ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੁਨੀਆ ਦੀਆਂ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਾਤਾਵਰਣ ਸਮੱਸਿਆਵਾਂ ਦੇ ਸਮਾਧਾਨ ਲਈ ਗਾਂਧੀਵਾਦੀ ਆਦਰਸ਼ਾਂ ਨੂੰ ਪੁਨਰਜੀਵਤ ਕਰਨ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਨੂੰ ਅੱਜ ਹੀਲਿੰਗ ਟੱਚ ਦੀ ਜ਼ਰੂਰਤ ਹੈ ਅਤੇ ਇਹ
ਗਾਂਧੀਵਾਦੀ ਆਦਰਸ਼ ਸਾਨੂੰ ਦੇ ਸਕਦੇ ਹਨ

ਇਸ ਮਹਾਮਾਰੀ ਦੌਰਾਨ ਗਰੀਬਾਂ ਅਤੇ ਵੰਚਿਤਾਂ ਦੇ ਦਰਦ ਨੂੰ ਸਮਝੋ: ਉਪ ਰਾਸ਼ਟਰਪਤੀ

ਮਹਾਤਮਾ ਗਾਂਧੀ ਦੇ ਵਿਚਾਰ ਅਤੇ ਸਿਧਾਂਤ ਮਾਨਵਤਾ ਲਈ ਮਾਰਗ ਦਰਸ਼ਕ ਪ੍ਰਕਾਸ਼ ਬਣੇ
ਰਹਿਣਗੇ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਵਿਕਾਸ ਲਈ ਸਥਾਈ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ‘ਗਾਂਧੀ ਅਤੇ ਵਿਸ਼ਵ’ ਵਿਸ਼ੇ ’ਤੇ ਆਯੋਜਿਤ ਅੰਤਰਰਾਸ਼ਟਰੀ ਵੈਬੀਨਾਰ
ਵਿੱਚ ਪਹਿਲਾਂ ਤੋਂ ਰਿਕਾਰਡ ਕੀਤੀ ਗਈ ਵੀਡਿਓ ਜ਼ਰੀਏ ਸਮਾਪਨ ਭਾਸ਼ਣ ਦਿੱਤਾ

Posted On: 02 OCT 2020 7:09PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇੱਕ ਅਜਿਹੀ ਦੁਨੀਆ ਵਿੱਚ
ਗਾਂਧੀਵਾਦੀ ਆਦਰਸ਼ਾਂ ਨੂੰ ਪੁਨਰਜੀਤ ਕਰਨ ਦਾ ਸੱਦਾ ਦਿੱਤਾ ਹੈ ਜੋ ਸਮਾਜਿਕ, ਰਾਜਨੀਤਕ,
ਆਰਥਿਕ ਅਤੇ ਵਾਤਾਵਰਣ ਸਮੱਸਿਆਵਾਂ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ
ਨੂੰ ਅੱਜ ਹੀਲਿੰਗ ਟੱਚ ਦੀ ਜ਼ਰੂਰਤ ਹੈ ਅਤੇ ਇਹ ਗਾਂਧੀਵਾਦੀ ਆਦਰਸ਼ ਸਾਨੂੰ ਦੇ ਸਕਦੇ ਹਨ।

ਉਪ ਰਾਸ਼ਟਰਪਤੀ ਨੇ ਵਿਦੇਸ਼ ਮਾਮਲਿਆਂ ਦੀ ਭਾਰਤੀ ਪ੍ਰੀਸ਼ਦ (ਆਈਸੀਡਬਲਯੂ) ਵੱਲੋਂ ‘ਗਾਂਧੀ
ਅਤੇ ਵਿਸ਼ਵ’ ਵਿਸ਼ੇ ’ਤੇ ਆਯੋਜਿਤ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਪਹਿਲਾਂ ਤੋਂ ਰਿਕਾਰਡ
ਕੀਤੇ ਗਏ ਇੱਕ ਵੀਡਿਓ ਜ਼ਰੀਏ ਸਮਾਪਨ ਭਾਸ਼ਣ ਦਿੰਦੇ ਹੋਏ ਇਹ ਗੱਲ ਕਹੀ। ਗਾਂਧੀ ਜੀ ਦੀ
150ਵੀਂ ਜਯੰਤੀ ਦੇ ਦੋ ਸਾਲ ਦੇ ਉਤਸਵ ਦੇ ਸਮਾਪਨ ਲਈ ਆਈਸੀਡਬਲਯੂ ਵੱਲੋਂ ਦੋ ਰੋਜ਼ਾ
ਵੈਬੀਨਾਰ ਦਾ ਆਯੋਜਨ ਕੀਤਾ ਗਿਆ ਸੀ।

ਗਾਂਧੀਵਾਦੀ ਮੁੱਲਾਂ ਦੀ ਪ੍ਰਸੰਗਿਕਤਾ ’ਤੇ ਪ੍ਰਕਾਸ਼ ਪਾਉਂਦੇ ਹੋਏ ਉਪ ਰਾਸ਼ਟਰਪਤੀ ਨੇ
ਕਿਹਾ ਕਿ ਉਹ ਇੱਕ ਅਜਿਹੀ ਦੁਨੀਆ ਵਿੱਚ ਪਹਿਲਾਂ ਤੋਂ ਕਿਧਰੇ ਜ਼ਿਆਦਾ ਪ੍ਰਸੰਗਿਕ ਹੋ ਗਏ
ਹਨ ਜੋ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।

ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਜਾਰੀ ਕੋਵਿਡ-19 ਮਹਾਮਾਰੀ ਬਾਰੇ ਗੱਲ ਕਰਦੇ ਹੋਏ ਕਿਹਾ
ਕਿ ਜਦੋਂ ਸਪੈਨਿਸ਼ ਫਲੂ ਦੌਰਾਨ 1918 ਵਿੱਚ ਦੁਨੀਆ ਨੇ ਇਸੀ ਤਰ੍ਹਾਂ ਦੀ ਚੁਣੌਤੀ ਦਾ
ਸਾਹਮਣਾ ਕੀਤਾ ਤਾਂ ਗਾਂਧੀ ਜੀ ਨੇ ਸਾਰੇ ਲੋਕਾਂ, ਵਿਸ਼ੇਸ਼ ਕਰਕੇ ਗਰੀਬਾਂ ਅਤੇ ਵੰਚਿਤਾਂ
ਦੇ ਦਰਦ ਨੂੰ ਸਮਝਣ ਦੀ ਲੋੜ ਬਾਰੇ ਗੱਲ ਕਹੀ ਸੀ।

ਗਰੀਬਾਂ ਪ੍ਰਤੀ ਹਮਦਰਦੀ ਨਹੀਂ ਸੰਵੇਦਨਾ ਦਾ ਸੱਦਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ
ਜ਼ਰੂਰਤਮੰਦਾਂ ਦੀ ਮਦਦ ਕਰਨ ਅਤੇ ਪ੍ਰੀਖਿਆ ਦੀ ਇਸ ਘੜੀ ਵਿੱਚ ਉਨ੍ਹਾਂ ਦੀਆਂ ਤਕਲੀਫ਼ਾਂ
ਘੱਟ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਗਾਂਧੀ ਜੀ ਦੀ ਦਿੱਤੀ ਗਈ ਉਸ ਸਲਾਹ ਵੱਲ ਸਭ ਦਾ ਧਿਆਨ ਖਿੱਚਿਆ ਜਿਸ ਵਿੱਚ
ਉਨ੍ਹਾਂ ਨੇ ਉਸ ਸਮੇਂ ਆਲਮੀ ਸਿਹਤ ਚੁਣੌਤੀ ਤੋਂ ਖੁਦ ਨੂੰ ਬਚਾਉਣ ਲਈ ਲਾਜ਼ਮੀ ਮਾਪਦੰਡਾਂ
ਦਾ ਪਾਲਣ ਕਰਨ ਲਈ ਕਿਹਾ ਸੀ।

ਇਹ ਦੱਸਦੇ ਹੋਏ ਕਿ ਸੰਯੁਕਤ ਰਾਸ਼ਟਰ ਨੇ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ‘ਅੰਤਰਾਸ਼ਟਰੀ
ਅਹਿੰਸਾ ਦਿਵਸ’ ਦੇ ਰੂਪ ਵਿੱਚ ਮਾਨਤਾ ਦਿੱਤੀ ਅਤੇ ਇਸ ਨੂੰ ਹਰ ਸਾਲ ਮਨਾਇਆ ਜਾਂਦਾ ਹੈ,
ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਦੁਨੀਆ ਲਈ ਨਿਰੰਤਰ ਸੁਚੇਤ ਕਰਨ ਵਾਲੀ
ਗੱਲ ਹੈ ਕਿ ਪ੍ਰਗਤੀ ਲਈ ਸ਼ਾਂਤੀ ਇੱਕ ਲਾਜ਼ਮੀ ਸ਼ਰਤ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ
ਗਾਂਧੀ ਨੇ ਦੁਨੀਆ ਨੂੰ ਅਨਿਆਂ ਖਿਲਾਫ਼ ਸੰਘਰਸ਼ ਦਾ ਇੱਕ ਨਵਾਂ ਤਰੀਕਾ, ਸੱਚਾਈ ਅਤੇ
ਅਹਿੰਸਾ ਦੇ ਆਪਣੇ ਸੰਦੇਸ਼ ਜ਼ਰੀਏ ਜੀਵਨ ਜਿਊਣ ਦੀ ਇੱਕ ਨਵੀਂ ਰਾਹ ਦਿਖਾਈ ਸੀ।

ਸ਼੍ਰੀ ਨਾਇਡੂ ਨੇ ਇਸ ਗੱਲ ’ਤੇ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤ ਅਤੇ 14 ਹੋਰ ਦੇਸ਼ਾਂ ਦੇ
ਵਿਦਵਾਨ ਇਸ ਵੈਬੀਨਾਰ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਹਾਤਮਾ
ਗਾਂਧੀ ਦੇ ਸੰਦੇਸ਼ਾਂ, ਮੁੱਲਾਂ ਅਤੇ ਸਿੱਖਿਆਵਾਂ ਦੇ ਮਹੱਤਵ ਅਤੇ ਉਨ੍ਹਾਂ ਦੀ
ਪ੍ਰਸੰਗਿਕਤਾ ਨੂੰ ਜਾਤ, ਵਰਗ, ਪੰਥ, ਲਿੰਗ ਅਤੇ ਭੂਗੋਲਿਕ ਰੁਕਾਵਟਾਂ ਤੋਂ ਪਰੇ ਹੋਣ
ਨੂੰ ਦਰਸਾਉਂਦਾ ਹੈ।

ਸ਼੍ਰੀ ਨਾਇਡੂ ਨੇ ਸੱਤਿਆਗ੍ਰਹਿ ਅਤੇ ਅਹਿੰਸਾ ਨੂੰ ਮਹਾਤਮਾ ਗਾਂਧੀ ਦੇ ਦਰਸ਼ਨ ਦੇ ਦੋ
ਪ੍ਰਮੁੱਖ ਸਤੰਭ ਦੱਸਦੇ ਹੋਏ ਕਿਹਾ ਕਿ ਉਹ 20ਵੀਂ ਸਦੀ ਵਿੱਚ ਦੀਨ ਦੁਖੀਆਂ ਲਈ ਪ੍ਰਕਾਸ਼
ਦਾ ਕੇਂਦਰ ਬਣੇ ਅਤੇ ਮੌਤ ਦੇ 72 ਸਾਲ ਬਾਅਦ ਅੱਜ ਵੀ ਬਣੇ ਹੋਏ ਹਨ।

ਉਨ੍ਹਾਂ ਨੇ ਮਾਨਵਤਾ ਦੀ ਸਹਿਜ ਭਲਾਈ ਵਿੱਚ ਮਹਾਤਮਾ ਗਾਂਧੀ ਦੇ ਅਟੁੱਟ ਵਿਸ਼ਵਾਸ ਬਾਰੇ
ਦੱਸਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਦਾ ਮੰਨਣਾ ਸੀ ਕਿ ਲੋਕ ਬੁਰੇ ਨਹੀਂ ਹੁੰਦੇ,
ਸਿਰਫ਼ ਬੁਰੇ ਕਰਮ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੱਚਾਈ, ਅਹਿੰਸਾ ਅਤੇ ਸ਼ਾਂਤੀ ਦੇ
ਸਰਬਵਿਆਪੀ ਵਿਸ਼ੇ ਅੱਜ ਪਹਿਲਾਂ ਤੋਂ ਕਿਧਰੇ ਜ਼ਿਆਦਾ ਪ੍ਰਸੰਗਿਕ ਹਨ।

ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਮਹਾਤਮਾ ਗਾਂਧੀ ਦੀ ਮਹਾਨਤਾ ਸਿੱਖਣ ਦੀ ਉਨ੍ਹਾਂ ਦੀ
ਯੋਗਤਾ ਅਤੇ ਲਲਕ ਵਿੱਚ ਮੌਜੂਦ ਹੈ। ਉਨ੍ਹਾਂ ਨੇ ਦੁਨੀਆ ਨੂੰ ਨਾ ਸਿਰਫ਼ ਗਹਿਰਾਈ ਨਾਲ
ਪ੍ਰਭਾਵਿਤ ਕੀਤਾ, ਬਲਕਿ ਦੁਨੀਆ ਨੂੰ ਸਮਾਨ ਰੂਪ ਨਾਲ ਉਨ੍ਹਾਂ ਦੇ ਵਿਚਾਰਾਂ ਨੂੰ
ਪ੍ਰਭਾਵਿਤ ਕਰਨ ਅਤੇ ਪ੍ਰੇਰਿਤ ਕਰਨ ਦੀ ਆਗਿਆ ਦਿੱਤੀ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਚਾਰ ਅਤੇ ਸਿਧਾਂਤ ਮਾਨਵਤਾ ਸਾਹਮਣੇ
ਵਿਭਿੰਨ ਚੁਣੌਤੀਆਂ ’ਤੇ ਕਾਬੂ ਪਾਉਣ ਲਈ ਨਿਰੰਤਰ ਵਿਕਾਸ ਨੂੰ ਪ੍ਰੋਤਸਾਹਨ ਦੇਣ ਅਤੇ
ਆਤਮ ਨਿਰਭਰਤਾ ਨਾਲ ਦਹਿਸ਼ਤਗਰਦੀ ਨਾਲ ਨਜਿੱਠਣ ਲਈ ਮਾਰਗਦਰਸ਼ਕ ਪ੍ਰਕਾਸ਼ ਬਣੇ ਰਹਿਣਗੇ।

ਗਾਂਧੀ ਜੀ ਦੀਆਂ ਗੱਲਾਂ ਦਾ ਹਵਾਲਾ ਦਿੰਦੇ ਹੋਏ ਕਿ ਹਰ ਕਿਸੇ ਦੀਆਂ ਜ਼ਰੂਰਤਾਂ ਪੂਰੀਆਂ
ਕਰਨ ਦੇ ਸਾਧਨ ਉਚਿੱਤ ਹਨ, ਪਰ ਹਰ ਕਿਸੇ ਦੇ ਲਾਲਚ ਲਈ ਨਹੀਂ, ਉਪ ਰਾਸ਼ਟਰਪਤੀ ਨੇ ਅਜਿਹੇ
ਸਮੇਂ ਵਿੱਚ ਨਿਰੰਤਰ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। ਜਦੋਂ ਵਾਤਾਵਰਣ ਦਾ ਵਧ ਰਿਹਾ
ਸ਼ੋਸ਼ਣ ਮੁਸ਼ਕਿਲਾਂ ਨੂੰ ਸੱਦਾ ਦੇ ਰਿਹਾ ਹੈ।

ਇਸ ਆਯੋਜਨ ਵਿੱਚ ਦੱਖਣੀ ਅਫ਼ਰੀਕਾ, ਮਿਆਂਮਾਰ, ਰੂਸ, ਸਿੰਗਾਪੁਰ, ਓਮਾਨ, ਸ਼੍ਰੀਲੰਕਾ,
ਇਟਲੀ, ਜਰਮਨੀ, ਮੈਕਸੀਕੋ, ਬ੍ਰਾਜ਼ੀਲ, ਅਰਜਨਟੀਨਾ, ਕੋਸਟਾ ਰੀਕਾ, ਉਜ਼ਬੇਕਿਸਤਾਨ ਅਤੇ
ਚੀਨ ਦੇ ਵਿਦਵਾਨਾਂ ਨੇ ਭਾਗ ਲਿਆ।

****


ਵੀਆਰਆਰਕੇ / ਐਮਐਸ / ਐਮਐਸਵਾਈ / ਡੀਪੀ



(Release ID: 1661201) Visitor Counter : 156