ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਡਿਜੀਟਲ ਪਲੈਟਫਾਰਮਾਂ ਨੂੰ ਦੇਸ਼ਾਂ ਦੀ ਪ੍ਰਭੂਸੱਤਾ ਨਾਲ ਸਬੰਧਿਤ ਸਰੋਕਾਰਾਂ ਪ੍ਰਤੀ ਜ਼ਿੰਮੇਵਾਰ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ: ਜੀ -20 ਮੰਤਰੀ ਪੱਧਰੀ ਡਿਜੀਟਲ ਮੀਟਿੰਗ ਵਿੱਚ ਸ਼੍ਰੀ ਰਵੀ ਸ਼ੰਕਰ ਪ੍ਰਸਾਦ

ਭਾਰਤ ਇੱਕ ਨਿਜੀ ਡਾਟਾ ਸੁਰੱਖਿਆ ਕਾਨੂੰਨ ਬਣਾਵੇਗਾ, ਜੋ ਡਾਟਾ ਨਿੱਜਤਾ ਨਾਲ ਸਬੰਧਿਤ ਚਿੰਤਾਵਾਂ ਦਾ ਹੱਲ ਕਰੇਗਾ ਅਤੇ ਨਵੀਨਤਾ ਲਈ ਅੰਕੜਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਵੇਗਾ

ਕੇਂਦਰੀ ਮੰਤਰੀ ਨੇ ਭਰੋਸੇਯੋਗ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮਸ ਸਿਰਜਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਜੋ ਸਮਾਜ ਨੂੰ ਬਦਲ ਸਕਦੇ ਹਨ

Posted On: 22 JUL 2020 7:49PM by PIB Chandigarh

ਜੀ -20 ਡਿਜੀਟਲ ਅਰਥਵਿਵਸਥਾ ਮੰਤਰੀਆਂ ਦੀ ਵਰਚੁਅਲ ਮੀਟਿੰਗ ਦੀ ਮੇਜ਼ਬਾਨੀ ਸਾਊਦੀ ਅਰਬ ਨੇ ਕੀਤੀ ਜੋ ਜੀ -20 ਦੀ ਪ੍ਰਧਾਨਗੀ ਕਰ ਰਿਹਾ ਹੈ। ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇਸ ਵਰਚੁਅਲ ਮੀਟਿੰਗ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕੀਤੀ। ਕੋਵਿਡ-19 ਵਿਸ਼ਵਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ, ਸ਼੍ਰੀ ਪ੍ਰਸਾਦ ਨੇ ਇੱਕ ਲਚਕਦਾਰ ਆਲਮੀ ਸਪਲਾਈ ਲੜੀ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਵਿਸ਼ਵਵਿਆਪੀ ਸਪਲਾਈ ਲੜੀ ਨਾਲ ਨੇੜਿਓਂ ਜੁੜੇ ਨਿਵੇਸ਼ ਲਈ ਭਾਰਤ ਨੂੰ ਆਕਰਸ਼ਕ ਮੰਜ਼ਿਲ ਬਣਾਉਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ।

 

http://pibcms.nic.in/WriteReadData/userfiles/image/image001I8G2.jpg

 

ਸ਼੍ਰੀ ਪ੍ਰਸਾਦ ਨੇ ਇਸ ਆਲਮੀ ਇਕੱਠ ਨੂੰ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਕੋਵਿਡ-19 ਸੰਕਟ ਨੂੰ ਕਈ ਹੋਰ ਦੇਸ਼ਾਂ ਨਾਲੋਂ ਕਿਤੇ ਵਧੀਆ ਢੰਗ ਨਾਲ ਸੰਭਾਲਿਆ ਹੈ। ਪ੍ਰਧਾਨ ਮੰਤਰੀ ਦੇ ਦੇਸ਼-ਵਿਆਪੀ ਤਤਕਾਲ ਲੌਕਡਾਊਨ ਦੇ ਸਾਹਸਿਕ ਫੈਸਲੇ ਨੇ ਦੇਸ਼ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਨਾਲ-ਨਾਲ ਆਉਣ ਵਾਲੀਆਂ ਚੁਣੌਤੀਆਂ ਲਈ ਅਸਰਦਾਰ ਢੰਗ ਨਾਲ ਤਿਆਰੀ ਕਰਨ ਵਿੱਚ ਸਹਾਇਤਾ ਕੀਤੀ।

 

http://pibcms.nic.in/WriteReadData/userfiles/image/image002CVSA.jpg

 

ਕੇਂਦਰੀ ਮੰਤਰੀ ਨੇ ਭਾਰਤ ਦੀਆਂ ਡਿਜੀਟਲ ਕਾਢਾਂ ਨੂੰ ਸਾਂਝਾ ਕੀਤਾ, ਜਿਨ੍ਹਾਂ ਨੇ ਕੋਵਿਡ-19 ਖ਼ਿਲਾਫ਼ ਲੜਨ ਵਿੱਚ ਸਹਾਇਤਾ ਕੀਤੀ। ਉਨ੍ਹਾਂ ਇਸ ਮੀਟਿੰਗ ਦੌਰਾਨ ਆਰੋਗਯ ਸੇਤੂ ਮੋਬਾਈਲ ਐਪ, ਅਲੱਗ-ਅਲੱਗ ਮਰੀਜ਼ਾਂ ਦੀ ਨਿਗਰਾਨੀ ਲਈ ਜੀਓ-ਫੈਨਸਿੰਗ ਪ੍ਰਣਾਲੀ ਅਤੇ ਕੋਵਿਡ-19 ਸਾਵਧਾਨ ਬਲਕ ਮੈਸੇਜਿੰਗ ਪ੍ਰਣਾਲੀਆਂ ਜਿਹੀਆਂ ਪਹਿਲਾਂ ਬਾਰੇ ਗੱਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਇਸ ਡਿਜੀਟਲ ਟੈਕਨੋਲੋਜੀ ਨੇ ਇਸ ਸੰਕਟ ਦੇ ਸਮੇਂ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਭਾਰਤ ਸਰਕਾਰ ਦੀ ਸਹਾਇਤਾ ਕੀਤੀ। ਲੌਕਡਾਊਨ ਦੌਰਾਨ ਵੱਖ ਵੱਖ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਸਿੱਧਾ ਲਾਭ ਟਰਾਂਸਫਰ ਅਤੇ ਡਿਜੀਟਲ ਭੁਗਤਾਨ ਜਿਹੀਆਂ ਭਾਰਤ ਦੀਆਂ ਡਿਜੀਟਲ ਕਾਢਾਂ ਦੀ ਵਰਤੋਂ ਕੀਤੀ ਗਈ ਸੀ।

 

ਵਿਸ਼ੇਸ਼ ਤੌਰ 'ਤੇ ਸਿਹਤ ਸੰਭਾਲ਼ ਅਤੇ ਸਿੱਖਿਆ ਦੇ ਖੇਤਰ ਵਿੱਚ ਸਮਾਵੇਸ਼ੀ ਵਾਧੇ ਅਤੇ ਵਿਕਾਸ ਲਈ ਆਰਟੀਫਿਸ਼ਲ ਇੰਟੈਲੀਜੈਂਸ ਜਿਹੀਆਂ ਉੱਭਰ ਰਹੀਆਂ ਤਕਨੀਕਾਂ ਦਾ ਲਾਭ ਉਠਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਪ੍ਰਸਾਦ ਨੇ ਭਰੋਸੇਯੋਗ ਆਰਟੀਫਿਸ਼ਲ ਇੰਟੈਲੀਜੈਂਸ ਸਿਸਟਮਸ ਦੀ ਉਸਾਰੀ 'ਤੇ ਜ਼ੋਰ ਦਿੱਤਾ ਜੋ ਸਮਾਜ ਨੂੰ ਬਦਲ ਸਕਦੀ ਹੈ।

 

ਮੰਤਰੀ ਨੇ ਅੰਕੜਿਆਂ ਨਾਲ ਜੁੜੇ ਮੁੱਦਿਆਂ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਦੇਸ਼ ਦੇ ਪ੍ਰਭੂਸੱਤਾ ਅਧਿਕਾਰਾਂ ਬਾਰੇ ਵਿਸ਼ੇਸ਼ ਤੌਰ 'ਤੇ ਜ਼ੋਰ ਦਿੱਤਾ। ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਜਲਦੀ ਹੀ ਇੱਕ ਨਿਜੀ ਡਾਟਾ ਸੁਰੱਖਿਆ ਕਾਨੂੰਨ ਬਣਾਉਣ ਜਾ ਰਿਹਾ ਹੈ, ਜੋ ਨਾ ਸਿਰਫ ਨਾਗਰਿਕਾਂ ਦੇ ਡਾਟਾ ਨਿੱਜਤਾ ਨਾਲ ਸਬੰਧਿਤ ਚਿੰਤਾਵਾਂ ਦਾ ਹੱਲ ਕਰੇਗਾ, ਬਲਕਿ ਨਵੀਨਤਾ ਅਤੇ ਆਰਥਿਕ ਵਿਕਾਸ ਲਈ ਅੰਕੜਿਆਂ ਦੀ ਉਪਲਬਧਤਾ ਨੂੰ ਵੀ ਯਕੀਨੀ ਬਣਾਵੇਗਾ। ਇਨ੍ਹਾਂ ਚਿੰਤਾਵਾਂ ਦੇ ਮੱਦੇਨਜ਼ਰ, ਬਹੁਤ ਸਾਰੇ ਦੇਸ਼ਾਂ ਵਿੱਚ ਮੌਜੂਦ ਡਿਜੀਟਲ ਪਲੈਟਫਾਰਮ ਭਰੋਸੇਮੰਦ ਅਤੇ ਸੁਰੱਖਿਅਤ ਹੋਣੇ ਚਾਹੀਦੇ ਹਨ। ਉਨ੍ਹਾਂ ਜੀ -20 ਦੇਸ਼ਾਂ ਦੇ ਡਿਜੀਟਲ ਮੰਤਰੀਆਂ ਨੂੰ ਕਿਹਾ ਕਿ ਹੁਣ ਇਹ ਸਵੀਕਾਰ ਕਰਨ ਦਾ ਸਮਾਂ ਆ ਗਿਆ ਹੈ ਕਿ ਵਿਸ਼ਵ ਵਿੱਚ ਕਿਤੇ ਵੀ ਡਿਜੀਟਲ ਪਲੈਟਫਾਰਮ ਨੂੰ ਰੱਖਿਆ, ਨਿੱਜਤਾ ਅਤੇ ਨਾਗਰਿਕਾਂ ਦੀ ਸੁਰੱਖਿਆ ਸਮੇਤ ਦੇਸ਼ਾਂ ਦੇ ਪ੍ਰਭੂਸੱਤਾ ਸਰੋਕਾਰਾਂ ਪ੍ਰਤੀ ਜ਼ਿੰਮੇਵਾਰ ਅਤੇ ਜਵਾਬਦੇਹ ਬਣਨਾ ਪਏਗਾ।

 

                                                      *****

 

ਆਰਸੀਜੇ/ਐੱਮ



(Release ID: 1640541) Visitor Counter : 155