ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਵੱਲੋਂ ਜਲ ਸ਼ਕਤੀ ਮਿਸ਼ਨ ਲਾਗੂ ਕਰਨ ਬਾਰੇ ਅਰੁਣਾਚਲ ਪ੍ਰਦੇਸ਼ ਤੇ ਮੁੱਖ ਮੰਤਰੀ ਨਾਲ ਚਰਚਾ
ਅਰੁਣਾਚਲ ਪ੍ਰਦੇਸ਼ ਵੱਲੋਂ 2023 ਤੱਕ 100 ਫੀਸਦ ਕਵਰੇਜ ਦੀ ਯੋਜਨਾ
Posted On:
31 AUG 2020 3:47PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੂਬੇ ਵਿੱਚ ਜਲ ਜੀਵਨ ਮਿਸ਼ਨ ਲਾਗੂ ਕਰਨ ਸੰਬੰਧੀ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਨਾਲ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕੀਤੀ । ਸ਼੍ਰੀ ਸ਼ੇਖਾਵਤ ਦਾ ਕੋਵਿਡ ਲਈ ਇਲਾਜ ਚੱਲ ਰਿਹਾ ਹੈ ਇਸ ਲਈ ਉਹ ਹਸਪਤਾਲ ਤੋਂ ਹੀ ਵੀਡੀਓ ਕਾਨਫਰੰਸ ਵਿੱਚ ਸ਼ਾਮਲ ਹੋਏ । ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਵੀ ਵਰਚੁਅਲ ਮੀਟਿੰਗ ਵਿੱਚ ਸ਼ਾਮਲ ਹੋਏ । ਵਧੀਕ ਸਕੱਤਰ ਤੇ ਮਿਸ਼ਨ ਦੇ ਡਾਇਰੈਕਟਰ ਅਤੇ ਮੰਤਰਾਲੇ ਦੇ ਹੋਰਨਾਂ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ । ਅਰੁਣਾਚਲ ਪ੍ਰਦੇਸ਼ ਵੱਲੋਂ ਪੀ ਐਚ ਈ ਡੀ ਮੰਤਰੀ , ਮੁੱਖ ਸਕੱਤਰ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਭਾਗ ਲਿਆ ।
ਭਾਰਤ ਸਰਕਾਰ ਦਿਹਾਤੀ ਇਲਾਕਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਜੀਵਨ ਵਿੱਚ ਸੁਧਾਰ ਕਰਨ ਲਈ ਉਹਨਾਂ ਨੂੰ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ । ਪੀਣ ਵਾਲੇ ਪਾਣੀ ਦੀ ਸਪਲਾਈ ਮੁੱਖ ਸੇਵਾ ਹੈ ਜਿਸ ਤਹਿਤ ਪਾਣੀ ਦੇ ਮਿਆਰ ਤੇ ਮਾਤਰਾ ਤੇ ਸਮੇਂ-ਸਮੇਂ ਸਿਰ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜਲ ਜੀਵਨ ਮਿਸ਼ਨ ਨਾਂ ਦਾ ਫਲੈਗਸ਼ਿਪ ਪ੍ਰੋਗਰਾਮ ਬਣਾਇਆ ਗਿਆ ਹੈ । ਇਹ ਮਿਸ਼ਨ ਸੂਬਿਆਂ ਦੀ ਭਾਈਵਾਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ । ਇਸ ਮਿਸ਼ਨ ਦਾ ਮਕਸਦ ਹਰੇਕ ਪਿੰਡ ਦੇ ਮਕਾਨ ਵਿੱਚ ਰਹਿ ਰਹੇ ਪਰਿਵਾਰ ਨੂੰ ਪਾਣੀ ਦਾ ਕੁਨੈਕਸ਼ਨ ਦੇਣਾ ਹੈ ।
ਅਰੁਣਾਚਲ ਪ੍ਰਦੇਸ਼ ਸੂਬੇ ਦੇ ਹਰੇਕ ਦਿਹਾਤੀ ਮਕਾਨ ਨੂੰ 2023 ਤੱਕ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਦੇਣ ਦਾ ਟੀਚਾ ਹਾਸਲ ਕਰਨ ਲਈ 100 ਫੀਸਦ ਵਿਉਂਤਬੰਦੀ ਕਰ ਰਿਹਾ ਹੈ । ਇਸ ਸੰਬੰਧੀ ਕੇਂਦਰੀ ਮੰਤਰੀ ਨੇ ਸੂਬੇ ਵਿੱਚ ਹੋ ਰਹੀ ਪ੍ਰਗਤੀ ਸੰਬੰਧੀ ਮੁੱਖ ਮੰਤਰੀ ਨਾਲ ਚਰਚਾ ਕੀਤੀ । ਕੇਂਦਰੀ ਮੰਤਰੀ ਨੇ ਦਿਹਾਤੀ ਲੋਕਾਂ ਦੇ ਜੀਵਨ ਮਿਆਰ ਵਿੱਚ ਸੁਧਾਰ ਲਈ ਜੀਵਨ ਬਦਲਣ ਵਾਲੇ ਮਿਸ਼ਨ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਨਵੀਂ ਫਿਟਿੰਗ ਤੇ ਮੌਜੂਦਾ ਜਲ ਸਪਲਾਈ ਸਕੀਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਤੇ ਜੋਰ ਦਿੱਤਾ । ਸੂਬੇ ਦੇ 5,457 ਪਿੰਡਾਂ ਵਿੱਚੋਂ 3,823 ਪਿੰਡਾਂ ਤੱਕ ਪਾਣੀ ਦੀ ਪਾਈਪ ਪਹੁੰਚ ਗਈ ਹੈ ਪਰ ਕੁੱਲ 2.17 ਮਕਾਨਾਂ ਵਿੱਚੋਂ ਕੇਵਲ 20 ਫੀਸਦ ਭਾਵ 43,244 ਮਕਾਨਾਂ ਕੋਲ ਹੀ ਪਾਣੀ ਦਾ ਕੁਨੈਕਸ਼ਨ ਹੈ । ਕੇਂਦਰੀ ਮੰਤਰੀ ਨੇ ਇਸ ਕੰਮ ਨੂੰ ਮੁਹਿੰਮ ਦੀ ਤਰਾਂ ਕਰਨ ਦੀ ਅਪੀਲ ਕੀਤੀ ਤਾਂ ਜੋ ਗਰੀਬ ਤੇ ਸਮਾਜ ਦੇ ਹਾਸ਼ੀਏ ਤੇ ਲੱਗੇ ਪਰਿਵਾਰਾਂ ਨੂੰ ਛੇਤੀ ਤੋਂ ਛੇਤੀ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਇਆ ਜਾ ਸਕੇ ।
ਸ਼੍ਰੀ ਸ਼ੇਖਾਵਤ ਨੇ ਇਹ ਟੀਚਾ ਹਾਸਲ ਕਰਨ ਲਈ ਸੂਬੇ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ । ਕੇਂਦਰੀ ਮੰਤਰੀ ਨੇ ਦਿਹਾਤੀ ਜਲ ਸਪਲਾਈ ਦੀ ਵਿਉਂਤਬੰਦੀ, ਉਸ ਨੂੰ ਲਾਗੂ ਕਰਨ ਤੇ ਚਲਾਉਣ ਸੰਬੰਧੀ ਪਿੰਡ ਪੱਧਰ ਤੇ ਕਾਰਜ ਯੋਜਨਾ ਤਿਆਰ ਕਰਨ ਦੇ ਨਾਲ-ਨਾਲ ਗ੍ਰਾਮ ਪੰਚਾਇਤ ਦੀ ਉਪ ਕਮੇਟੀ ਵਜੋਂ ਜਲ ਪੂਰਤੀ ਤੇ ਪਾਣੀ ਸਮਿਤੀ ਗਠਿਤ ਕਰਨ ਲਈ ਕਿਹਾ , ਜਿਹਨਾਂ ਵਿੱਚ 50 ਫੀਸਦ ਮੈਂਬਰ ਔਰਤਾਂ ਹੋਣ ।
ਔਖੇ ਰਸਤਿਆਂ, ਖਿੱਲਰਵੀਂ ਆਬਾਦੀ, ਕਮਜ਼ੋਰ ਸੰਪਰਕ ਤੇ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਸੂਬੇ ਨੂੰ ਦਰਪੇਸ਼ ਵੰਗਾਰਾਂ ਦਾ ਹਵਾਲਾ ਦਿੰਦਿਆਂ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲ ਜੀਵਨ ਮਿਸ਼ਨ ਦੀ ਪ੍ਰਗਤੀ ਦੀ ਸਮੇਂ-ਸਮੇਂ ਸਿਰ ਸਮੀਖਿਆ ਕਰਨਗੇ ਤੇ ਉਹਨਾਂ ਇੱਕ ਨਿਸ਼ਚਿਤ ਸਮੇਂ ਵਿੱਚ ਮਿਸ਼ਨ ਨੂੰ ਸੂਬੇ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ।
ਏਪੀਐਸ/ਐਸਜੀ/ਐਮਜੀ
(Release ID: 1650052)