ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ਕੁੰਭਕਾਰਾਂ (ਘੁਮਿਆਰਾਂ) ਨੇ ਕੋਰੋਨਾ ਦਾ ਫੈਲਾਅ ਰੋਕਣ ਲਈ ਅਭਿਨਵ ਰਾਹ ਅਪਣਾਇਆ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਦੇ ''ਕੁਮਹਾਰ ਸਸ਼ਕਤੀਕਰਨ ਪ੍ਰੋਗਰਾਮ'' ਨਾਲ ਜੁੜੇ ਹਨ ਇਹ ਪਰਿਵਾਰ

Posted On: 11 MAY 2020 5:23PM by PIB Chandigarh

 

ਬਾਰਾਂ ਜ਼ਿਲ੍ਹੇ ਦੇ ਕਿਸ਼ਨਗੰਜ ਉਪ ਬਲਾਕ ਖੇਤਰ ਦੇ ਕੁੰਭਕਾਰ ਪਰਿਵਾਰਾਂ ਤੋਂ ਬਾਅਦ ਹੁਣ ਬਾੜਮੇਰ ਜ਼ਿਲ੍ਹੇ ਦੇ ਵਿਸ਼ਾਲਾ ਪਿੰਡ ਦੇ ਕੁੰਭਕਾਰ ਪਰਿਵਾਰਾਂ ਨੇ ਵੀ ਆਪਣੇ ਹੁਨਰ ਨਾਲ ਕੋਰੋਨਾ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਬੀੜਾ ਚੁੱਕਿਆ ਹੈ। ਇਨ੍ਹਾਂ ਪਰਿਵਾਰਾਂ ਦੁਆਰਾ ਘੜੇ ਜਾਣ ਵਾਲੇ ਮਟਕੇ 'ਤੇ ਕੋਵਿਡ-19 ਤੋਂ ਬਚਾਅ ਦੇ ਸੰਦੇਸ਼ ਨੂੰ ਉਕੇਰਿਆ ਗਿਆ ਹੈ। ਮਟਕਿਆਂ 'ਤੇ ''ਘਰ ਰਹੋ, ਸੁਰੱਖਿਅਤ ਰਹੋ'', ''ਕੋਰੋਨਾ ਨੂੰ ਹਰਾਉਣਾ ਹੈ ਵਾਰ-ਵਾਰ ਸਾਬਣ ਨਾਲ ਹੱਥ ਧੋਣਾ ਹੈ'', ''ਮਾਸਕ ਦੀ ਵਰਤੋਂ ਕਰੋ'' ਜਿਹੇ ਸੰਦੇਸ਼ ਲਿਖੇ ਗਏ ਹਨ। ਇਨ੍ਹਾਂ ਕੁੰਭਕਾਰ ਪਰਿਵਾਰਾਂ ਦਾ ਮੰਨਣਾ ਹੈ ਕਿ ਕੋਈ ਵਿਅਕਤੀ ਜਿੰਨੀ ਵਾਰ ਪਾਣੀ ਪੀਵੇਗਾ, ਉਂਨੀ ਵਾਰ ਹੀ ਇਨ੍ਹਾਂ ਸੁਨੇਹਿਆਂ ਨੂੰ ਪੜ੍ਹੇਗਾ ਅਤੇ ਕੋਰੋਨਾ ਤੋਂ ਸੁਚੇਤ ਰਹੇਗਾ। ਗਰਮੀ ਵਧਣ ਦੇ ਨਾਲ ਹੀ ਮਟਕਿਆਂ ਦੀ ਵਿਕਰੀ ਵੀ ਵਧੇਗੀ ਅਤੇ ਉਨ੍ਹਾਂ ਦਾ ਸੁਨੇਹਾ ਵਧੇਰੇ ਲੋਕਾਂ ਤੱਕ ਪੁੱਜ ਸਕੇਗਾ।

 

ਪਹਿਲਾਂ ਕਬਾਇਲੀ ਬਹੁਤਾਤ ਵਾਲੇ ਬਾਰਾਂ ਜ਼ਿਲ੍ਹੇ ਅਤੇ ਹੁਣ ਸਰਹੱਦੀ ਜ਼ਿਲ੍ਹੇ ਬਾੜਮੇਰ ਦੇ ਕੁੰਭਕਾਰ ਪਰਿਵਾਰਾਂ ਵੱਲੋਂ ਕੀਤੀ ਗਈ ਇਹ ਪਹਿਲ ਛੋਟੀ ਹੀ ਸਹੀ ਪਰ ਅਸਰਦਾਰ ਅਤੇ ਸਲਾਘਾਯੋਗ ਹੈ। ਕਿਸ਼ਨਗੰਜ ਅਤੇ ਵਿਸ਼ਾਲਾ ਦੇ ਇਹ ਪਰਿਵਾਰ ਕੇਂਦਰ ਸਰਕਾਰ ਦੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੀ ਯੋਜਨਾ ''ਕੁਮਹਾਰ ਸਸ਼ਕਤੀਕਰਨ ਪ੍ਰੋਗਰਾਮ'' ਨਾਲ ਜੁੜੇ ਹੋਏ ਹਨ। ਇਹ ਪ੍ਰੋਗਰਾਮ ਰਾਜਸਥਾਨ ਦੇ 12 ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵਿੱਚ ਜੈਪੁਰ, ਕੋਟਾ, ਬਾਰਾਂ, ਝਾਲਾਵਾੜ, ਸ੍ਰੀਗੰਗਾਨਗਰ, ਬਾੜਮੇਰ ਪ੍ਰਮੁੱਖ ਹਨ। ਇਸ ਪ੍ਰੋਗਰਾਮ ਦਾ ਮੰਤਵ ਕੁਮਹਾਰ (ਘੁਮਿਆਰ)  ਸਮਾਜ ਦੇ ਹੁਨਰ ਨੂੰ ਬਿਹਤਰ ਬਣਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ। ਇਸ ਲਈ ਉਨ੍ਹਾਂ ਨੂੰ ਗਾਰਾ ਬਣਾਉਣ ਲਈ ਮਸ਼ੀਨਾਂ ਅਤੇ ਮਟਕੇ ਤੇ ਹੋਰ ਸਮਾਨ ਬਣਾਉਣ ਲਈ ਬਿਜਲੀ ਨਾਲ ਚਲਣ ਵਾਲੇ ਚੱਕ (ਇਲੈਕਟ੍ਰਿਕ ਚੱਕ)  ਦਿੱਤੇ ਗਏ ਹਨ।

 

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਰਾਜਸਥਾਨ ਦੇ ਕੁੰਭਕਾਰ ਪਰਿਵਾਰਾਂ ਵੱਲੋਂ ਕੋਰੋਨਾ ਨੂੰ ਹਰਾਉਣ ਲਈ ਕੀਤੀ ਗਈ ਇਸ ਪਹਿਲ ਦੀ ਸਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਾਗਰੂਕਤਾ ਫੈਲਾਉਣ ਦਾ ਇਹ ਅਭਿਨਵ ਤਰੀਕਾ ਕਈ ਹੋਰ ਲੋਕਾਂ ਲਈ ਵੀ ਪ੍ਰੇਰਣਾ ਦਾ ਸੋਮਾ ਬਣੇਗਾ। ਸ਼੍ਰੀ ਸਕਸੈਨਾ ਨੇ ਦੱਸਿਆ ਕਿ ''ਕੁਮਹਾਰ ਸਸ਼ਕਤੀਕਰਨ ਪ੍ਰੋਗਰਾਮ'' ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਆਮਦਨੀ ਵਿੱਚ ਸੱਤ ਤੋਂ ਅੱਠ ਗੁਣਾ ਵਾਧਾ ਹੋਇਆ ਹੈ। ਇਸ ਪ੍ਰੋਗਰਾਮ ਨਾਲ ਲਗਭਗ 60 ਹਜ਼ਾਰ ਪਰਿਵਾਰਾਂ ਨੂੰ ਲਾਭ ਹੋ ਰਿਹਾ ਹੈ।

 

 

 

*****

 

 

 

ਆਰਸੀਜੇ/ਐੱਸਕੇਪੀ/ਆਈਏ


(Release ID: 1623138) Visitor Counter : 150