ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਤਹਿਤ 32ਵਾਂ ਵੈਬੀਨਾਰ "ਟ੍ਰੈਕਿੰਗ ਇਨ ਹਿਮਾਲਿਆਜ਼ - ਮੈਜੀਕਲ ਐਕਸਪੀਰੀਐਂਸਿਜ਼" ਆਯੋਜਿਤ ਕੀਤਾ
"ਯੋਗ ਐਂਡ ਵੈਲਨੈੱਸ - ਐਨ ਆਫਰਿੰਗ ਫਾਰ ਚੈਲੈਂਜਿੰਗ ਟਾਈਮਜ਼" ਦੇ ਸਿਰਲੇਖ ਵਾਲਾ ਅਗਲਾ ਵੈਬੀਨਾਰ 19 ਜੂਨ, 2020 ਨੂੰ ਆਯੋਜਿਤ ਹੋਵੇਗਾ
Posted On:
15 JUN 2020 12:58PM by PIB Chandigarh
ਟੂਰਿਜ਼ਮ ਮੰਤਰਾਲਾ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਤਹਿਤ 32ਵਾਂ ਵੈਬੀਨਾਰ "ਟ੍ਰੈਕਿੰਗ ਇਨ ਹਿਮਾਲਿਆਜ਼ - ਮੈਜੀਕਲ ਐਕਸਪੀਰੀਐਂਸਿਜ਼" 13 ਜੂਨ, 2020 ਨੂੰ ਆਯੋਜਿਤ ਕੀਤਾ। ਇਸ ਵਿੱਚ ਭਾਰਤੀ ਹਿਮਾਲੀਅਨ ਪਹਾੜੀ ਰੇਂਜ ਦੀ ਟੂਰਿਜ਼ਮ ਸਬੰਧੀ ਸਮਰੱਥਾ ਨੂੰ ਉਭਾਰਿਆ ਗਿਆ ਹੈ ਜੋ ਕਿ ਅਨੋਖੇ ਅਤੇ ਜਾਦੂਈ ਅਨੁਭਵ ਪੇਸ਼ ਕਰਦੀ ਹੈ। ਭਾਰਤੀ ਹਿਮਾਲਿਆਜ਼ ਵਿੱਚ ਕੋਈ ਵਿਅਕਤੀ ਪ੍ਰਾਚੀਨ ਕੁਦਰਤ, ਬਰਫ ਨਾਲ ਢੱਕੇ ਦੇਵਦਾਰ ਜੰਗਲ ਅਤੇ ਲੁਕਵੇਂ ਭੇਦ ਦੇਖ ਸਕਦਾ ਹੈ ਜੋ ਕਿ ਸਾਰੀ ਦੁਨੀਆ ਤੋਂ ਹਰ ਉਮਰ ਦੇ ਯਾਤਰੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਅਣਗਿਣਤ ਪਗਡੰਡੀਆਂ ਰਾਹੀਂ ਰਾਹ ਲੱਭਦੇ ਹੋਏ, ਸਥਾਨਕ ਗ੍ਰਾਮੀਣ ਮਿੱਤਰਾਂ ਨਾਲ ਮਿਲਦੇ ਜੁਲਦੇ ਝੀਲਾਂ, ਦਰਿਆਵਾਂ, ਘਾਹ ਦੇ ਮੈਦਾਨਾਂ ਨੂੰ ਦੇਖਣ ਨਾਲ ਹਰ ਵਿਅਕਤੀ ਨੂੰ ਜੀਵਨ ਭਰ ਦੇ ਅਨੁਭਵ ਹਾਸਲ ਹੁੰਦੇ ਹਨ ਅਤੇ ਉਹ ਦੁਬਾਰਾ ਵੀ ਅਜਿਹੇ ਦੌਰੇ ਕਰਨ ਦਾ ਮਨ ਬਣਾਉਂਦਾ ਹੈ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਟੂਰਿਜ਼ਮ ਮੰਤਰਾਲਾ ਦਾ ਭਾਰਤ ਦੇ ਅਮੀਰ ਵਿਰਸੇ ਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਵਿਖਾਉਣ ਦਾ ਇੱਕ ਯਤਨ ਹੈ।
13 ਜੂਨ, 2020 ਨੂੰ ਦੇਖੋ ਅਪਨਾ ਦੇਸ਼ ਸੀਰੀਜ਼ ਦਾ ਜੋ ਸੈਸ਼ਨ ਆਯੋਜਿਤ ਕੀਤਾ ਗਿਆ ਉਸ ਨੂੰ ਟੂਰਿਜ਼ਮ ਮੰਤਰਾਲੇ ਦੀ ਐਡੀਸ਼ਨਲ ਡਾਇਰੈਕਟਰ ਜਨਰਲ, ਰੁਪਿੰਦਰ ਬਰਾੜ ਦੁਆਰਾ ਤਿਆਰ ਕੀਤਾ ਗਿਆ। ਇਸ ਨੂੰ ਅਨੂਪਮ ਸਿੰਘ ਸਹਾਇਕ ਬਾਨੀ ਅਤੇ ਡਾਇਰੈਕਟਰ, ਸ਼ੇਅਰਡ ਰੀਚ ਅਤੇ ਪਰਾਗ ਗੁਪਤਾ ਸਹਿਬਾਨੀ ਅਤੇ ਭਾਈਵਾਲ, ਦ ਬਕੇਟ ਲਿਸਟ ਟਰੈਵਲ ਕੰਪਨੀ ਦੁਆਰਾ ਪੇਸ਼ ਕੀਤਾ ਗਿਆ। ਦੋਹਾਂ ਪੇਸ਼ਕਾਰਾਂ ਨੇ ਇਸ ਦੌਰੇ ਦੇ ਕਈ ਦਿਲਖਿਚਵੇਂ ਪ੍ਰਭਾਵ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਸਚਮੁੱਚ ਹੀ ਜਾਦੂਈ ਅਤੇ ਸਾਹ-ਰੋਕਵੇਂ ਹਨ।
ਬਿਲ ਐਟਕਨ ਦੀ ਪ੍ਰਸਿੱਧ ਟਿੱਪਣੀ - "ਇਸ ਇੱਛਾ ਦੀ ਅਟੁੱਟ ਦਲੀਲ ਨੇ ਪਹਾੜੀ ਯਾਤਰੀ ਨੂੰ ਆਪਣੀ ਅਗਲੀ ਮੁਹਿੰਮ ਦੀ ਸਿਖਰ 'ਤੇ ਜਾਣ ਦੀ ਯੋਜਨਾ ਬਣਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਛੱਡਿਆ ਜਿਸ ਨੇ ਸ਼ਾਇਦ ਚੀਖਦੇ ਹੋਏ ਸਭ ਤੋਂ ਵੱਧ ਤਰੱਕੀ ਨੂੰ ਰੱਦ ਕਰ ਦਿੱਤਾ ਹੋਵੇ" ਨੇ ਪੇਸ਼ਕਾਰੀ ਦੀ ਸੁਰ ਨੂੰ ਤੈਅ ਕੀਤਾ।
ਸ਼੍ਰੀ ਅਨੂਪਮ ਸਿੰਘ ਨੇ ਹਰ ਪੱਥਰ, ਹਰ ਚੋਟੀ, ਪ੍ਰਾਚੀਨ ਕੁਦਰਤੀ ਸੁੰਦਰਤਾ, ਹੈਰਾਨਕੁੰਨ ਸੂਰਜ ਡੁੱਬਣ ਦਾ ਨਜ਼ਾਰਾ, ਮੌਸਮ ਦੇ ਬਦਲਦੇ ਨਜ਼ਾਰੇ ਸਾਂਝੇ ਕੀਤੇ। ਅਨੂਪਮ ਸਿੰਘ ਦੁਆਰਾ ਹੀ ਟ੍ਰੈਕਿੰਗ ਦੇ ਕਈ ਟਿਪਸ ਪੂਰੇ ਉਤਸ਼ਾਹ ਨਾਲ ਸਾਂਝੇ ਕੀਤੇ।
- ਯਾਤਰਾ ਲਈ ਕਿਵੇਂ ਚੱਲੀਏ - ਮੌਸਮ ਨੂੰ ਸਮਝਣਾ, ਟਰੈਕ ਨੂੰ ਚੁਣਨਾ, ਟਰੈਕ ਆਪ੍ਰੇਟਰ /ਗਾਈਡ ਨੂੰ ਚੁਣਨਾ, ਤਿਆਰੀ - ਫਿਟਨਸ, ਕਪੜੇ, ਸਮਾਨ ਜਾਂ ਉਪਕਰਣ, ਅਣਕਿਆਸੇ ਲਈ ਤਿਆਰ ਰਹਿਣਾ।
- ਰਸਤੇ 'ਤੇ, ਸਿਰਫ ਪੈਰਾਂ ਦੇ ਨਿਸ਼ਾਨ ਪਿੱਛੇ ਛੱਡਣੇ।
- ਬਨਸਪਤੀ, ਜੀਵ ਜੰਤੂਆਂ, ਵੱਡੀਆਂ, ਛੋਟੀਆਂ, ਨਿੱਕੀਆਂ-ਨਿੱਕੀਆਂ ਲੱਭਤਾਂ, ਬਰਫ਼ ਬਾਰੇ ਕਹਾਣੀ ਦੱਸਣ ਲਈ ਜੀਵਤ ਰਹਿਣਾ।
- ਗੰਭੀਰ ਮਾਊਂਟੇਨ ਜਾਂ ਤੁੰਗਤਾ ਸਿੱਕਨੈਸ।
- ਗਾਈਡਾਂ ਨੂੰ ਸੁਣੋ ਅਤੇ ਸ਼ਾਰਟਕੱਟ ਲੈਣ ਦੀ ਕੋਈ ਜ਼ਰੂਰਤ ਨਹੀਂ।
- ਪਰਿਵਾਰਕ ਯਾਤਰਾ ਮਜ਼ੇਦਾਰ ਅਤੇ ਦਿਲਚਸਪ ਹੈ।
ਪੇਸ਼ਕਾਰਾਂ ਨੇ ਆਪਣੀ ਯਾਤਰਾ ਦੇ ਹੇਠ ਲਿਖੇ ਪ੍ਰਸਿੱਧ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ "ਜੀਵਨ ਦੇ ਅਨੁਭਵ ਕਰਾਰ ਦਿੱਤਾ"।
(ਓ) ਕੋੜੀ ਪਾਸ (ਉੱਤਰਾਖੰਡ) - (3800 ਮੀਟਰ/ 12,500 ਫੁੱਟ) ਇਸ ਨੂੰ ਇੱਕ ਸਸਤਾ - ਮਾਡਰੇਟ ਰਸਤਾ ਕਰਾਰ ਦਿੱਤਾ ਗਿਆ। ਇਸ ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਪ੍ਰੈਲ ਤੋਂ ਜੂਨ ਅੱਧ ਤੱਕ ਹੈ ਅਤੇ ਫਿਰ ਬਸੰਤ ਦੇ ਮੌਸਮ ਸਤੰਬਰ ਅੱਧ ਤੋਂ ਨਵੰਬਰ ਦੇ ਸ਼ੁਰੂ ਤੱਕ ਹੈ। ਇਹ ਯਾਤਰਾ 6900 ਫੁੱਟ ਦੀ ਉਚਾਈ ਤੋਂ ਢਾਕ ਵਿਖੇ ਸ਼ੁਰੂ ਹੁੰਦੀ ਹੈ ਅਤੇ ਸਮੁੰਦਰੀ ਤਲ ਤੋਂ 12516 ਫੁੱਟ ਦੀ ਉਚਾਈ ਤੱਕ ਪਹੁੰਚਦੀ ਹੈ। ਕੁਵਾਰੀ ਪਾਸ ਰਸਤੇ ਤੁਸੀਂ ਰੋਜ਼ਾਨਾ ਔਸਤਨ 4-5 ਘੰਟੇ ਚਲ ਸਕਦੇ ਹੋ ਸਿਰਫ ਉਸ ਮਾਰਗ ਨੂੰ ਛੱਡ ਕੇ ਜੋ ਕਿ 8 ਘੰਟੇ ਦਾ ਹੁੰਦਾ ਹੈ।
ਦਿੱਲੀ ਤੋਂ ਹਰਿਦੁਆਰ ਰੇਲ ਜਾਂ ਸੜਕ ਰਾਹੀਂ। ਹਰਿਦੁਆਰ - ਜੋਸ਼ੀਮੱਠ - ਗੁਲਿੰਗ ਟਾਪ - ਤਾਲੀ ਫਾਰੈਸਟ ਕੈਂਪ - ਕੁਆਰੀ ਪਾਸ ਅਤੇ ਵਾਪਸੀ ਦਾ ਰਸਤਾ ਖੁਲਾਰਾ ਟਾਪ। ਤਾਲੀ ਫਾਰੈਸਟ ਕੈਂਪ - ਜੋਸ਼ੀਮੱਠ ਬਰਾਸਤਾ ਗੁਰਸਨ ਬੁਗਯਾਲ ਅਤੇ ਔਲੀ। ਜੋਸ਼ੀਮੱਠ-ਹਰਿਦੁਆਰ।
ਹਾਥੀਘੋੜੀ ਪਰਬਤ ਦਾ ਸ਼ਾਨਦਾਰ ਅਤੇ ਜਾਦੂਈ ਅਨੁਭਵ, ਦਰੋਨਾਗਿਰੀ ਅਤੇ ਨੰਦਾ ਦੇਵੀ ਦੀਆਂ ਚੋਟੀਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਕੋਈ ਵੀ ਰਸਤੇ ਵਿੱਚ ਸ਼ਾਨਦਾਰ ਅਲਪਾਈਨ ਝੀਲ, ਬਰਫ ਨਾਲ ਢਕੀਆਂ ਪਹਾੜੀਆਂ, ਸੁਨਹਿਰੀ ਬਨਸਪਤੀ ਅਤੇ ਸਵਰਗੀ ਅਨੁਭਵ ਦਾ ਆਨੰਦ ਮਾਣ ਸਕਦਾ ਹੈ।
(ਅ) ਬ੍ਰਹਮਾ ਤਾਲ (3,855 ਮੀਟਰ /12,650 ਫੁੱਟ) ਕਿਸੇ ਨੂੰ ਜੰਮੀ ਹੋਈ ਅਲਪਾਈਨ ਝੀਲ ਦਾ ਨਜ਼ਾਰਾ ਕਰਵਾ ਸਕਦਾ ਹੈ ਜਿਸ ਦਾ ਮਿਥਿਹਾਸ ਨਾਲ ਸਬੰਧ ਹੋ ਸਕਦਾ ਹੈ। ਇਹ ਰਸਤਾ 6-7 ਦਿਨਾਂ ਵਿੱਚ ਪੂਰਾ ਹੁੰਦਾ ਹੈ ਅਤੇ ਇਸ ਲਈ ਕਾਠਗੋਦਾਮ ਤੋਂ ਚਲਣਾ ਪੈਂਦਾ ਹੈ। ਇਸ ਯਾਤਰਾ ਲਈ ਸਭ ਤੋਂ ਵਧੀਆ ਸਮਾਂ ਦਸੰਬਰ ਤੋਂ ਫਰਵਰੀ ਦਰਮਿਆਨ ਦਾ ਹੈ। ਦਿੱਲੀ ਤੋਂ ਇਸ ਥਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਅਤੇ ਫਿਰ ਕਾਠਗੋਦਾਮ ਤੋਂ ਲੋਹਾਜੰਗ ਤੱਕ ਜਾਣਾ ਪੈਂਦਾ ਹੈ। ਇਸ ਦੀ ਚੜ੍ਹਾਈ ਬੇਕਲ ਤਾਲ ਤੋਂ ਸ਼ੁਰੂ ਹੁੰਦੀ ਹੈ ਜੋ ਕਿ ਇੱਕ ਜੰਮੀ ਹੋਈ ਅਲਪਾਈਨ ਝੀਲ ਹੈ ਅਤੇ ਬਰਫ ਉੱਤੇ ਕੈਂਪ ਲੱਗ ਸਕਦਾ ਹੈ। ਇਸ ਯਾਤਰਾ ਦੌਰਾਨ ਇੱਕ ਜੰਗਲ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਜਦੋਂ ਤੁਸੀਂ ਤੇਲਿੰਦੀ ਟਾਪ ਉੱਤੇ ਪਹੁੰਚ ਜਾਂਦੇ ਹੋ ਤਾਂ ਹਿਮਾਲੀਆ ਦੇ ਨਜ਼ਾਰੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਅਗਲੇ ਦਿਨ ਬ੍ਰਹਮ ਤਾਲ ਤੱਕ ਦੀ ਚੜ੍ਹਾਈ ਦੀ ਵਾਰੀ ਆਉਂਦੀ ਹੈ। ਇਸ ਤਾਲ ਬਾਰੇ ਮੰਨਿਆ ਜਾਂਦਾ ਹੈ ਕਿ ਭਗਵਾਨ ਬ੍ਰਹਮਾ ਨੇ ਇੱਥੇ ਧਿਆਨ ਲਗਾਇਆ ਸੀ। ਰਾਤ ਨੂੰ ਬਰਫ ਉੱਤੇ ਠਹਿਰਨ ਤੋਂ ਬਾਅਦ ਫਿਰ ਬ੍ਰਹਮ ਤਾਲ ਦੇ ਉੱਪਰ ਵੱਲ ਜਾਣਾ ਪੈਂਦਾ ਹੈ ਜਿੱਥੇ ਵੱਖੋ-ਵੱਖਰੇ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਅਗਲੇ ਦਿਨ ਉਤਰਾਈ ਸ਼ੁਰੂ ਹੁੰਦੀ ਹੈ ਅਤੇ ਸਿੱਧਾ ਲੋਹਜੰਗ ਆਉਣਾ ਪੈਂਦਾ ਹੈ। ਇੱਥੇ ਆ ਕੇ ਯਾਤਰਾ ਦੀ ਸਮਾਪਤੀ ਹੁੰਦੀ ਹੈ ਅਤੇ ਲੋਕ ਇੱਥੋਂ ਕਾਠਗੋਦਾਮ ਨੂੰ ਚਲੇ ਜਾਂਦੇ ਹਨ।
(ੲ) ਹਰਕੀਦੂਨ ਘਾਟੀ (3,566 ਮੀਟਰ /11,700 ਫੁੱਟ)- ਇਹ ਸਥਾਨ ਉੱਤਰਾਖੰਡ ਦੇ ਗੜਵਾਲ ਖੇਤਰ ਵਿੱਚ ਵੈਲੀ ਆਵ੍ ਗਾਡਜ਼ ਵਿਖੇ ਸਥਿਤ ਹੈ। ਇਸ ਤੋਂ ਅੱਗੇ ਚੜ੍ਹਾਈ ਚੜ੍ਹਨ ਲਈ ਦੇਹਰਾਦੂਨ ਤੋਂ 6 ਦਿਨਾਂ ਦਾ ਸਮਾਂ ਲਗਦਾ ਹੈ। ਇਸ ਯਾਤਰਾ ਉੱਤੇ ਜਾਣ ਲਈ ਅਪ੍ਰੈਲ ਤੋਂ ਜੂਨ ਅਤੇ ਸਤੰਬਰ ਤੋਂ ਦਸੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ। ਦੇਹਰਾਦੂਨ ਤੋਂ ਸਾਂਕਰੀ ਤੱਕ ਆਪਣੀ ਗੱਡੀ ਰਾਹੀਂ ਜਾ ਸਕਦੇ ਹੋ। ਫਿਰ ਤਾਲੁਕਾ ਬਰਾਸਤਾ ਮਸੂਰੀ ਅਗਲਾ ਸਫਰ ਕਰਨਾ ਪੈਂਦਾ ਹੈ। ਤਾਲੁਕਾ ਤੋਂ ਫਿਰ ਅਸਲੀ ਯਾਤਰਾ ਸੀਮਾ ਪਿੰਡ ਤੱਕ ਅਤੇ ਫਿਰ ਸੀਮਾ ਪਿੰਡ ਤੋਂ ਹਰਕੀਦੂਨ ਤੱਕ ਚੜ੍ਹਾਈ ਚੜ੍ਹਨੀ ਪੈਂਦੀ ਹੈ ਅਤੇ ਆਮ ਤੌਰ ਤੇ ਲੋਕ ਹਰਕੀਦੂਨ ਵਿਖੇ ਰਾਤ ਬਿਤਾਉਂਦੇ ਹਨ। ਇਸ ਤੋਂ ਅੱਗੇ ਸ੍ਵਰਗ੍ਰੋਹਿਨੀ-1 (6,525 ਮੀਟਰ /20,512 ਫੁੱਟ) ਦੀ ਚੜ੍ਹਾਈ ਆਉਂਦੀ ਹੈ ਅਤੇ ਇਸ ਨੂੰ ਸਵਰਗ ਦਾ ਰਸਤਾ ਮੰਨਿਆ ਜਾਂਦਾ ਹੈ ਅਤੇ ਇਸ ਦੀ ਮਹਾਭਾਰਤ ਦੀਆਂ ਮਿਥਿਹਾਸਕ ਕਹਾਣੀਆਂ ਵਿੱਚ ਚਰਚਾ ਆਉਂਦੀ ਹੈ। ਅਗਲੇ ਦਿਨ ਕੋਈ ਵਿਅਕਤੀ ਸੀਮਾ ਪਿੰਡ ਵੱਲ ਉਤਰਾਈ ਸ਼ੁਰੂ ਕਰਦਾ ਹੈ ਜੋ ਕਿ ਓਸਲਾ ਪਿੰਡ ਦੇ ਰਸਤੇ ਹੁੰਦੀ ਹੈ। ਇਸ ਪਿੰਡ ਵਿੱਚ ਇੱਕ ਇਤਿਹਾਸਿਕ ਮੰਦਿਰ ਹੈ ਜਿੱਥੇ ਦੁਰਯੋਧਨ ਦੀ ਪੂਜਾ ਹੁੰਦੀ ਹੈ।
(ਸ) ਫੋਟੋਕਸਾਰ (4,100 ਮੀਟਰ /16,000 ਫੁੱਟ) ਲੱਦਾਖ ਵਿੱਚ ਇੱਕ ਦੇਖਣਯੋਗ ਪਿੰਡ ਹੈ। ਇਹ ਲਿੰਗਸ਼ੈੱਡ ਪਦਮ ਟਰੈਕ ਦਾ ਇੱਕ ਹਿੱਸਾ ਹੈ (ਇਸ ਨੂੰ ਗ੍ਰੇਟ ਜ਼ੰਸਕਰ ਟਰੈਕ ਵੀ ਕਿਹਾ ਜਾਂਦਾ ਹੈ)। ਇਹ ਰਸਤਾ ਹਰ ਸਾਲ ਛੇ ਮਹੀਨੇ ਭਾਰੀ ਬਰਫਬਾਰੀ ਅਤੇ ਬਰਫ ਦੇ ਤੋਦੇ ਡਿੱਗਣ ਕਾਰਨ ਬੰਦ ਰਹਿੰਦਾ ਹੈ। ਦਿੱਲੀ ਤੋਂ ਇਸ ਯਾਤਰਾ ਲਈ 9-10 ਦਿਨਾਂ ਦਾ ਸਮਾਂ ਲਗਦਾ ਹੈ। ਇਸ ਯਾਤਰਾ ਲਈ ਸਭ ਤੋਂ ਵਧੀਆ ਸਮਾਂ ਜੂਨ ਤੋਂ ਅਕਤੂਬਰ ਤੱਕ ਦਾ ਹੈ। ਇਸ ਦੇ ਰਸਤੇ ਵਿੱਚ ਰੁਕਣ ਲਈ ਕਈ ਮਕਾਨ ਵੀ ਮਿਲ ਜਾਂਦੇ ਹਨ ਜਿੱਥੇ ਰਹਿ ਕੇ ਸਥਾਨਕ ਅਰਥਵਿਵਸਥਾ ਦੀ ਮਦਦ ਅਤੇ ਅਨੁਭਵ ਵੀ ਹਾਸਲ ਹੋ ਸਕਦਾ ਹੈ। ਦਿੱਲੀ ਤੋਂ ਕੋਈ ਵਿਅਕਤੀ ਉਡਾਨ ਰਾਹੀਂ ਲੇਹ ਪਹੁੰਚ ਸਕਦਾ ਹੈ (3,500 ਮੀਟਰ /11,500 ਫੁੱਟ)। ਇਸ ਸਲਾਹ ਦਿੱਤੀ ਜਾਂਦੀ ਹੈ ਕਿ ਪਹਾੜਾਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਲੇਹ ਵਿਖੇ ਕੁਝ ਸਮਾਂ ਰੁਕ ਕੇ ਜਾਣ। ਲੇਹ ਤੋਂ ਲਾਮਾਯੁਰੂ-ਕਰਗਿਲ ਸੜਕ ਰਾਹੀਂ ਜਾ ਕੇ ਵਾਨਲਾ ਪਿੰਡ ਤੱਕ ਪਹੁੰਚਿਆ ਜਾ ਸਕਦਾ ਹੈ। ਇੱਕ ਰਾਤ ਠਹਿਰ ਕੇ ਅਗਲੇ ਦਿਨ ਯਪੋਲਾ ਦਰਿਆ ਵੱਲ ਵਧਿਆ ਜਾ ਸਕਦਾ ਹੈ ਅਤੇ ਉੱਥੇ ਹੰਨੁਪੱਤਾ ਪਿੰਡ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸੀਸਰ ਲਾ ਮਾਰਗ ਦੀ ਚੜ੍ਹਾਈ ਆਉਂਦੀ ਹੈ ਜੋ ਕਿ 4,890 ਮੀਟਰ /16,000 ਫੁੱਟ ਦੀ ਹੈ। ਅਗਲੇ ਦਿਨ ਉਤਰਾਈ ਸ਼ੁਰੂ ਹੁੰਦੀ ਹੈ ਜੋ ਕਿ ਫੋਟੋਕਸਰ ਪਿੰਡ ਤੱਕ ਚੱਟਾਨ ਦੇ ਕਿਨਾਰੇ ਲਟਕ ਰਾਹੀਂ ਲੈ ਕੇ ਆਉਂਦੀ ਹੈ।
(ਹ) ਰੂਪਖੁੰਡ (4,785 ਮੀਟਰ /15,700 ਫੁੱਟ) ਇੱਕ ਹੋਰ ਪ੍ਰਸਿੱਧ ਰਸਤਾ ਗੜਵਾਲ ਖੇਤਰ ਦਾ ਹੈ ਜੋ ਕਿ ਉੱਤਰਾਖੰਡ ਰਾਜ ਵਿੱਚ ਹੈ। ਇੱਥੋਂ ਦੀ ਚੜ੍ਹਾਈ ਸਾਧਾਰਨ ਤੋਂ ਚਲ ਕੇ ਕਾਫੀ ਮੁਸ਼ਕਿਲ ਹੁੰਦੀ ਜਾਂਦੀ ਹੈ ਅਤੇ ਕਾਠਗੋਦਾਮ ਤੋਂ ਰੂਪਖੁੰਡ ਤੱਕ ਦਾ ਰਸਤਾ ਪੂਰਾ ਕਰਨ ਲਈ 6 ਦਿਨ ਲਗਦੇ ਹਨ। ਇਹ ਯਾਤਰਾ ਦਸੰਬਰ ਤੋਂ ਫਰਵਰੀ ਤੱਕ ਵਧੀਆ ਢੰਗ ਨਾਲ ਹੋ ਸਕਦੀ ਹੈ। ਕਾਠਗੋਦਾਮ ਤੋਂ ਲੋਹਾਜੰਗ ਤੱਕ ਦੀ ਯਾਤਰਾ ਜਿਸ ਵਿੱਚ ਬੇਦਨੀ ਦਰਿਆ ਆਉਂਦਾ ਹੈ, ਨੂੰ ਪਾਰ ਕਰਕੇ ਦਿਦਾਨਾ ਪਿੰਡ ਤੱਕ ਪਹੁੰਚਣਾ ਪੈਂਦਾ ਹੈ ਅਤੇ ਉੱਥੇ ਰਾਤ ਰਹਿਣਾ ਪੈਂਦਾ ਹੈ। ਅਗਲੇ ਦਿਨ ਸਵੇਰੇ ਅਲੀ ਬੁਗਿਆਲ (12,500 ਫੁੱਟ) ਤੱਕ ਸਿੱਧੀ ਚੜ੍ਹਾਈ ਚੜ੍ਹਨੀ ਪੈਂਦੀ ਹੈ। ਅਲੀ ਬੁਗਿਆਲ ਏਸ਼ੀਆ ਦਾ ਸਭ ਤੋਂ ਵੱਡਾ ਘਾਹ ਦਾ ਮੈਦਾਨ ਹੈ। ਬੇਦਨੀ ਬੁਗਿਆਲ ਵਿਖੇ ਰਾਤ ਠਹਿਰਨ ਤੋਂ ਬਾਅਦ ਅਗਲੇ ਦਿਨ ਇੱਕ ਸ਼ਾਨਦਾਰ ਕੈਂਪ ਸਾਈਟ ਗਲੋਸ਼ੀਅਰ ਭਾਗੂਵਾਸਾ (14,100 ਫੁੱਟ) ਵਿਖੇ ਜਾਣਾ ਪੈਂਦਾ ਹੈ। ਅਗਲੇ ਦਿਨ ਰੂਪਕੁੰਡ ਝੀਲ ਦੀ ਯਾਤਰਾ ਕਰਨੀ ਪੈਂਦੀ ਹੈ। ਝੀਲ ਦੇ ਨਾਲ ਨਾਲ ਝਰਨਾ ਅਤੇ ਦੁਪਹਿਰ ਦੇ ਖਾਣੇ ਤੱਕ ਕੈਂਪ ਵਾਪਸ ਪਹੁੰਚਣਾ ਪੈਂਦਾ ਹੈ। ਅਗਲੇ ਦਿਨ ਲੋਹਾਜੰਗ ਤੱਕ ਉਤਰਾਈ ਹੁੰਦੀ ਹੈ। ਰੂਪਕੁੰਡ ਦੇ ਰਾਹ ਵਿੱਚ ਜੋ ਪਿੰਜਰ ਮਿਲਦੇ ਹਨ ਉਨ੍ਹਾਂ ਦੀ ਕਹਾਣੀ ਇਸ ਤਰ੍ਹਾਂ ਹੈ ਕਿ 500 ਲੋਕ ਜੋ ਕਿ 820 ਏਡੀ ਵਿੱਚ ਰੂਪਕੁੰਡ ਨੂੰ ਪਾਰ ਕਰ ਰਹੇ ਸਨ, ਉਹ ਘਾਤਕ ਗੜੇਮਾਰੀ ਵਿੱਚ ਘਿਰ ਗਏ ਅਤੇ ਖਤਮ ਹੋ ਗਏ। ਇਸ ਤੱਥ ਦੀ ਪੁਸ਼ਟੀ ਵਿਗਿਆਨੀਆਂ ਨੇ ਇਸ ਜਗ੍ਹਾ ਦੀ ਯਾਤਰਾ ਕਰਨ ਤੋਂ ਬਾਅਦ ਹੱਡੀਆਂ ਦੀ ਜਾਂਚ ਕਰਕੇ ਕੀਤੀ।
ਰੁਪਿੰਦਰ ਬਰਾੜ (ਏਡੀਜੀ) ਟੂਰਿਜ਼ਮ ਨੇ ਦੱਸਿਆ ਕਿ ਹਿਮਾਲੀਆ ਦੀ ਯਾਤਰਾ ਦੇ ਅਨੁਭਵ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿੱਚ ਹਨ ਜਿਨ੍ਹਾਂ ਵਿੱਚ ਕਈ ਉਮਰ ਵਰਗਾਂ ਦੇ ਲੋਕ ਸ਼ਾਮਲ ਸਨ ਅਤੇ ਜਿਉਂ ਹੀ ਕੋਵਿਡ-19 ਦਾ ਪ੍ਰਭਾਵ ਘਟੇਗਾ ਤਾਂ ਕੋਈ ਉੱਥੇ ਜਾ ਕੇ ਇਸ ਅਨੁਭਵ ਦਾ ਆਨੰਦ ਮਾਣਨ ਦੀ ਤਿਆਰੀ ਕਰ ਸਕਦਾ ਹੈ।
ਸੰਚਾਲਕ ਨੇ ਦੱਸਿਆ ਕਿ ਯਾਤਰੀ ਆਪਣੀ ਮਰਜ਼ੀ ਦੀ ਯਾਤਰਾ ਨੂੰ ਚੁਣ ਸਕਦੇ ਹਨ। ਬਹੁਤ ਸਾਰੇ ਟਿਕਾਣਿਆਂ ਦੀ ਯਾਤਰਾ ਲਈ ਉੱਥੇ ਸਥਾਨਕ ਗਾਈਡ ਮੌਜੂਦ ਹੁੰਦੇ ਹਨ ਅਤੇ ਕੋਈ ਵਿਅਕਤੀ ਕਿਸੇ ਵੀ ਉਸ ਟੂਰ ਆਪ੍ਰੇਟਰ ਨਾਲ ਸੰਪਰਕ ਕਰ ਸਕਦਾ ਹੈ ਜੋ ਕਿ ਏਟੀਓਏਆਈ ਦਾ ਮੈਂਬਰ ਭਾਵ ਕਿ ਐਡਵੈਂਚਰ ਟੂਰ ਅਪ੍ਰੇਟਰਜ਼ ਐਸੋਸੀਏਸ਼ਨ ਆਵ੍ ਇੰਡੀਆ ਦਾ ਮੈਂਬਰ ਹੋਵੇ।
ਇੱਕ ਜ਼ਿੰਮੇਵਾਰ ਯਾਤਰੀ ਵਜੋਂ ਸਾਨੂੰ ਕੁਝ ਮੁਢਲੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ -
- ਗੰਦਗੀ ਨਾ ਫੈਲਾਓ। ਤੁਹਾਡੇ ਪੈਰਾਂ ਦੇ ਨਿਸ਼ਾਨਾਂ ਤੋਂ ਇਲਾਵਾ ਕੁਝ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ
- ਰਸਤਾ ਸਾਫ ਰੱਖੋ
- ਜਾਨਵਰਾਂ ਅਤੇ ਪੰਛੀਆਂ ਨੂੰ ਪਰੇਸ਼ਾਨ ਨਾ ਕਰੋ
- ਕੋਈ ਰੌਲਾ ਨਾ ਪਾਓ
- ਸਥਾਨਕ ਲੋਕਾਂ ਦੀ ਨਿੱਜਤਾ ਦਾ ਸਨਮਾਨ ਕਰੋ
- ਸਥਾਨਕ ਰੀਤੀ ਰਿਵਾਜਾਂ ਅਤੇ ਉਨ੍ਹਾਂ ਦੇ ਸਥਾਨ ਦਾ ਆਦਰ ਕਰੋ।
ਦੇਖੋ ਅਪਨਾ ਦੇਸ਼ ਵੈਬੀਨਾਰਜ਼ ਰਾਸ਼ਟਰੀ ਈ-ਗਵਰਨੈਂਸ ਡਵੀਜ਼ਨ (ਐੱਨਈਜੀਡੀ) ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਂਦੇ ਹਨ ਅਤੇ ਇਹ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਦੁਆਰਾ ਤਿਆਰ ਕੀਤੇ ਜਾਂਦੇ ਹਨ।
ਇਨ੍ਹਾਂ ਵੈਬੀਨਾਰਾਂ ਦੇ ਸੈਸ਼ਨ ਇੱਥੇ ਮੌਜੂਦ ਹਨ - https://www.youtube.com/channel/UCbzIbBmMvtvH7d6Zo_ZEHDA/featured
ਅਤੇ ਨਾਲ ਹੀ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਵੀ ਉਪਲੱਬਧ ਹਨ।
ਅਗਲਾ, ਦੇਖੋ ਅਪਨਾ ਦੇਸ਼ ਵੈਬੀਨਾਰ 19 ਜੂਨ, 2020 ਨੂੰ ਸਵੇਰੇ 11.00 ਵਜੇ ਹੋਵੇਗਾ ਜਿਸ ਦਾ ਸਿਰਲੇਖ "ਯੋਗ ਐਂਡ ਵੈਲਨੈੱਸ - ਐਨ ਆਫਰਿੰਗ ਫਾਰ ਚੈਲੈਂਜਿੰਗ ਟਾਈਮਜ਼" ਹੈ।
*****
ਐੱਨਬੀ /ਏਕੇਜੇ /ਓਏ
(Release ID: 1631816)
Visitor Counter : 229