ਉਪ ਰਾਸ਼ਟਰਪਤੀ ਸਕੱਤਰੇਤ

ਉੱਪ ਰਾਸ਼ਟਰਪਤੀ ਨੇ ਸ਼੍ਰੀ ਜੈਪਾਲ ਰੈੱਡੀ ਨੂੰ ਇੱਕ ਅਜਿਹਾ ਦੁਰਲੱਭ ਸਿਆਸੀ ਆਗੂ ਦੱਸਿਆ ਜੋ ਆਪਣੀ ਵਿਚਾਰਕ ਦ੍ਰਿਸ਼ਟੀ ਤੇ ਸ਼ਖ਼ਸੀਅਤ ਨਾਲ ਕੋਈ ਸਮਝੌਤਾ ਕੀਤੇ ਬਗ਼ੈਰ ਦਹਾਕਿਆਂ ਬੱਧੀ ਰਾਜਨੀਤਕ ਜੀਵਨ ਵਿੱਚ ਟਿਕੇ ਰਹੇ

ਕਿਹਾ ਕਿ ਉਨ੍ਹਾਂ ਨੂੰ ਸਦਾ ਉਨ੍ਹਾਂ ਦੀ ਭਾਸ਼ਣ–ਕਲਾ, ਸਾਦਗੀ ਤੇ ਨਿਮਰ ਵਿਵਹਾਰ ਲਈ ਯਾਦ ਕੀਤਾ ਜਾਵੇਗਾ

ਉੱਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਆਪਣੇ ਸਮੇਂ ਦੇ ਸਰਬੋਤਮ ਸੰਸਦ ਮੈਂਬਰਾਂ ਵਿੱਚੋਂ ਇੱਕ ਦੱਸਿਆ

ਉੱਪ ਰਾਸ਼ਟਰਪਤੀ ਵੱਲੋਂ ਸ਼੍ਰੀ ਜੈਪਾਲ ਰੈੱਡੀ ਦੀ ਪੁਸਤਕ ‘ਟੈੱਨ ਆਈਡੀਓਲੌਜੀਸ’ ਦਾ ਤੇਲਗੂ ਸੰਸਕਰਣ ਰਿਲੀਜ਼

ਸਵਰਗੀ ਆਗੂ ਤੇ ਆਪਣੇ ਪਿਆਰੇ ਦੋਸਤ ਨੂੰ ਦਿੱਤੀ ਭਰਪੂਰ ਸ਼ਰਧਾਂਜਲੀ

Posted On: 28 JUL 2020 7:30PM by PIB Chandigarh

ਉੱਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਨੂੰ ਭਰਪੂਰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਦਾ ਉਨ੍ਹਾਂ ਦੀ ਭਾਸ਼ਣ–ਕਲਾ, ਸਾਦਗੀ, ਨਿਮਰ ਵਿਵਹਾਰ ਅਤੇ ਸਿਧਾਂਤਵਾਦੀ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਰਹੇਗਾ।

ਸ਼੍ਰੀ ਜੈਪਾਲ ਰੈੱਡੀ ਵੱਲੋਂ ਲਿਖੀ ਅੰਗਰੇਜ਼ੀ ਪੁਸਤਕ ‘ਟੈੱਨ ਆਈਡੀਓਲੌਜੀਸ – ਦਿ ਗ੍ਰੇਟ ਅਸਮਿੱਟ੍ਰੀ ਬਿਟਵੀਨ ਐਗਰੇਰੀਅਨਿਜ਼ਮ ਐਂਡ ਇੰਡਸਟ੍ਰੀਅਲਿਜ਼ਮ’ (10 ਵਿਚਾਰਧਾਰਾਵਾਂ – ਖੇਤੀਬਾੜੀ ਤੇ ਉਦਯੋਗ ਵਿਚਾਲੇ ਮਹਾਨ ਅਸੰਤੁਲਨ) ਦੇ ਤੇਲਗੂ ਸੰਸਕਰਣ ‘ਪਾੜੀ ਭਾਵਜਲਾਲੂ’ ਨੂੰ ਔਨਲਾਈਨ ਰਿਲੀਜ਼ ਕਰਦਿਆਂ ਉੱਪ ਰਾਸ਼ਟਰਪਤੀ ਨੇ ਸਵਰਗੀ ਆਗੂ ਨੂੰ ਇੱਕ ਅਜਿਹਾ ਦੁਰਲੱਭ ਸਿਆਸੀ ਆਗੂ ਕਰਾਰ ਦਿੱਤਾ, ਜੋ ਆਪਣੇ ਸਮੁੱਚੇ ਸਿਆਸੀ ਦਾਇਰਿਆਂ ’ਚ ਹਰਮਨਪਿਆਰੇ ਬਣੇ ਰਹੇ।

ਉੱਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਦਹਾਕਿਆਂ ਬੱਧੀ ਜਨਤਕ ਜੀਵਨ ਵਿੱਚ ਕਾਇਮ ਰਹੇ ਪਰ ਆਪਣੀ ਵਿਚਾਰਕ ਦ੍ਰਿਸ਼ਟੀ ਤੇ ਸ਼ਖ਼ਸੀਅਤ ਨਾਲ ਕਦੇ ਕੋਈ ਸਮਝੌਤਾ ਨਹੀਂ ਕੀਤਾ।

ਸ਼੍ਰੀ ਜੈਪਾਲ ਰੈੱਡੀ ਨਾਲ ਲੰਮਾ ਸਮਾਂ ਰਹੀ ਆਪਣੀ ਨੇੜਤਾ ਨੂੰ ਚੇਤੇ ਕਰਦਿਆਂ ਉੱਪ ਰਾਸ਼ਟਰਪਤੀ ਨੇ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਇੱਕੋ ਬੈਂਚ ਉੱਤੇ ਬੈਠਦੇ ਹੁੰਦੇ ਸਨ ਕਿਉਂਕਿ ਉਹ ਦੋਵੇਂ ਹੀ ਰਾਸ਼ਟਰੀ ਪਾਰਟੀਆਂ ਦੇ ਤਰਜਮਾਨ ਬਣ ਗਏ ਸਨ ਤੇ ਉਨ੍ਹਾਂ ਵਿਚਾਲੇ ਇੱਕ ਵਿਸ਼ੇਸ਼ ਨੇੜਲਾ ਸਬੰਧ ਕਾਇਮ ਹੋ ਗਿਆ ਸੀ।

ਉਨ੍ਹਾਂ ਕਿਹਾ ਕਿ ਭਾਵੇਂ ਉਹ ਦੋਵੇਂ ਵੱਖੋ–ਵੱਖਰੀਆਂ ਪਾਰਟੀਆਂ ਤੇ ਵਿਚਾਰਧਾਰਾਵਾਂ ਨਾਲ ਸਬੰਧਤ ਸਨ ਪਰ ਉਨ੍ਹਾਂ ਦੀ ਦੋਸਤੀ ਵਿੱਚ ਕਦੇ ਕੋਈ ਅੜਿੱਕਾ ਨਹੀਂ ਪਿਆ।

ਸ਼੍ਰੀ ਰੈੱਡੀ ਦੇ ਭਾਸ਼ਣਾਂ ਵਿੱਚ ਮਜ਼ਬੂਤ ਲੋਕ–ਪੱਖੀ ਦਾਰਸ਼ਨਿਕ ਪਰਿਪੇਖ ਨੂੰ ਉਜਾਗਰ ਕਰਦਿਆਂ ਉੱਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇੱਕ ਅਜਿਹਾ ਵਿਸ਼ਲੇਸ਼ਕ ਦੱਸਿਆ, ਜਿਨ੍ਹਾਂ ਨੇ ਸਾਹਿਤ, ਦਰਸ਼ਨ–ਸ਼ਾਸਤਰ ਤੇ ਵਿਭਿੰਨ ਦੇਸ਼ਾਂ ਦੇ ਆਰਥਿਕ ਸਿਧਾਂਤਾਂ ਦਾ ਅਧਿਐਨ ਕੀਤਾ ਤੇ ਉਸੇ ਅਧਿਐਨ ਦੀ ਰੌਸ਼ਨੀ ਵਿੱਚ ਰਾਜਨੀਤੀ ਨੂੰ ਵੇਖਿਆ।

ਸ਼੍ਰੀ ਰੈੱਡੀ ਦੀ ਵਿਧਾਨਕ ਕਾਰਜ ਪ੍ਰਤੀ ਸੁਹਿਰਦਤਾ ਤੇ ਗੰਭੀਰਤਾ ਬਾਰੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਕਿਸੇ ਵੀ ਮੁੱਦੇ ਦਾ ਡੂੰਘਾਈ ਨਾਲ ਅਧਿਐਨ ਕਰਦੇ ਹੁੰਦੇ ਸਨ ਤੇ ਵਿਧਾਨ ਸਭਾ ਜਾਂ ਸੰਸਦ ਵਿੱਚ ਭਾਸ਼ਣ ਦੇਣ ਤੋਂ ਪਹਿਲਾਂ ਆਪਣੇ ਤਰਕਪੂਰਣ ਵਿਚਾਰ ਕਾਇਮ ਕਰ ਲੈਂਦੇ ਸਨ।

ਉਨ੍ਹਾਂ ਇਹ ਵੀ ਕਿਹਾ,‘ਇਹੋ ਕਾਰਣ ਹੈ ਕਿ ਉਨ੍ਹਾਂ ਨੂੰ ਸਾਡੇ ਸਮਿਆਂ ਦੇ ਸਰਬੋਤਮ ਸੰਸਦ ਮੈਂਬਰਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਸੀ।’

ਲੋਕਤੰਤਰ ਤੋਂ ਲੈ ਕੇ ਪੂੰਜੀਵਾਦ ਤੇ ਪਰਿਆਵਰਣਵਾਦ ਤੇ ਸੰਸਾਰੀਕਰਣ ਤੱਕ ਜਿਹੇ ਵਿਭਿੰਨ ਪੱਖਾਂ ਉੱਤੇ ਵਿਚਾਰ–ਚਰਚਾ ਕਰਦੀ ਇਸ ਪੁਸਤਕ ਬਾਰੇ ਬੋਲਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ ਉੱਤੇ ਪ੍ਰਸੰਨਤਾ ਪ੍ਰਗਟਾਈ ਕਿ ਸ਼੍ਰੀ ਰੈੱਡੀ ਨੇ ਰਾਸ਼ਟਰਵਾਦ ਨੂੰ ਪ੍ਰਮੁੱਖਤਾ ਦਿੱਤੀ ਸੀ।

ਉਨ੍ਹਾਂ ਉਸ ਵਿਚਾਰ ਦੀ ਪ੍ਰੋੜ੍ਹਤਾ ਕੀਤੀ, ਜੋ ਸ਼੍ਰੀ ਜੈਪਾਲ ਰੈੱਡੀ ਨੇ ਆਪਣੀ ਪੁਸਤਕ ਵਿੱਚ ਪ੍ਰਗਟਾਇਆ ਹੈ ਕਿ ਦੇਸ਼ ਦੀ ਵਿਲੱਖਣ ਭੁਗੋਲਿਕ ਸਥਿਤੀ ਨੇ ਸ਼ਾਇਰਾਂ ਤੇ ਦਾਰਸ਼ਨਿਕਾਂ ਉੱਤੇ ਪ੍ਰਭਾਵ ਪਾਇਆ ਹੈ, ਇਸੇ ਲਈ ਉਹ ਪ੍ਰਾਚੀਨ ਸਮਿਆਂ ਤੋਂ ਹੀ ਭਾਰਤ ਦੀ ਸਭਿਆਚਾਰਕ ਏਕਤਾ ਉੱਤੇ ਜ਼ੋਰ ਦਿੰਦੇ ਆਏ ਹਨ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਵੇਦਿਕ ਸਮੇਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਭਾਰਤ ਨੂੰ ਸਦਾ ਇੱਕੋ ਸਭਿਆਚਾਰਕ ਇਕਾਈ ਵਜੋਂ ਹੀ ਵੇਖਿਆ ਜਾਂਦਾ ਰਿਹਾ ਹੈ।

ਆਪਣੇ ਪਿਆਰੇ ਦੋਸਤਾਂ ਨਾਲ ਨਿਜੀ ਨੇੜਤਾ ਨੂੰ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ,‘ਜਦੋਂ ਜੈਪਾਲ ਨੇ ਅੰਗਰੇਜ਼ੀ ਵਿੱਚ ਆਪਣੀ ਕਿਤਾਬ ਲਿਖੀ ਸੀ, ਉਨ੍ਹਾਂ ਮੈਨੂੰ ਨਿਜੀ ਤੌਰ ’ਤੇ ਮਿਲ ਕੇ ਉਹ ਕਿਤਾਬ ਭੇਟ ਕੀਤੀ ਸੀ। ਪਰ ਮੈਂ ਇਸ ਕਰਕੇ ਉਦਾਸ ਹਾਂ ਕਿ ਉਹ ਅੱਜ ਇੱਥੇ ਨਹੀਂ ਹਨ, ਜਦੋਂ ਅਸੀਂ ਆਪਣੀ ਮਾਤ–ਭਾਸ਼ਾ ਤੇਲਗੂ ਵਿੱਚ ਇਸ ਨੂੰ ਰਿਲੀਜ਼ ਕਰ ਰਹੇ ਹਾਂ।’

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ. ਸੁਦਰਸ਼ਨ ਰੈੱਡੀ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ – RBI) ਦੇ ਸਾਬਕਾ ਗਵਰਨਰ ਸ਼੍ਰੀ ਵਾਈਵੀ ਰੈੱਡੀ, ਸੀਪੀਆਈ(ਐੱਮ) ਦੇ ਜਨਰਲ ਸਕੱਤਰ ਸ਼੍ਰੀ ਸੀਤਾਰਾਮ ਯੇਚੁਰੀ, ਸ਼੍ਰੀ ਐੱਸ. ਜੈਪਾਲ ਰੈੱਡੀ ਦੀ ਪਤਨੀ ਸ਼੍ਰੀਮਤੀ ਲਕਸ਼ਮੀ ਤੇ ਇਸ ਪੁਸਤਕ ਦੇ ਤੇਲਗੂ ਅਨੁਵਾਦਕ ਸ਼੍ਰੀ ਕੇ. ਭਾਸਕਰਮ ਉਨ੍ਹਾਂ ਕੁਝ ਪਤਵੰਤੇ ਸੱਜਣਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਇਸ ਕਿਤਾਬ ਰਿਲੀਜ਼ ਸਮਾਰੋਹ ਵਿੱਚ ਵਰਚੁਅਲ ਤੌਰ ’ਤੇ ਭਾਗ ਲਿਆ।

****

ਵੀਆਰਆਰਕੇ/ਐੱਮਐੱਸ/ਐੱਮਐੱਸਵਾਇ/ਡੀਪੀ



(Release ID: 1641957) Visitor Counter : 150