ਟੈਕਸਟਾਈਲ ਮੰਤਰਾਲਾ

ਸਾਲ 2021-22 ਵਿੱਚ ਜੂਟ ਕਿਸਾਨਾਂ ਨੂੰ ਪ੍ਰਮਾਣਿਤ, ਚੰਗੀ ਗੁਣਵੱਤਾ ਵਾਲੇ ਬੀਜ ਉਪਲੱਬਧ ਕਰਾਉਣ ਲਈ ਜੂਟ ਕਾਰਪੋਰੇਸ਼ਨ ਆਵ੍ ਇੰਡੀਆ ਅਤੇ ਨੈਸ਼ਨਲ ਸੀਡ ਕਾਰਪੋਰੇਸ਼ਨ ਦਰਮਿਆਨ ਸਹਿਮਤੀ ਪੱਤਰ ʼਤੇ ਹਸਤਾਖਰ ਕੀਤੇ ਗਏ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੀ ਮੌਜੂਦਗੀ ਵਿੱਚ ਸਮਝੌਤੇ ‘ਤੇ ਹਸਤਾਖਰ ਕੀਤੇ ਗਏ


ਜੇਸੀਆਈ, ਫ਼ਸਲੀ ਸਾਲ 2021-22 ਵਿੱਚ ਜੇਆਰਓ -204 ਕਿਸਮ ਦੇ 10,000 ਕੁਇੰਟਲ ਪ੍ਰਮਾਣਿਤ ਜੂਟ ਬੀਜਾਂ ਦਾ ਵਿਤਰਣ ਕਰੇਗੀ

Posted On: 19 AUG 2020 4:17PM by PIB Chandigarh

ਦੇਸ਼ ਵਿਚ ਕੱਚੀ ਜੂਟ ਦੇ ਉਤਪਾਦਨ ਅਤੇ ਉਤਪਾਦਿਕਤਾ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਵਿੱਚ, ਟੈਕਸਟਾਈਲ ਮੰਤਰਾਲਾ, ਜੂਟ ਕਾਰਪੋਰੇਸ਼ਨ ਆਵ੍ ਇੰਡੀਆ (ਜੇਸੀਆਈ) ਦੇ ਰਾਹੀਂ ਕਿਸਾਨਾਂ ਨੂੰ ਪ੍ਰਮਾਣਿਤ ਜੂਟ ਬੀਜ ਮੁਹੱਈਆ ਕਰਵਾਏਗਾ। ਨੈਸ਼ਨਲ ਸੀਡਜ਼ ਕਾਰਪੋਰੇਸ਼ਨ (ਐੱਨਐੱਸਸੀ)ਜੋ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਤਹਿਤ ਇੱਕ  ਸੀਪੀਐੱਸਈ ਹੈ, ਜੇਸੀਆਈ ਨੂੰ ਇਨ੍ਹਾਂ ਕੁਆਲਟੀ ਪ੍ਰਮਾਣਿਤ ਬੀਜਾਂ ਦੀ ਸਪਲਾਈ ਸੁਨਿਸ਼ਚਿਤ ਕਰੇਗੀ। ਇਸ ਸਬੰਧ ਵਿੱਚ ਅੱਜ ਜੂਟ ਕਾਰਪੋਰੇਸ਼ਨ ਆਵ੍ ਇੰਡੀਆ (ਜੇਸੀਆਈ) ਅਤੇ ਨੈਸ਼ਨਲ ਸੀਡਜ਼ ਕਾਰਪੋਰੇਸ਼ਨ (ਐੱਨਐੱਸਸੀ) ਦਰਮਿਆਨ ਇੱਕ ਸਹਿਮਤੀ ਪੱਤਰ ʼਤੇ ਦਸਤਖਤ ਕੀਤੇ ਗਏ। ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵਰਚੁਅਲ ਮੋਡ ਰਾਹੀਂ ਸਹਿਮਤੀ ਪੱਤਰ ਉੱਤੇ ਦਸਤਖਤ ਕਰਨ ਦੀ ਰਸਮ ਦੇਖੀ ਜਿਸ ਵਿੱਚ ਦੋਵਾਂ ਸੰਸਥਾਵਾਂ ਦੇ ਸੀਐੱਮਡੀ ਵੀ ਮੌਜੂਦ ਸਨ। ਇਹ ਸਹਿਮਤੀ ਪੱਤਰ ਸਾਲ 2021-2022 ਵਿੱਚ ਜੇਸੀਆਈ ਦੁਆਰਾ ਪ੍ਰਮਾਣਿਤ ਜੂਟ ਬੀਜਾਂ ਦੀ ਵੰਡ ਨੂੰ ਯਕੀਨੀ ਬਣਾਏਗਾ।

 

 

ਸਹਿਮਤੀ ਪੱਤਰ ʼਤੇ ਦਸਤਖਤ ਕਰਨ ਦੀ ਰਸਮ ਦੌਰਾਨ ਬੋਲਦਿਆਂ ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਸਾਨਾਂ ਨੂੰ ਪ੍ਰਮਾਣਿਤ ਬੀਜ ਪ੍ਰਦਾਨ ਕਰਨ ਲਈ ਖੇਤੀਬਾੜੀ ਮੰਤਰਾਲੇ ਅਤੇ ਟੈਕਸਟਾਈਲ ਮੰਤਰਾਲੇ ਦਰਮਿਆਨ ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਤਾਲਮੇਲ  ਲਈ ਆਭਾਰ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਫਰਵਰੀ ਵਿੱਚ ਐਲਾਨੇ ਗਏ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਵਿੱਚ ਜੂਟ ਅਤੇ ਜੂਟ ਟੈਕਸਟਾਈਲ ਉਤਪਾਦਾਂ ਦੀ ਵਿਸ਼ੇਸ਼ ਵਿਵਸਥਾ  ਹੈ। ਜਲ ਸਾਧਨਾਂ ਦੀ ਲਾਈਨਿੰਗ, ਸੜਕਾਂ ਦਾ ਨਿਰਮਾਣ ਅਤੇ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਨੂੰ ਰੋਕਣ ਲਈ ਢਾਂਚਿਆਂ ਦੀ ਉਸਾਰੀ ਵਿੱਚ ਜੂਟ ਦੀ ਵਰਤੋਂ ਵਿੱਚ ਵਾਧਾ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ। ਕੇਂਦਰੀ ਟੈਕਸਟਾਈਲ ਮੰਤਰੀ ਨੇ ਕਿਹਾ ਕਿ ਘਰੇਲੂ ਬਜ਼ਾਰ ਲਈ ਜੂਟ ਦੀ ਜ਼ਰੂਰਤ ਵਿੱਚ ਸਵੈ-ਨਿਰਭਰ ਬਣਨ ਤੋਂ ਇਲਾਵਾ, ਅਗਲਾ ਟੀਚਾ ਜੂਟ ਅਤੇ ਇਸ ਦੇ ਉਤਪਾਦਾਂ ਦੇ ਸੰਦਰਭ ਵਿੱਚ ਦੇਸ਼ ਦੀ ਨਿਰਯਾਤ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ।

 

ਕੇਂਦਰੀ ਖੇਤੀਬਾੜੀ ਅਤੇ ਕਿਸਾਨੀ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਸ਼ਟਰੀ ਸੀਡ ਕਾਰਪੋਰੇਸ਼ਨ ਅਤੇ ਜੂਟ ਕਾਰਪੋਰੇਸ਼ਨ ਆਵ੍ ਇੰਡੀਆ ਦਰਮਿਆਨ ਸਹਿਮਤੀ ਪੱਤਰ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਨੈਸ਼ਨਲ ਸੀਡਜ਼ ਕਾਰਪੋਰੇਸ਼ਨ ਦੁਆਰਾਜੂਟ ਕਿਸਾਨਾਂ ਨੂੰ ਘੱਟ ਕੀਮਤ 'ਤੇ ਚੰਗੀ ਕੁਆਲਟੀ ਦੇ ਬੀਜ ਮੁਹੱਈਆ ਕਰਾਉਣ  ਦੀ ਸ਼ਲਾਘਾ ਕੀਤੀ। ਸ਼੍ਰੀ ਤੋਮਰ ਨੇ ਦੇਸ਼ ਵਿੱਚ ਕੱਚੀ ਜੂਟ ਦੇ ਉਤਪਾਦਨ ਅਤੇ ਗੁਣਵੱਤਾ ਵਿੱਚ ਸੁਧਾਰ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਦੇ ਕਾਰਨ ਪੈਦਾਵਾਰ ਦੇ ਕੀਮਤ ਇਜ਼ਾਫੇ  ਨਾਲ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਇੱਕ ਨਿਰਧਾਰਿਤ ਸਮੇਂ ਦੇ ਅੰਦਰ ਜੂਟ ਨਿਰਯਾਤ ਦੀਆਂ ਸੰਭਾਵਨਾਵਾਂ ਬਣਾਉਣ ਲਈ ਰੋਡ-ਮੈਪ ਤਿਆਰ ਕਰਨ 'ਤੇ ਵੀ ਜ਼ੋਰ ਦਿੱਤਾ।

 

ਸਹਿਮਤੀ ਪੱਤਰ ਦੇ ਨਤੀਜੇ ਵਜੋਂ, ਜੇਸੀਆਈ ਫ਼ਸਲੀ ਸਾਲ 2021-22  ਵਿੱਚ ਜੇਆਰਓ-204 ਕਿਸਮ ਦੇ 10,000 ਕੁਇੰਟਲ ਪ੍ਰਮਾਣਿਤ ਜੂਟ ਬੀਜਾਂ ਦਾ ਵਿਤਰਣ ਕਰੇਗੀ। ਰਾਸ਼ਟਰੀ ਬੀਜ ਕਾਰਪੋਰੇਸ਼ਨ (ਐੱਨਐੱਸਸੀ) ਤੋਂ ਪ੍ਰਮਾਣਿਤ ਬੀਜ, ਜੇਸੀਆਈ ਦੁਆਰਾ ਇਸ ਪਹਿਲੀਕਮਰਸ਼ੀਅਲਡਿਸਟ੍ਰੀਬਿਊਸ਼ਨ ਲਈ ਖਰੀਦੇ ਜਾਣਗੇ। ਇਸ ਨਾਲ  5-6 ਲੱਖ ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ, ਨਕਲੀ ਬੀਜ ਬਜ਼ਾਰ ਵਿਚ ਭਾਰੀ ਕਮੀ ਆਵੇਗੀ ਅਤੇ ਜੇਸੀਆਈ ਦੇ ਰੈਵਨਿਊ ਵਿੱਚ ਵਾਧਾ ਹੋਵੇਗਾ। ਉਤਪਾਦਿਕਤਾ ਵਿੱਚ ਵਾਧਾ ਕਿਸਾਨਾਂ ਦੀ ਆਮਦਨੀ ਨੂੰ ਵਧਾਏਗਾ ਅਤੇ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਦੇ ਟੀਚੇ ਤੱਕ ਪਹੁੰਚਣ ਦਾ ਲੰਬਾ ਰਸਤਾ ਤੈਅ ਹੋਵੇਗਾ।

 

ਜੂਟ ਪ੍ਰੋਜੈਕਟ, ਆਈਕੇਅਰ ਦੇ ਤਹਿਤ ਖੇਤਰ ਦੀਆਂ ਤਿੰਨ ਏਜੰਸੀਆਂ- ਜੂਟ ਕਾਰਪੋਰੇਸ਼ਨ ਆਵ੍ ਇੰਡੀਆ (ਜੇਸੀਆਈ), ਨੈਸ਼ਨਲ ਜੂਟ ਬੋਰਡ (ਐੱਨਜੇਬੀ) ਅਤੇ ਸੈਂਟਰਲ ਰਿਸਰਚ ਇੰਸਟੀਟਿਊਟ ਫਾਰ ਜੂਟ ਐਂਡ ਅਲਾਈਡ ਫਾਈਬਰਜ਼ (ਸੀਆਰਆਈਜੇਏਐੱਫ)  ਜੂਟ ਦੀ ਮਾਤਰਾ ਅਤੇ ਗੁਣਵੱਤਾ ਦੇ ਸਰਬਪੱਖੀ ਸੁਧਾਰ ਦੇ ਲਈ ਆਧੁਨਿਕ ਖੇਤੀਬਾੜੀ ਪਿਰਤਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ।

 

ਘੱਟ ਗੁਣਵੱਤਾ ਵਾਲੇ ਬੀਜਾਂ ਅਤੇ/ ਜਾਂ ਨਕਲੀ ਬੀਜਾਂ ਦੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਉਤਪਾਦਿਤ ਕੱਚੀ ਜੂਟ ਦੀ ਗੁਣਵੱਤਾ ਪ੍ਰਤੀਕੂਲ ਰੂਪ ਵਿੱਚ  ਪ੍ਰਭਾਵਿਤ ਹੋਈ ਹੈ। ਇਹ ਸਹਿਮਤੀ ਪੱਤਰ ਇਹ ਸੁਨਿਸ਼ਚਿਤ ਕਰੇਗਾ ਕਿ ਜੂਟ ਕਿਸਾਨ ਵੱਖ-ਵੱਖ ਖੇਤੀਬਾੜੀ ਜਲਵਾਯੂ ਪਰਿਸਥਿਤੀਆਂ ਅਤੇ ਗਹਿਨ ਫ਼ਸਲ ਪ੍ਰਣਾਲੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਬਿਹਤਰੀਨ ਗੁਣਵੱਤਾ ਵਾਲੇ ਬੀਜ ਪ੍ਰਾਪਤ ਕਰਨ ਵਿੱਚ ਸਮਰੱਥ ਹਨ।

 

*****

 

ਏਪੀਐੱਸ/ ਐੱਸਜੀ



(Release ID: 1647179) Visitor Counter : 143