ਸਿੱਖਿਆ ਮੰਤਰਾਲਾ
ਐੱਨਸੀਈਆਰਟੀ ਅਤੇ ਰੋਟਰੀ ਇੰਡੀਆ ਨੇ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਦੀ ਮੌਜੂਦਗੀ ਵਿੱਚ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਸਾਰੇ ਐੱਨਸੀਈਆਰਟੀ ਟੀਵੀ ਚੈਨਲਾਂ ਉੱਤੇ ਈ–ਲਰਨਿੰਗ ਕੰਟੈਂਟ ਦੇ ਪ੍ਰਸਾਰਣ ਲਈ ਸਹਿਮਤੀ–ਪੱਤਰ ਉੱਤੇ ਡਿਜੀਟਲ ਤਰੀਕੇ ਨਾਲ ਹਸਤਾਖਰ ਕੀਤੇ
ਇਸ ਸਹਿਮਤੀ–ਪੱਤਰ ਰਾਹੀਂ ਮਿਆਰੀ ਸਿੱਖਿਆ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਤੱਕ ਪੁੱਜੇਗੀ – ਸ਼੍ਰੀ ਨਿਸ਼ੰਕ
Posted On:
09 JUN 2020 5:42PM by PIB Chandigarh
ਈ–ਲਰਨਿੰਗ ਨੂੰ ਹੋਰ ਉਸਾਰੂ ਬਣਾਉਣ ਲਈ ਐੱਨਸੀਈਆਰਟੀ (NCERT) ਅਤੇ ਰੋਟਰੀ ਇੰਡੀਆ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਦੀ ਮੌਜੂਦਗੀ ’ਚ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਸਾਰੇ ਐੱਨਸੀਈਆਰਟੀ ਟੀਵੀ ਚੈਨਲਾਂ ’ਤੇ ਈ–ਲਰਨਿੰਗ ਕੰਟੈਂਟ ਦੇ ਪ੍ਰਸਾਰਣ ਲਈ ਸਹਿਮਤੀ–ਪੱਤਰ ਉੱਤੇ ਡਿਜੀਟਲ ਤਰੀਕੇ ਹਸਤਾਖਰ ਕੀਤੇ। ਇਸ ਡਿਜੀਟਲ ਸਮਾਰੋਹ ਵਿੱਚ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਨੇ ਵੀ ਭਾਗ ਲਿਆ।
ਇਸ ਸਮਾਰੋਹ ਦੌਰਾਨ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਐੱਨਸੀਈਆਰਟੀ ਅਤੇ ਰੋਟਰੀ ਕਲੱਬ ਵਿਚਾਲੇ ਸਹਿਮਤੀ–ਪੱਤਰ ਉੱਤੇ ਹਸਤਾਖਰਾਂ ਦਾ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੋਵਿਡ–19 ਦੇ ਚੱਲਦਿਆਂ ‘ਰੋਟਰੀ ਇੰਡੀਆ ਹਿਊਮੈਨਿਟੀ ਫ਼ਾਊਂਡੇਸ਼ਨ’ ਅਤੇ ਐੱਨਸੀਈਆਰਟੀ ਵਿਚਾਲੇ ਤਾਲਮੇਲ ਅਤੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਮਾਰਗ–ਦਰਸ਼ਨ ਤੇ ਸਹਿਯੋਗ ਨਾਲ ਐਨਸੀਈਆਰਟੀ ਵੱਲੋਂ ਪ੍ਰਵਾਨਿਤ ਪਾਠ–ਸਮੱਗਰੀ ਨਾਲ ਲੈਸ ਈ–ਲਰਨਿੰਗ ਦਾ ਪੂਰੇ ਦੇਸ਼ ਦੇ ਬੱਚਿਆਂ ਤੱਕ ਪੁੱਜਣਾ ਯਕੀਨੀ ਹੋਵੇਗਾ।
https://twitter.com/DrRPNishank/status/1270307685645168645
ਸ਼੍ਰੀ ਨਿਸ਼ੰਕ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਵਿਦਿਆ ਦਾਨ 2.0 ਅਧੀਨ ਰੋਟਰੀ ਇੰਟਰਨੈਸ਼ਨਲ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਸਾਰੇ ਵਿਸ਼ਿਆਂ ਲਈ ਐੱਨਸੀਈਆਰਟੀ ਨੂੰ ਹਿੰਦੀ ਭਾਸ਼ਾ ਵਿੱਚ ਈ–ਪਾਠ ਸਮੱਗਰੀ ਮੁਹੱਈਆ ਕਰਵਾਏਗਾ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਸਮੱਗਰੀ ਉੱਚ ਵਰਗ ਦੀ ਅਤੇ ਬਹੁਤ ਜ਼ਿਆਦਾ ਮਿਆਰੀ ਹੈ; ਇਸ ਨਾਲ ਸਾਡੇ ਸਾਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਲਾਭ ਪੁੱਜੇਗਾ। ਸ਼੍ਰੀ ਨਿਸ਼ੰਕ ਨੇ ਕਿਹਾ ਕਿ ਇਸ ਨਾਲ ਰੋਟਰੀ ਇੰਟਰਨੈਸ਼ਨਲ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਨਾਲ–ਨਾਲ ਪੂਰੀ ਤਰ੍ਹਾਂ ‘ਬਾਲਗ ਸਾਖਰਤਾ ਮਿਸ਼ਨ’ ਲਈ ਸਮੱਗਰੀ ਮੁਹੱਈਆ ਕਰਵਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਧਿਆਪਕ ਸਿਖਲਾਈ (ਪੇਸ਼ੇਵਰਾਨਾ ਵਿਕਾਸ ਸਮੇਤ) ਪਾਠ–ਸਮੱਗਰੀ ਵੀ ਮੁਹੱਈਆ ਕਰਵਾਉਣਗੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਾਰਚ 2020 ਦੌਰਾਨ ਜਦ ਤੋਂ ਨੋਵਲ ਕੋਰੋਨਾ–ਵਾਇਰਸ, ਕੋਵਿਡ–19 ਨੂੰ ਵਿਸ਼ਵ–ਪੱਧਰੀ ਮਹਾਮਾਰੀ ਐਲਾਨਿਆ ਗਿਆ ਹੈ; ਤਦ ਤੋਂ ਹੀ ਸਿੱਖਣ ਵਾਲੇ ਵਿਦਿਆਰਥੀ, ਅਧਿਆਪਕ, ਮਾਪੇ ਅਤੇ ਸਮੁੱਚਾ ਵਿਦਿਅਕ ਭਾਈਚਾਰਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼੍ਰੀ ਨਿਸ਼ੰਕ ਨੇ ਇਹ ਵੀ ਕਿਹਾ ਕਿ ਇਸ ਸਾਰੇ ਦ੍ਰਿਸ਼ ਦੌਰਾਨ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਤਕਨਾਲੋਜੀ ਅਤੇ ਨਵੀਨ ਖੋਜ ਦੇ ਮਜ਼ਬੂਤ ਥੰਮਾਂ ਵਾਲੇ ਭਾਰਤੀ ਸਦਾਚਾਰ ਵਿੱਚ ਡੂੰਘੀ ਲੱਥੀ ਬਿਹਤਰੀਨ ਵਿਦਿਅਕ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਅਣਥੱਕ ਤਰੀਕੇ ਨਾਲ ਕੰਮ ਕਰ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਵਿਭਿੰਨ ਯੋਜਨਾਵਾਂ ਤੇ ਪਹਿਲਕਦਮੀਆਂ ਜਿਵੇਂ ਅਪਰੇਸ਼ਨ ਡਿਜੀਟਲ ਬੋਰਡ, ਦੀਕਸ਼ਾ, ਈ–ਪਾਠਸ਼ਾਲਾ, ਸਵੈਮ ਅਤੇ ਸਵੈਮ ਪ੍ਰਭਾ ਰਾਹੀਂ ਤਕਨਾਲੋਜੀ ਨੂੰ ਸਿੱਖਿਆ ਵਿੱਚ ਸੰਗਠਤ ਕਰਨ ਲਈ ਕੰਮ ਕਰਦਾ ਰਿਹਾ ਹੈ। ਸ਼੍ਰੀ ਨਿਸ਼ੰਕ ਨੇ ਕਿਹਾ ਕਿ ਸਿੱਖਿਆ ਵਿੱਚ ਨਵੀਂ ਖੋਜ ਤੇ ਡਿਜੀਟਲਕਰਣ ਨੂੰ ਮਜ਼ਬੂਤ ਬਣਾਉਣ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਸਭਨਾਂ ਲਈ ਈ–ਲਰਨਿੰਗ, ਸਹੀ ਤੇ ਅੱਪਡੇਟਡ ਭਾਵ ਤਾਜ਼ਾ ਅਧਿਐਨ ਸਮੱਗਰੀ ਨੂੰ ਸਿਰਜਣ ਅਤੇ ਅਤੇ ਸਿੱਖਣ ਵਿੱਚ ਹੋਰ ਵਾਧੇ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਤਾਂ ਜੋ ਵਿਦਿਆਰਥੀ ਆਪਣੇ ਘਰ ਵਿੱਚ ਹੀ ਮਿਆਰੀ ਸਿੱਖਿਆ ਤੱਕ ਪਹੁੰਚ ਕਰ ਸਕਣ। ਮੰਤਰੀ ਨੇ ਕਿਹਾ ਕਿ ਈ–ਲਰਨਿੰਗ ਰਾਹੀਂ ਅਸੀਂ ਪ੍ਰਧਾਨ ਮੰਤਰੀ ਦੀ ‘ਇੱਕ ਰਾਸ਼ਟਰ ਇੱਕ ਡਿਜੀਟਲ ਪਲੈਟਫ਼ਾਰਮ’ ਦੀ ਦੂਰ–ਦ੍ਰਿਸ਼ਟੀ ਨੂੰ ਸਾਕਾਰ ਰੂਪ ਦੇਣਾ ਚਾਹਾਂਗੇ।
ਸ਼੍ਰੀ ਨਿਸ਼ੰਕ ਨੇ ਕਿਹਾ ਕਿ ਜਿੱਥੇ ਇੰਟਰਨੈੱਟ ਜਾਂ ਮੋਬਾਈਲ ਕਨੈਕਟੀਵਿਟੀ ਨਹੀਂ ਹੈ, ਉੱਥੇ ਅਸੀਂ ਆਪਣੇ ਵਿਦਿਆਰਥੀਆਂ ਤੱਕ ਰੇਡੀਓ ਅਤੇ ਟੀਵੀ ਰਾਹੀਂ ਪਹੁੰਚ ਕਰਨ ਦਾ ਸੰਕਲਪ ਲਿਆ ਹੈ ਅਤੇ ਇਹ ਸਹਿਮਤੀ–ਪੱਤਰ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਹਿਮਤੀ–ਪੱਤਰ ਰਾਹੀਂ ਮਿਆਰੀ ਸਿੱਖਿਆ ਹੋਰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਤੱਕ ਪੁੱਜੇਗੀ।
ਸਕੱਤਰ, ਐੱਸਈ ਐਂਡ ਐੱਲ, ਸ਼੍ਰੀਮਤੀ ਅਨੀਤਾ ਕਰਵਾਲ ਨੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਭਿੰਨ ਭਾਸ਼ਾਵਾਂ ਵਿੱਚ ਉੱਚ–ਮਿਆਰੀ ਈ–ਲਰਨਿੰਗ ਸਮੱਗਰੀ ਮੁਹੱਈਆ ਕਰਵਾਉਣ ਵਿੱਚ ‘ਰੋਟਰੀ ਇੰਡੀਆ ਹਿਊਮੈਨਿਟੀ ਫ਼ਾਊਂਡੇਸ਼ਨ’ ਦੇ ਯਤਨਾਂ ਲਈ ਧੰਨਵਾਦ ਕੀਤਾ।
ਐੱਨਸੀਈਆਰਟੀ ਅਤੇ ਰੋਟਰੀ ਇੰਡੀਆ ਹਿਊਮੈਨਿਟੀ ਫ਼ਾਊਂਡੇਸ਼ਨ ਵਿਚਾਲੇ ਸਹਿਮਤੀ–ਪੱਤਰ ਉੱਤੇ ਐੱਨਸੀਆਰਟੀ (NCERT) ਦੇ ਡਾਇਰੈਕਟਰ ਪ੍ਰੋਫ਼ੈਸਰ ਰਿਸ਼ੀਕੇਸ਼ ਸੇਨਾਪਤੀ ਦੇ ਨਾਲ ਐੱਨਸੀਈਆਰਟੀ ਦੇ ਸੰਯੁਕਤ ਨਿਰਦੇਸ਼ਕ ਪ੍ਰੋ. ਅਮਰੇਂਦਰ ਬੇਹੇਰਾ ਅਤੇ ਰੋਟਰੀ ਇੰਡੀਆ ਦੀ ਤਰਫ਼ੋਂ ਰੋਟਰੀ ਇੰਡੀਆ ਵਾਟਰ ਮਿਸ਼ਨ ਦੇ ਡਾਇਰੈਕਟਰ ਸ਼੍ਰੀ ਰੰਜਨ ਢੀਂਡਰਾ ਨੇ ਹਸਤਾਖਰ ਕੀਤੇ।
ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ 2019–21 ਸ਼੍ਰੀ ਕਮਲ ਸਾਂਘਵੀ ਨੇ ਇਸ ਗੱਠਜੋੜ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੱਤੀ, ਜੋ ਇਸ ਪ੍ਰਕਾਰ ਹੈ:
• ਐੱਨਸੀਈਆਰਟੀ ਟੀਵੀ (NCERT TV) ਸਮਝੌਤਾ: ਐੱਨਸੀਈਆਰਟੀ ਦੇ 12 ਰਾਸ਼ਟਰੀ ਟੈਲੀਵਿਜ਼ਨ ਚੈਨਲਾਂ ਉੱਤੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਈ ਪਾਠਕ੍ਰਮ ਵਾਲੇ ਮੌਡਿਯੂਲਸ ਦਾ ਪ੍ਰਸਾਰਣ ਕੀਤਾ ਜਾਵੇਗਾ, ਜੋ ਜੁਲਾਈ 2020 ਤੋਂ ਉਪਲਬਧ ਹੋਵੇਗਾ (ਇਸ ਪਾਠ–ਸਮੱਗਰੀ ਦਾ ਨਿਰੀਖਣ ਐੱਨਸੀਈਆਰਟੀ ਵੱਲੋਂ ਉਨ੍ਹਾਂ ਦੇ ਪਾਠਕ੍ਰਮ ਅਨੁਸਾਰ ਕੀਤਾ ਜਾਵੇਗਾ)।
• ਦੀਕਸ਼ਾ ਐਪ ਸਮਝੌਤਾ: ਈ–ਲਰਨਿੰਗ ਮੌਡਿਯੂਲਸ ਭਾਰਤ ਸਰਕਾਰ ਦੀ ਰਾਸ਼ਟਰੀ ਮੋਬਾਈਲ ਐਪ ‘ਦੀਕਸ਼ਾ’ ਰਾਹੀਂ ਵੀ ਨਾਲੋ–ਨਾਲ ਉਪਲਬਧ ਹੋਣਗੇ।
ਇਹ ਪਾਠ–ਸਮੱਗਰੀ ਇਸ ਵੇਲੇ ਹਿੰਦੀ (ਅਤੇ ਪੰਜਾਬੀ) ਵਿੱਚ ਉਪਲਬਧ ਹੈ ਅਤੇ ਇਸ ਨੂੰ ਤੁਰੰਤ 12 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 10 ਕਰੋੜ ਵਿਦਿਆਰਥੀਆਂ ਲਈ ਲਾਗੂ ਕੀਤਾ ਜਾਵੇਗਾ। ਇਸ ਪਾਠ–ਸਮੱਗਰੀ ਦੇ ਬੌਧਿਕ ਅਧਿਕਾਰ ਰੋਟਰੀ ਕੋਲ ਹੋਣਗੇ ਤੇ ਇਹ ਸਮੱਗਰੀ ਐੱਨਸੀਈਆਰਟੀ ਨੂੰ ਮੁਹੱਈਆ ਕਰਵਾਈ ਜਾਵੇ, ਤਾਂ ਜੋ ਵਰਣਿਤ ਪਾਠ–ਸਮੱਗਰੀ ਨੂੰ ਐੱਨਸੀਈਆਰਟੀ ਅਤੇ ਸਬੰਧਿਤ ਰਾਜ ਦੀਆਂ ਐੱਸਈਆਰਟੀਜ਼ (SCERTs) ਵੱਲੋਂ ਅਗਲੇ ਕੁਝ ਮਹੀਨਿਆਂ ਦੌਰਾਨ ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਸਕੇ।
2021–22 ਲਈ ਰੋਟਰੀ ਇੰਟਰਨੈਸ਼ਨਲ ਦੇ ਪ੍ਰਧਾਨ ਸ਼੍ਰੀ ਸ਼ੇਖਰ ਮਹਿਤਾ ਨੇ ਕਿਹਾ ਕਿ ‘ਰੋਟਰੀ ਨੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਈ ਈ–ਲਰਨਿੰਗ ਪਾਠ–ਸਮੱਗਰੀ ਸਾਡੇ ਭਾਈਵਾਲਾਂ ਅਤੇ amp ਰਾਹੀਂ ਤਿਆਰ ਕੀਤੀ ਹੈ; ਸਾਡੀ ਯੋਜਨਾ ਹੈ ਕਿ ਇਹ ਅਸੀਂ ਰਾਸ਼ਟਰ ਨੂੰ ਘਰ ਵਿੱਚ ਹੀ ਉਨ੍ਹਾਂ ਦੇ ਸਕੂਲੀ ਪਾਠਕ੍ਰਮਾਂ ਅਨੁਸਾਰ ਅਧਿਆਪਨ ਦੇ ਸਮਾਧਾਨ ਵਜੋਂ ਮੁਫ਼ਤ ਪ੍ਰਦਾਨ ਕਰੀਏ।’ ਰੋਟਰੀ ਦਾ ਈ–ਲਰਨਿੰਗ ਵਿੱਚ ਵਿਸ਼ਾਲ ਤਜਰਬਾ ਹੈ ਤੇ ਉਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਸਮੁੱਚੇ ਭਾਰਤ ਦੇ 30,000 ਸਰਕਾਰੀ ਸਕੂਲਾਂ ਵਿੱਚ ਈ–ਲਰਨਿੰਗ ਸੌਫ਼ਟਵੇਅਰ/ਹਾਰਡਵੇਅਰ ਸਥਾਪਤ ਕੀਤੇ ਹਨ।‘
*****
ਐੱਨਬੀ/ਏਕੇਜੇ/ਏਕੇ/ਓਏ
(Release ID: 1630568)
Visitor Counter : 261