ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਭੁਵਨੇਸ਼ਵਰ ਵਿਖੇ ਹੋਮਿਓਪੈਥੀ 'ਤੇ ਰਾਸ਼ਟਰੀ ਵਿਗਿਆਨਕ ਸੰਮੇਲਨ ਵਿੱਚ ਸ਼ਾਮਲ ਹੋਏ


ਸਾਡੀਆਂ ਸੰਸਥਾਵਾਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਸਿਹਤ ਸੰਭਾਲ ਪੇਸ਼ਾਵਰਾਂ ਨੂੰ ਇੱਕ ਪਹੁੰਚਯੋਗ, ਨਿਆਂਪੂਰਨ, ਵਿਗਿਆਨਕ ਦ੍ਰਿਸ਼ਟੀ ਤੋਂ ਜਵਾਬਦੇਹ ਅਤੇ ਸੰਵੇਦਨਸ਼ੀਲ ਸਿਹਤ ਸੰਭਾਲ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ: ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ

Posted On: 25 NOV 2026 4:30PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ 25 ਨਵੰਬਰ 2026 ਨੂੰ ਓਡੀਸ਼ਾ ਦੇ ਭੁਵਨੇਸ਼ਵਰ ਵਿਖੇ ਹੋਮਿਓਪੈਥੀ 'ਤੇ ਆਯੋਜਿਤ ਰਾਸ਼ਟਰੀ ਵਿਗਿਆਨਕ ਸੰਮੇਲਨ ਵਿੱਚ ਸ਼ਾਮਲ ਹੋਏ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਹੋਮਿਓਪੈਥੀ ਭਾਰਤ ਦੀ ਵਿਭਿੰਨਤਾ ਭਰਪੂਰ ਸਿਹਤ ਸੰਭਾਲ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਅੰਗ ਹੈ। ਸਮਾਂ ਬੀਤਣ ਦੇ ਨਾਲ-ਨਾਲ ਦੇਸ਼ ਵਿੱਚ ਇਸ ਦਾ ਵਿਆਪਕ ਸੰਸਥਾਗਤ ਵਿਸਥਾਰ ਹੋਇਆ ਹੈ ਅਤੇ ਵਿੱਦਿਅਕ ਸੰਸਥਾਵਾਂ, ਸਿਹਤ ਸੰਭਾਲ ਕੇਂਦਰਾਂ ਅਤੇ ਜਨ-ਸਿਹਤ ਨੈੱਟਵਰਕ ਰਾਹੀਂ ਇਹ ਲੋਕਾਂ ਤੱਕ ਆਸਾਨੀ ਨਾਲ ਪਹੁੰਚਯੋਗ ਹੋਈ ਹੈ।

 

ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੋਮਿਓਪੈਥੀ ਦੀ ਭਵਿੱਖੀ ਭਰੋਸੇਯੋਗਤਾ ਅਤੇ ਅਕਾਦਮਿਕ ਮਾਣ-ਸਤਿਕਾਰ ਕਾਫ਼ੀ ਹੱਦ ਤੱਕ ਇਸ ਦੀ ਖੋਜ ਦੀ ਵਿਗਿਆਨਕ ਪ੍ਰਮਾਣਿਕਤਾ ਅਤੇ ਉਸ ਤੋਂ ਪ੍ਰਾਪਤ ਹੋਣ ਵਾਲੇ ਕਲੀਨਿਕਲ ਸਬੂਤਾਂ ਦੀ ਗੁਣਵੱਤਾ 'ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਖੋਜ ਸੰਸਥਾਵਾਂ, ਮੈਡੀਕਲ ਕਾਲਜਾਂ, ਯੂਨੀਵਰਸਿਟੀਆਂ ਅਤੇ ਪੇਸ਼ਾਵਰ ਸੰਗਠਨਾਂ ਨੂੰ ਖੋਜ ਦਾ ਇੱਕ ਮਜ਼ਬੂਤ ਸੱਭਿਆਚਾਰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੋਮਿਓਪੈਥੀ 'ਤੇ ਰਾਸ਼ਟਰੀ ਵਿਗਿਆਨਕ ਸੰਮੇਲਨ ਸਾਰਥਕ ਅਕਾਦਮਿਕ ਸੰਵਾਦ, ਸੰਸਥਾਗਤ ਭਾਈਵਾਲੀ ਅਤੇ ਭਵਿੱਖ ਲਈ ਸਾਂਝਾ ਦ੍ਰਿਸ਼ਟੀਕੋਣ ਵਿਕਸਤ ਕਰਨ ਲਈ ਇੱਕ ਉੱਤਮ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਾਰੇ ਭਾਗੀਦਾਰਾਂ, ਖ਼ਾਸ ਕਰਕੇ ਨੌਜਵਾਨ ਖੋਜਕਾਰਾਂ ਅਤੇ ਪੇਸ਼ਾਵਰਾਂ ਨੂੰ ਇਹ ਸਲਾਹ ਦਿੱਤੀ ਕਿ ਉਹ ਇਸ ਮੌਕੇ ਦਾ ਭਰਪੂਰ ਲਾਭ ਉਠਾਉਣ।

 

ਰਾਸ਼ਟਰਪਤੀ ਨੇ ਕਿਹਾ ਕਿ ਹੋਮਿਓਪੈਥੀ ਦੇ ਵਿਕਾਸ ਦੇ ਨਾਲ-ਨਾਲ ਵਿਗਿਆਨਕ ਖੋਜ, ਅਕਾਦਮਿਕ ਉੱਤਮਤਾ ਅਤੇ ਪੇਸ਼ਾਵਰ ਜਵਾਬਦੇਹੀ ਪ੍ਰਤੀ ਅਟੁੱਟ ਵਚਨਬੱਧਤਾ ਵੀ ਹੋਣੀ ਚਾਹੀਦੀ ਹੈ। ਖੋਜ ਕਾਰਜ ਉਚਿਤ ਕਾਰਜ-ਪ੍ਰਣਾਲੀ, ਸੁਚੱਜੇ ਢੰਗ ਨਾਲ ਤਿਆਰ ਕੀਤੇ ਗਏ ਕਲੀਨਿਕਲ ਅਧਿਐਨਾਂ, ਚੰਗੀ ਤਰ੍ਹਾਂ ਵਿਵਸਥਿਤ ਦਸਤਾਵੇਜ਼ੀਕਰਨ ਅਤੇ ਪਾਰਦਰਸ਼ੀ ਰਿਪੋਰਟਿੰਗ 'ਤੇ ਆਧਾਰਿਤ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਬਹੁ-ਕੇਂਦਰੀ ਅਧਿਐਨਾਂ, ਵਿਵਸਥਿਤ ਸਮੀਖਿਆਵਾਂ, ਸਬੂਤਾਂ ਦੇ ਵਿਸ਼ਲੇਸ਼ਣ ਤੇ ਮੌਲਿਕ ਖੋਜ ਅਤੇ ਭਰੋਸੇਯੋਗ ਕਲੀਨਿਕਲ ਡਾਟਾਬੇਸ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੋਜ ਦੀਆਂ ਸੀਮਾਵਾਂ ਨੂੰ ਸਵੀਕਾਰ ਕਰਨ, ਉਲਟ ਨਤੀਜਿਆਂ ਨੂੰ ਵੀ ਸਾਹਮਣੇ ਰੱਖਣ ਅਤੇ ਸਿੱਟਿਆਂ ਨੂੰ ਵਿਗਿਆਨਕ ਸਬੂਤਾਂ ਦੇ ਅਨੁਕੂਲ ਨਿਰਧਾਰਤ ਕਰਨ ਲਈ ਬੌਧਿਕ ਇਮਾਨਦਾਰੀ ਦਾ ਹੋਣਾ ਵੀ ਓਨਾ ਹੀ ਮਹੱਤਵਪੂਰਨ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਡਾਕਟਰੀ ਦਾ ਪੇਸ਼ਾ ਕੇਵਲ ਵਿੱਦਿਅਕ ਯੋਗਤਾਵਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਲਈ ਬੌਧਿਕ ਅਨੁਸ਼ਾਸਨ, ਵਿਗਿਆਨਕ ਦ੍ਰਿਸ਼ਟੀਕੋਣ, ਇਮਾਨਦਾਰੀ, ਹਮਦਰਦੀ ਅਤੇ ਜੀਵਨ ਭਰ ਸਿੱਖਦੇ ਰਹਿਣ ਦੀ ਵਚਨਬੱਧਤਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਹੋਮਿਓਪੈਥੀ ਦੇ ਨੌਜਵਾਨ ਡਾਕਟਰਾਂ ਨੂੰ ਸਵਾਲ ਕਰਨ ਦੀ ਆਦਤ ਵਿਕਸਤ ਕਰਨ ਅਤੇ ਨਿਰੰਤਰ ਸਿੱਖਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਜਾਂਚ-ਪੜਤਾਲ ਕਰਨ ਦਾ ਹੌਸਲਾ, ਸਬੂਤ ਲੱਭਣ ਦਾ ਧੀਰਜ ਅਤੇ ਨਵੇਂ ਗਿਆਨ ਨੂੰ ਸਵੀਕਾਰ ਕਰਨ ਦੀ ਨਿਮਰਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰ ਮਰੀਜ਼ ਦੇ ਪਿੱਛੇ ਇੱਕ ਇਨਸਾਨ ਹੈ, ਜਿਸ ਦੀਆਂ ਆਪਣੀਆਂ ਉਮੀਦਾਂ, ਖਦਸ਼ੇ ਅਤੇ ਮਾਣ-ਸਤਿਕਾਰ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ 'ਵਿਕਸਿਤ ਭਾਰਤ 2047' ਦੇ ਰਾਸ਼ਟਰੀ ਟੀਚੇ ਵੱਲ ਵਧ ਰਿਹਾ ਹੈ, ਸਿਹਤ ਸੰਭਾਲ ਅਤੇ ਸਿੱਖਿਆ ਇਸ ਦੇ ਦੋ ਸਭ ਤੋਂ ਮਹੱਤਵਪੂਰਨ ਥੰਮ੍ਹ ਬਣੇ ਰਹਿਣਗੇ। ਸਾਡੀਆਂ ਸੰਸਥਾਵਾਂ, ਖੋਜਕਾਰਾਂ, ਅਧਿਆਪਕਾਂ ਅਤੇ ਸਿਹਤ ਸੰਭਾਲ ਪੇਸ਼ਾਵਰਾਂ ਨੂੰ ਪਹੁੰਚਯੋਗ, ਨਿਆਂਪੂਰਨ, ਵਿਗਿਆਨਕ ਦ੍ਰਿਸ਼ਟੀ ਤੋਂ ਜਵਾਬਦੇਹ ਅਤੇ ਸੰਵੇਦਨਸ਼ੀਲ ਸਿਹਤ ਸੰਭਾਲ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਰਾਸ਼ਟਰੀ ਸੰਮੇਲਨ ਵਿਗਿਆਨਕ ਸੰਵਾਦ ਨੂੰ ਉਤਸ਼ਾਹਿਤ ਕਰੇਗਾ, ਸੰਸਥਾਗਤ ਭਾਈਵਾਲੀਆਂ ਨੂੰ ਹੁਲਾਰਾ ਦੇਵੇਗਾ ਅਤੇ ਸਮਰੱਥ, ਨੈਤਿਕ ਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਸਿਹਤ ਸੰਭਾਲ ਪੇਸ਼ਾਵਰਾਂ ਦੀ ਇੱਕ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2342480) ਵਿਜ਼ੀਟਰ ਕਾਊਂਟਰ : 8