਣ ਵਾਲੇ ਤਿਓਹਾਰਾਂ ਦੀ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ। ਲੇਕਿਨ ਇੱਕ ਗੱਲ ਯਾਦ ਰੱਖਣਾ ਅਤੇ ਤਿਓਹਾਰਾਂ ਵਿੱਚ ਜ਼ਰਾ ਵਿਸ਼ੇਸ਼ ਰੂਪ ਨਾਲ ਯਾਦ ਰੱਖਣਾ - mask  ਪਹਿਨਣਾ ਹੈ, ਹੱਥ ਸਾਬਣ ਨਾਲ ਧੋਂਦੇ ਰਹਿਣਾ ਹੈ। ਦੋ ਗਜ ਦੀ ਦੂਰੀ ਬਣਾਈ ਰੱਖਣੀ ਹੈ।

 

ਸਾਥੀਓ, ਅਗਲੇ ਮਹੀਨੇ ਫਿਰ ਤੁਹਾਡੇ ਨਾਲ 'ਮਨ ਕੀ ਬਾਤ' ਹੋਵੇਗੀ, ਬਹੁਤ-ਬਹੁਤ ਧੰਨਵਾਦ।

 

*****

 

ਵੀਆਰਆਰਕੇ/ਐੱਸਐੱਚ/ਵੀਕੇ/ਏਆਈਆਰ
 



(Release ID: 1667437) Visitor Counter : 254