57th International Film Festival of India 2026
20 – 28 Nov 2026

ਆਪਣਿਆਂ ਦੇ ਕਰੀਬ ਆਓ ਅਤੇ ਉਨ੍ਹਾਂ ਨੂੰ ਗਲੇ ਲਗਾਓ’: ਫ਼ਿਲਮ ‘ਅ ਫੈਮਿਲੀ’ (A Family) ਦੇ ਡਾਇਰੈਕਟਰ ਅਤੇ ਅਦਾਕਾਰ ਨੇ ਰਿਸ਼ਤਿਆਂ ਵਿੱਚ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਸੰਦੇਸ਼ ਦਿੱਤਾ


ਡਾਇਰੈਕਟਰ ਮੀਸ ਪੇਈਨੇਨਬਰਗ (Mees Peijnenburg) ਨੇ ਦੋ ਬੱਚਿਆਂ ਦੇ ਨਜ਼ਰੀਏ ਤੋਂ ਮਾਤਾ-ਪਿਤਾ ਦੇ ਵੱਖ ਹੋਣ ਦੇ ਭਾਵਨਾਤਮਕ ਪ੍ਰਭਾਵਾਂ ਨੂੰ ਦਰਸਾਇਆ, ਅਦਾਕਾਰ ਪੀਟਰ ਐਂਬ੍ਰੈਕਟਸ (Pieter Embrechts) ਨੇ ਦਰਸ਼ਕਾਂ ਨੂੰ ਆਪਣੇ ਪ੍ਰਿਅਜਨਾਂ ਨਾਲ ਮੁੜ ਜੁੜਨ ਦੀ ਅਪੀਲ ਕੀਤੀ

Posted On: 28 NOV 2026 1:48PMby PIB ChandigarhRelease ID: 2343311Views: 7

57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਵਿੱਚ ਡੱਚ ਫ਼ਿਲਮ ‘ਅ ਫੈਮਿਲੀ’ (A Family) ਦੇ ਡਾਇਰੈਕਟਰ ਅਤੇ ਅਦਾਕਾਰ ਨੇ ਪਰਿਵਾਰਕ ਰਿਸ਼ਤਿਆਂ ‘ਤੇ ਵਿਚਾਰ ਕਰਨ, ਬੱਚਿਆਂ ‘ਤੇ ਮਾਤਾ-ਪਿਤਾ ਦਰਮਿਆਨ ਤਣਾਅ ਦੇ ਭਾਵਨਾਤਮਕ ਪ੍ਰਭਾਵਾਂ ਨੂੰ ਸਮਝਣ ਅਤੇ ਆਪਣੇ ਪਿਆਰਿਆਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਡਾਇਰੈਕਟਰ ਮੀਸ ਪੇਈਨੇਨਬਰਗ (Mees Peijnenburg) ਅਤੇ ਅਦਾਕਾਰ ਪੀਟਰ ਐਂਬ੍ਰੈਚਟਸ (Pieter Embrechts) ਨੇ ਅੱਜ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ ਭਾਵਨਾਤਮਕ ਸੁਰੱਖਿਆ, ਪਰਿਵਾਰਕ ਰਿਸ਼ਤਿਆਂ ਵਿੱਚ ਆਈ ਦਰਾਰ ਅਤੇ ਮਾਤਾ-ਪਿਤਾ ਦੇ ਵੱਖ ਹੋਣ ਨੂੰ ਬੱਚੇ ਕਿਸ ਤਰ੍ਹਾਂ ਵੱਖ-ਵੱਖ ਰੂਪਾਂ ਵਿੱਚ ਮਹਿਸੂਸ ਕਰਦੇ ਹਨ, ਵਰਗੇ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਆਤਮ-ਚਿੰਤਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਡਾਇਰੈਕਟਰ ਪੇਈਨੇਨਬਰਗ (Peijnenburg) ਨੇ ਫ਼ਿਲਮ ਨੂੰ ਬਾਲਗਾਂ ਅਤੇ ਮਾਤਾ-ਪਿਤਾ ਲਈ ਇੱਕ ਖੁੱਲ੍ਹਾ ਸੰਦੇਸ਼ ਦੱਸਿਆ, ਜੋ ਉਨ੍ਹਾਂ ਨੂੰ ਆਪਣੇ ਵਿਵਹਾਰ ਅਤੇ ਬੱਚਿਆਂ ‘ਤੇ ਪੈਣ ਵਾਲੇ ਉਸ ਦੇ ਪ੍ਰਭਾਵ ਪ੍ਰਤੀ ਵਧੇਰੇ ਸੁਚੇਤ ਹੋਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਲੋਕ ਆਪਣੇ ਹੀ ਵਿਵਹਾਰ ਦੇ ਕੁਝ ਪਹਿਲੂਆਂ ਨੂੰ ਸਮਝ ਨਹੀਂ ਪਾਉਂਦੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਕੰਮਾਂ ਦਾ ਆਲੇ-ਦੁਆਲੇ ਦੇ ਲੋਕਾਂ ‘ਤੇ ਕੀ ਅਸਰ ਪੈਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਫ਼ਿਲਮ ਦਾ ਉਦੇਸ਼ ਕਿਸੇ ਪਾਤਰ ਜਾਂ ਉਸ ਦੀਆਂ ਪਰਿਸਥਿਤੀਆਂ ‘ਤੇ ਕੋਈ ਟਿੱਪਣੀ ਕੀਤੇ ਬਿਨਾਂ ਲੋਕਾਂ ਵਿੱਚ ਇਸ ਵਿਸ਼ੇ ਪ੍ਰਤੀ ਵਧੇਰੇ ਸਮਝ ਅਤੇ ਜਾਗਰੂਕਤਾ ਵਿਕਸਿਤ ਕਰਨਾ ਹੈ।

ਫ਼ਿਲਮ ਵਿੱਚ ਜੈਕਬ ਦੀ ਭੂਮਿਕਾ ਨਿਭਾਉਣ ਵਾਲੇ ਐਂਬ੍ਰੈਚਟਸ (Embrechts) ਨੇ ਇਸ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਦਰਸ਼ਕਾਂ ਨੂੰ ਆਪਣੇ ਸਭ ਤੋਂ ਕਰੀਬੀ ਲੋਕਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਲੋਕ ਆਪਣੇ ਪਿਆਰਿਆਂ, ਆਪਣੇ ਕਰੀਬੀਆਂ ਅਤੇ ਉਨ੍ਹਾਂ ਲੋਕਾਂ ਨੂੰ ਫ਼ੋਨ ਕਰਨ ਜਾਂ ਉਨ੍ਹਾਂ ਨੂੰ ਮਿਲਣ, ਜੋ ਉਨ੍ਹਾਂ ਦੇ ਸਭ ਤੋਂ ਕਰੀਬ ਹਨ ਅਤੇ ਉਨ੍ਹਾਂ ਨੂੰ ਗਲੇ ਲਗਾਉਣ।” ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਅੱਜ ਦੇ ਸਮੇਂ ਵਿੱਚ ਲੋਕਾਂ ਲਈ ਅਜਿਹਾ ਭਾਵਨਾਤਮਕ ਜੁੜਾਅ ਬੇਹੱਦ ਜ਼ਰੂਰੀ ਹਨ।

ਫ਼ਿਲਮ ਦੀ ਪ੍ਰੇਰਨਾ ਬਾਰੇ ਦੱਸਦੇ ਹੋਏ ਪੇਈਨੇਨਬਰਗ (Peijnenburg) ਨੇ ਖ਼ੁਲਾਸਾ ਕੀਤਾ ਕਿ ਇਸ ਦੀ ਕਹਾਣੀ ਉਨ੍ਹਾਂ ਲਈ ਬੇਹੱਦ ਨਿਜੀ ਸੀ ਅਤੇ ਇਸ ਦਾ ਕੁਝ ਹਿੱਸਾ ਟੁੱਟੇ ਹੋਏ ਪਰਿਵਾਰ ਵਿੱਚ ਉਨ੍ਹਾਂ ਦੇ ਆਪਣੇ ਬਚਪਨ ਦੇ ਅਨੁਭਵਾਂ ‘ਤੇ ਅਧਾਰਿਤ ਸੀ। ਉਹ ਇਹ ਸਮਝਣਾ ਚਾਹੁੰਦੇ ਸਨ ਕਿ ਜਦੋਂ ਕਿਸੇ ਵਿਅਕਤੀ ਦੀ ਦੁਨੀਆ ਅਤੇ ਪਰਿਵਾਰ ਦਾ ਢਾਂਚਾ ਬਿਖਰਨ ਲੱਗਦਾ ਹੈ, ਤਾਂ ਉਹ ਕਿਸ ਚੀਜ਼ ਦੀ ਤਲਾਸ਼ ਕਰਦਾ ਹੈ। ਆਪਣੀ ਖੋਜ ਅਤੇ ਅਨੁਭਵਾਂ ਦੇ ਅਧਾਰ ‘ਤੇ ਉਨ੍ਹਾਂ ਨੇ ਪਾਇਆ ਕਿ ਭਾਵਨਾਤਮਕ ਸੁਰੱਖਿਆ ਹਰ ਇਨਸਾਨ ਦੀ ਇੱਕ ਬੁਨਿਆਦੀ ਜ਼ਰੂਰਤ ਹੈ, ਖ਼ਾਸ ਕਰਕੇ ਅਨਿਸ਼ਚਿਤਤਾ ਅਤੇ ਮਾਨਸਿਕ ਤਣਾਅ ਦੇ ਦੌਰ ਵਿੱਚ।

ਉਨ੍ਹਾਂ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਭਾਵਨਾਤਮਕ ਸੁਰੱਖਿਆ ਸਾਡੇ ਸਾਰਿਆਂ ਦੀ ਇੱਕ ਬੁਨਿਆਦੀ ਜ਼ਰੂਰਤ ਹੈ। ਖ਼ਾਸ ਕਰਕੇ ਉਦੋਂ, ਜਦੋਂ ਜੀਵਨ ਵਿੱਚ ਹਲਚਲ ਮਚਦੀ ਹੈ ਅਤੇ ਸਾਡੇ ਆਲੇ-ਦੁਆਲੇ ਦੀ ਦੁਨੀਆ ਅਸਥਿਰ ਹੋਣ ਲੱਗਦੀ ਹੈ।”

ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਦੀ ਦਿਲਚਸਪੀ ਇਸ ਗੱਲ ਨੂੰ ਸਮਝਣ ਵਿੱਚ ਵੀ ਸੀ ਕਿ ਇੱਕੋ ਘਟਨਾ ਨੂੰ ਵੱਖ-ਵੱਖ ਲੋਕ ਕਿਸ ਤਰ੍ਹਾਂ ਵੱਖਰੇ ਨਜ਼ਰੀਏ ਤੋਂ ਮਹਿਸੂਸ ਕਰਦੇ ਹਨ। ਇਹੀ ਵਿਚਾਰ ਫ਼ਿਲਮ ‘ਅ ਫੈਮਿਲੀ’ (A Family) ਦੀ ਕਹਾਣੀ ਦਾ ਅਧਾਰ ਹੈ, ਜਿਸ ਵਿੱਚ ਭੈਣ-ਭਰਾ ਨੀਨਾ ਅਤੇ ਐਲੀ ਆਪਣੇ ਮਾਤਾ-ਪਿਤਾ ਦੇ ਵੱਖ ਹੋਣ ਦੇ ਦੌਰ ਵਿੱਚੋਂ ਲੰਘਦੇ ਹਨ। ਪਰਿਵਾਰ ਦੇ ਟੁੱਟਣ ਦੀ ਇੱਕ ਹੀ ਸਥਿਤੀ ਦਾ ਸਾਹਮਣਾ ਕਰਨ ਦੇ ਬਾਵਜੂਦ, ਦੋਵੇਂ ਬੱਚੇ ਉਸ ‘ਤੇ ਵੱਖ-ਵੱਖ ਪ੍ਰਤੀਕਿਰਿਆ ਦਿੰਦੇ ਹਨ। ਪੇਈਨੇਨਬਰਗ (Peijnenburg) ਨੇ ਨੀਨਾ ਨੂੰ ਅਜਿਹੀ ਲੜਕੀ ਵਜੋਂ ਪੇਸ਼ ਕੀਤਾ, ਜੋ ਆਪਣੀਆਂ ਭਾਵਨਾਵਾਂ ਨੂੰ ਮਨ ਵਿੱਚ ਹੀ ਦਬਾ ਕੇ ਰੱਖਦੀ ਹੈ। ਉਨ੍ਹਾਂ ਨੇ ਉਸ ਦੀ ਤੁਲਨਾ ਅਜਿਹੇ ਜਵਾਲਾਮੁਖੀ ਨਾਲ ਕੀਤੀ, ਜਿਸ ਦੇ ਅੰਦਰ ਭਾਵਨਾਵਾਂ ਦਾ ਤੂਫ਼ਾਨ ਉੱਠ ਰਿਹਾ ਹੋਵੇ। ਉੱਥੇ ਹੀ, ਐਲੀ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੌਰਾਨ ਮਾਤਾ-ਪਿਤਾ ਦਰਮਿਆਨ ਉਲਝ ਕੇ ਰਹਿ ਜਾਂਦਾ ਹੈ। ਦੋਵਾਂ ਦੀਆਂ ਪ੍ਰਤੀਕਿਰਿਆਵਾਂ ਭਾਵੇਂ ਵੱਖ-ਵੱਖ ਹੋਣ, ਪਰ ਅਖ਼ੀਰ ਵਿੱਚ ਉਹ ਦੋਵੇਂ ਪਿਆਰ ਅਤੇ ਭਾਵਨਾਤਮਕ ਸੁਰੱਖਿਆ ਦੀ ਭਾਲ ਵਿੱਚ ਹਨ।

ਕਹਾਣੀ ਨੂੰ ਬੱਚਿਆਂ ਦੇ ਨਜ਼ਰੀਏ ਤੋਂ ਪੇਸ਼ ਕਰਨ ਦੇ ਆਪਣੇ ਫ਼ੈਸਲੇ ਬਾਰੇ ਦੱਸਦੇ ਹੋਏ ਪੇਈਨੇਨਬਰਗ (Peijnenburg) ਨੇ ਕਿਹਾ ਕਿ ਸਿਨੇਮਾ ਵਿੱਚ ਇਸ ਗੱਲ ‘ਤੇ ਮੁਕਾਬਲਤਨ ਘੱਟ ਧਿਆਨ ਦਿੱਤਾ ਗਿਆ ਹੈ ਕਿ ਅਜਿਹੀਆਂ ਪਰਿਸਥਿਤੀਆਂ ਦਾ ਬੱਚਿਆਂ ਅਤੇ ਕਿਸ਼ੋਰਾਂ ‘ਤੇ ਕੀ ਅਸਰ ਪੈਂਦਾ ਹੈ ਅਤੇ ਉਹ ਇਨ੍ਹਾਂ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਿਲਮ ਦੀ ਕਹਾਣੀ ਦੇ ਕੇਂਦਰ ਵਿੱਚ ਬੱਚਿਆਂ ਨੂੰ ਰੱਖਿਆ ਗਿਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਮਾਤਾ-ਪਿਤਾ ਜਿੱਥੇ ਆਪਣੇ ਦਰਦ ਅਤੇ ਪਰੇਸ਼ਾਨੀਆਂ ਨਾਲ ਜੂਝ ਰਹੇ ਹੁੰਦੇ ਹਨ, ਉੱਥੇ ਹੀ ਬੱਚੇ ਕਿਸ ਤਰ੍ਹਾਂ ਔਖੀਆਂ ਭਾਵਨਾਤਮਕ ਪਰਿਸਥਿਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਉਨ੍ਹਾਂ ਤੋਂ ਉਭਰਨ ਦੀ ਕੋਸ਼ਿਸ਼ ਕਰਦੇ ਹਨ।

ਫ਼ਿਲਮ ਦੀ ਵਿਜ਼ੂਅਲ ਸ਼ੈਲੀ  ਵੀ ਚਰਚਾ ਦਾ ਇੱਕ ਅਹਿਮ ਵਿਸ਼ਾ ਰਹੀ। ਨੀਨਾ ਨੂੰ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਹੋਣ ਦੇ ਬਾਵਜੂਦ ਕਈ ਦ੍ਰਿਸ਼ਾਂ ਵਿੱਚ ਇਕੱਲੇ ਦਿਖਾਉਣ ਬਾਰੇ ਪੁੱਛੇ ਜਾਣ ‘ਤੇ ਪੇਈਨੇਨਬਰਗ (Peijnenburg) ਨੇ ਦੱਸਿਆ ਕਿ ਇਹ ਸਿਨੇਮੈਟੋਗ੍ਰਾਫਰ ਜੈਸਪਰ ਵੁਲਫ਼  ਨਾਲ ਮਿਲ ਕੇ ਗਿਆ ਇੱਕ ਰਚਨਾਤਮਕ ਫ਼ੈਸਲਾ ਸੀ। ਉਨ੍ਹਾਂ ਨੇ ਸਮਝਾਇਆ ਕਿ ਇਸ ਦ੍ਰਿਸ਼ਾਤਮਕ ਸ਼ੈਲੀ ਰਾਹੀਂ ਦੋਵਾਂ ਬੱਚਿਆਂ ਦੇ ਵੱਖ-ਵੱਖ ਅਨੁਭਵਾਂ ਨੂੰ ਸੁਤੰਤਰ ਭਾਵਨਾਤਮਕ ਮੋਨੋਲੋਗ ਦੇ ਰੂਪ ਵਿੱਚ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ, ਜੋ ਹੌਲੀ-ਹੌਲੀ ਇੱਕ ਸੰਵਾਦ ਦਾ ਰੂਪ ਲੈਂਦੇ ਹਨ।

ਫ਼ਿਲਮ ਵਿੱਚ ਨੀਨਾ ਨੂੰ ਅਕਸਰ ਇਕੱਲੇ ਦਿਖਾਇਆ ਗਿਆ ਹੈ, ਜਦੋਂ ਕਿ ਐਲੀ ਨੂੰ ਜ਼ਿਆਦਾਤਰ ਹੋਰ ਲੋਕਾਂ ਦੇ ਨਾਲ ਦਿਖਾਇਆ ਗਿਆ ਹੈ। ਡਾਇਰੈਕਟਰ ਨੇ ਦੱਸਿਆ ਕਿ ਫ਼ਿਲਮ ਨਿਰਮਾਤਾਵਾਂ ਨੇ ਜਾਣਬੁੱਝ ਕੇ ਉਨ੍ਹਾਂ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕੀਤਾ, ਜਿਨ੍ਹਾਂ ਵੱਲ ਮਾਤਾ-ਪਿਤਾ ਦਾ ਧਿਆਨ ਨਹੀਂ ਜਾਂਦਾ। ਇਸ ਤਰ੍ਹਾਂ, ਫ਼ਿਲਮ ਵਿੱਚ ਮਾਪਿਆਂ ਦੇ ਆਪਸੀ ਝਗੜਿਆਂ ਦੀ ਬਜਾਏ ਬੱਚਿਆਂ ‘ਤੇ ਪੈਣ ਵਾਲੇ ਉਨ੍ਹਾਂ ਦੇ ਭਾਵਨਾਤਮਕ ਪ੍ਰਭਾਵ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ, “ਫ਼ਿਲਮ ਦਾ ਵਿਸ਼ਾ ਜ਼ਰੂਰੀ ਨਹੀਂ ਕਿ ਮਾਤਾ-ਪਿਤਾ ਦਰਮਿਆਨ ਹੋਣ ਵਾਲਾ ਝਗੜਾ ਹੋਵੇ, ਸਗੋਂ ਉਸ ਝਗੜੇ ਦਾ ਬੱਚਿਆਂ ‘ਤੇ ਪੈਣ ਵਾਲਾ ਅਸਰ ਹੈ।”

ਪੇਈਨੇਨਬਰਗ (Peijnenburg) ਨੇ ਇਹ ਵੀ ਦੱਸਿਆ ਕਿ ਫ਼ਿਲਮ ਦੇ ਭਾਵਨਾਤਮਕ ਤੌਰ ‘ਤੇ ਗੰਭੀਰ ਦ੍ਰਿਸ਼ਾਂ ਵਿੱਚ ਆਮ ਤੌਰ ‘ਤੇ ਵਰਤੀ ਜਾਣ ਵਾਲੀ ਧੁੰਦਲੀ ਜਾਂ ਹਲਕੀ ਰੌਸ਼ਨੀ ਦੀ ਬਜਾਏ ਦਿਨ ਦੇ ਤੇਜ਼ ਚਾਨਣ ਨੂੰ ਜਾਣਬੁੱਝ ਕੇ ਚੁਣਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਦ੍ਰਿਸ਼ਾਂ ਨੂੰ ਖੁੱਲ੍ਹਾ ਅਤੇ ਸੁਭਾਵਿਕ ਰੂਪ ਦੇਣਾ ਸੀ, ਤਾਂ ਜੋ ਪਾਤਰਾਂ ਦੀ ਭਾਵਨਾਤਮਕ ਸਥਿਤੀ ਨੂੰ ਬਿਨਾਂ ਲੁਕਾਏ ਜਾਂ ਵਧਾ-ਚੜ੍ਹਾ ਕੇ ਦਿਖਾਏ, ਅਸਲ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਨਿਰਮਾਤਾ ਪਰਿਸਥਿਤੀਆਂ ਨੂੰ ਉਵੇਂ ਹੀ ਦਿਖਾਉਣਾ ਚਾਹੁੰਦੇ ਸਨ, ਜਿਵੇਂ ਉਹ ਅਸਲ ਵਿੱਚ ਹਨ, ਤਾਂ ਜੋ ਦਰਸ਼ਕ ਫ਼ਿਲਮ ਵਿੱਚ ਦਿਖਾਈਆਂ ਗਈਆਂ ਭਾਵਨਾਵਾਂ ਨੂੰ ਸਿੱਧੇ ਮਹਿਸੂਸ ਕਰ ਸਕਣ।

ਨੀਨਾ ਅਤੇ ਐਲੀ ਦੇ ਵੱਖ-ਵੱਖ ਅਨੁਭਵਾਂ ਰਾਹੀਂ ਫ਼ਿਲਮ ‘ਅ ਫੈਮਿਲੀ’ (A Family) ਭਾਵਨਾਤਮਕ ਸੁਰੱਖਿਆ ਦੀ ਜ਼ਰੂਰਤ, ਮਾਤਾ-ਪਿਤਾ ਦੇ ਆਪਸੀ ਟਕਰਾਅ ਦੇ ਬੱਚਿਆਂ ‘ਤੇ ਪੈਣ ਵਾਲੇ ਪ੍ਰਭਾਵ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਜ਼ਰੀਏ ਨੂੰ ਸਮਝਣ ਦੇ ਮਹੱਤਵ ਨੂੰ ਸਾਹਮਣੇ ਲਿਆਉਂਦੀ ਹੈ। ਪਰਿਵਾਰ ਦੇ ਟੁੱਟਣ ਨਾਲ ਜੁੜੀਆਂ ਸਮੱਸਿਆਵਾਂ ਦਾ ਕੋਈ ਅਸਾਨ ਹੱਲ ਦੇਣ ਦੀ ਬਜਾਏ, ਇਹ ਫ਼ਿਲਮ ਦਰਸ਼ਕਾਂ ਨੂੰ ਆਪਣੇ ਰਿਸ਼ਤਿਆਂ ‘ਤੇ ਵਿਚਾਰ ਕਰਨ, ਆਪਣੇ ਵਿਵਹਾਰ ਪ੍ਰਤੀ ਵਧੇਰੇ ਸੁਚੇਤ ਰਹਿਣ ਅਤੇ ਪਿਆਰਿਆਂ ਨਾਲ ਆਪਣੇ ਸਬੰਧਾਂ ਨੂੰ ਸੰਜੋ ਕੇ ਰੱਖਣ ਦਾ ਸੰਦੇਸ਼ ਦਿੰਦੀ ਹੈ।

ਡਾਇਰੈਕਟਰ ਅਤੇ ਅਦਾਕਾਰ ਨੇ 57ਵੇਂ ਇੱਫੀ (IFFI) ਵਿੱਚ ਆਪਣੀ ਫ਼ਿਲਮ ਪੇਸ਼ ਕਰਨ ਦਾ ਮੌਕਾ ਦੇਣ ਲਈ ਮਹੋਤਸਵ ਆਯੋਜਕਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਫ਼ਿਲਮ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਲਈ ਸੱਦਾ ਦਿੱਤੇ ਜਾਣ ‘ਤੇ ਵੀ ਖ਼ੁਸ਼ੀ ਜ਼ਾਹਰ ਕੀਤੀ।

​ਸੈਸ਼ਨ ਦਾ ਸੰਚਾਲਨ ਸ਼੍ਰੀਮਤੀ ਸਸਮਿਤਾ ਨੇ ਕੀਤਾ।

ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ:

https://www.youtube.com/watch?v=ty3md7pWq1E

ਇੱਫੀਲੌਇਡ ਇੱਥੇ ਪੜ੍ਹੋ :

 https://www.pib.gov.in/iffi/57/iffiLoid.aspx?yr=2026&lang=1&reg=48

 

* * *

ਪੀਆਈਬੀ ਇੱਫੀ ਟੀਮ/ਰਜਿਤ/ਲਕਸ਼ਮੀ ਪ੍ਰਿਆ/ਐਂਡਰਿਊ/ਦਰਸ਼ਨਾ/ ਏਕੇ| IFFI 57 – 124


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2343311
•
Media Centre: Goa
•
Festival Dates: Nov 20 – 28, 2026