ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹਿੰਗ ਅਤੇ ਕੇਸਰ ਦੀ ਫ਼ਸਲ ਨੂੰ ਵਧਾਉਣ ਦੀ ਕੋਸ਼ਿਸ਼

ਇਨ੍ਹਾਂ ਦੋਹਾਂ ਫ਼ਸਲਾਂ ਦੀ ਕੁਆਲਿਟੀ ਪਲਾਂਟਿੰਗ ਸਮੱਗਰੀ ਦੇ ਵੱਡੇ ਪੈਮਾਨੇ ਉੱਤੇ ਉਤਪਾਦਨ ਲਈ ਅਤਿਆਧੁਨਿਕ ਟਿਸ਼ੂ ਕਲਚਰ ਲੈਬ ਦੀ ਸਥਾਪਨਾ ਕੀਤੀ ਜਾਵੇਗੀ

Posted On: 09 JUN 2020 1:24PM by PIB Chandigarh
ਕੇਸਰ ਅਤੇ ਹਿੰਗ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣੇ ਜਾਂਦੇ ਹਨ। ਭਾਰਤੀ ਵਿਅੰਜਨਾਂ ਵਿੱਚ ਸਦੀਆਂ ਤੋਂ ਹਿੰਗ ਅਤੇ ਕੇਸਰ ਦੀ ਵਿਆਪਕ ਤੌਰ ‘ਤੇ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਦੇ ਬਾਵਜੂਦ ਦੇਸ਼ ਵਿੱਚ ਇਨ੍ਹਾਂ ਦੋਹਾਂ ਹੀ ਕੀਮਤੀ ਮਸਾਲਿਆਂ ਦਾ ਉਤਪਾਦਨ ਸੀਮਿਤ ਹੈ। ਭਾਰਤ ਵਿੱਚ, ਕੇਸਰ ਦੀ ਸਲਾਨਾ ਮੰਗ ਕਰੀਬ 100 ਟਨ ਹੈ , ਲੇਕਿਨ ਸਾਡੇ ਦੇਸ਼ ਵਿੱਚ ਇਸ ਦਾ ਔਸਤ ਉਤਪਾਦਨ ਲਗਭਗ 6-7 ਟਨ ਹੀ ਹੁੰਦਾ ਹੈ। ਇਸ ਕਾਰਨ ਹਰ ਸਾਲ ਵੱਡੀ ਮਾਤਰਾ ਵਿੱਚ ਕੇਸਰ ਦਾ ਆਯਾਤ ਕਰਨਾ ਪੈਂਦਾ ਹੈ। ਇਸ ਤਰ੍ਹਾਂ , ਭਾਰਤ ਵਿੱਚ ਹਿੰਗ ਉਤਪਾਦਨ ਵੀ ਨਹੀਂ ਹੈ ਅਤੇ ਹਰ ਸਾਲ 600 ਕਰੋੜ ਰੁਪਏ ਮੁੱਲ ਦੀ ਲਗਭਗ 1200 ਮੀਟ੍ਰਿਕ ਟਨ ਕੱਚੀ ਹਿੰਗ ਅਫ਼ਗ਼ਾਨਿਸਤਾਨ , ਇਰਾਨ ਅਤੇ ਉਜ਼ਬੇਕਿਸਤਾਨ ਜਿਹੇ ਦੇਸ਼ਾਂ ਤੋਂ ਆਯਾਤ ਕਰਨੀ ਪੈਂਦੀ ਹੈ । ਸੀਐੱਸਆਈਆਰ - ਆਈਐੱਚਬੀਟੀ ਨੇ ਹਿੰਗ ਅਤੇ ਕੇਸਰ ਦੀ ਖੇਤੀ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨਾਲ ਸਮਝੌਤਾ ਕੀਤਾ ਹੈ। ਕੇਸਰ ਅਤੇ ਹਿੰਗ ਦਾ ਉਤਪਾਦਨ ਵਧਾਉਣ ਲਈ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਇੰਸਟੀਟਿਊਟ ਆਵ੍ ਹਿਮਾਲੀਅਨ ਬਾਇਓਰਿਸੋਰਸ ਟੈਕਨੋਲੋਜੀ ( ਸੀਐੱਸਆਈਆਰ - ਆਈਐੱਚਬੀਟੀ ) ਨੇ ਆਪਸੀ ਰੂਪ ਨਾਲ ਰਣਨੀਤਿਕ ਸਾਂਝੇਦਾਰੀ ਵਧਾਉਣ ਲਈ ਹਿਮਾਚਲ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨਾਲ ਹੱਥ ਮਿਲਾਇਆ ਹੈ । ਇਹ ਸਾਂਝੇਦਾਰੀ ਹਿਮਾਚਲ ਪ੍ਰਦੇਸ਼ ਵਿੱਚ ਖੇਤੀਬਾੜੀ ਆਮਦਨ ਵਧਾਉਣ, ਆਜੀਵਿਕਾ ਵਿੱਚ ਵਾਧੇ ਅਤੇ ਗ੍ਰਾਮੀਣ ਵਿਕਾਸ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਇਸ ਪਹਿਲ ਤਹਿਤ ਭਾਵੀ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਸਮਰੱਥਾ ਨਿਰਮਾਣ, ਇਨੋਵੇਸ਼ਨਾਂ ਦੇ ਟ੍ਰਾਂਸਫਰ, ਕੌਸ਼ਲ ਵਿਕਾਸ ਅਤੇ ਹੋਰ ਵਿਸਤਾਰ ਗਤੀਵਿਧੀਆਂ ਦਾ ਲਾਭ ਮਿਲ ਸਕਦਾ ਹੈ। ਸੀਐੱਸਆਈਆਰ - ਆਈਐੱਚਬੀਟੀ ਦੇ ਡਾਇਰੈਕਟਰ ਡਾ. ਸੰਜੈ ਕੁਮਾਰ ਨੇ ਕਿਹਾ ਹੈ ਕਿ “ਇਨ੍ਹਾਂ ਫ਼ਸਲਾਂ ਦੀ ਪੈਦਾਵਾਰ ਵਧਦੀ ਹੈ ਤਾਂ ਇਨ੍ਹਾਂ ਦੇ ਆਯਾਤ ਉੱਤੇ ਨਿਰਭਰਤਾ ਘੱਟ ਹੋ ਸਕਦੀ ਹੈ। ਸੀਐੱਸਆਈਆਰ- ਆਈਐੱਚਬੀਟੀ ਕਿਸਾਨਾਂ ਨੂੰ ਇਸ ਬਾਰੇ ਤਕਨੀਕੀ ਜਾਣਕਾਰੀ ਉਪਲੱਬਧ ਕਰਵਾਉਣ ਦੇ ਨਾਲ-ਨਾਲ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਟ੍ਰੇਨਿੰਗ ਵੀ ਦੇਵੇਗਾ। ਰਾਜ ਵਿੱਚ ਕੇਸਰ ਅਤੇ ਹਿੰਗ ਦੇ ਕ੍ਰਮਵਾਰ ਘਨਕੰਦ (ਕੋਰਮ-corm) ਅਤੇ ਬੀਜ ਉਤਪਾਦਨ ਕੇਂਦਰ ਵੀ ਖੋਲ੍ਹੇ ਜਾਣਗੇ।” ਵਰਤਮਾਨ ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਕਰੀਬ 2,825 ਹੈਕਟਰੇਅਰ ਖੇਤਰ ਵਿੱਚ ਕੇਸਰ ਦੀ ਖੇਤੀ ਹੁੰਦੀ ਹੈ । ਸੀਐੱਸਆਈਆਰ - ਆਈਐੱਚਬੀਟੀ ਨੇ ਕੇਸਰ ਉਤਪਾਦਨ ਦੀ ਤਕਨੀਕ ਵਿਕਸਿਤ ਕੀਤੀ ਹੈ , ਜਿਸ ਦੀ ਵਰਤੋਂ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਗ਼ੈਰ - ਪਰੰਪਰਾਗਤ ਕੇਸਰ ਉਤਪਾਦਕ ਖੇਤਰਾਂ ਵਿੱਚ ਕੀਤੀ ਜਾ ਰਹੀ ਹੈ । ਸੰਸਥਾਨ ਵਿੱਚ ਰੋਗ - ਮੁਕਤ ਘਨਕੰਦ (ਕੋਰਮ-corm) ਦੇ ਉਤਪਾਦਨ ਲਈ ਟਿਸ਼ੂ ਕਲਚਰ ਪ੍ਰੋਟੋਕਾਲ ਵੀ ਵਿਕਸਿਤ ਕੀਤੇ ਗਏ ਹਨ। ਸੀਐੱਸਆਈਆਰ - ਆਈਐੱਚਬੀਟੀ ਨੇ ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਿਜ਼ (ਐੱਨਬੀਪੀਜੀਆਰ), ਨਵੀਂ ਦਿੱਲੀ ਦੀ ਮਦਦ ਨਾਲ ਹਿੰਗ ਨਾਲ ਸਬੰਧਿਤ ਛੇ ਪਾਦਪ ਸਮੱਗਰੀਆਂ ਪੇਸ਼ ਕੀਤੀਆਂ ਹਨ, ਅਤੇ ਉਸ ਦੇ ਉਤਪਾਦਨ ਦੀ ਪੱਧਤੀ ਨੂੰ ਭਾਰਤੀ ਦਸ਼ਾਵਾਂ ਦੇ ਅਨੁਸਾਰ ਮਿਆਰੀ ਰੂਪ ਪ੍ਰਦਾਨ ਕਰਨ ਦਾ ਯਤਨ ਕੀਤਾ ਹੈ। ਹਿੰਗ ਇੱਕ ਬਾਰ੍ਹਾਂਮਾਸੀ ਪੌਦਾ ਹੈ ਅਤੇ ਇਹ ਲਗਾਉਣ ਦੇ ਪੰਜ ਸਾਲ ਬਾਅਦ ਜੜ੍ਹਾਂ ਤੋਂ ਓਲਿਓ-ਗਮ ਰਾਲ (oleo-gum resin) ਦਾ ਉਤਪਾਦਨ ਕਰਦਾ ਹੈ। ਇਸ ਨੂੰ ਠੰਢੇ ਰੇਗਿਸਤਾਨੀ ਖੇਤਰ ਦੀ ਅਨੁਪਯੋਗੀ ਢਲਾਨ ਵਾਲੀ ਭੂਮੀ ਵਿੱਚ ਉਗਾਇਆ ਜਾ ਸਕਦਾ ਹੈ। ਇਸ ਪਹਿਲ ਦੇ ਸ਼ੁਰੂ ਹੋਣ ਬਾਅਦ ਇਨ੍ਹਾਂ ਦੋਹਾਂ ਫ਼ਸਲਾਂ ਦੀ ਕੁਆਲਿਟੀ ਪਲਾਂਟਿੰਗ ਸਮੱਗਰੀ ਦੇ ਵੱਡੇ ਪੈਮਾਨੇ ਉੱਤੇ ਉਤਪਾਦਨ ਲਈ ਅਤਿਆਧੁਨਿਕ ਟਿਸ਼ੂ ਕਲਚਰ ਲੈਬ ਦੀ ਸਥਾਪਨਾ ਕੀਤੀ ਜਾਵੇਗੀ। ਡਾ. ਕੁਮਾਰ ਨੇ ਕਿਹਾ ਹੈ ਕਿ ਪ੍ਰੋਜੈਕਟ ਦੇ ਟੀਚੇ ਦੀ ਪ੍ਰਾਪਤੀ ਲਈ ਤਕਨੀਕੀ ਸਹਾਇਤਾ ਦੇ ਇਲਾਵਾ ਕੇਸਰ ਉਤਪਾਦਨ ਖੇਤਰਾਂ ਦੀ ਨਿਗਰਾਨੀ ਅਤੇ ਕਿਸਾਨਾਂ ਲਈ ਹੋਰ ਖੇਤਰਾਂ ਦੇ ਦੌਰੇ ਵੀ ਆਯੋਜਿਤ ਕੀਤੇ ਜਾਣਗੇ। ਅਗਲੇ ਪੰਜ ਸਾਲਾਂ ਵਿੱਚ ਰਾਜ ਵਿੱਚ ਕੁੱਲ 750 ਏਕੜ ਭੂਮੀ ਇਨ੍ਹਾਂ ਫ਼ਸਲਾਂ ਤਹਿਤ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਆਰਕੇ ਕੌਂਡਲ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ ਕਿਸਾਨਾਂ ਦੀ ਆਜੀਵਿਕਾ ਵਿੱਚ ਵਾਧਾ ਕਰਨ ਦੇ ਨਾਲ - ਨਾਲ ਰਾਜ ਅਤੇ ਦੇਸ਼ ਨੂੰ ਲਾਭ ਪਹੁੰਚਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ***** ਐੱਨਬੀ/ਕੇਜੀਐੱਸ

(Release ID: 1630573) Visitor Counter : 145