ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਨੇ ਫ਼ਿਲਮ ਨਿਰਮਾਤਾਵਾਂ, ਸਿਨੇਮਾ ਪ੍ਰਦਰਸ਼ਕਾਂ ਤੇ ਫ਼ਿਲਮ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ

Posted On: 02 JUN 2020 8:11PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਫ਼ਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ, ਸਿਨੇਮਾ ਪ੍ਰਦਰਸ਼ਕਾਂ ਤੇ ਫ਼ਿਲਮ ਉਦਯੋਗ ਦੇ ਪ੍ਰਤੀਨਿਧਾਂ ਨਾਲ ਵਿਡੀਓ ਕਾਨਫ਼ਰੰਸ ਰਾਹੀਂ ਮੀਟਿੰਗ ਕੀਤੀ। ਸ਼੍ਰੀ ਜਾਵਡੇਕਰ ਵੱਲੋਂ ਇਹ ਮੀਟਿੰਗ ਕੋਵਿਡ–19 ਕਾਰਨ ਇਸ ਉਦਯੋਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਲਈ ਸੱਦੀ ਗਈ ਸੀ, ਜਿਨ੍ਹਾਂ ਬਾਰੇ ਇਨ੍ਹਾਂ ਧਿਰਾਂ ਵੱਲੋਂ ਉਨ੍ਹਾਂ ਨੂੰ ਬੇਨਤੀਪੱਤਰ ਭੇਜੇ ਗਏ ਸਨ।

 

ਸ਼੍ਰੀ ਜਾਵਡੇਕਰ ਨੇ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਭਾਰਤ ਵਿੱਚ 9,500 ਤੋਂ ਵੱਧ ਸਕ੍ਰੀਨ ਕੇਵਲ ਸਿਨੇਮਾ ਹਾਲਾਂ ਦੀਆਂ ਟਿਕਟਾਂ ਦੀ ਵਿਕਰੀ ਜ਼ਰੀਏ ਰੋਜ਼ਾਨਾ ਲਗਭਗ 30 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਦੀਆਂ ਹਨ। ਉਦਯੋਗ ਵੱਲੋਂ ਕੀਤੀਆਂ ਗਈਆਂ ਖਾਸ ਮੰਗਾਂ ਉੱਤੇ ਚਰਚਾ ਕਰਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਸ ਉਦਯੋਗ ਵੱਲੋਂ ਜਿਸ ਰਾਹਤ ਦੀ ਮੰਗ ਕੀਤੀ ਗਈ ਹੈ, ਉਹ ਤਨਖਾਹ ਸਬਸਿਡੀ, ਤਿੰਨ ਸਾਲਾਂ ਲਈ ਵਿਆਜ ਮੁਕਤ ਰਿਣ, ਟੈਕਸਾਂ ਤੇ ਡਿਊਟੀਆਂ ਉੱਤੇ ਛੋਟ, ਬਿਜਲੀ ਉੱਤੇ ਘੱਟੋਘੱਟ ਮੰਗ ਚਾਰਜਿਸ ਤੇ ਉਦਯੋਗਿਕ ਦਰਾਂ ਉੱਤੇ ਬਿਜਲੀ ਤੋਂ ਛੋਟ ਆਦਿ ਜਿਹੀ ਵਿੱਤੀ ਰਾਹਤ ਕਿਸਮ ਦੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਪ੍ਰਤੀਨਿਧਾਂ ਨੂੰ ਭਰੋਸਾ ਦਿਵਾਇਆ ਕਿ ਲੋੜੀਂਦੀ ਕਾਰਵਾਈ ਲਈ ਇਨ੍ਹਾਂ ਮੁੱਦਿਆਂ ਨੂੰ ਸਬੰਧਤ ਮੰਤਰਾਲਿਆਂ ਸਾਹਵੇਂ ਉਠਾਇਆ ਜਾਵੇਗਾ।

 

ਨਿਰਮਾਣ ਸਬੰਧੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੇ ਮਾਮਲੇ ਉੱਤੇ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸਰਕਾਰ ਵੱਲੋਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਸਿਨੇਮਾ ਹਾਲ ਖੋਲ੍ਹਣ ਦੀ ਮੰਗ ਬਾਰੇ ਮੰਤਰੀ ਨੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਜੂਨ ਵਿੱਚ ਕੋਵਿਡ–19 ਮਹਾਮਾਰੀ ਦੀ ਸਥਿਤੀ ਨੂੰ ਵੇਖਣ ਤੋਂ ਬਾਅਦ ਇਸ ਦੀ ਪੜਤਾਲ ਕੀਤੀ ਜਾਵੇਗੀ।

 

****

 

ਸੌਰਭ ਸਿੰਘ



(Release ID: 1628860) Visitor Counter : 197