ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਉੱਤਰ ਪ੍ਰਦੇਸ਼ ਦੇ ਆਈਟੀ/ਆਈਟੀਈਐੱਸ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਐੱਸਟੀਪੀਆਈ ਨੇ ਬਰੇਲੀ ਵਿਖੇ ਆਪਣੇ 75ਵੇਂ ਕੇਂਦਰ ਦਾ ਉਦਘਾਟਨ ਕੀਤਾ


ਨਵਾਂ ਕੇਂਦਰ ਰੋਹਿਲਖੰਡ ਖੇਤਰ ਵਿੱਚ ਤਕਨਾਲੋਜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਈਟੀ/ਆਈਟੀਈਐੱਸ (IT/ITeS) ਉੱਦਮਾਂ, ਸਟਾਰਟਅੱਪਸ ਅਤੇ ਤਕਨਾਲੋਜੀ ਅਧਾਰਿਤ ਉੱਦਮਤਾ ਨੂੰ ਉਤਸ਼ਾਹਿਤ ਕਰੇਗਾ

ਇਸ ਪਹਿਲਕਦਮੀ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਕਾਰੋਬਾਰੀ ਮੌਕੇ ਉਪਲਬਧ ਕਰਵਾਉਣਾ ਅਤੇ ਖੇਤਰ ਵਿੱਚ ਰੁਜ਼ਗਾਰ ਸਿਰਜਣ ਨੂੰ ਹੁਲਾਰਾ ਦੇਣਾ ਹੈ

Posted On: 27 NOV 2026 9:52AM by PIB Chandigarh

ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ (ਐੱਸਟੀਪੀਆਈ – STPI), ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਅਧੀਨ ਇੱਕ ਪ੍ਰਮੁੱਖ ਵਿਗਿਆਨ ਅਤੇ ਤਕਨਾਲੋਜੀ ਸੰਗਠਨ, ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿਖੇ ਆਪਣੇ ਕੇਂਦਰ ਦਾ ਉਦਘਾਟਨ ਕੀਤਾ। ਇਸ ਕੇਂਦਰ ਦਾ ਉਦਘਾਟਨ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਅਤੇ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਜਿਤੀਨ ਪ੍ਰਸਾਦ ਨੇ ਕੀਤਾ। ਇਸ ਮੌਕੇ ‘ਤੇ ਉੱਤਰ ਪ੍ਰਦੇਸ਼ ਸਰਕਾਰ ਦੇ ਵਣ ਅਤੇ ਵਾਤਾਵਰਣ, ਜੰਤੂ ਜ਼ੂਲੋਜੀਕਲ ਗਾਰਡਨ (Zoological Garden) ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਅਰੁਣ ਕੁਮਾਰ ਸਕਸੈਨਾ; ਬਰੇਲੀ ਦੇ ਸਾਂਸਦ ਸ਼੍ਰੀ ਛਤਰਪਾਲ ਸਿੰਘ ਗੰਗਵਾਰ; ਰਾਜ ਸਭਾ ਸਾਂਸਦ ਸ਼੍ਰੀਮਤੀ ਸ਼ਰੂਤੀ ਗੰਗਵਾਰ; ਐੱਸਟੀਪੀਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਅਰਵਿੰਦ ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਰਹੇ।

ਇਸ ਕੇਂਦਰ ਦਾ ਉਦਘਾਟਨ ਐੱਸਟੀਪੀਆਈ(STPI) ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਦੇ ਨਾਲ ਹੀ ਬਰੇਲੀ ਦੇਸ਼ ਵਿੱਚ ਐੱਸਟੀਪੀਆਈ ਦਾ 75ਵਾਂ ਕੇਂਦਰ ਬਣ ਗਿਆ ਹੈ। ਇਸ ਨਾਲ ਦੇਸ਼ ਭਰ ਵਿੱਚ ਐੱਸਟੀਪੀਆਈ ਦੇ ਨੈੱਟਵਰਕ ਦਾ ਹੋਰ ਵਿਸਥਾਰ ਹੋਇਆ ਹੈ ਅਤੇ ਪ੍ਰਮੁੱਖ ਮਹਾਂਨਗਰਾਂ ਤੋਂ ਅੱਗੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਤਕਨਾਲੋਜੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਇਸ ਦੀ ਵਚਨਬੱਧਤਾ ਨੂੰ ਬਲ ਮਿਲਿਆ ਹੈ। ਐੱਸਟੀਪੀਆਈ ਦੇ 75 ਕੇਂਦਰਾਂ ਵਿੱਚੋਂ 67 ਕੇਂਦਰ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸਥਿਤ ਹਨ। ਇਹ ਤਕਨਾਲੋਜੀ ਬੁਨਿਆਦੀ ਢਾਂਚੇ ਦੇ ਵਿਕੇਂਦ੍ਰੀਕਰਣ ਅਤੇ ਖੇਤਰੀ ਉੱਦਮਤਾ ਨੂੰ ਉਤਸ਼ਾਹਿਤ ਕਰਨ ‘ਤੇ ਇਸ ਦੇ ਲਗਾਤਾਰ ਧਿਆਨ ਨੂੰ ਦਰਸਾਉਂਦਾ ਹੈ। ਲਗਭਗ 18.25 ਕਰੋੜ ਰੁਪਏ ਦੇ ਨਿਵੇਸ਼ ਨਾਲ ਦੋ ਏਕੜ ਜ਼ਮੀਨ ‘ਤੇ ਵਿਕਸਿਤ ਬਰੇਲੀ ਕੇਂਦਰ ਖੇਤਰੀ ਆਈਟੀ/ਆਈਟੀਈਐੱਸ (IT/ITeS) ਈਕੋਸਿਸਟਮ ਨੂੰ ਮਜ਼ਬੂਤ ਕਰੇਗਾ ਅਤੇ ਤਕਨਾਲੋਜੀ ਉੱਦਮਾਂ ਤੇ ਉੱਭਰ ਰਹੇ ਉੱਦਮੀਆਂ ਨੂੰ ਇੱਕ ਸੰਸਥਾਗਤ ਮੰਚ ਉਪਲਬਧ ਕਰਵਾਏਗਾ।

ਕੇਂਦਰੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਐੱਸਟੀਪੀਆਈ ਦੇ ਬਰੇਲੀ ਕੇਂਦਰ ਦਾ ਉਦਘਾਟਨ ਨਾ ਸਿਰਫ਼ ਬਰੇਲੀ, ਸਗੋਂ ਪੂਰੇ ਰੋਹਿਲਖੰਡ ਖੇਤਰ, ਖ਼ਾਸ ਕਰਕੇ ਪੀਲੀਭੀਤ, ਸ਼ਾਹਜਹਾਂਪੁਰ ਅਤੇ ਬਦਾਯੂੰ ਦੇ ਨੌਜਵਾਨਾਂ ਲਈ ਇੱਕ ਮਹੱਤਵਪੂਰਨ ਤੋਹਫ਼ਾ ਹੈ। ਹੁਣ ਉਨ੍ਹਾਂ ਨੂੰ ਆਈਟੀ (IT), ਸਟਾਰਟਅੱਪ, ਇਨਕਿਊਬੇਸ਼ਨ, ਨਵੀਨਤਾ ਅਤੇ ਖੋਜ ਦੇ ਮੌਕਿਆਂ ਲਈ ਮੁੰਬਈ, ਨੋਇਡਾ ਅਤੇ ਹੈਦਰਾਬਾਦ ਵਰਗੇ ਵੱਡੇ ਕੇਂਦਰਾਂ ਵੱਲ ਪਰਵਾਸ ਨਹੀਂ ਕਰਨਾ ਪਵੇਗਾ। ਇਸ ਦੀ ਬਜਾਏ ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਹੀ ਵਿਸ਼ਵ ਪੱਧਰੀ ਤਕਨੀਕੀ ਸਹੂਲਤਾਂ ਉਪਲਬਧ ਹੋਣਗੀਆਂ। ਇਸ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੰਵਾਰਨ ਦੇ ਨਾਲ-ਨਾਲ ਸਥਾਨਕ ਪੱਧਰ ‘ਤੇ ਰੁਜ਼ਗਾਰ ਸਿਰਜਣ ਵਿੱਚ ਵੀ ਯੋਗਦਾਨ ਪਾ ਸਕਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਦੂਰਅੰਦੇਸ਼ੀ ਅਗਵਾਈ ਅਤੇ ਲੰਬੇ ਸਮੇਂ ਦੀਆਂ ਨੀਤੀਆਂ ਤਹਿਤ ਕੇਂਦਰ ਅਤੇ ਰਾਜ ਦਰਮਿਆਨ ਤਾਲਮੇਲ ਵਿਕਾਸ ਨੂੰ ਗਤੀ ਦੇ ਰਿਹਾ ਹੈ। ਵਪਾਰ ਅਤੇ ਤਕਨਾਲੋਜੀ ਭਾਰਤ ਦੀ ਤਰੱਕੀ ਦੇ ਦੋ ਪ੍ਰਮੁੱਖ ਅਧਾਰ ਹਨ। ਇੱਕ ਕਰੋੜ ਨੌਜਵਾਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਵਿੱਚ ਸਿਖਲਾਈ ਦੇਣ, ਵਿਦੇਸ਼ੀ ਨਿਰਭਰਤਾ ਘਟਾਉਣ ਅਤੇ ਕੋਵਿਡ-19 ਮਹਾਮਾਰੀ ਵਰਗੀਆਂ ਰੁਕਾਵਟਾਂ ਤੋਂ ਬਾਅਦ ਸਪਲਾਈ ਚੇਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੈਮੀਕੰਡਕਟਰ ਚਿੱਪ ਨਿਰਮਾਣ ਅਤੇ ਪੈਕੇਜਿੰਗ ਈਕੋਸਿਸਟਮ ਵਿਕਸਿਤ ਕਰਨ, ਡੇਟਾ ਸੈਂਟਰ ਅਤੇ ਸਾਫਟਵੇਅਰ ਨਿਰਯਾਤ ਦਾ ਵਿਸਥਾਰ ਕਰਨ ਅਤੇ ਆਤਮ-ਨਿਰਭਰ ਭਾਰਤ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦੇਸ਼ ਦੀ ਤਕਨੀਕੀ ਆਤਮ-ਨਿਰਭਰਤਾ ਨੂੰ ਗਤੀ ਦੇ ਰਹੀ ਹੈ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਆਈਟੀ (IT) ਖੇਤਰ ਵਿੱਚ ਭਾਰਤ ਅੱਜ ਦੁਨੀਆ ਦੀਆਂ ਪ੍ਰਤਿਭਾਵਾਂ ਦੀ ਰਾਜਧਾਨੀ ਵਜੋਂ ਉਭਰਿਆ ਹੈ। ਇਸ ਦਾ ਅਧਾਰ ਨੌਜਵਾਨਾਂ ਦੇ ਤਕਨੀਕੀ ਹੁਨਰ ਅਤੇ ਡਿਜ਼ਾਈਨ ਸਮਰੱਥਾਵਾਂ ਹਨ। ਐੱਸਟੀਪੀਆਈ ਰਾਹੀਂ ਮੁਫ਼ਤ ਤਕਨੀਕੀ ਸਹੂਲਤਾਂ ਉਪਲਬਧ ਕਰਵਾਉਣ ਦੇ ਨਾਲ-ਨਾਲ ਹੁਨਰ ਵਿਕਾਸ ਅਤੇ ਸਹਾਇਤਾ ਪ੍ਰਦਾਨ ਕਰਨ ਨਾਲ ਇਹ ਯਕੀਨੀ ਹੋਵੇਗਾ ਕਿ ਆਰਥਿਕ ਸਰੋਤਾਂ ਦੀ ਘਾਟ ਕਿਸੇ ਵੀ ਪ੍ਰਤਿਭਾ ਜਾਂ ਉੱਦਮ ਦੇ ਵਿਕਾਸ ਵਿੱਚ ਰੁਕਾਵਟ ਨਾ ਬਣੇ। ਸਥਾਨਕ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME), ਆਈਟੀ ਉਦਯੋਗ, ਵਣਜ ਮੰਡਲ (ਚੈਂਬਰ ਆਫ਼ ਕਾਮਰਸ) ਅਤੇ ਉੱਦਮੀ ਜਦੋਂ ਇਸ ਕੇਂਦਰ ਦੀ ਪੂਰੀ ਸਮਰੱਥਾ ਨਾਲ ਵਰਤੋਂ ਕਰਨਗੇ, ਤਾਂ ਅਸੀਂ ਇੱਥੇ ਵਾਧੂ ਇਮਾਰਤਾਂ ਅਤੇ ਤਕਨੀਕੀ ਸਹੂਲਤਾਂ ਦਾ ਵਿਸਥਾਰ ਕਰਾਂਗੇ।

ਡਿਜੀਟਲ ਇੰਡੀਆ ਤਹਿਤ ਕੌਮਨ ਸਰਵਿਸ ਸੈਂਟਰ (CSC) ਵੀ ਗ੍ਰਾਮੀਣ ਖੇਤਰਾਂ ਵਿੱਚ ਆਧਾਰ, ਬੈਂਕਿੰਗ, ਬਿਜਲੀ ਬਿੱਲ ਭੁਗਤਾਨ ਅਤੇ ਹੋਰ ਨਾਗਰਿਕ ਸੇਵਾਵਾਂ ਤੱਕ ਪਹੁੰਚ ਦਾ ਵਿਸਥਾਰ ਕਰ ਰਹੇ ਹਨ। ਐੱਸਟੀਪੀਆਈ ਦੇ ਡਾਇਰੈਕਟਰ ਜਨਰਲ ਸ਼੍ਰੀ ਅਰਵਿੰਦ ਕੁਮਾਰ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨੋਇਡਾ, ਕਾਨਪੁਰ, ਲਖਨਊ ਅਤੇ ਗੋਰਖਪੁਰ ਵਾਂਗ ਬਰੇਲੀ ਵੀ ਇੱਕ ਪ੍ਰਮੁੱਖ ਆਈਟੀ ਕੇਂਦਰ ਵਜੋਂ ਉਭਰੇਗਾ ਅਤੇ ਪੂਰੇ ਰੋਹਿਲਖੰਡ ਖੇਤਰ ਵਿੱਚ ਤਕਨੀਕੀ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਵੇਗਾ।

ਉੱਤਰ ਪ੍ਰਦੇਸ਼ ਸਰਕਾਰ ਦੇ ਵਣ ਅਤੇ ਵਾਤਾਵਰਣ, ਜ਼ੂਲੋਜੀਕਲ ਗਾਰਡਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਅਰੁਣ ਕੁਮਾਰ ਸਕਸੈਨਾ ਨੇ ਕਿਹਾ ਕਿ ਐੱਸਟੀਪੀਆਈ ਦੇ ਬਰੇਲੀ ਕੇਂਦਰ ਦੀ ਸਥਾਪਨਾ ਇਸ ਖੇਤਰ ਲਈ ਇੱਕ ਸਵਾਗਤਯੋਗ ਪਹਿਲਕਦਮੀ ਹੈ। ਇਸ ਨਾਲ ਤਕਨਾਲੋਜੀ ਖੇਤਰ ਵਿੱਚ ਮੌਕਿਆਂ ਦਾ ਵਿਸਥਾਰ ਹੋਵੇਗਾ। ਬਰੇਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪ੍ਰਤਿਭਾ ਅਤੇ ਉੱਦਮਤਾ ਦੀਆਂ ਅਪਾਰ ਸੰਭਾਵਨਾਵਾਂ ਹਨ। ਇਹ ਕੇਂਦਰ ਨੌਜਵਾਨਾਂ, ਸਟਾਰਟਅੱਪਸ ਅਤੇ ਤਕਨਾਲੋਜੀ ਉੱਦਮਾਂ ਨੂੰ ਨਵੇਂ ਮੌਕੇ ਤਲਾਸ਼ਣ, ਨਵੀਨਤਾਕਾਰੀ ਵਿਚਾਰਾਂ ਨੂੰ ਵਿਕਸਿਤ ਕਰਨ ਅਤੇ ਰਾਜ ਦੀ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਇੱਕ ਮਹੱਤਵਪੂਰਨ ਮੰਚ ਉਪਲਬਧ ਕਰਵਾਏਗਾ।

ਬਰੇਲੀ ਦੇ ਸਾਂਸਦ ਸ਼੍ਰੀ ਛਤਰਪਾਲ ਸਿੰਘ ਗੰਗਵਾਰ ਨੇ ਕਿਹਾ ਕਿ ਐੱਸਟੀਪੀਆਈ ਦੇ ਬਰੇਲੀ ਕੇਂਦਰ ਦਾ ਉਦਘਾਟਨ ਇਸ ਖੇਤਰ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਨਾਲ ਤਕਨਾਲੋਜੀ ਅਧਾਰਿਤ ਉੱਦਮਤਾ ਨੂੰ ਮਜ਼ਬੂਤ ਅਧਾਰ ਮਿਲੇਗਾ ਅਤੇ ਇਛੁੱਕ ਉੱਦਮੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਵਿਆਪਕ ਮੌਕਿਆਂ ਵਾਲੇ ਈਕੋਸਿਸਟਮ ਤੱਕ ਪਹੁੰਚ ਪ੍ਰਾਪਤ ਹੋਵੇਗੀ।

ਰਾਜ ਸਭਾ ਸਾਂਸਦ ਸ਼੍ਰੀਮਤੀ ਸ਼ਰੂਤੀ ਗੰਗਵਾਰ ਨੇ ਕਿਹਾ ਕਿ ਐੱਸਟੀਪੀਆਈ ਦੇ ਬਰੇਲੀ ਕੇਂਦਰ ਦਾ ਉਦਘਾਟਨ ਇਸ ਖੇਤਰ, ਖ਼ਾਸ ਕਰਕੇ ਇੱਥੋਂ ਦੀਆਂ ਨੌਜਵਾਨ ਪ੍ਰਤਿਭਾਵਾਂ ਅਤੇ ਉਭਰ ਰਹੇ ਉੱਦਮੀਆਂ ਲਈ ਇੱਕ ਉਤਸ਼ਾਹਜਨਕ ਪਹਿਲਕਦਮੀ ਹੈ। ਤਕਨਾਲੋਜੀ ਬੁਨਿਆਦੀ ਢਾਂਚੇ ਅਤੇ ਸਹਿਯੋਗੀ ਸਟਾਰਟਅੱਪ ਈਕੋਸਿਸਟਮ ਤੱਕ ਪਹੁੰਚ ਨਾਲ ਸਥਾਨਕ ਪ੍ਰਤਿਭਾਵਾਂ ਨੂੰ ਅੱਗੇ ਵਧਣ, ਨਵੀਨਤਾਕਾਰੀ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।

ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਸ਼੍ਰੀ ਅਰਵਿੰਦ ਕੁਮਾਰ ਨੇ ਕਿਹਾ ਕਿ ਬਰੇਲੀ ਕੇਂਦਰ ਦਾ ਉਦਘਾਟਨ ਐੱਸਟੀਪੀਆਈ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਸਾਡੇ ਕੇਂਦਰਾਂ ਦੀ ਗਿਣਤੀ ਵਧ ਕੇ 75 ਹੋ ਗਈ ਹੈ, ਜਿਨ੍ਹਾਂ ਵਿੱਚੋਂ 67 ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸਥਿਤ ਹਨ। ਇਹ ਪ੍ਰਮੁੱਖ ਆਈਟੀ (IT) ਕੇਂਦਰਾਂ ਤੋਂ ਅੱਗੇ ਤਕਨਾਲੋਜੀ ਬੁਨਿਆਦੀ ਢਾਂਚੇ ਅਤੇ ਉੱਦਮਤਾ ਦੇ ਮੌਕਿਆਂ ਦਾ ਵਿਸਥਾਰ ਕਰਨ ਅਤੇ ਉਭਰ ਰਹੇ ਖੇਤਰਾਂ ਨੂੰ ਭਾਰਤ ਦੀ ਡਿਜੀਟਲ ਅਰਥਵਿਵਸਥਾ ਵਿੱਚ ਭਾਗੀਦਾਰੀ ਲਈ ਸਮਰੱਥ ਬਣਾਉਣ ਦੀ ਸਾਡੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਲਗਭਗ 18.25 ਕਰੋੜ ਰੁਪਏ ਦੇ ਨਿਵੇਸ਼ ਨਾਲ ਦੋ ਏਕੜ ਜ਼ਮੀਨ ‘ਤੇ ਵਿਕਸਿਤ ਬਰੇਲੀ ਕੇਂਦਰ ਇਸ ਨੈੱਟਵਰਕ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਇਹ ਰੋਹਿਲਖੰਡ ਖੇਤਰ ਵਿੱਚ ਆਈਟੀ/ਆਈਟੀਈਐੱਸ (IT/ITeS) ਉੱਦਮਾਂ, ਸਟਾਰਟਅੱਪਸ ਅਤੇ ਉਭਰ ਰਹੇ ਉੱਦਮੀਆਂ ਨੂੰ ਅਨੁਕੂਲ ਮਾਹੌਲ ਮੁਹੱਈਆ ਕਰਵਾਏਗਾ। ਆਪਣੇ ਬੁਨਿਆਦੀ ਢਾਂਚੇ ਦੇ ਸਰੋਤਾਂ, ਇਨਕਿਊਬੇਸ਼ਨ ਪਹਿਲਕਦਮੀਆਂ ਅਤੇ ਉਦਯੋਗ ਜਗਤ ਨਾਲ ਜੁੜਾਅ ਰਾਹੀਂ ਸਾਡਾ ਉਦੇਸ਼ ਸਥਾਨਕ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ, ਕਾਰੋਬਾਰੀ ਵਿਕਾਸ ਨੂੰ ਪਹੁੰਚਯੋਗ ਬਣਾਉਣਾ ਅਤੇ ਤਕਨਾਲੋਜੀ ਅਧਾਰਿਤ ਨਵੀਨਤਾਕਾਰੀ ਉੱਦਮਾਂ ਦੇ ਵਿਕਾਸ ਵਿੱਚ ਸਹਿਯੋਗ ਦੇਣਾ ਹੈ।

ਬਰੇਲੀ ਕੇਂਦਰ ਦੀ ਸਥਾਪਨਾ ਨਾਲ ਦੇਸ਼ ਭਰ ਵਿੱਚ ਐੱਸਟੀਪੀਆਈ ਦੀ ਮੌਜੂਦਗੀ ਦਾ ਹੋਰ ਵਿਸਥਾਰ ਹੋਇਆ ਹੈ। ਇਸ ਦੇ ਨਾਲ ਹੀ, ਪ੍ਰਮੁੱਖ ਤਕਨਾਲੋਜੀ ਕੇਂਦਰਾਂ ਤੋਂ ਅੱਗੇ ਆਈਟੀ/ਆਈਟੀਈਐੱਸ (IT/ITeS) ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਵੀ ਮਜ਼ਬੂਤੀ ਮਿਲੀ ਹੈ। ਐੱਸਟੀਪੀਆਈ ਆਪਣੇ ਕੇਂਦਰਾਂ, ਇਨਕਿਊਬੇਸ਼ਨ ਸਹੂਲਤਾਂ ਅਤੇ ਉੱਦਮਤਾ ਸਬੰਧੀ ਪਹਿਲਕਦਮੀਆਂ ਦੇ ਨੈੱਟਵਰਕ ਰਾਹੀਂ ਸਟਾਰਟਅੱਪਸ ਅਤੇ ਤਕਨਾਲੋਜੀ ਉੱਦਮਾਂ ਨੂੰ ਬੁਨਿਆਦੀ ਢਾਂਚਾ, ਉਦਯੋਗ ਜਗਤ ਨਾਲ ਜੁੜਾਅ ਅਤੇ ਉਤਪਾਦ ਵਿਕਾਸ ਤੇ ਬੌਧਿਕ ਸੰਪਤੀ  ਸਿਰਜਣ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ।

ਇਸ ਪ੍ਰੋਗਰਾਮ ਵਿੱਚ ਕਈ ਹੋਰ ਪ੍ਰਮੁੱਖ ਪਤਵੰਤੇ ਅਤੇ ਜਨ ਪ੍ਰਤੀਨਿਧੀ ਵੀ ਮੌਜੂਦ ਰਹੇ।

​ਇਹ ਉਦਘਾਟਨ ਉੱਤਰ ਪ੍ਰਦੇਸ਼ ਦੇ ਖੇਤਰੀ ਤਕਨਾਲੋਜੀ ਈਕੋਸਿਸਟਮ ਨੂੰ ਮਜ਼ਬੂਤ ਕਰਨ, ਉੱਦਮਤਾ  ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰ, ਉਦਯੋਗ ਜਗਤ, ਸਿੱਖਿਆ ਜਗਤ ਅਤੇ ਸਟਾਰਟਅੱਪਸ ਦਰਮਿਆਨ ਬਿਹਤਰ ਤਾਲਮੇਲ ਰਾਹੀਂ ਤਕਨਾਲੋਜੀ ਅਧਾਰਿਤ ਆਰਥਿਕ ਵਿਕਾਸ ਨੂੰ ਗਤੀ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਐੱਸਟੀਪੀਆਈ ਬਾਰੇ:

​ਐੱਸਟੀਪੀਆਈ, ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਅਧੀਨ ਇੱਕ ਪ੍ਰਮੁੱਖ ਵਿਗਿਆਨ ਅਤੇ ਤਕਨਾਲੋਜੀ ਸੰਗਠਨ ਹੈ। ਇਹ ਆਈਟੀ/ਆਈਟੀਈਐੱਸ (IT/ITeS) ਉਦਯੋਗ, ਨਵੀਨਤਾ, ਖੋਜ ਅਤੇ ਵਿਕਾਸ, ਸਟਾਰਟਅੱਪ ਅਤੇ ਉਭਰ ਰਹੇ ਤਕਨਾਲੋਜੀ ਖੇਤਰਾਂ ਵਿੱਚ ਉਤਪਾਦਾਂ ਅਤੇ ਬੌਧਿਕ ਸੰਪਤੀ  ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੀ ਹੈ। ਇਨ੍ਹਾਂ ਉਭਰ ਰਹੇ ਤਕਨਾਲੋਜੀ ਖੇਤਰਾਂ ਵਿੱਚ ਇੰਟਰਨੈੱਟ ਆਫ਼ ਥਿੰਗਜ਼ (IoT), ਬਲੌਕਚੈਨ, ਏਆਈ (AI), ਮਸ਼ੀਨ ਲਰਨਿੰਗ, ਕੰਪਿਊਟਰ ਵਿਜ਼ਨ, ਰੋਬੋਟਿਕਸ, ਔਗਮੈਂਟੇਡ ਅਤੇ ਵਰਚੁਅਲ ਰਿਐਲਿਟੀ, ਐਨੀਮੇਸ਼ਨ ਅਤੇ ਵਿਜ਼ੂਅਲ ਇਫੈਕਟਸ, ਅਤੇ ਡੇਟਾ ਸਾਇੰਸ ਅਤੇ ਐਨਾਲਿਟਿਕਸ ਸ਼ਾਮਲ ਹਨ। ਐੱਸਟੀਪੀਆਈ ਗੇਮਿੰਗ, ਫਿਨਟੈੱਕ, ਐਗਰੀਟੈੱਕ, ਮੇਡਟੈੱਕ, ਆਟੋਨੋਮਸ ਅਤੇ ਕਨੈਕਟਿਡ ਮੋਬਿਲਿਟੀ, ਇਲੈਕਟ੍ਰੌਨਿਕਸ ਸਿਸਟਮ ਡਿਜ਼ਾਈਨ ਅਤੇ ਮੈਨੂਫੈਕਚਰਿੰਗ (ESDM), ਸਾਈਬਰ ਸੁਰੱਖਿਆ, ਇੰਡਸਟਰੀ 4.0 ਅਤੇ ਡਰੋਨ ਵਰਗੇ ਖੇਤਰਾਂ ਵਿੱਚ ਵੀ ਨਵੀਨਤਾ ਨੂੰ ਸਹਿਯੋਗ ਪ੍ਰਦਾਨ ਕਰਦੀ ਹੈ।

 

*************

ਕਨਿਸ਼ਕ ਸ਼ਰਮਾ/ਵਿਨੋਦ ਕੁਮਾਰ/ਏਕੇ


(Release ID: 2343167) ਵਿਜ਼ੀਟਰ ਕਾਊਂਟਰ : 2