ਰੱਖਿਆ ਮੰਤਰਾਲਾ
ਹੰਦਵਾੜਾ ਦੇ ਸ਼ਹੀਦ ਕਰਨਲ ਆਸ਼ੂਤੋਸ਼ ਸ਼ਰਮਾ ਨੂੰ ਸ਼ਰਧਾਂਜਲੀ
प्रविष्टि तिथि:
05 MAY 2020 8:35PM by PIB Chandigarh
ਹੰਦਵਾੜਾ ਵਿੱਚ ਸ਼ਹੀਦ ਹੋਏ ਕਰਨਲ ਆਸ਼ੂਤੋਸ਼ ਸ਼ਰਮਾ ਦੀ ਮ੍ਰਿਤਕ ਦੇਹ ਦੇ 05 ਮਈ 2020 ਨੂੰ ਜੰਮੂ ਕਸ਼ਮੀਰ ਦੇ ਸ੍ਰੀਨਗਰ ਤੋਂ ਜੈਪੁਰ ਪੁੱਜਣ ਤੇ ਦੇਸ਼ ਦੇ ਇਸ ਬਹਾਦਰ ਸ਼ਹੀਦ ਨੂੰ ਪੂਰਾ ਸੈਨਿਕ ਸਨਮਾਨ ਦਿੱਤਾ ਗਿਆ।
ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਅਤੇ ਸਪਤ ਸ਼ਕਤੀ ਕਮਾਂਡ ਦੇ ਸੈਨਿਕ ਕਮਾਂਡਰ ਲੈਫ਼ਟੀਨੈਂਟ ਜਨਰਲ ਆਲੋਕ ਕਲੇਰ ਪੀਵੀਐੱਸਐੱਮ, ਵੀਐੱਸਐੱਮ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਫੁੱਲ ਮਲਾਵਾਂ ਚੜ੍ਹਾਈਆਂ। ਇਸ ਮੌਕੇ ਸਾਂਸਦ ਸ਼੍ਰੀ ਰਾਜਯਵਰਧਨ ਸਿੰਘ ਰਾਠੌਰ, ਰਾਜਸਥਾਨ ਦੇ ਸਾਬਕਾ ਸੈਨਿਕ ਭਲਾਈ ਮੰਤਰੀ ਸ਼੍ਰੀ ਖਚਾਰੀਆਵਾਸ, ਮਾਲ ਵਿਭਾਗ ਦੇ ਸਕੱਤਰ ਸੰਦੀਪ ਵਰਮਾ, ਜੈਪੁਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਆਨੰਦ ਸ਼੍ਰੀਵਾਸਤਵ ਅਤੇ ਜੈਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਜੋਗਾਰਾਮ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ, ਜਨਰਲ ਕਲੇਰ ਨੇ ਕਰਨਲ ਆਸ਼ੂਤੋਸ਼ ਸ਼ਰਮਾ ਦੁਆਰਾ ਦਿਖਾਈ ਗਈ ਬਹਾਦਰੀ ਅਤੇ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਸਲਾਮ ਕੀਤਾ ਅਤੇ ਨਾਲ ਹੀ ਮੇਜਰ ਅਨੁਜ ਸੂਦ ਸਮੇਤ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਦੁਆਰਾ ਆਪਣੇ ਮਹਾਨ ਦੇਸ਼ ਲਈ ਦਿੱਤੀ ਗਈ ਸ਼ਹਾਦਤ ਨੂੰ ਵੀ ਸਲਾਮ ਕੀਤਾ।
ਉਨ੍ਹਾਂ ਨੇ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਕਿ ਕਰਨਲ ਆਸ਼ੂਤੋਸ਼ ਸ਼ਰਮਾ ਨੇ ਸੈਨਿਕ ਅਪ੍ਰੇਸ਼ਨਾਂ ਵਿੱਚ ਹਰੇਕ ਵੀਰ ਜਵਾਨ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਭਾਰਤੀ ਸੈਨਾ ਸ਼ਹੀਦ ਅਤੇ ਉਸ ਦੇ ਪਰਿਵਾਰ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਹਮੇਸ਼ਾ ਯਾਦ ਕਰੇਗੀ। ਉਨ੍ਹਾਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ।
ਕਰਨਲ ਆਸ਼ੂਤੋਸ਼ ਸ਼ਰਮਾ ਨੂੰ 01 ਸਤੰਬਰ 2001 ਨੂੰ 'ਦ ਗਾਰਡਸ' ਦੀ 19ਵੀਂ ਬਟਾਲੀਅਨ ਬ੍ਰਿਗੇਡ ਵਿੱਚ ਕਮਿਸ਼ਨ ਮਿਲਿਆ ਸੀ। ਉਹ ਉੱਤਰੀ ਕਸ਼ਮੀਰ ਦੇ ਸੰਵੇਦਨਸ਼ੀਲ ਇਲਾਕ਼ੇ ਵਿੱਚ ਤੈਨਾਤ 21ਵੀਂ ਰਾਸ਼ਟਰੀ ਰਾਇਫ਼ਲਸ ਦੇ ਕਮਾਂਡਿੰਗ ਅਫ਼ਸਰ ਸਨ। ਹਮੇਸ਼ਾ ਹੀ ਫਰੰਟ ‘ਤੇ ਰਹਿ ਕੇ ਸੈਨਾ ਦੀ ਅਗਵਾਈ ਕਰਨ ਵਾਲੇ ਕਰਨਲ ਆਸ਼ੂਤੋਸ਼ ਸ਼ਰਮਾ, ਜੋ ਦੋ ਸੈਨਾ ਮੈਡਲ ਪ੍ਰਾਪਤ ਕਰ ਚੁੱਕੇ ਹਨ, ਆਪਣੇ ਹੋਰ ਸਾਥੀਆਂ, ਮੇਜਰ ਅਨੁਜ ਸੂਦ, ਨਾਇਕ ਰਾਜੇਸ਼ ਕੁਮਾਰ, ਨਾਇਕ ਦਿਨੇਸ਼ ਸਿੰਘ ਅਤੇ ਜੰਮੂ- ਕਸ਼ਮੀਰ ਪੁਲਿਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਨਾਲ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਆਤੰਕਵਾਦੀਆਂ ਦੁਆਰਾ 02 ਮਈ 2020 ਦੀ ਰਾਤ ਨੂੰ ਹੰਦਵਾੜਾ ਵਿੱਚ ਹੋਏ ਇੱਕ ਜ਼ਬਰਦਸਤ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ।
ਕਰਨਲ ਆਸ਼ੂਤੋਸ਼ ਸ਼ਰਮਾ ਆਪਣੇ ਪਿੱਛੇ ਆਪਣੀ ਧਰਮ ਪਤਨੀ ਸ਼੍ਰੀਮਤੀ ਪੱਲਵੀ ਸ਼ਰਮਾ ਅਤੇ 12 ਵਰ੍ਹਿਆਂ ਦੀ ਧੀ ਤਮੰਨਾ ਨੂੰ ਛੱਡ ਗਏ ਹਨ ਜੋ ਜੈਪੁਰ ਦੇ ਵੈਸ਼ਾਲੀ ਨਗਰ ਵਿੱਚ ਰਹਿੰਦੇ ਹਨ। ਸ਼ਹੀਦ ਦੀ ਮਾਤਾ ਸ਼੍ਰੀਮਤੀ ਸੁਧਾ ਸ਼ਰਮਾ ਅਤੇ ਭਰਾ ਪੀਯੂਸ਼ ਸ਼ਰਮਾ ਵੀ ਜੈਪੁਰ ਵਿੱਚ ਹੀ ਰਹਿੰਦੇ ਹਨ। ਪੂਰੇ ਸੈਨਿਕ ਸਨਮਾਨਾਂ ਨਾਲ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਸੋਡਾਲ਼ਾ ਦੀ ਸ਼ਮਸ਼ਾਨ ਭੂਮੀ ਵਿੱਚ ਉਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤ ਮਿੱਤਰਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
****
ਕਰਨਲ ਅਮਨ ਆਨੰਦ
ਪੀਆਰਓ (ਆਰਮੀ)
(रिलीज़ आईडी: 1621477)
आगंतुक पटल : 128