ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਏਮਸ, ਦਿੱਲੀ ਵਿਖੇ ਸਵੈ-ਇੱਛੁਕ ਖੂਨ ਦਾਨ ਮੁਹਿੰਮ ਦਾ ਉਦਘਾਟਨ ਕੀਤਾ



ਸਵੈਇੱਛੁਕ ਖੂਨ ਦਾਨ ਮਾਨਵਤਾ ਦੀ ਸੇਵਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ: ਡਾ. ਹਰਸ਼ ਵਰਧਨ

Posted On: 14 AUG 2020 1:43PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਏਮਸ,   ਨਵੀਂ ਦਿੱਲੀ ਵਿਖੇ ਸਵੈਇਛੁੱਕ ਖੂਨ ਦਾਨ  ਮੁਹਿੰਮ ਦਾ ਉਦਘਾਟਨ ਕੀਤਾ। ਏਮਸ ਦੁਆਰਾ ਆਜ਼ਾਦੀ ਦਿਵਸ ਤੋਂ ਪਹਿਲੀ ਸ਼ਾਮ ਆਯੋਜਿਤ  ਇਹ ਕੈਂਪ ਫੌਜੀਆਂ  ਅਤੇ ਕੋਵਿਡ ਵਾਰੀਅਰਸ ਨੂੰ ਸਮਰਪਿਤ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਅਤੇ ਇਸ ਦੇ ਸ਼ਹਿਰੀਆਂ ਦੀ ਰਾਖੀ ਕਰਦੇ ਹੋਏ ਵਾਰ ਦਿੱਤੀਆਂ। ਦੋ ਪਰਿਵਾਰਾਂ ਨੂੰ ਗੈਸਟ ਆਵ੍ ਆਨਰ ਵਜੋਂ ਸੱਦਾ ਦਿੱਤਾ  ਗਿਆ ਸੀ-ਇੱਕ ਪਰਿਵਾਰ ਇੱਕ ਸ਼ਹੀਦ ਫੌਜੀ ਦਾ ਸੀ ਜਦਕਿ ਦੂਜਾ ਪਰਿਵਾਰ ਏਮਸ ਦੇ ਇੱਕ ਮਾਰੇ ਗਏ ਕੋਵਿਡ ਪੀੜਤ ਵਿਅਕਤੀ ਦਾ ਸੀ।

ਡਾ. ਹਰਸ਼ ਵਰਧਨ ਨੇ ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਅਤੇ ਹੋਰ ਸੀਨੀਅਰ ਡਾਕਟਰਾਂ ਨਾਲ ਮਿਲ ਕੇ  ਰਿਬਨ ਕੱਟ ਕੇ ਅਤੇ ਦਵੀਪ ਜਗਾ ਕੇ ਇਸ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਕੇਂਦਰੀ ਸਿਹਤ ਮੰਤਰੀ ਨੇ ਖੂਨਦਾਨੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਖੂਨਦਾਨ ਮੁਹਿੰਮ ਵਿੱਚ ਹਿੱਸਾ ਪਾਉਣ ਲਈ ਸਰਟੀਫੀਕੇਟ ਪ੍ਰਦਾਨ ਕੀਤੇ। ਉਨ੍ਹਾਂ ਨੇ ਡਾਕਟਰਾਂ  ਅਤੇ ਸਿਹਤ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਜ਼ਾਦੀ ਦਿਵਸ ਦੇ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਅੱਗੇ ਆਕੇ ਖੂਨਦਾਨ ਕਰਨ ਅਤੇ ਮਰੀਜ਼ਾਂ ਦੀਆਂ  ਜ਼ਿੰਦਗੀਆਂ ਬਚਾਉਣ। ਡਾ. ਹਰਸ਼ ਵਰਧਨ ਨੇ ਤਸੱਲੀ ਪ੍ਰਗਟਾਈ ਕਿ ਕੈਂਪ ਦੇ ਪ੍ਰਬੰਧਾਂ ਵਿੱਚ  ਹਰ ਤਰ੍ਹਾਂ ਦੀ ਅਹਿਤਿਆਤ,  ਜਿਸ ਵਿੱਚ ਚਿਹਰੇ ਦੀ ਸ਼ੀਲਡ , ਮਾਸਕ, ਦਸਤਾਨੇ ਆਦਿ ਸ਼ਾਮਲ ਹਨ, ਵਰਤੀ ਗਈ ਹੈ।

ਏਮਸ ਦੁਆਰਾ ਕੀਤੀ ਗਈ ਇਸ ਪਹਿਲ ਦੀ ਪ੍ਰਸੰਸ਼ਾ ਕਰਦੇ ਹੋਏ ਡਾ.  ਹਰਸ਼ ਵਰਧਨ ਨੇ ਕਿਹਾ, "ਸਾਡੇ 73ਵੇਂ ਆਜ਼ਾਦੀ ਦਿਵਸ ਦੇ ਮੌਕੇ ਉੱਤੇ, ਇਹ ਸਵੈ-ਇੱਛੁਕ ਖੂਨਦਾਨ ਕੈਂਪ ਕੋਵਿਡ ਦੌਰਾਨ ਮਾਰੇ ਗਏ ਲੋਕਾਂ ਅਤੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਲੋਕਾਂ ਲਈ ਇੱਕ ਸ਼ਰਧਾਂਜਲੀ ਹੈ। ਸਾਨੂੰ ਇਹ ਜ਼ਰੂਰ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਕੋਵਿਡ ਵਾਰੀਅਰਸ, ਜਿਨ੍ਹਾਂ ਵਿੱਚ ਡਾਕਟਰ , ਨਰਸਾਂ, ਅਤੇ ਪੈਰਾ ਮੈਡੀਕਲ ਸਟਾਫ ਵੀ ਸ਼ਾਮਲ ਹੈ, ਦੁਆਰਾ ਕੀਤੀ ਗਈ ਕੁਰਬਾਨੀ ਨੇ ਮਹਾਮਾਰੀ ਦੌਰਾਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਜੋ ਮਦਦ ਕੀਤੀ ਉਹ ਲਾਸਾਨੀ ਹੈ।" ਇਸ ਸਮਾਰੋਹ ਵਿੱਚ ਕੋਵਿਡ ਵਾਰੀਅਰ ਸ੍ਵਰਗੀ ਸ਼੍ਰੀ ਹੀਰਾ ਲਾਲ, ਜੋ ਕਿ ਏਮਸ ਵਿਖੇ ਇੱਕ ਫਰੰਟਲਾਈਨ ਸਿਹਤ ਵਰਕਰ ਸੀ ਅਤੇ ਕਾਰਗਿਲ ਦੇ ਸ਼ਹੀਦ ਲਾਂਸ ਨਾਇਕ ਰਾਜਬੀਰ ਸਿੰਘ ਦੇ ਪ੍ਰਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਕੁਰਬਾਨੀ ਲਈ ਸਨਮਾਨਿਤ ਕੀਤਾ ਗਿਆ।

ਸਵੈ-ਇੱਛੁਕ ਖੂਨਦਾਨ ਕੈਂਪ ਦੀ ਅਹਿਮੀਅਤ ਉੱਤੇ ਜ਼ੋਰ ਦੇਂਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, "ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਲਾਕਡਾਊਨ ਦੀਆਂ ਪਾਬੰਦੀਆਂ ਜਾਰੀ ਹਨ ਅਤੇ ਹਸਪਤਾਲ ਦੇ ਵਾਤਾਵਰਨ ਬਾਰੇ ਚਿੰਤਾਵਾਂ ਫੈਲੀਆਂ ਹੋਣ ਕਾਰਨ ਸਵੈ-ਇੱਛੁਕ ਖੂਨਦਾਨ ਕਰਨ ਵਾਲਿਆਂ ਅਤੇ ਖੂਨਦਾਨ ਕੈਂਪਾਂ ਵਿੱਚ ਕਾਫੀ ਕਮੀ ਆਈ ਹੈ। ਖੂਨ ਦੀ ਲੋੜ ਐਮਰਜੈਂਸੀ ਸਰਜਰੀਆਂ, ਖੂਨ ਦੀਆਂ ਬਿਮਾਰੀਆਂ ਜਿਵੇਂ ਕਿ ਥੇਲੇਸੀਮੀਆ, ਬਲੱਡ ਕੈਂਸਰ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਲੋਕਾਂ ਅਤੇ ਟ੍ਰਾਮਾ ਕੇਸਾਂ ਲਈ ਪੈਂਦੀ ਹੈ। ਇਸ ਲਈ ਮਾਨਵਤਾ ਦੀ ਸੇਵਾ ਕਰਨ ਦਾ ਸਭ ਤੋਂ ਚੰਗਾ ਤਰੀਕਾ ਸਵੈ-ਇੱਛੁਕ ਤੌਰ ‘ਤੇ ਖੂਨਦਾਨ ਕਰਨਾ ਹੈ।" ਉਨ੍ਹਾਂ ਅਪੀਲ ਕੀਤੀ ਕਿ ਸਾਰੇ ਭਾਰਤੀ ਆਪਣੇ ਵਾਰੀਅਰਸ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਅਤੇ ਕਿਸੇ ਵੀ ਤਰੀਕੇ ਨਾਲ ਖੁਸ਼ੀਆਂ ਫੈਲਾਉਣ।

ਭਾਰਤ ਦੀ ਕੋਵਿਡ-19 ਵਿਰੁੱਧ ਜੰਗ ਬਾਰੇ ਬੋਲਦੇ ਹੋਏ, ਡਾ. ਹਰਸ਼ ਵਰਧਨ ਨੇ ਕਿਹਾ, "ਭਾਰਤ ਵਿੱਚ ਰਿਕਵਰੀ ਰੇਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੇਸ ਮੌਤ ਦਰ ਵਿੱਚ ਲਗਾਤਾਰ ਕਮੀ ਆ ਰਹੀ ਹੈ ਜੋ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਮਾਣਯੋਗ ਪ੍ਰਧਾਨ ਮੰਤਰੀ ਦੀ ਯੋਗ ਗਤੀਸ਼ੀਲ ਅਗਵਾਈ ਹੇਠ ਕੋਵਿਡ-19 ਕੰਟੇਨਮੈਂਟ ਰਣਨੀਤੀ ਦੀ ਸਫਲਤਾ ਨੂੰ ਦਰਸਾ ਰਿਹਾ ਹੈ। ਅਸੀਂ ਪੂਰੀ ਸਫਲਤਾ ਨਾਲ ਆਪਣੀ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਹੈ ਜੋ ਕਿ ਅੱਜ 8.4 ਲੱਖ ਦੇ ਮੀਲ ਪੱਥਰ ਨੂੰ ਪਾਰ ਕਰ ਗਈ ਹੈ ਅਤੇ ਦੇਸ਼ ਭਰ ਵਿੱਚ 1450 ਤੋਂ ਵੱਧ ਟੈਸਟਿੰਗ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ। ਮੈਨੂੰ ਕੋਵਿਡ-19 ਦੇ ਇਲਾਜ ਅਤੇ ਵਿਗਿਆਨਕ ਵਿਕਾਸ ਉੱਤੇ ਪੂਰਾ ਭਰੋਸਾ ਹੈ ਅਤੇ ਇਸ ਬਾਰੇ ਟੀਕਾ ਵੀ ਵਿਕਸਿਤ ਹੋ ਰਿਹਾ ਹੈ ਅਤੇ ਜਲਦੀ ਹੀ ਕੋਵਿਡ-19 ਵਿਰੁੱਧ ਜੰਗ ਵਿੱਚ ਸਾਨੂੰ ਹੋਰ ਸਫਲਤਾ ਹਾਸਲ ਹੋਵੇਗੀ।"
 
ਇਸ ਮੌਕੇ ਤੇ ਵੱਖ-ਵੱਖ ਫੈਕਲਟੀਆਂ ਦੇ ਮੈਂਬਰ ਅਤੇ ਸਵੈ-ਇੱਛੁਕ ਖੂਨਦਾਨੀ ਵੀ ਮੌਜੂਦ ਸਨ।

*****

ਐੱਮਵੀ/ਐੱਸਜੀ



(Release ID: 1645788) Visitor Counter : 182