ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਅਕਾਲ ਮਹਾਕਾਵਿ ਰਾਮਾਇਣ ਵਿੱਚ ਵਰਣਿਤ ਅਨੁਸਾਰ ਲੋਕਾਂ ਨੂੰ ਧਰਮ ਦੇ ਵਿਆਪਕ ਸੰਦੇਸ਼ ਦਾ ਪ੍ਰਸਾਰ ਕਰਨ ਦਾ ਸੱਦਾ ਦਿੱਤਾ

ਕਿਹਾ ਕਿ ਰਾਮਾਇਣ ਨੈਤਿਕ ਵਿਵਹਾਰ ਦਾ ਵਿਲੱਖਣ ਭਾਰਤੀ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ

ਉਪ ਰਾਸ਼ਟਰਪਤੀ ਨੇ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੰਦਿਰ ਦੇ ਪੁਨਰਨਿਰਮਾਣ ਉੱਤੇ ਖ਼ੁਸ਼ੀ ਪ੍ਰਗਟਾਈ

ਕਿਹਾ ਕਿ ਇਹ ਪਲ ਸਮਾਜ ਦੇ ਅਧਿਆਤਮਕ ਕਾਇਆਕਲਪ ਵੱਲ ਲਿਜਾ ਸਕਦਾ ਹੈ

ਰਾਮਾਇਣ ਖੇਤਰੀ ਤੇ ਧਾਰਮਿਕ ਸਰਹੱਦਾਂ ਤੋਂ ਉਤਾਂਹ ਉੱਠ ਕੇ ਵਿਆਪਕ ਅਪੀਲ ਕਰਦੀ ਹੈ

ਭਗਵਾਨ ਰਾਮ ਦਾ ਜੀਵਨ ਇੱਕ ਨਿਆਂਪੂਰਨ ਤੇ ਜ਼ਿੰਮੇਵਾਰ ਸਮਾਜਿਕ ਵਿਵਸਥਾ ਸਥਾਪਿਤ ਕਰਨ ਲਈ ਅਹਿਮ ਮਰਿਆਦਾਵਾਂ ਦੀ ਮਿਸਾਲ – ਉਪ ਰਾਸ਼ਟਰਪਤੀ

ਰਾਮਾਇਣ ਅੱਜ ਵੀ ਇੱਕ ਪ੍ਰਾਸੰਗਿਕ ਮਾਰਗਦਰਸ਼ਕ – ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਸਮਾਨ–ਅਨੁਭੂਤੀ, ਸਮਾਵੇਸ਼, ਸ਼ਾਂਤੀਪੂਰਨ ਸਹਿ–ਹੋਂਦ ਤੇ ਚੰਗੇ ਪ੍ਰਸ਼ਾਸਨ ਜਿਹੀਆਂ ਕਦਰਾਂ–ਕੀਮਤਾਂ ਉੱਤੇ ਅਧਾਰਿਤ ਰਾਮਰਾਜ ਨੂੰ ਇੱਕ ਲੋਕ–ਕੇਂਦ੍ਰਿਤ ਲੋਕਤਾਂਤਰਿਕ ਸ਼ਾਸਨ ਦਾ ਆਦਰਸ਼ ਦੱਸਿਆ


Posted On: 02 AUG 2020 12:07PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਲੋਕਾਂ ਨੂੰ ਅਕਾਲ ਮਹਾਕਾਵਿ ਰਾਮਾਇਣ ਵਿੱਚ ਵਰਣਿਤ ਅਨੁਸਾਰ ਧਰਮ ਜਾਂ ਨੈਤਿਕਤਾ ਦੇ ਵਿਆਪਕ ਸੰਦੇਸ਼ ਨੂੰ ਸਮਝਣ ਤੇ ਉਸ ਦਾ ਪ੍ਰਸਾਰ ਕਰਨ ਅਤੇ ਇਸ ਦੀਆਂ ਸਮ੍ਰਿੱਧ ਬੁਨਿਆਦੀ ਕਦਰਾਂਕੀਮਤਾਂ ਦੇ ਅਧਾਰ ਉੱਤੇ ਆਪਣੇ ਜੀਵਨ ਭਰਪੂਰ ਬਣਾਉਣ ਦਾ ਸੱਦਾ ਦਿੱਤਾ ਹੈ।

 

ਅੱਜ 17 ਭਾਸ਼ਾਵਾਂ ਵਿੱਚ ਸ਼੍ਰੀ ਰਾਮ ਮੰਦਿਰ ਦਾ ਪੁਨਰਨਿਰਮਾਣ ਤੇ ਉਨ੍ਹਾਂ ਆਦਰਸ਼ਾਂ ਦੀ ਸਥਾਪਨਾ’ (ਰੀਬਿਲਡਿੰਗ ਦ ਸ਼੍ਰਾਈਨ, ਇਨਸ਼੍ਰਾਈਨਿੰਗ ਦ ਵੈਲਿਊਜ਼) ਦੇ ਸਿਰਲੇਖ ਹੇਠ ਇੱਕ ਫ਼ੇਸਬੁੱਕ ਪੋਸਟ ਵਿੱਚ ਉੰਪ ਰਾਸ਼ਟਰਪਤੀ ਨੇ 5 ਅਗਸਤ ਤੋਂ ਅਯੁੱਧਿਆ ਚ ਭਗਵਾਨ ਰਾਮ ਦੇ ਮੰਦਿਰ ਦੇ ਪ੍ਰਸਤਾਵਿਤ ਪੁਨਰਨਿਰਮਾਣ ਉੱਤੇ ਖ਼ੁਸ਼ੀ ਪ੍ਰਗਟਾਈ ਹੈ।

 

ਰਾਸ਼ਟਰਪਤੀ ਨੇ ਇਸ ਨੂੰ ਇੱਕ ਉਤਸਵ ਜਿਹਾ ਪਲ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਮੌਕਾ ਸਮਾਜ ਦੇ ਇੱਕ ਅਧਿਆਤਮਕ ਕਾਇਆਕਲਪ ਵੱਲ ਲਿਜਾ ਸਕਦਾ ਹੈ ਜੇ ਅਸੀਂ ਰਾਮਾਇਣ ਦੇ ਤੱਤਸਾਰ ਨੂੰ ਉਸ ਦੇ ਸਹੀ ਪਰਿਪੇਖ ਵਿੱਚ ਸਮਝ ਸਕੀਏ। ਉਨ੍ਹਾਂ ਇਸ ਨੂੰ ਇੱਕ ਅਜਿਹੀ ਕਥਾ ਦੱਸਿਆ ਜੋ ਧਰਮ ਜਾਂ ਮਰਿਆਦਾਪੂਰਨ ਵਿਵਹਾਰ ਦੇ ਵਿਲੱਖਣ ਭਾਰਤੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਘਟਨਾ ਸਾਨੂੰ ਉਸ ਅਕਾਲ ਮਹਾਕਾਵਿ ਰਾਮਾਇਣ ਦਾ ਚੇਤਾ ਕਰਵਾਉਂਦੀ ਹੈ ਜੋ ਸਾਡੀ ਸਮੂਹਕ ਚੇਤੰਨਤਾ ਦਾ ਇੱਕ ਅੰਗ ਬਣ ਚੁੱਕੀ ਹੈ। ਉਨ੍ਹਾਂ ਭਗਵਾਨ ਰਾਮ ਨੂੰ ਇੱਕ ਬੇਮਿਸਾਲ ਆਦਰਸ਼ ਪ੍ਰਤੀਮੂਰਤੀ ਕਰਾਰ ਦਿੱਤਾ ਜਿਨ੍ਹਾਂ ਦੇ ਜੀਵਨ ਨੇ ਅਜਿਹੀਆਂ ਕਦਰਾਂਕੀਮਤਾਂ ਦੀ ਮਿਸਾਲ ਪੇਸ਼ ਕੀਤੀ ਜੋ ਇੱਕ ਨਿਆਂਪੂਰਨ ਤੇ ਜ਼ਿੰਮੇਵਾਰ ਸਮਾਜਿਕ ਵਿਵਸਥਾ ਸਥਾਪਿਤ ਕਰਨ ਲਈ ਅਹਿਮ ਹੈ।

 

ਦੋ ਹਜ਼ਾਰ ਵਰ੍ਹੇ ਪੁਰਾਣੇ ਮਹਾਕਾਵਿ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਰਾਮਾਇਣ ਵਿੱਚ ਇੱਕ ਅਜਿਹੀ ਦੂਰਦ੍ਰਿਸ਼ਟੀ ਦਰਜ ਹੈ ਜੋ ਸਰਬਵਿਆਪਕ ਹੈ ਅਤੇ ਇਸ ਨੇ ਦੱਖਣਪੂਰਬੀ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਸੱਭਿਆਚਾਰ ਉੱਤੇ ਇੱਕ ਸਪਸ਼ਟ ਅਤੇ ਅਮਿੱਟ ਛਾਪ ਛੱਡੀ ਹੈ।

 

ਵੇਦਿਕ ਅਤੇ ਸੰਸਕ੍ਰਿਤ ਵਿਦਵਾਨ ਆਰਥਰ ਐਨਥੋਨੀ ਮੈਡੌਨੇਲ ਦੇ ਹਵਾਲੇ ਨਾਲ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਗ੍ਰੰਥਾਂ ਵਿੱਚ ਦਰਜ ਅਨੁਸਾਰ ਰਾਮ ਜੀ ਦੇ ਵਿਚਾਰ ਮੂਲ ਰੂਪ ਵਿੱਚ ਧਰਮਨਿਰਪੇਖ ਹਨ ਅਤੇ ਪਿਛਲੇ ਢਾਈ ਹਜ਼ਾਰ ਸਾਲਾਂ ਤੋਂ ਉਨ੍ਹਾਂ ਦਾ ਲੋਕਾਂ ਦੇ ਜੀਵਨ ਤੇ ਵਿਚਾਰਾਂ ਉੱਤੇ ਡੂੰਘਾ ਪ੍ਰਭਾਵ ਪਿਆ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਰਾਮਾਇਣ ਨੇ ਭਾਰਤ ਦੇ ਹੀ ਨਹੀਂ ਬਲਕਿ ਜਾਵਾ, ਬਾਲੀ, ਮਲਾਇਆ, ਬਰਮਾ, ਥਾਈਲੈਂਡ, ਕੰਬੋਡੀਆ ਤੇ ਲਾਓਸ ਜਿਹੇ ਦੱਖਣਪੂਰਬੀ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਕਵੀਆਂ, ਨਾਟਕਕਾਰਾਂ, ਨ੍ਰਿਤਕਾਂ, ਸੰਗੀਤਕਾਰਾਂ ਤੇ ਲੋਕਕਲਾਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇੱਥੇ ਭਗਵਾਨ ਰਾਮ ਦੀ ਕਥਾ ਦੀ ਮਹਾਨ ਸੱਭਿਆਚਾਰਕ ਮਹੱਤਤਾ ਹੈ।

 

ਇਸ ਮਹਾਕਾਵਿ ਦੀ ਵਿਆਪਕ ਅਪੀਲ ਪ੍ਰਦਰਸ਼ਿਤ ਕਰਦਿਆਂ ਉਪ ਰਾਸ਼ਟਰਪਤੀ ਨੇ ਦੱਖਣੀ ਏਸ਼ੀਆ ਤੋਂ ਲੈ ਕੇ ਪੂਰਬੀ ਏਸ਼ੀਆ ਤੱਕ ਦੇ ਵਿਭਿੰਨ ਦੇਸ਼ਾਂ ਵਿੱਚ ਰਾਮਾਇਣ ਦੇ ਵਿਭਿੰਨ ਸੰਸਕਰਣਾਂ ਦੀ ਵਿਸਤ੍ਰਿਤ ਸੂਚੀ ਦਿੱਤੀ।

 

ਉਨ੍ਹਾਂ ਕਿਹਾ ਹੈ ਕਿ ਰੂਸੀ ਭਾਸ਼ਾ ਵਿੱਚ ਅਲੈਗਜ਼ੈਂਡਰ ਬਰਾਨੀਕੋਵ ਨੇ ਇਸ ਦਾ ਅਨੁਵਾਦ ਕੀਤਾ ਤੇ ਰੂਸੀ ਰੰਗਮੰਚ ਕਲਾਕਾਰ ਗੇਨਾਡੀ ਪੇਚਨੀਕੋਵ ਦੁਆਰਾ ਇਸ ਦਾ ਮੰਚਨ ਬਹੁਤ ਮਕਬੂਲ ਹੋਇਆ।

 

ਅੰਕੋਰ ਵਾਟ ਦੀਆਂ ਕੰਧਾਂ ਉੱਤੇ ਰਾਮਾਇਣ ਦੇ ਦ੍ਰਿਸ਼ਾਂ ਅਤੇ ਇੰਡੋਨੇਸ਼ੀਆ ਦੇ ਪ੍ਰਮਬਨਾਨ ਮੰਦਿਰ ਵਿੱਚ ਰਾਮਾਇਣ ਉੱਤੇ ਅਧਾਰਤ ਪ੍ਰਸਿੱਧ ਨ੍ਰਿਤਨਾਟਿਕਾ ਦੀ ਮਿਸਾਲ ਦਿੰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਸਭ ਧਰਮ ਤੇ ਖੇਤਰ ਦੀਆਂ ਹੱਦਾਂ ਤੋਂ ਉਤਾਂਹ ਉੱਠ ਕੇ ਰਾਮਾਇਣ ਦੇ ਸੱਭਿਆਚਾਰਕ ਪ੍ਰਭਾਵ ਨੂੰ ਦਿਖਾਉਂਦੇ ਹਨ।

 

ਉਨ੍ਹਾਂ ਫ਼ੇਸਬੁੱਕ ਪੋਸਟ ਵਿੱਚ ਲਿਖਿਆ ਹੈ, ਇਹ ਜਾਣਨਾ ਵੀ ਰੋਚਕ ਹੋਵੇਗਾ ਕਿ ਬੁੱਧ, ਜੈਨ, ਸਿੱਖ ਜਿਹੇ ਵਿਭਿੰਨ ਧਰਮਾਂ ਵਿੱਚ ਵੀ ਰਾਮਾਇਣ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਤਮਸਾਤ ਕੀਤਾ ਗਿਆ ਹੈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਮਹਾਕਾਵਿ ਨੂੰ ਬਹੁਤ ਜ਼ਿਆਦਾ ਭਾਸ਼ਾਵਾਂ ਵਿੱਚ ਅਨੁਵਾਦ ਜ਼ਰੀਏ ਬਹੁਤ ਸਾਰੇ ਵਿਭਿੰਨ ਸੰਸਕਰਣਾਂ ਵਿੱਚ ਮੁੜ ਦਰਸਾਇਆ ਗਿਆ ਹੈ; ਇੰਝ ਇਸ ਮਹਾਕਾਵਿ ਦੇ ਵਿਸ਼ੇ ਤੇ ਵਿਆਖਿਆ ਵਿੱਚ ਕੁਝ ਤਾਂ ਅਜਿਹਾ ਮੌਜੂਦ ਹੈ, ਜਿਸ ਨੇ ਵੱਖੋਵੱਖਰੇ ਸਮਾਜਾਂ ਦੇ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ।

 

ਉਪ ਰਾਸ਼ਟਰਪਤੀ ਨੇ ਭਗਵਾਨ ਰਾਮ ਨੂੰ ਬਿਹਤਰੀਨ ਗੁਣਾਂ ਵਾਲਾ ਅਜਿਹਾ ਅਵਤਾਰ ਦੱਸਿਆ ਕਿ ਹਰੇਕ ਮਨੁੱਖ ਉਨ੍ਹਾਂ ਨੂੰ ਅਪਣਾਉਣ ਦੀ ਇੱਛਾ ਰੱਖ ਸਕਦਾ ਹੈ; ਰਾਮਾਇਣ ਇੱਕ ਅਜਿਹੀ ਕਥਾ ਹੈ ਜੋ ਅਜਿਹੇ ਅਨੇਕ ਗੁਣਾਂ ਦੀਆਂ ਉਦਾਹਰਣਾਂ ਪੇਸ਼ ਕਰਦੀ ਹੈ।

 

ਜਿਵੇਂ ਹੀ ਇਹ ਕਥਾ ਅਤੇ ਭਗਵਾਨ ਰਾਮ ਦੀ ਭਾਰਤ ਯਾਤਰਾ ਅਰੰਭ ਹੁੰਦੀ ਹੈ, ਸਾਨੂੰ ਸੱਚਾਈ, ਸ਼ਾਂਤੀ, ਤਾਲਮੇਲ, ਦਯਾ ਭਾਵ, ਨਿਆਂ, ਸਮਾਵੇਸ਼, ਭਗਤੀ, ਬਲੀਦਾਨ ਤੇ ਸਮਾਨਅਨੁਭੂਤੀ ਜਿਹੀਆਂ ਮਰਿਆਦਾਵਾਂ ਦੇ ਝਲਕਾਰੇ ਮਿਲਦੇ ਹਨ ਜਿਨ੍ਹਾਂ ਦੀ ਪਾਲਣਾ ਉਹ ਕਰਦੇ ਸਨ; ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮਰਿਆਦਾਵਾਂ ਹੀ ਭਾਰਤੀ ਵਿਸ਼ਵਦ੍ਰਿਸ਼ ਦਾ ਧੁਰਾ ਹਨ।

 

ਇਨ੍ਹਾਂ ਮਰਿਆਦਾਵਾਂ ਨੂੰ ਸਰਬਵਿਆਪਕ ਤੇ ਅਕਾਲ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਇਹੋ ਸਾਰੀਆਂ ਗੱਲਾਂ ਰਾਮਾਇਣ ਨੂੰ ਅੱਜ ਵੀ ਓਨੀ ਹੀ ਪ੍ਰਾਸੰਗਿਕ ਬਣਾਉਂਦੀਆਂ ਹਨ।

 

ਉਪ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਦੁਆਰਾ ਵਰਤੇ ਰਾਮ ਰਾਜਦੇ ਰੂਪਕ ਦਾ ਜ਼ਿਕਰ ਕਰਦਿਆਂ ਕਿਹਾ ਕਿ  ਰਾਮਾਇਣ ਦਾ ਆਦਰਸ਼ ਰਾਮਰਾਜ ਇੱਕ ਲੋਕਕੇਂਦ੍ਰਿਤ ਲੋਕਤਾਂਤਰਿਕ ਸ਼ਾਸਨ ਹੈ, ਜਿਸ ਦੀ ਨੀਂਹ ਸਮਾਨਅਨੁਭੂਤੀ, ਸਮਾਵੇਸ਼, ਸ਼ਾਂਤੀਪੂਰਨ ਸਹਿਹੋਂਦ ਤੇ ਨਾਗਰਿਕਾਂ ਲਈ ਜੀਵਨ ਦਾ ਮਿਆਰ ਬਿਹਤਰ ਬਣਾਉਣ ਦੀ ਨਿਰੰਤਰ ਖੋਜ ਜਿਹੀਆਂ ਕਦਰਾਂਕੀਮਤਾਂ ਉੱਤੇ ਰੱਖੀ ਗਈ ਹੈ ਅਤੇ ਉਹ ਸਾਡੀਆਂ ਲੋਕਤੰਤਰਿਕ ਜੜ੍ਹਾਂ ਮਜ਼ਬੂਤ ਕਰਨ ਦੀ ਸਾਡੀ ਰਾਸ਼ਟਰੀ ਕੋਸ਼ਿਸ਼ ਵਿੱਚ ਇੱਕ ਮਾਪਦੰਡ, ਇੱਕ ਮਾਰਗਦਰਸ਼ਕ, ਪ੍ਰੇਰਣਾ ਸਰੋਤ ਬਣ ਸਕਦੀਆਂ ਹਨ।

 

ਇਹ ਸਾਡੀਆਂ ਸਿਆਸੀ, ਨਿਆਂਇਕ ਤੇ ਪ੍ਰਸ਼ਾਸਕੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵੱਲ ਅੱਗੇ ਵਧਣ ਵਿੱਚ ਸਾਡੀਆਂ ਸਹਾਇਕ ਹੋ ਸਕਦੀਆਂ ਹਨ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1643086) Visitor Counter : 181