ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ ਅਟਲ ਸੁਰੰਗ ਦਾ ਉਦਘਾਟਨ
Posted On:
01 OCT 2020 1:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਅਕਤੂਬਰ, 2020 ਨੂੰ ਸਵੇਰੇ 10 ਵਜੇ ਰੋਹਤਾਂਗ ’ਚ ਅਟਲ ਸੁਰੰਗ ਦਾ ਉਦਘਾਟਨ ਕਰਨਗੇ।
ਅਟਲ ਸੁਰੰਗ ਸਮੁੱਚੇ ਵਿਸ਼ਵ ਵਿੱਚ ਕਿਸੇ ਵੀ ਰਾਜਮਾਰਗ ਉੱਤੇ ਸਭ ਤੋਂ ਲੰਮੀ ਸੁਰੰਗ ਹੈ। 9.02 ਕਿਲੋਮੀਟਰ ਲੰਮੀ ਇਹ ਸੁਰੰਗ ਸਾਰਾ ਸਾਲ ਮਨਾਲੀ ਨੂੰ ਲਾਹੌਲ–ਸਪਿਤੀ ਨਾਲ ਜੋੜ ਕੇ ਰੱਖੇਗੀ। ਪਹਿਲਾਂ ਹਰ ਸਾਲ ਲਗਭਗ 6 ਮਹੀਨਿਆਂ ਤੱਕ ਭਾਰੀ ਬਰਫ਼ਬਾਰੀ ਕਾਰਣ ਇਹ ਵਾਦੀ ਦੇਸ਼ ਤੋਂ ਕਟਦੀ ਰਹੀ ਹੈ।
ਇਹ ਸੁਰੰਗ ਹਿਮਾਲਿਆ ਦੀਆਂ ਪੀਰ ਪੰਜਾਲ ਪਹਾੜੀਆਂ ਵਿੱਚ ਸਮੁੰਦਰੀ ਤਲ ਤੋਂ 3,000 ਮੀਟਰ (10,000 ਫ਼ੁੱਟ) ਦੀ ਉਚਾਈ ਉੱਤੇ ਅਤਿ–ਆਧੁਨਿਕ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤੀ ਗਈ ਹੈ।
ਇਸ ਸੁਰੰਗ ਨੇ ਸੜਕ ਜ਼ਰੀਏ ਮਨਾਲੀ ਤੇ ਲੇਹ ਵਿਚਾਲੇ 46 ਕਿਲੋਮੀਟਰ ਦੀ ਦੂਰੀ ਅਤੇ 4 ਤੋਂ 5 ਘੰਟੇ ਦੀ ਯਾਤਰਾ ਘਟਾ ਦਿੱਤੀ ਹੈ।
ਅਟਲ ਸੁਰੰਗ ਦਾ ਦੱਖਣੀ ਪੋਰਟਲ (SP) ਮਨਾਲੀ ਤੋਂ 25 ਕਿਲੋਮੀਟਰ ਦੀ ਦੂਰੀ ਉੱਤੇ 3,060 ਮੀਟਰ ਦੀ ਉਚਾਈ ਉੱਤੇ ਸਥਿਤ ਹੈ, ਜਦ ਕਿ ਸੁਰੰਗ ਦਾ ਉੱਤਰੀ ਪੋਰਟਲ (NP) ਲਾਹੌਲ ਵਾਦੀ ਵਿੱਚ ਪਿੰਡ ਤੇਲਿੰਗ, ਸਿੱਸੂ ਨੇੜੇ 3,071 ਮੀਟਰ ਦੀ ਉਚਾਈ ਉੱਤੇ ਸਥਿਤ ਹੈ।
ਇਸ ਸੁਰੰਗ ਦਾ ਆਕਾਰ ਘੋੜੇ ਦੀ ਨਾਲ਼ ਵਰਗਾ ਹੈ, ਇਹ ਸਿੰਗਲ ਟਿਊਬ ਡਬਲ ਲੇਨ ਸੁਰੰਗ ਹੈ, ਜਿਸ ਉੱਤੇ ਸੜਕ–ਮਾਰਗ 8 ਮੀਟਰ ਦਾ ਹੈ। ਇਸ ਸੁਰੰਗ ਦੀ ਛੱਤ 5.525 ਮੀਟਰ ਦੀ ਉਚਾਈ ਉੱਤੇ ਸਥਿਤ ਹੈ।
ਇਹ ਸੁਰੰਗ 10.5 ਮੀਟਰ ਚੌੜੀ ਹੈ ਅਤੇ ਇਹ ਮੁੱਖ ਸੁਰੰਗ ਦੇ ਅੰਦਰ ਬਣੀ 3.6 x 2.25 ਮੀਟਰ ਫ਼ਾਇਰ–ਪਰੂਫ਼ ਐਮਰਜੈਂਸੀ ਈਗ੍ਰੈਸ ਸੁਰੰਗ ਹੈ।
ਅਟਲ ਸੁਰੰਗ ਰੋਜ਼ਾਨਾ 3,000 ਕਾਰਾਂ ਪ੍ਰਤੀ ਦਿਨ ਅਤੇ 1,500 ਟਰੱਕ ਪ੍ਰਤੀ ਦਿਨ ਦੀ ਆਵਾਜਾਈ ਘਣਤਾ ਲਈ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ ਵੱਧ ਤੋਂ ਵੱਧ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਰੱਖੀ ਜਾ ਸਕਦੀ ਹੈ।
ਇਹ ਸੁਰੰਗ ਹਵਾਦਾਰੀ ਲਈ ਸੈਮੀ ਟ੍ਰਾਂਸਵਰਸ ਪ੍ਰਣਾਲੀ ਸਮੇਤ ਅਤਿ–ਆਧੁਨਿਕ ਇਲੈਕਟ੍ਰੌਮਕੈਨੀਕਲ ਸਿਸਟਮ, ਐੱਸਸੀਏਡੀਏ (SCADA) ਦੁਆਰਾ ਨਿਯੰਤ੍ਰਿਤ ਅਗਨੀ–ਸ਼ਮਨ, ਰੌਸ਼ਨੀ ਤੇ ਨਿਗਰਾਨੀ ਪ੍ਰਣਾਲੀ ਨਾਲ ਲੈਸ ਹੈ।
ਇਸ ਸੁਰੰਗ ਦੀਆਂ ਆਪਣੀਆਂ ਕਈ ਸੁਰੱਖਿਆ ਵਿਸ਼ੇਸ਼ਤਾਵਾਂ ਹਨ। ਇਸ ਦੀਆਂ ਕੁਝ ਪ੍ਰਮੁੱਖ ਸੁਰੱਖਿਆ ਵਿਸ਼ੇਸ਼ਤਾਵਾਂ ਇਹ ਹਨ:
(ੳ) ਸੁਰੰਗ ਦੇ ਦੋਵੇਂ ਪੋਰਟਲਜ਼ ਉੱਤੇ ਪ੍ਰਵੇਸ਼ ਬੈਰੀਅਰਜ਼।
(ਅ) ਐਮਰਜੈਂਸੀ ਸੰਚਾਰ ਲਈ ਹਰੇਕ 150 ਮੀਟਰ ਦੀ ਦੂਰੀ ਉੱਤੇ ਟੈਲੀਫ਼ੋਨ ਕਨੈਕਸ਼ਨਜ਼।
(ੲ) ਹਰੇਕ 60 ਮੀਟਰ ਉੱਤੇ ਫ਼ਾਇਰ ਹਾਈਡ੍ਰੈਂਟ ਵਿਵਸਥਾ।
(ਸ) ਹਰੇਕ 250 ਮੀਟਰ ਦੀ ਦੂਰੀ ਉੱਤੇ ਸੀਸੀਟੀਵੀ (CCTV) ਕੈਮਰਿਆਂ ਨਾਲ ਕਿਸੇ ਘਟਨਾ ਦੇ ਵਾਪਰਨ ਦਾ ਆਪਣੇ–ਆਪ ਪਤਾ ਲਾਉਣ ਵਾਲੀ ਪ੍ਰਣਾਲੀ।
(ਹ) ਹਰੇਕ 1 ਕਿਲੋਮੀਟਰ ਉੱਤੇ ਹਵਾ ਦੇ ਗੁਣਵੱਤਾ ਉੱਤੇ ਨਜ਼ਰ।
(ਕ) ਹਰੇਕ 25 ਮੀਟਰ ਉੱਤੇ ਨਿਕਾਸੀ ਸੰਕੇਤ।
(ਖ) ਸਮੁੱਚੀ ਸੁਰੰਗ ਵਿੱਚ ਪ੍ਰਸਾਰਣ ਪ੍ਰਣਾਲੀ।
(ਗ) ਹਰੇਕ 50 ਮੀਟਰ ਦੀ ਦੂਰੀ ਉੱਤੇ ਫ਼ਾਇਰ ਰੇਟਡ ਡੈਂਪਰਜ਼।
(ਘ) ਹਰੇਕ 60 ਮੀਟਰ ਦੀ ਦੂਰੀ ਉੱਤੇ ਕੈਮਰੇ।
ਜਦੋਂ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਪ੍ਰਧਾਨ ਮੰਤਰੀ ਹੁੰਦੇ ਸਨ ਉਦੋਂ ਰੋਹਤਾਂਗ ਦੱਰੇ ਦੇ ਹੇਠਾਂ ਦੀ ਇੱਕ ਰਣਨੀਤਕ ਸੁਰੰਗ ਦੇ ਨਿਰਮਾਣ ਦਾ ਇਤਿਹਾਸਕ ਫ਼ੈਸਲਾ 03 ਜੂਨ, 2000 ਨੂੰ ਲਿਆ ਗਿਆ ਸੀ। ਸੁਰੰਗ ਦੇ ਦੱਖਣੀ ਪੋਰਟਲ ਦੇ ਪਹੁੰਚ–ਮਾਰਗ ਦਾ ਨੀਂਹ ਪੱਥਰ 26 ਮਈ, 2002 ਨੂੰ ਰੱਖਿਆ ਗਿਆ ਸੀ।
ਸੀਮਾ ਸੜਕ ਸੰਗਠਨ (BRO) ਨੇ ਪ੍ਰਮੁੱਖ ਭੂ–ਵਿਗਿਆਨਕ ਭੂਮੀਭਾਗ, ਇਲਾਕਾਈ ਤੇ ਮੌਸਮੀ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਣਥੱਕ ਯਤਨ ਕੀਤੇ। ਇਨ੍ਹਾਂ ਚੁਣੌਤੀਆਂ ਵਿੱਚ ਸਭ ਤੋਂ ਕਠਿਨ ਭਾਗ 587 ਮੀਟਰ ਲੰਬਾ ਸੇਰੀ ਨਾਲ਼ਾ ਫਾਲਟ ਜ਼ੋਨ ਸ਼ਾਮਲ ਹੈ, ਦੋਵੇਂ ਪਾਸੇ ਸਫਲਤਾ 15 ਅਕਤੂਬਰ, 2017 ਨੂੰ ਮਿਲੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ 24 ਦਸੰਬਰ, 2019 ਨੂੰ ਕੇਂਦਰੀ ਮੰਤਰੀ ਮੰਡਲ ਨੇ ਇੱਕ ਬੈਠਕ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰ ਵਾਜਪੇਈ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਰੋਹਤਾਂਗ ਸੁਰੰਗ ਦਾ ਨਾਮ ਅਟਲ ਸੁਰੰਗ ਰੱਖਣ ਦਾ ਫ਼ੈਸਲਾ ਕੀਤਾ ਸੀ।
ਮਨਾਲੀ ’ਚ ਦੱਖਣੀ ਪੋਰਟਲ ਵਿਖੇ ਅਟਲ ਸੁਰੰਗ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਲਾਹੌਲ ਸਪਿਤੀ ਵਿੱਚ ਸਿੱਸੂ ਅਤੇ ਸੋਲਾਂਗ ਵਾਦੀ ਵਿਖੇ ਜਨਤਕ ਸਮਾਰੋਹਾਂ ਵਿੱਚ ਭਾਗ ਲੈਣਗੇ।
************
ਵੀਆਰਆਰਕੇ/ਕੇਪੀ
(Release ID: 1660640)
Visitor Counter : 196
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam