ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਵੱਲੋਂ ਮਾਂ–ਬੋਲੀ ਉੱਤੇ ਮੁਹਾਰਤ ਹਾਸਲ ਕਰਨ ਦਾ ਸੱਦਾ
ਸ਼੍ਰੀ ਨਾਇਡੂ ਨੇ ਕਿਹਾ ਕਿ ਕੋਈ ਭਾਸ਼ਾ ਸਿੱਖਣ ਨਾਲ ਹੁੰਦਾ ਹੈ ਸੱਭਿਆਚਾਰ ਤੇ ਕਦਰਾਂ–ਕੀਮਤਾਂ ਦਾ ਸੁਮੇਲ
ਮਨੁੱਖ ਦੀ ਏਕਤਾ ਕਾਇਮ ਰੱਖਣ ਲਈ ਲੋਕਾਂ ਨੂੰ ਕੀਤੀ ਹੋਰ ਭਾਸ਼ਾਵਾਂ ਸਿੱਖਣ ਦੀ ਬੇਨਤੀ
Posted On:
24 JUL 2020 7:00PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਆਪਣੀ ਮਾਂ–ਬੋਲੀ ਸਿੱਖਣ ਤੇ ਉਸ ’ਤੇ ਮੁਹਾਰਤ ਹਾਸਲ ਕਰਨ ਦੇ ਫ਼ਾਇਦੇ ਉਜਾਗਰ ਕਰਦਿਆਂ ਸੱਭਿਆਚਾਰਕ ਵਿਭਿੰਨਤਾਵਾਂ ਤੇ ਕਦਰਾਂ–ਕੀਮਤਾਂ ਦੀਆਂ ਵਿਆਪਕ ਪ੍ਰਣਾਲੀਆਂ ਸਮਝਣ ਲਈ ਜਨਤਾ ਨੂੰ ਹੋਰ ਭਾਸ਼ਾਵਾਂ ਵੱਧ ਤੋਂ ਵੱਧ ਸਿੱਖਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋਰ ਭਾਸ਼ਾਵਾਂ ਸਿੱਖਣ ਨਾਲ ਮਨੁੱਖਾਂ ਦੇ ਆਪਸੀ ਸਬੰਧ ਵੀ ਮਜ਼ਬੂਤ ਹੁੰਦੇ ਹਨ ਅਤੇ ਵਿਭਿੰਨ ਪ੍ਰਕਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ।
ਅੱਜ ਅਮਰੀਕਾ ਦੇ ਸ਼ਹਿਰ ਸਾਨ ਫ਼੍ਰਾਂਸਿਸਕੋ ਵਿਖੇ ਆਯੋਜਿਤ ਕੀਤੇ ਜਾ ਰਹੇ ‘ਵਰਲਡ ਤੇਲਗੂ ਕਲਚਰਲ ਫ਼ੈਸਟ’ (ਵਿਸ਼ਵ ਤੇਲਗੂ ਸੱਭਿਆਚਾਰਕ ਮੇਲਾ) ਵਿੱਚ ਭਾਗੀਦਾਰਾਂ ਨੂੰ ਔਨਲਾਈਨ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਆਖਿਆ ਕਿ ਭਾਸ਼ਾ ਸਿਰਫ਼ ਆਪਣੇ ਵਿਚਾਰ ਪ੍ਰਗਟਾਉਣ ਤੋਂ ਅਗਾਂਹ ਦੀ ਚੀਜ਼ ਹੈ। ਉਨ੍ਹਾਂ ਵਿਸਥਾਰ ’ਚ ਜਾਂਦਿਆਂ ਕਿਹਾ ਕਿ ਭਾਸ਼ਾ ਤੋਂ ਸੱਭਿਆਚਾਰ ਦਾ ਪ੍ਰਗਟਾਵਾ ਹੁੰਦਾ ਹੈ ਤੇ ਇਹ ਲੰਮੇ ਸਮੇਂ ਦੌਰਾਨ ਕਦਰਾਂ–ਕੀਮਤਾਂ ਦੀ ਇੱਕ ਪ੍ਰਣਾਲੀ ਹੈ ਅਤੇ ਇਹ ਸਬੰਧਤ ਸੱਭਿਆਚਾਰਾਂ ਨਾਲ ਜੁੜੀਆਂ ਖ਼ਾਸ ਕਿਸਮ ਦੀਆਂ ਸ਼ਖ਼ਸੀਅਤਾਂ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਰੇਕ ਭਾਸ਼ਾ ਇੱਕ ਵਿਕਾਸਮੁਖੀ ਪ੍ਰਕਿਰਿਆ ਦਾ ਨਤੀਜਾ ਹੈ ਜੋ ਇੱਕ–ਦੂਜੇ ਨਾਲ ਲੰਮੇ ਸਮੇਂ ਤੱਕ ਗੱਲ ਕਰਨ ਨਾਲ ਵਿਕਸਤ ਹੁੰਦੀ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਹਰੇਕ ਸੱਭਿਅਤਾ ਖ਼ੁਦ ਨੂੰ ਆਪਣੇ ਲੋਕਾਂ ਦੀਆਂ ਭਾਸ਼ਾਵਾਂ ਵਿੱਚ ਇਤਿਹਾਸਕ, ਸਮਾਜਿਕ, ਆਰਥਿਕ ਤੇ ਭੌਤਿਕ ਸੰਦਰਭਾਂ ਦੇ ਉਤਪਾਦਾਂ ਵਜੋਂ ਪ੍ਰਗਟਾਉਂਦੀ ਹੈ। ਸ਼੍ਰੀ ਨਾਇਡੂ ਨੇ ਕਿਹਾ ਕਿ ਭਾਸ਼ਾ, ‘ਤੁਸੀਂ ਕੌਣ ਹੋ?’ ਦੇ ਬੁਨਿਆਦੀ ਪ੍ਰਸ਼ਨ ਦਾ ਸਿਧਾਂਤਕ ਤੌਰ ’ਤੇ ਉੱਤਰ ਦਿੰਦੀ ਹੈ ਅਤੇ ਇੰਝ ਇਸ ਦਾ ਅਰਥ ਹੈ ਕਿ ਇੱਕ ਵਿਅਕਤੀ ਸੱਭਿਆਚਾਰ ਤੇ ਕਦਰਾਂ–ਕੀਮਤਾਂ ਦੀ ਪ੍ਰਣਾਲੀ ਦਾ ਪ੍ਰਗਟਾਵਾ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ’ਭਾਸ਼ਾ ਕਿਸੇ ਵਿਅਕਤੀ ਦੀ ਸ਼ਨਾਖ਼ਤ ਦਾ ਪ੍ਰਮੁੱਖ ਸਰੋਤ ਹੁੰਦੀ ਹੈ ਤੇ ਇੰਝ ਬਹੁਤ ਅਹਿਮ ਹੈ।’
ਸ਼੍ਰੀ ਨਾਇਡੂ ਨੇ ਕਿਹਾ ਕਿ ਸਾਂਝੀ ਭਾਸ਼ਾ ਏਕਤਾ ਕਾਇਮ ਰੱਖਦੀ ਹੈ ਤੇ ਸਮਾਜਿਕ ਵਿਕਾਸ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ਜਨਤਾ ਨੂੰ ਵਿਭਿੰਨ ਸੱਭਿਆਚਾਰਾਂ ਨੂੰ ਵਿਆਪਕ ਤੌਰ ’ਤੇ ਸਮਝਣ ਲਈ ਹਰ ਸੰਭਵ ਹੱਦ ਤੱਕ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣ ਦੀ ਬੇਨਤੀ ਕੀਤੀ। ਉਨ੍ਹਾਂ ਮਾਨਸਿਕਤਾਵਾਂ ਤੇ ਪਰਿਪੇਖਾਂ ਵਿੱਚ ਤਬਦੀਲੀ ਲਈ ਵਿਆਪਕ ਸੱਭਿਆਚਾਰਕ ਤੇ ਭਾਸ਼ਾਈ ਵਟਾਂਦਰੇ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਚਾਰ ‘ਐੱਮਜ਼’ – ਮਦਰ, ਮਦਰਲੈਂਡ, ਮਦਰ ਟੰਗ ਅਤੇ ਮੈਂਟੋਰ (ਮਾਂ, ਮਾਤ–ਭੂਮੀ, ਮਾਂ–ਬੋਲੀ ਅਤੇ ਅਧਿਆਪਕ/ਗੁਰੂ) – ਦਾ ਸਦਾ ਧਿਆਨ ਰੱਖਣ ਤੇ ਕਦਰ ਕਰਨ।
ਉਪ ਰਾਸ਼ਟਰਪਤੀ ਨੇ ਕਿਹਾ,‘ਧਰਮ ਵਿਅਕਤੀਗਤ ਮੁਕਤੀ ਦਾ ਇੱਕ ਰਸਤਾ ਹੈ। ਸੱਭਿਆਚਾਰ ਉਸ ਨਿਸ਼ਾਨੇ ਤੱਕ ਪੁੱਜਣ ਦੇ ਜੀਵਨ ਮਾਰਗ ਲਈ ਇੱਕ ਵਿਵਹਾਰਕ ਮਾਰਗ–ਦਰਸ਼ਕ ਹੈ। ਭਾਸ਼ਾ ਸੱਭਿਆਚਾਰ ਦਾ ਇੱਕ ਬੁਨਿਆਦੀ ਤੱਤ ਹੈ ਤੇ ਉਸੇ ਅਨੁਸਾਰ ਕਿਸੇ ਵਿਅਕਤੀ ਦੇ ਜੀਵਨ ਨੂੰ ਆਕਾਰ ਦੇਣ ਵਿੱਚ ਉਸ ਦੀ ਮਹੱਤਤਾ ਹੈ। ਉਸੇ ਅਨੁਸਾਰ ਰਿਸ਼ੀਆਂ–ਮੁਨੀਆਂ ਤੇ ਦਾਰਸ਼ਨਿਕਾਂ ਨੇ ਸਹੀ ਸ਼ਬਦਾਂ ਤੇ ਸਹੀ ਭਾਸ਼ਾ ਦੀ ਵਰਤੋਂ ਕਰਨ ਦੀ ਵਕਾਲਤ ਕੀਤੀ ਹੈ। ਇਸੇ ਲਈ ਮੈਂ ਆਖਦਾ ਹਾਂ ਕਿ ਤੁਸੀਂ ਉਹੀ ਹੋ ਜੋ ਤੁਹਾਡੀ ਭਾਸ਼ਾ ਹੈ।’
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1641095)
Visitor Counter : 213