ਵਣਜ ਤੇ ਉਦਯੋਗ ਮੰਤਰਾਲਾ

ਸਪਲਾਈ ਲੜੀਆਂ ਦੀ ਮਜ਼ਬੂਤੀ 'ਤੇ ਆਸਟਰੇਲੀਆ-ਭਾਰਤ-ਜਾਪਾਨ ਦੇ ਆਰਥਿਕ ਮੰਤਰੀਆਂ ਦਾ ਸਾਂਝਾ ਬਿਆਨ

Posted On: 01 SEP 2020 4:56PM by PIB Chandigarh

ਸਪਲਾਈ ਲੜੀਆਂ ਦੀ ਮਜ਼ਬੂਤੀ 'ਤੇ 1 ਸਤੰਬਰ 2020 ਨੂੰ ਆਯੋਜਿਤ ਕੀਤੀ ਗਈ ਤਿਕੋਣੀ ਮੰਤਰੀ ਪੱਧਰ ਦੀ ਬੈਠਕ ਦੌਰਾਨ ਪ੍ਰਵਾਨਿਤ ਕੀਤੇ ਗਏ ਸਾਂਝੇ ਮੰਤਰੀ ਪੱਧਰੀ ਬਿਆਨ ਦਾ ਸਾਰ ਹੇਠਲਿਖਤ ਹੈ :

1. ਆਸਟਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ, ਸੈਨੇਟਰ ਮਾਣਯੋਗ ਸਾਈਮਨ ਬਰਮਿੰਘਮ, ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ, ਮਾਣਯੋਗ ਪੀਯੂਸ਼ ਗੋਇਲ ਅਤੇ ਜਾਪਾਨ ਦੇ ਅਰਥਚਾਰੇ, ਵਪਾਰ ਅਤੇ ਉਦਯੋਗ ਮੰਤਰੀ, ਮਾਣਯੋਗ ਕਾਜੀਆਮਾ ਹੀਰੋਸ਼ੀ ਨੇ 1 ਸਤੰਬਰ 2020 ਨੂੰ ਇੱਕ ਮੰਤਰੀ ਪੱਧਰ ਦੀ ਵੀਡੀਓ ਕਾਨਫਰੰਸ ਆਯੋਜਿਤ ਕੀਤੀ।

2. ਮੰਤਰੀਆਂ ਨੇ ਇੱਕ ਸੁਤੰਤਰ, ਨਿਰਪੱਖ, ਸੰਮਿਲਿਤ, ਗੈਰ-ਪੱਖਪਾਤੀ, ਪਾਰਦਰਸ਼ੀ, ਆਸਵਾਨ ਅਤੇ ਸਥਿਰ ਵਪਾਰ ਅਤੇ ਨਿਵੇਸ਼ ਦੇ ਮਾਹੌਲ ਨੂੰ ਯਕੀਨੀ ਬਣਾਉਣ ਅਤੇ ਆਪਣੇ ਬਾਜ਼ਾਰਾਂ ਨੂੰ ਖੁੱਲਾ ਰੱਖਣ ਵਿੱਚ ਅਗਵਾਈ ਕਰਨ ਲਈ ਆਪਣੀ ਦ੍ਰਿੜਤਾ ਦੀ ਮੁੜ ਪੁਸ਼ਟੀ ਕੀਤੀ।

3. ਕੋਵਿਡ -19 ਸੰਕਟ ਦੇ ਨਾਲ-ਨਾਲ ਆਰਥਿਕ ਅਤੇ ਤਕਨੀਕੀ ਦ੍ਰਿਸ਼ ਵਿਚ ਹਾਲ ਹੀ ਵਿਚ ਹੋਈਆਂ ਆਲਮੀ ਤਬਦੀਲੀਆਂ ਨੂੰ ਧਿਆਨ ਵਿਚ ਰੱਖਦਿਆਂ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਅਤੇ ਸਮਰੱਥਾ 'ਤੇ ਚਾਨਣਾ ਪਾਇਆ।

4. ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨ 'ਤੇ ਖੇਤਰੀ ਸਹਿਯੋਗ ਦੀ ਅਯੋਗਤਾ ਨੂੰ ਪਛਾਣਦੇ ਹੋਏ, ਮੰਤਰੀਆਂ ਨੇ ਸਹਿਯੋਗ ਰਾਹੀਂ ਉਦੇਸ਼ ਨੂੰ ਪੂਰਾ ਕਰਨ ਲਈ ਇਕ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਨ ਲਈ ਕੰਮ ਕਰਨ ਦਾ ਆਪਣਾ ਇਰਾਦਾ ਸਾਂਝਾ ਕੀਤਾ। ਮੰਤਰੀਆਂ ਨੇ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੀਂ ਪਹਿਲ ਦਾ ਵੇਰਵਾ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਵੇ ਤਾਂ ਜੋ ਇਸ ਸਾਲ ਦੇ ਦੂਜੇ ਅੱਧ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾ ਸਕੇ। ਮੰਤਰੀਆਂ ਨੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਕਾਰੋਬਾਰ ਅਤੇ ਅਕਾਦਮਿਕ ਖੇਤਰ ਦੀ ਮਹੱਤਵਪੂਰਣ ਭੂਮਿਕਾ ਦਾ ਜ਼ਿਕਰ ਕੀਤਾ।

5. ਮੰਤਰੀਆਂ ਨੇ ਖੇਤਰ ਦੇ ਉਨ੍ਹਾਂ ਹੋਰਨਾਂ ਦੇਸ਼ਾਂ ਨੂੰ ਵੀ ਇਸ ਉੱਦਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜੋ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹਨ।

                                                                                    ***

ਵਾਈਬੀ/ਏਪੀ(Release ID: 1650536) Visitor Counter : 154