ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਕੁਆਲਿਟੀ ਸਰਵਿਸ ਲਈ ਸੜਕਾਂ ਦੀ ਰੈਂਕਿੰਗ ਕਰਨ ਦੀ ਤਿਆਰੀ ਵਿੱਚ ਐੱਨਐੱਚਏਆਈ
Posted On:
06 JUL 2020 3:03PM by PIB Chandigarh
ਸੜਕਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਯਤਨਾਂ ਵਿੱਚ , ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੇ ਤਹਿਤ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਦੇਸ਼ ਭਰ ਦੇ ਰਾਜਮਾਰਗਾਂ ਦੀ ਦਕਸ਼ਤਾ ਦਾ ਮੁੱਲਾਂਕਣ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਰੈਂਕਿੰਗ ਕਰਨ ਦਾ ਵੀ ਫੈਸਲਾ ਕੀਤਾ ਹੈ। ਰਾਸ਼ਟਰੀ ਰਾਜਮਾਰਗਾਂ ਦੇ ਪ੍ਰਦਰਸ਼ਨ ਦਾ ਮੁੱਲਾਂਕਣ (ਆਡਿਟ) ਅਤੇ ਰੈਂਕਿੰਗ ਦਾ ਉਦੇਸ਼ ਹੈ ਕਿ ਜਿੱਥੇ ਵੀ ਜ਼ਰੂਰਤ ਹੋਵੇ ਲੋੜੀਂਦੇ ਸੁਧਾਰਾਂ ਨੂੰ ਯਕੀਨੀ ਬਣਾਉਣਾ, ਤਾਂ ਜੋ ਉਨ੍ਹਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਰਾਜਮਾਰਗਾਂ 'ਤੇ ਯਾਤਰਾ ਕਰਨ ਵਾਲੇ ਯਾਤਰੀ ਇੱਕ ਮਨਮੋਹਕ ਯਾਤਰਾ ਦਾ ਆਨੰਦ ਲੈ ਸਕਣ।
ਮੁੱਲਾਂਕਣ ਦੇ ਪੈਰਾਮੀਟਰ ਵੱਖ-ਵੱਖ ਅੰਤਰਰਾਸ਼ਟਰੀ ਪਿਰਤਾਂ ਜਾਂ ਤੌਰ-ਤਰੀਕਿਆਂ ਅਤੇ ਅਧਿਐਨਾਂ 'ਤੇ ਅਧਾਰਿਤ ਹਨ ਜਿਸ ਦਾ ਉਦੇਸ਼ ਭਾਰਤੀ ਸੰਦਰਭ ਵਿੱਚ ਰਾਜਮਾਰਗਾਂ ਦੀ ਦਕਸ਼ਤਾ ਦੇ ਮਿਆਰਾਂ ਨੂੰ ਤੈਅ ਕਰਨਾ ਹੈ। ਮੁੱਲਾਂਕਣ ਦੇ ਲਈ ਮਾਪਦੰਡ ਨੂੰ ਮੁੱਖ ਤੌਰ ‘ਤੇ ਤਿੰਨ ਮਹੱਤਵਪੂਰਨ ਭਾਗਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ: ਹਾਈਵੇ ਦਕਸ਼ਤਾ (45%), ਹਾਈਵੇ ਸੇਫਟੀ (35%) ਅਤੇ ਉਪਭੋਗਤਾ ਸੇਵਾਵਾਂ (20%)। ਇਸ ਮੁੱਲਾਂਕਣ ਦੇ ਨਤੀਜਿਆਂ ਦੇ ਅਧਾਰ ‘ਤੇ, ਅਥਾਰਿਟੀ ਇੱਕ ਵਿਆਪਕ ਵਿਸ਼ਲੇਸ਼ਣ ਕਰੇਗੀ ਅਤੇ ਸੇਵਾਵਾਂ ਦੀ ਸਮੁੱਚੀ ਗੁਣਵੱਤਾ ਨੂੰ ਵਧਾਉਣ ਲਈ ਵਿਭਿੰਨ ਜ਼ਰੂਰੀ ਕਦਮ ਉਠਾਉਣ ਬਾਰੇ ਫੈਸਲਾ ਲਵੇਗੀ।
ਇਸ ਤੋਂ ਇਲਾਵਾ, ਮੁੱਲਾਂਕਣ ਕਰਦੇ ਸਮੇਂ ਕਈ ਹੋਰ ਮਹੱਤਵਪੂਰਨ ਪੈਰਾਮੀਟਰਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਪਰਿਚਾਲਨ ਦੀ ਗਤੀ, ਕਈ ਦਿਸ਼ਾਵਾਂ ਤੋਂ ਵਾਹਨਾਂ ਦੀ ਪਹੁੰਚ ‘ਤੇ ਨਿਯੰਤਰਣ, ਟੋਲ ਪਲਾਜ਼ਿਆਂ ‘ਤੇ ਲਗਣ ਵਾਲਾ ਸਮਾਂ, ਸੜਕ ਦੇ ਸੰਕੇਤਕ, ਸੜਕ ਦੇ ਚਿੰਨ੍ਹ, ਹਾਦਸਾ ਦਰ, ਕਿਸੇ ਘਟਨਾ ਨਾਲ ਨਿਪਟਣ ਵਿੱਚ ਲਗਣ ਵਾਲਾ ਸਮਾਂ, ਕ੍ਰੈਸ਼ ਬੈਰੀਅਰ, ਲਾਈਟਾਂ, ਅਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ਏਟੀਐੱਮਐੱਸ) ਦੀ ਉਪਲੱਬਧਤਾ, ਬੁਨਿਆਦੀ ਢਾਂਚਿਆਂ ਦੀ ਕਾਰਜਸ਼ੀਲਤਾ, ਗ੍ਰੇਡ ਸੈਪਰੇਟਡ ਇੰਟਰਸੈਕਸ਼ਨਾਂ ਦੀ ਵਿਵਸਥਾ, ਸਵੱਛਤਾ, ਬੂਟੇ ਲਗਾਉਣਾ, ਸੜਕ ਦੇ ਕਿਨਾਰੇ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਗਾਹਕਾਂ ਦੀ ਤਸੱਲੀ ਸ਼ਾਮਲ ਹਨ।
ਹਰੇਕ ਪੈਰਾਮੀਟਰ ‘ਤੇ ਹਰੇਕ ਕੌਰੀਡੋਰ (ਗਲਿਆਰੇ) ਦੁਆਰਾ ਹਾਸਲ ਕੀਤੇ ਜਾਣ ਵਾਲਾ ਸਕੋਰ ਦਰਅਸਲ ਪਰਿਚਾਲਨ ਦੇ ਉੱਚ ਮਿਆਰਾਂ, ਬਿਹਤਰ ਸੁਰੱਖਿਆ ਅਤੇ ਉਪਭੋਗਤਾਵਾਂ ਨੂੰ ਚੰਗੇ ਅਨੁਭਵ ਕਰਵਾਉਣ ਲਈ ਜ਼ਰੂਰੀ ਜਾਣਕਾਰੀ ਸੁਲਭ ਕਰਾਵੇਗਾ ਅਤੇ ਇਸ ਦੇ ਨਾਲ ਹੀ ਅਜਿਹੇ ਸੁਧਾਰਾਤਮਕ ਕਦਮ ਸੁਝਾਵੇਗਾ ਜਿਨ੍ਹਾਂ ‘ਤੇ ਅਮਲ ਕਰਕੇ ਮੌਜੂਦਾ ਰਾਜਮਾਰਗਾਂ ਨੂੰ ਬਿਹਤਰ ਬਣਾਉਣਾ ਸੰਭਵ ਹੋ ਸਕੇਗਾ। ਇਸ ਨਾਲ ਐੱਨਐੱਚਏਆਈ ਦੇ ਹੋਰ ਪ੍ਰੋਜੈਕਟਾਂ ਲਈ ਵੀ ਡਿਜ਼ਾਈਨ, ਮਿਆਰਾਂ, ਪਿਰਤਾਂ, ਦਿਸ਼ਾ-ਨਿਰਦੇਸ਼ਾਂ ਅਤੇ ਕੰਟਰੈਕਟ ਸਮਝੌਤਿਆਂ ਵਿੱਚ ਖਾਮੀਆਂ ਨੂੰ ਪਹਿਚਾਨਣ ਅਤੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
ਕੌਰੀਡੋਰ ਯਾਨੀ ਗਲਿਆਰਿਆਂ ਦੀ ਰੈਂਕਿੰਗ ਤੇਜ਼ੀ ਨਾਲ ਪਰਿਵਰਤਨਸ਼ੀਲ ਹੋਵੇਗੀ ਅਤੇ ਰਿਆਇਤ ਪ੍ਰਾਪਤਕਰਤਾ / ਠੇਕੇਦਾਰ /ਅਪਰੇਟਰ ਨੂੰ ਉਸ ਕੌਰੀਡੋਰ ‘ਤੇ ਉਪਲਬਧ ਸੇਵਾਵਾਂ ਵਿੱਚ ਸੁਧਾਰ ਕਰਕੇ ਆਪਣੀ ਰੈਂਕਿੰਗ ਨੂੰ ਬਿਹਤਰ ਕਰਨ ਦਾ ਮੌਕਾ ਮਿਲੇਗਾ। ਸਾਰੇ ਕੌਰੀਡੋਰਾਂ (ਗਲਿਆਰਿਆਂ) ਦੀ ਸਮੁੱਚੀ ਰੈਂਕਿੰਗ ਤੋਂ ਇਲਾਵਾ, ਬੀਓਟੀ, ਐੱਚਏਐੱਮ ਅਤੇ ਈਪੀਸੀ ਪ੍ਰੋਜੈਕਟਾਂ ਲਈ ਵੀ ਵੱਖਰੀ ਰੈਂਕਿੰਗ ਕੀਤੀ ਜਾਵੇਗੀ। ਰੈਂਕਿੰਗ ਦੀ ਇਸ ਪ੍ਰਕਿਰਿਆ ਨਾਲ ਪਰਿਚਾਲਨ ਵਿੱਚ ਦਕਸ਼ਤਾ ਦੇ ਨਾਲ-ਨਾਲ ਸੜਕਾਂ ਦਾ ਬਿਹਤਰੀਨ ਰੱਖ-ਰਖਾਅ ਵੀ ਸੁਨਿਸ਼ਚਿਤ ਹੋਵੇਗਾ।
*****
ਆਰਸੀਜੇ/ਐੱਮਐੱਸ
(Release ID: 1636923)
Visitor Counter : 185