Posted On:
28 NOV 2026 3:23PM by PIB Chandigarh
ਮਹਾਰਾਸ਼ਟਰ ਦੇ ਪੱਛਮੀ ਘਾਟ ਖੇਤਰ ਵਿੱਚ ਸਰਗਰਮ, ਜੰਗਲੀ ਜੀਵਾਂ ਦੇ ਗ਼ੈਰ-ਕਾਨੂੰਨੀ ਵਪਾਰ ਨੂੰ ਰੋਕਣ ਅਤੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੁਰੱਖਿਆ ਲਈ ਚਲਾਏ ਗਏ ਲਗਾਤਾਰ ਦੋ ਖ਼ੁਫ਼ੀਆ-ਅਧਾਰਿਤ ਅਭਿਆਨਾਂ ਵਿੱਚ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਅਧਿਕਾਰੀਆਂ ਨੇ ਜੰਗਲੀ ਜੀਵਾਂ ਦੀ ਤਸਕਰੀ ਕਰਨ ਵਾਲੇ ਦੋ ਵੱਖ-ਵੱਖ ਗਿਰੋਹਾਂ ਦਾ ਪਰਦਾਫ਼ਾਸ਼ ਕੀਤਾ। ਇਸ ਕਾਰਵਾਈ ਵਿੱਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਸ਼ੱਕੀ ਕਿੰਗ ਕੋਬਰਾ ਦਾ ਜ਼ਹਿਰ, ਵੱਡੀਆਂ ਬਿੱਲੀਆਂ (ਜਿਵੇਂ ਬਾਘ ਜਾਂ ਤੇਂਦੁਆ) ਦੀਆਂ ਖੱਲਾਂ ਅਤੇ ਸ਼ਿਕਾਰ ਵਿੱਚ ਵਰਤਿਆ ਜਾਣ ਵਾਲਾ ਇੱਕ ਹਥਿਆਰ ਜ਼ਬਤ ਕੀਤਾ ਗਿਆ।
ਆਪ੍ਰੇਸ਼ਨ ਵੈਨਮ ਸ਼ੀਲਡ: ਪੁਣੇ ਦੇ ਬਾਹਰੀ ਇਲਾਕੇ ਵਿੱਚ 2 ਲੀਟਰ ਕੋਬਰਾ ਸੱਪ ਦਾ ਜ਼ਹਿਰ ਜ਼ਬਤ
ਇੱਕ ਸਟਾਕ ਟ੍ਰੇਡਰ ਤੋਂ ਸੋਸ਼ਲ ਮੀਡੀਆ ਇਨਫ਼ਲੂਐਂਸਰ ਬਣੇ ਵਿਅਕਤੀ ਵੱਲੋਂ ਗ਼ੈਰ-ਕਾਨੂੰਨੀ ਤੌਰ ‘ਤੇ ਜ਼ਹਿਰ ਦਾ ਕਾਰੋਬਾਰ ਕਰਨ ਦੀ ਪੱਕੀ ਸੂਚਨਾ ਮਿਲਣ ‘ਤੇ, ਡੀਆਰਆਈ ਅਧਿਕਾਰੀਆਂ ਨੇ 25 ਨਵੰਬਰ 2026 ਨੂੰ ਪੁਣੇ ਦੇ ਬਾਹਰੀ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ ਰੱਖੀ। ਉਸ ਦਿਨ ਉੱਥੇ ‘ਕਾਰਤਿਕ ਪੂਰਨਿਮਾ’ ਦਾ ਧਾਰਮਿਕ ਆਯੋਜਨ ਚੱਲ ਰਿਹਾ ਸੀ, ਅਤੇ ਸ਼ੱਕੀ ਵਿਅਕਤੀ ਨੇ ਉੱਥੇ ਇੱਕ ਵਿਚੌਲੀਏ ਅਤੇ ਇੱਕ ਸੰਭਾਵਿਤ ਖ਼ਰੀਦਦਾਰ ਨੂੰ ਮਿਲਣਾ ਸੀ।
ਇੰਦਰਾਇਣੀ ਨਦੀ ਦੇ ਨੇੜੇ ਸੰਘਣੀ ਭੀੜ ਅਤੇ ਔਖੇ ਇਲਾਕੇ ਵਿੱਚੋਂ ਲੰਘਦਿਆਂ, ਅਧਿਕਾਰੀਆਂ ਨੇ ਕਾਫ਼ੀ ਦੇਰ ਤੱਕ ਪੈਦਲ ਪਿੱਛਾ ਕਰਨ ਤੋਂ ਬਾਅਦ ਸ਼ੱਕੀਆਂ ਨੂੰ ਫੜ ਲਿਆ ਅਤੇ ਤਿੰਨਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਦੋ ਬੋਤਲਾਂ ਮਿਲੀਆਂ ਜਿਨ੍ਹਾਂ ਵਿੱਚ ਲਗਭਗ 2 ਲੀਟਰ ਕਿੰਗ ਕੋਬਰਾ (Ophiophagus hannah) ਦਾ ਜ਼ਹਿਰ ਹੋਣ ਦਾ ਸ਼ੱਕ ਸੀ। ਪਿੱਛਾ ਕਰਦੇ ਸਮੇਂ, ਜ਼ਹਿਰ ਫੈਲਣ ਕਾਰਨ ਡੀਆਰਆਈ ਅਧਿਕਾਰੀ ਵੀ ਜ਼ਖ਼ਮੀ ਹੋ ਗਿਆ। ਜ਼ਬਤ ਕੀਤਾ ਗਿਆ ਜ਼ਹਿਰ ਅਤੇ ਫੜੇ ਗਏ ਤਿੰਨਾਂ ਲੋਕਾਂ ਨੂੰ ਅਗਲੇਰੀ ਜਾਂਚ ਅਤੇ ਲਾਗੂ ਕਾਨੂੰਨਾਂ ਤਹਿਤ ਕਾਰਵਾਈ ਲਈ ਮਹਾਰਾਸ਼ਟਰ ਫ਼ੌਰੈਸਟ ਡਿਪਾਰਟਮੈਂਟ ਨੂੰ ਸੌਂਪ ਦਿੱਤਾ ਗਿਆ।
ਆਪਰੇਸ਼ਨ ਫੈਲਿਨ ਵਿਜਿਲ: ਨਵੀਂ ਮੁੰਬਈ ਵਿੱਚ 3 ਵੱਖ-ਵੱਖ ਵੱਡੀਆਂ ਬਿੱਲੀਆਂ ਦੀਆਂ ਖੱਲਾਂ ਬਰਾਮਦ ਕੀਤੀਆਂ ਗਈਆਂ ਅਤੇ ਨਾਲ ਹੀ ਸ਼ਿਕਾਰ ਵੀ ਕੀਤਾ ਗਿਆ ।
26 ਨਵੰਬਰ, 2026 ਨੂੰ ਇੱਕ ਵੱਖਰੇ ਆਪਰੇਸ਼ਨ ਵਿੱਚ ਡੀਆਰਆਈ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਰਾਹੀਂ ਨਵੀਂ ਮੁੰਬਈ ਵਿੱਚ ਜੰਗਲੀ ਜੀਵਾਂ ਦੀਆਂ ਟਰਾਫ਼ੀਆਂ ਵੇਚਣ ਦੀਆਂ ਕੋਸ਼ਿਸ਼ਾਂ ਬਾਰੇ ਖ਼ਾਸ ਖ਼ੁਫ਼ੀਆ ਜਾਣਕਾਰੀ ’ਤੇ ਕਾਰਵਾਈ ਕੀਤੀ। ਅਧਿਕਾਰੀਆਂ ਨੇ ਪਨਵੇਲ ਇਲਾਕੇ ਵਿੱਚ ਇੱਕ ਸ਼ੱਕੀ ਨੂੰ ਰੋਕਿਆ ਅਤੇ ਦੋ ਖੱਲਾਂ (ਸਕਿਨ) ਨਾਲ ਭਰਿਆ ਇੱਕ ਬੈਗ ਬਰਾਮਦ ਕੀਤਾ- ਜ਼ਾਹਿਰ ਤੌਰ ’ਤੇ ਇੱਕ ਟਾਈਗਰ (ਪੈਂਥੇਰਾ ਟਾਈਗਰਿਸ) ਅਤੇ ਇੱਕ ਤੇਂਦੂਏ (ਪੈਂਥੇਰਾ ਪਾਰਡਸ) ਦੀ। ਇਸ ਤੋਂ ਬਾਅਦ ਕੀਤੀ ਪੁੱਛਗਿੱਛ ਤੋਂ ਬਾਅਦ ਨਵੀਂ ਮੁੰਬਈ ਵਿੱਚ ਇੱਕ ਰਿਹਾਇਸ਼ੀ ਕੰਪਲੈਕਸ ਦੀ ਤਲਾਸ਼ੀ ਲਈ ਗਈ, ਜਿੱਥੇ ਦੋ ਮਹਿਲਾ ਵਸਨੀਕਾਂ ਕੋਲੋਂ ਇੱਕ ਸ਼ੱਕੀ ਤੌਰ ‘ਤੇ ਚੀਤਾ (ਐਸੀਨੋਨਿਕਸ ਜੁਬੇਟਸ) ਦੀ ਖੱਲ ਦੇ ਨਾਲ-ਨਾਲ ਇੱਕ .177 ਕੈਲੀਬਰ (4.5 ਮਿਲੀਮੀਟਰ) ਬ੍ਰੇਕ-ਬੈਰਲ ਏਅਰ ਰਾਈਫ਼ਲ (ਮਾਡਲ 23) ਮਿਲੀ। ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਤੇਂਦੂਏ ਦੀ ਖੱਲ ’ਤੇ ਇਸ ਰਾਈਫ਼ਲ ਨਾਲ ਮਾਰੇ ਗਏ ਸ਼ੱਕੀ ਗੋਲੀ ਦੇ ਜ਼ਖ਼ਮ ਹਨ। ਤਿੰਨ ਖੱਲਾਂ (ਸ਼ੇਰ, ਤੇਂਦੂਏ ਅਤੇ ਚੀਤੇ ਦੀ ਇੱਕ-ਇੱਕ), ਫੜੇ ਗਏ ਤਿੰਨਾਂ ਲੋਕਾਂ ਅਤੇ ਜ਼ਬਤ ਕੀਤੇ ਗਏ ਸਾਮਾਨ ਨੂੰ ਅਗਲੇਰੀ ਜਾਂਚ ਲਈ ਮਹਾਰਾਸ਼ਟਰ ਫ਼ੌਰੈਸਟ ਡਿਪਾਰਟਮੈਂਟ ਨੂੰ ਸੌਂਪ ਦਿੱਤਾ ਗਿਆ।
ਕਿੰਗ ਕੋਬਰਾ (ਓਫੀਓਫੈਗਸ ਹੈਨਾ), ਬਾਘ (ਪੈਂਥੇਰਾ ਟਾਈਗਰਿਸ), ਤੇਂਦੂਆ (ਪੈਂਥੇਰਾ ਪਾਰਡਸ) ਅਤੇ ਚੀਤਾ (ਐਸੀਨੋਨਿਕਸ ਜੁਬੇਟਸ) – ਇਹਨਾਂ ਸਾਰਿਆਂ ਨੂੰ ਵਾਈਲਡਲਾਈਫ਼ (ਪ੍ਰੋਟੈਕਸ਼ਨ) ਐਕਟ, 1972 ਦੀ ਅਨੁਸੂਚੀ ਦੇ ਅਧੀਨ ਰੱਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਸਭ ਤੋਂ ਉੱਚੇ ਪੱਧਰ ਦੀ ਕਾਨੂੰਨੀ ਸੁਰੱਖਿਆ ਪ੍ਰਾਪਤ ਹੈ। ਇਸ ਐਕਟ ਅਧੀਨ ਇਨ੍ਹਾਂ ਨੂੰ ਪ੍ਰਜਾਤੀਆਂ ਦਾ ਸ਼ਿਕਾਰ ਕਰਨਾ, ਉਨ੍ਹਾਂ ਨੂੰ ਫੜਨਾ, ਬਿਨਾਂ ਇਜਾਜ਼ਤ ਆਪਣੇ ਕੋਲ ਰੱਖਣਾ ਜਾਂ ਫਿਰ ਇਨ੍ਹਾਂ ਜਾਨਵਰਾਂ, ਇਨ੍ਹਾਂ ਤੋਂ ਬਣੀਆਂ ਚੀਜ਼ਾਂ ਜਾਂ ਉਨ੍ਹਾਂ ਦੇ ਅੰਗਾਂ (ਟਰਾਫ਼ੀਆਂ) ਦਾ ਵਪਾਰ ਜਾਂ ਲੈਣ-ਦੇਣ ਕਰਨਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ।
ਲਗਾਤਾਰ ਕੀਤੇ ਗਏ ਇਹ ਅਭਿਆਨ, ਸੰਗਠਿਤ ਜੰਗਲੀ ਜੀਵ ਅਪਰਾਧ ਸਿੰਡੀਕੇਟ ਨੂੰ ਖ਼ਤਮ ਕਰਨ ਅਤੇ ਭਾਰਤ ਦੀ ਜੈਵ ਵਿਭਿੰਨਤਾ ਦੀ ਰੱਖਿਆ ਕਰਨ ਪ੍ਰਤੀ ਡੀਆਰਆਈ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੇ ਹਨ।
*************
ਕੇਟੀ/ਕੇਐੱਮਐੱਨ/ਏਕੇ