ਜਹਾਜ਼ਰਾਨੀ ਮੰਤਰਾਲਾ
ਭਾਰਤ ਅਤੇ ਮਾਲਦੀਵ ਦਰਮਿਆਨ ਅੱਜ ਤੋਂ ਸਿੱਧੀ ਕਾਰਗੋ ਕਿਸ਼ਤੀ ਸੇਵਾ ਸ਼ੁਰੂ
ਭਾਰਤ ਅਤੇ ਮਾਲਦੀਵ ਦਰਮਿਆਨ ਵਿਆਪਕ ਦੁਵੱਲੇ ਸਬੰਧਾਂ ਵਿੱਚ ਇੱਕ ਹੋਰ ਮੀਲ ਪੱਥਰ: ਸ਼੍ਰੀ ਮਾਂਡਵੀਯਾ
Posted On:
21 SEP 2020 4:28PM by PIB Chandigarh
ਜਹਾਜ਼ਰਾਨੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਅਤੇ ਮਾਲਦੀਵ ਦੇ ਆਵਾਜਾਈ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀਮਤੀ ਆਇਸ਼ਥ ਨਾਹੁਲਾ ਨੇ ਅੱਜ ਸਾਂਝੇ ਤੌਰ 'ਤੇ ਭਾਰਤ ਅਤੇ ਮਾਲਦੀਵ ਦੇ ਵਿਚਕਾਰ ਸਿੱਧੀ ਕਾਰਗੋ ਕਿਸ਼ਤੀ ਸੇਵਾ ਸ਼ੁਰੂ ਕੀਤੀ।

ਇਸ ਦੀ ਪਹਿਲੀ ਯਾਤਰਾ ਦੌਰਾਨ 200 ਟੀਈਯੂ ਅਤੇ 3000 ਐੱਮਟੀ ਬ੍ਰੇਕ ਬਲਕ ਕਾਰਗੋ ਦੀ ਸਮਰੱਥਾ ਵਾਲਾ ਇੱਕ ਸਮੁੰਦਰੀ ਜਹਾਜ਼ ਅੱਜ ਤੁਤੀਕੋਰਿਨ ਤੋਂ ਕੋਚੀ ਲਈ ਰਵਾਨਾ ਹੋਵੇਗਾ, ਜਿੱਥੋਂ ਇਹ ਉੱਤਰੀ ਮਾਲਦੀਵ ਦੀ ਕੁਲਹੁਦਫੁਸ਼ੀ ਬੰਦਰਗਾਹ ਅਤੇ ਫਿਰ ਮਾਲੇ ਬੰਦਰਗਾਹ ਵੱਲ ਰਵਾਨਾ ਹੋਵੇਗਾ। ਇਸਦੇ 26 ਸਤੰਬਰ, 2020 ਨੂੰ ਕੁਲਹੁਦਫੁਸ਼ੀ ਅਤੇ 29 ਸਤੰਬਰ, 2020 ਨੂੰ ਮਾਲੇ ਪਹੁੰਚਣ ਦੀ ਯੋਜਨਾ ਹੈ। ਇਹ ਕਿਸ਼ਤੀ ਸੇਵਾ, ਭਾਰਤੀ ਜਹਾਜ਼ਰਾਨੀ ਨਿਗਮ ਦੁਆਰਾ ਸੰਚਾਲਤ ਕੀਤੀ ਜਾ ਰਹੀ ਹੈ। ਇਹ ਸੇਵਾ ਇੱਕ ਮਹੀਨੇ ਵਿੱਚ ਦੋ ਵਾਰ ਚਲੇਗੀ ਅਤੇ ਭਾਰਤ ਅਤੇ ਮਾਲਦੀਵ ਦੇ ਵਿਚਕਾਰ ਲਾਗਤ ਪ੍ਰਭਾਵਸ਼ਾਲੀ, ਸਿੱਧੇ ਅਤੇ ਬਦਲਵੇਂ ਢੰਗ ਤਰੀਕੇ ਪ੍ਰਦਾਨ ਕਰੇਗੀ।


ਇਸ ਮੌਕੇ ਸੰਬੋਧਨ ਕਰਦਿਆਂ ਜਹਾਜ਼ਰਾਨੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਇਹ ਸੇਵਾ ਭਾਰਤ ਅਤੇ ਮਾਲਦੀਵ ਵਿਚਾਲੇ ਵਿਆਪਕ ਦੁਵੱਲੇ ਸਬੰਧਾਂ ਵਿੱਚ ਇੱਕ ਹੋਰ ਮੀਲ ਪੱਥਰ ਹੈ। ਉਨ੍ਹਾਂ ਦੱਸਿਆ ਕਿ ਇਹ ਸਿੱਧੀ ਕਾਰਗੋ ਸੇਵਾ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਅਤੇ ਦੁਵੱਲੇ ਵਪਾਰ ਨੂੰ ਉਤਸ਼ਾਹਤ ਕਰਕੇ ਭਾਰਤ ਅਤੇ ਮਾਲਦੀਵ ਦੇ ਵਿਚਕਾਰ ਨੇੜਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।
ਮਾਲਦੀਵ ਦੇ ਆਵਾਜਾਈ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀਮਤੀ ਆਇਸ਼ਥ ਨਾਹੁਲਾ ਨੇ ਭਾਰਤ ਅਤੇ ਮਾਲਦੀਵ ਵਿਚਾਲੇ ਦੋਸਤੀ ਅਤੇ ਸਹਿਯੋਗ ਦੇ ਨਜ਼ਦੀਕੀ ਸਬੰਧਾਂ ਦੇ ਪ੍ਰਤੀਕ ਵਜੋਂ ਸੇਵਾ ਦੀ ਸ਼ੁਰੂਆਤ ਲਈ ਡੂੰਘੀ ਸ਼ਲਾਘਾ ਕੀਤੀ।
ਇਸ ਸੇਵਾ ਦੀ ਸ਼ੁਰੂਆਤ ਪਿਛਲੇ ਸਾਲ ਜੂਨ ਵਿਚ ਮਾਲਦੀਵ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੀ ਪ੍ਰਤੀਬੱਧਤਾ ਨੂੰ ਠੋਸ ਰੂਪ ਵਿਚ ਪੂਰਾ ਕਰਦਿਆਂ ਕੀਤੀ ਗਈ ਹੈ ਅਤੇ ਇਸਦਾ ਐਲਾਨ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਵਰਚੁਅਲ ਮੁਲਾਕਾਤ ਦੌਰਾਨ 13 ਅਗਸਤ, 2020 ਨੂੰ ਕੀਤਾ।
ਇਸ ਮੌਕੇ ਜਹਾਜ਼ਰਾਨੀ ਮੰਤਰਾਲੇ, ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਮਾਲਦੀਵ ਦੇ ਅਧਿਕਾਰੀ ਵੀ ਮੌਜੂਦ ਸਨ।
***
ਵਾਈਬੀ / ਏਪੀ
(Release ID: 1657555)
Visitor Counter : 217