ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਦੀ ਸੁਤੰਤਰਤਾ ਦਿਵਸ ਵਿਸ਼ੇ ’ਤੇ ਅਧਾਰਿਤ ਵੈਬੀਨਾਰ ਸੀਰੀਜ਼ ਦਾ ਸਮਾਪਨ ਅਖੰਡ ਭਾਰਤ ਦੇ ਵਾਸਤੂਕਾਰ ਸਰਦਾਰ ਵੱਲਭਭਾਈ ਪਟੇਲ ’ਤੇ ਇੱਕ ਸੈਸ਼ਨ ਨਾਲ ਹੋਇਆ

Posted On: 17 AUG 2020 4:37PM by PIB Chandigarh

ਟੂਰਿਜ਼ਮ ਮੰਤਰਾਲੇ ਦੇ ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਦੇ ਇੱਕ ਭਾਗ ਦੇ ਰੂਪ ਵਿੱਚ ਸੁਤੰਤਰਤਾ ਦਿਵਸ ਤੇ ਅਧਾਰਿਤ ਵੈਬੀਨਾਰ ਆਯੋਜਿਤ ਕੀਤੇ ਸਨ ਜਿਨ੍ਹਾਂ ਦਾ ਸਮਾਪਨ 15 ਅਗਸਤ 2020 ਨੂੰ ਅਖੰਡ ਭਾਰਤ ਦੇ ਵਾਸਤੂਕਾਰ ਸਰਦਾਰ ਵੱਲਭਭਾਈ ਪਟੇਲ ਨੂੰ ਸਮਰਪਿਤ ਇੱਕ ਵੈਬੀਨਾਰ ਦੇ ਆਯੋਜਨ ਨਾਲ ਵਿਸ਼ਾਲ ਤਰੀਕੇ ਨਾਲ ਹੋਇਆ।

 

ਕੋਰੋਨਾ ਮਹਾਮਾਰੀ ਕਾਰਨ ਟੂਰਿਜ਼ਮ ਮੰਤਰਾਲੇ ਨੇ ਇਸ ਸਾਲ ਰਾਸ਼ਟਰ ਨੂੰ 74ਵੇਂ ਸੁਤੰਤਰਤਾ ਦਿਵਸ 2020 ਦੇ ਮੌਕੇ ਤੇ ਨਮਨ ਕਰਨ ਲਈ ਵੈਬ ਸਕ੍ਰੀਨ ਨੂੰ ਚੁਣਿਆ। ਟੂਰਿਜ਼ਮ ਮੰਤਰਾਲੇ ਨੇ ਰਾਸ਼ਟਰ ਦੇ ਇਸ ਸਭ ਤੋਂ ਮਹੱਤਵਪੂਰਨ ਦਿਨ ਨੂੰ ਮਨਾਉਣ ਅਤੇ ਸਨਮਾਨ ਕਰਨ ਲਈ ਪੰਜ ਵੈਬੀਨਾਰ ਤਿਆਰ ਕੀਤੇ ਸਨ। ਇਨ੍ਹਾਂ ਵੈਬੀਨਾਰਾਂ ਵਿੱਚ ਆਜ਼ਾਦੀ ਅੰਦੋਲਨ, ਇਸ ਨਾਲ ਜੁੜੇ ਹੋਏ ਮਹੱਤਵਪੂਰਨ ਸਥਾਨਾਂ ਅਤੇ ਮੋਹਰੀ ਨੇਤਾਵਾਂ ਨੂੰ ਸਮੂਹਿਕ ਤੌਰ ਤੇ ਯਾਦ ਕੀਤਾ ਗਿਆ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਈ ਸੀ।

 

 

15 ਅਗਸਤ 2020 ਨੂੰ ਸਰਦਾਰ ਵੱਲਭਭਾਈ ਪਟੇਲ ਨੂੰ ਸਮਰਪਿਤ ਇਸ ਸੈਸ਼ਨ ਦੀ ਸ਼ੁਰੂਆਤ ਸਭਾਪਤੀ ਸੁਸ਼੍ਰੀ ਰੁਪਿੰਦਰ ਬਰਾੜ, ਐਡੀਸ਼ਨਲ ਡਾਇਰੈਕਟਰ ਜਨਰਲ ਟੂਰਿਜ਼ਮ ਮੰਤਰਾਲੇ ਦੀ ਰਾਸ਼ਟਰਗਾਨ ਲਈ ਸਾਰੇ ਪ੍ਰਤੀਭਾਗੀਆਂ ਨੂੰ ਉੱਠਣ ਦੀ ਬੇਨਤੀ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਵੈਬ ਸਕਰੀਨ ਰਾਹੀਂ ਟੂਰਿਜ਼ਮ ਮੰਤਰਾਲਾ ਵਿਦੇਸ਼ੀ ਗੁਲਾਮੀ ਤੋਂ ਮੁਕਤੀ ਲਈ ਆਜ਼ਾਦੀ ਘੁਲਾਟੀਆਂ ਦੇ ਬਲੀਦਾਨ, ਆਜ਼ਾਦੀ ਅੰਦੋਲਨ ਨਾਲ ਜੁੜੇ ਸਥਾਨਾਂ ਆਦਿ ਨੂੰ ਯਾਦ ਕਰ ਰਿਹਾ ਹੈ।

 

ਵੈਬੀਨਾਰ ਦੀ ਸ਼ੁਰੂਆਤ ਗੁਜਰਾਤ ਸਰਕਾਰ ਵਿੱਚ ਟੂਰਿਜ਼ਮ ਕਮਿਸ਼ਨਰ ਸ਼੍ਰੀ ਜੇਨੂ ਦੇਵਨ ਅਤੇ ਗੁਜਰਾਤ ਟੂਰਿਜ਼ਮ ਨਿਗਮ ਲਿਮਿਟਿਡ ਦੇ ਪ੍ਰਬੰਧ ਨਿਰਦੇਸ਼ਕ ਦੁਆਰਾ ਗੁਜਰਾਤ ਵਿੱਚ ਸਰਦਾਰ ਵੱਲਭਭਾਈ ਪਟੇਲ ਨਾਲ ਜੁੜੇ ਸਥਾਨਾਂ ਬਾਰੇ ਜਾਣਕਾਰੀ ਦੇਣ ਨਾਲ ਹੋਈ।

 

ਵੈਬੀਨਾਰ ਨੂੰ ਸ਼੍ਰੀ ਸੰਜੈ ਜੋਸ਼ੀ, ਐਡੀਸ਼ਨਲ ਕਲੈਕਟਰ ਅਤੇ ਮੁੱਖ ਪ੍ਰਬੰਧਕ ਸਟੈਚੂ ਆਵ੍ ਯੂਨਿਟੀ, ਗੁਜਰਾਤ ਸਰਕਾਰ ਦੁਆਰਾ ਪੇਸ਼ ਕੀਤਾ ਗਿਆ। ਸ਼੍ਰੀ ਜੋਸ਼ੀ ਨੇ ਆਪਣੀ ਪ੍ਰਸਤੂਤੀ ਰਾਹੀਂ ਦੱਸਿਆ ਕਿ ਕਿਵੇਂ ਸਰਦਾਰ ਪਟੇਲ ਇੱਕ ਦੂਰਦਰਸ਼ੀ ਰਾਜਨੇਤਾ ਅਤੇ ਅਖੰਡ ਭਾਰਤ ਦੇ ਵਾਸਤੂਕਾਰ ਸਨ। ਵੈਬੀਨਾਰ ਵਿੱਚ ਸਰਦਾਰ ਪਟੇਲ ਦੀ ਸਕੂਲੀ ਸਿੱਖਿਆ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਕਾਨੂੰਨ ਦੀ ਪੜ੍ਹਾਈ ਲਈ ਲੰਡਨ ਜਾਣ, ਵਕੀਲ ਦੇ ਰੂਪ ਵਿੱਚ ਜੀਵਨ, 1916 ਵਿੱਚ ਬੈਰਿਸਟਰ ਕਲੱਬ ਵਿੱਚ ਮਹਾਤਮਾ ਗਾਂਧੀ ਨਾਲ ਮੁਲਾਕਾਤ, 1922, 1924 ਅਤੇ 1927 ਵਿੱਚ ਅਹਿਮਦਾਬਾਦ ਦੇ ਨਗਰ ਪਾਲਿਕਾ ਪ੍ਰਧਾਨ ਦੇ ਰੂਪ ਵਿੱਚ ਚੋਣ ਅਤੇ ਅਹਿਮਦਾਬਾਦ ਵਿੱਚ ਸਕੂਲ ਪ੍ਰਣਾਲੀ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਸੁਧਾਰਾਂ, ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਕਿਸੇ ਵੀ ਰੂਪ ਵਿੱਚ ਭ੍ਰਿਸ਼ਟਾਚਾਰ ਜਾਂ ਕੁਸ਼ਾਸਨ ਨਾਲ ਸਮਝੌਤਾ ਨਹੀਂ ਕਰਨ ਦੇ ਉੱਚ ਨੈਤਿਕ ਸਿਧਾਂਤਾਂ ਤੱਕ ਦੇ ਉਨ੍ਹਾਂ ਦੇ ਜੀਵਨ ਦੇ ਕਈ ਪਹਿਲੂਆਂ ਨੂੰ ਯਾਦ ਕੀਤਾ ਗਿਆ।

 

ਇਸ ਵੈਬੀਨਾਰ ਵਿੱਚ ਸ਼ਾਮਲ ਲੋਕਾਂ ਨੂੰ ਸਰਦਾਰ ਪਟੇਲ ਅਤੇ ਉਨ੍ਹਾਂ ਦੀ ਯਾਦ ਵਿੱਚ ਬਣਾਏ ਗਏ ਅੱਜ ਵੀ ਮੌਜੂਦ ਸਮਾਰਕਾਂ ਨਾਲ ਜੁੜੇ ਗੁਜਰਾਤ ਦੇ ਵਿਭਿੰਨ ਪਿੰਡਾਂ ਅਤੇ ਕਸਬਿਆਂ ਤੋਂ ਰੂਬਰੂ ਕਰਾਇਆ ਗਿਆ। ਇਨ੍ਹਾਂ ਸਥਾਨਾਂ ਵਿੱਚ ਉਨ੍ਹਾਂ ਦੇ ਜਨਮ ਸਥਾਨ ਨਾਡਿਯਾਦ, ਨਾਡਿਯਾਦ ਦਾ ਪੇਟਲਦ ਜਿੱਥੇ ਉਨ੍ਹਾਂ ਨੇ ਸਕੂਲੀ ਸਿੱਖਿਆ ਗ੍ਰਹਿਣ ਕੀਤੀ, ਗੋਧਰਾ ਵਿੱਚ ਬੋਰਸਾਦ ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਆਪਣਾ ਘਰ ਬਣਾਇਆ ਅਤੇ ਕਰਮਸਾਡ ਜਿੱਥੇ ਉਹ ਰਹਿੰਦੇ ਸਨ, ਨੂੰ ਸ਼ਾਮਲ ਕੀਤਾ ਗਿਆ।

 

ਸ਼੍ਰੀ ਜੋਸ਼ੀ ਨੇ ਬਾਰਦੋਲੀ ਸੱਤਿਆਗ੍ਰਹਿ ਅੰਦੋਲਨ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਉਸ ਅੰਦੋਲਨ ਦੀ ਅਗਵਾਈ ਕਰਨ ਲਈ ਸਰਦਾਰ ਵੱਲਭਭਾਈ ਪਟੇਲ ਨੂੰ ਕਿਵੇਂ ਲਿਆਂਦਾ ਗਿਆ।

 

ਵੈਬੀਨਾਰ ਵਿੱਚ ਸਟੈਚੂ ਆਵ੍ ਯੂਨਿਟੀ ਨੂੰ ਵੀ ਦਿਖਾਇਆ ਗਿਆ ਜੋ ਸਰਦਾਰ ਪਟੇਲ ਦੀ ਯਾਦ ਵਿੱਚ ਬਣੀ ਇਸ ਧਰਤੀ ਦੀ ਸਭ ਤੋਂ ਉੱਚੀ ਪ੍ਰਤਿਮਾ ਹੈ। ਇਹ ਪ੍ਰਤਿਮਾ 182 ਮੀਟਰ ਉੱਚੀ ਹੈ। ਇਹ ਦੁਨੀਆ ਦੇ ਸਭ ਤੋਂ ਉੱਚੇ ਸਮਾਰਕਾਂ ਵਿੱਚੋਂ ਇੱਕ ਹੈ। ਸ਼੍ਰੀ ਜੋਸ਼ੀ ਨੇ ਪ੍ਰੋਜੈਕਟ, ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ, ਤੱਥਾਂ, ਇਸ ਦੀਆਂ ਅਹਿਮ ਗੱਲਾਂ, ਕੇਵਡਿਆ ਦੇ ਆਸਪਾਸ ਥੀਮ ਅਧਾਰਿਤ ਆਕਰਸ਼ਣ ਦੇ ਨਿਰਮਾਣ ਆਦਿ ਬਾਰੇ ਵੀ ਦੱਸਿਆ।

 

ਟੂਰਿਜ਼ਮ ਮੰਤਰਾਲੇ ਨੇ ਸੁਤੰਤਰਤਾ ਦਿਵਸ ਦੇ ਇਸ ਮੌਕੇ ਤੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਦੀਆਂ ਵਿਸ਼ੇਸ਼ ਹਸਤੀਆਂ ਨੂੰ ਸੱਦਾ ਦਿੱਤਾ। ਇਨ੍ਹਾਂ ਵਿੱਚ ਸ਼੍ਰੀ ਪਦਮ ਰੋਸ਼ਾ ਜੋ ਸਾਬਕਾ ਆਈਪੀਐੱਸ ਅਧਿਕਾਰੀ ਅਤੇ ਰਾਸ਼ਟਰੀ ਪੁਲਿਸ ਅਕਾਦਮੀ ਦੇ ਸਾਬਕਾ ਨਿਰਦੇਸ਼ਕ, ਜੰਮੂ ਤੇ ਕਸ਼ਮੀਰ ਪੁਲਿਸ ਬਲ ਦੇ ਸੇਵਾ ਮੁਕਤ ਡਾਇਰੈਕਟਰ ਜਨਰਲ ਸ਼ਾਮਲ ਹੋਏ। ਸ਼੍ਰੀ ਰੋਸ਼ਾ 1948 ਵਿੱਚ ਅਜ਼ਾਦ ਭਾਰਤ ਦੇ ਪਹਿਲੇ ਪੁਲਿਸ ਬਲ ਵਿੱਚ ਸ਼ਾਮਲ ਹੋਏ ਅਤੇ ਸੀਮਾ ਸੁਰੱਖਿਆ ਬਲ ਦੀ ਸਥਾਪਨਾ ਕਰਨ ਵਾਲੀ ਟੀਮ ਦਾ ਹਿੱਸਾ ਸਨ। ਹੋਰ ਪੁਰਸਕਾਰਾਂ ਦੇ ਨਾਲ ਹੀ ਉਨ੍ਹਾਂ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਸ਼੍ਰੀ ਰੋਸ਼ਾ ਉਨ੍ਹਾਂ ਕਈ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ 1947 ਵਿੱਚ ਦੇਸ਼ ਵੰਡ ਦੇ ਸਮੇਂ ਪਲਾਇਨ ਕਰਨ ਲਈ ਮਜਬੂਰ ਕੀਤਾ ਗਿਆ ਸੀ। ਉਸ ਸਮੇਂ ਸ਼੍ਰੀ ਰੋਸ਼ਾ ਲਾਹੌਰ ਦੇ ਸਰਕਾਰੀ ਕਾਲਜ ਵਿੱਚ ਪੜ੍ਹ ਰਹੇ ਸਨ, ਪਰ ਉਨ੍ਹਾਂ ਨੂੰ ਆਪਣੇ ਪੀਐੱਚਡੀ ਦੇ ਖੋਜ ਪੱਤਰਾਂ ਨੂੰ ਛੱਡਣਾ ਪਿਆ ਅਤੇ ਸਰਹੱਦ ਪਾਰ ਕਰਕੇ ਅੰਮ੍ਰਿਤਸਰ ਅਤੇ ਜਲੰਧਰ ਦੀ ਰਾਹ ਫੜਨੀ ਪਈ। ਹੁਣ ਉਹ ਜੀਵਨ ਦੇ 97 ਸਾਲ ਵਿੱਚ ਹਨ ਅਤੇ ਅਕਸਰ ਵੰਡ ਦੌਰਾਨ ਮਿਲੇ ਆਪਣੇ ਕਠਿਨ ਤਜਰਬਿਆਂ ਨੂੰ ਯਾਦ ਕਰਦੇ ਹਨ।

 

ਵੈਬੀਨਾਰ ਵਿੱਚ 94 ਸਾਲ ਦੀ ਰਮਾ ਖੰਡਵਾਲ ਵੀ ਮੌਜੂਦ ਸਨ ਜੋ ਭਾਰਤੀ ਰਾਸ਼ਟਰੀ ਸੈਨਾ ਵਿੱਚ 1943 ਦੀ ਝਾਂਸੀ ਦੀ ਰਾਣੀ ਰੈਜੀਮੈਂਟ ਵਿੱਚ ਸਾਬਕਾ ਸੈਕਿੰਡ ਲੈਫਨੀਨੈਂਟ ਸਨ। ਉਨ੍ਹਾਂ ਨੇ ਮੁੰਬਈ ਵਿੱਚ ਸਰਦਾਰ ਪਟੇਲ ਨਾਲ ਮੁਲਾਕਾਤ ਬਾਰੇ ਪ੍ਰਤੀਭਾਗੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦੋ ਸਾਲਾਂ ਵਿੱਚ ਉਨ੍ਹਾਂ ਦਾ ਜੀਵਨ ਕਿਵੇਂ ਬਦਲ ਗਿਆ। ਉਨ੍ਹਾਂ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਉਨ੍ਹਾਂ ਨੇ ਇੱਕ ਨਰਸ ਦੇ ਰੂਪ ਵਿੱਚ ਕੰਮ ਕੀਤਾ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਉਨ੍ਹਾਂ ਦੀ ਗੱਲਬਾਤ ਹੋਈ। ਇਤਿਹਾਸਕ ਯੁੱਧ ਦੇ ਨਾਇਕਾਂ ਦਾ ਅਨੁਭਵ ਸਾਂਝਾ ਕਰਨ ਦੇ ਬਾਅਦ ਸ਼੍ਰੀਮਤੀ ਰਮਾ ਖੰਡਵਾਲ ਨੇ ਰਾਸ਼ਟਰਵਾਦ ਵਿੱਚ ਉਦੇਸ਼ ਲੱਭਣ, ਭਾਰਤ ਦੇ ਅਣਦੇਖੇ ਸਥਾਨਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਟੂਰਿਜ਼ਮ ਗਾਈਡ ਵਿੱਚ ਸ਼ਾਮਲ ਕਰਨ ਦਾ ਵਿਚਾਰ ਪੇਸ਼ ਕੀਤਾ। ਅੱਜ ਇਸ ਉਮਰ ਵਿੱਚ ਵੀ ਉਹ ਟੂਰਿਜ਼ਮ ਲਈ ਭਾਰਤ ਦੇ ਇਤਿਹਾਸ ਨੂੰ ਦਿਖਾਉਣ ਲਈ ਪ੍ਰੇਰਿਤ ਹਨ। ਉਹ ਇਹ ਮੰਨਦੇ ਹਨ ਕਿ ਭਾਰਤ ਦੀ ਏਕਤਾ ਇਸ ਦੀ ਸਭ ਤੋਂ ਵੱਡੀ ਵਿਰਾਸਤ ਹੈ ਜੋ ਉਨ੍ਹਾਂ ਵਰਗੀਆਂ ਹੋਰ ਔਰਤਾਂ ਦੁਆਰਾ ਹਾਸਲ ਕੀਤੀ ਗਈ ਹੈ ਅਤੇ ਜੋ ਉਨ੍ਹਾਂ ਲਈ ਰਾਤ ਦੇ ਹਨੇਰੇ ਵਿੱਚ ਦੇਖੀ ਗਈ ਉਮੀਦ ਦੀ ਇੱਕ ਕਿਰਨ ਹੈ।

 

ਵੈਬੀਨਾਰ ਦਾ ਸਮਾਪਨ ਇਸ ਸੰਦੇਸ਼ ਨਾਲ ਹੋਇਆ ਕਿ ਆਜ਼ਾਦੀ ਅੰਦੋਲਨ ਦੇ ਸਾਡੇ ਸਾਹਸੀ ਨੇਤਾਵਾਂ ਦੀ ਤਰ੍ਹਾਂ ਅਸੀਂ ਵੀ ਹੁਣ ਅਤੇ ਹਮੇਸ਼ਾ ਲਈ ਏਕਤਾ ਦੀ ਸ਼ਕਤੀ ਵਿੱਚ ਮਜ਼ਬੂਤੀ ਪਾ ਸਕਦੇ ਹਾਂ।

 

ਦੇਖੋ ਅਪਨਾ ਦੇਸ਼ਵੈਬੀਨਾਰ ਸੀਰੀਜ਼ ਨੂੰ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਰਾਸ਼ਟਰੀ ਈ ਗਵਰਨੈਂਸ ਵਿਭਾਗ ਦੀ ਤਕਨੀਕੀ ਸਾਂਝੇਦਾਰੀ ਵਿੱਚ ਪ੍ਰਸਤੂਤ ਕੀਤਾ ਗਿਆ ਹੈ। ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ਅਤੇ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਤੇ ਉਪਲੱਬਧ ਹਨ।

 

ਹੈਦਰਾਬਾਦ ਸਿਰਲੇਖ ਨਾਲ ਅਗਲਾ ਵੈਬੀਨਾਰ 22 ਅਗਸਤ, 2020 ਨੂੰ ਸਵੇਰੇ 11.00 ਵਜੇ ਨਿਰਧਾਰਿਤ ਕੀਤਾ ਗਿਆ ਹੈ।

 

****

 

ਐੱਨਬੀ/ਏਕੇਜੇ/ਓਏ



(Release ID: 1646576) Visitor Counter : 153