ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਖੇਡ ਉਦਯੋਗ ਦੇ ਮੁਖੀਆਂ ਨੂੰ ‘ਮੇਕ ਇਨ ਇੰਡੀਆ, ਪਲੇਅ ਇਨ ਇੰਡੀਆ, ਗ੍ਰੋ ਵਿਦ ਇੰਡੀਆ’ ਦਾ ਸੱਦਾ ਦਿੱਤਾ


‘ਖੇਡ ਦੇ ਮੈਦਾਨ ਤੋਂ ਪੋਡੀਅਮ ਤੱਕ’: ਡਾ. ਮਾਂਡਵੀਆ ਨੇ ਭਾਰਤ ਵਿੱਚ ਖੇਡਾਂ ਨੂੰ ਮਿਲੇ ਹੁਲਾਰੇ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਸਿਰ ਬੰਨ੍ਹਿਆ

ਨਿੱਜੀ ਨਿਵੇਸ਼ ਨਾਲ ਵਧੇਰੇ ਕੁਸ਼ਲਤਾ ਅਤੇ ਨਵੀਨਤਾ ਨੂੰ ਹੁਲਾਰਾ ਮਿਲ ਸਕਦਾ ਹੈ: ਕੇਂਦਰੀ ਖੇਡ ਮੰਤਰੀ

Posted On: 20 NOV 2026 4:25PM by PIB Chandigarh

ਨਵੀਂ ਦਿੱਲੀ, 20 ਨਵੰਬਰ, 2026: ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਫਿੱਕੀ (ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ) ਦੇ ਖੇਡ ਕਾਰੋਬਾਰ ’ਤੇ ਆਲਮੀ ਸਿਖ਼ਰ ਸੰਮੇਲਨ ‘ਟਰਫ਼’ (TURF) ਦੇ 16ਵੇਂ ਐਡੀਸ਼ਨ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਮਾਂਡਵੀਆ ਨੇ ਕਿਹਾ, "ਖੇਡਾਂ ਨੌਜਵਾਨਾਂ ਦੇ ਵਿਕਾਸ, ਸਮਾਜਿਕ ਸ਼ਮੂਲੀਅਤ, ਆਰਥਿਕ ਮੌਕਿਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰੀਆਂ ਹਨ।"

ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਖੇਡਾਂ ਨੂੰ ਰਾਸ਼ਟਰ ਨਿਰਮਾਣ ਦੇ ਆਪਣੇ ਏਜੰਡੇ ਦੇ ਕੇਂਦਰ ਵਿੱਚ ਰੱਖਿਆ ਹੈ। ਸਾਡਾ ਦ੍ਰਿਸ਼ਟੀਕੋਣ ਇੱਕ ਸਪੱਸ਼ਟ ਦ੍ਰਿਸ਼ਟੀਕੋਣ ’ਤੇ ਆਧਾਰਿਤ ਹੈ – ਖੇਡ ਦੇ ਮੈਦਾਨ ਤੋਂ ਪੋਡੀਅਮ ਤੱਕ, ਹਰੇਕ ਉੱਭਰਦੇ ਖਿਡਾਰੀ ਲਈ ਮੌਕੇ ਪੈਦਾ ਕਰਨਾ।”

ਇਹ ਸਿਖ਼ਰ ਸੰਮੇਲਨ “ਪਾਵਰਿੰਗ ਇੰਡੀਆਜ਼ ਸਪੋਰਟਸ ਇਕੋਨੋਮੀ ਪਾਰਟਨਰਸ਼ਿਪਸ, ਇਨੋਵੇਸ਼ਨ ਐਂਡ ਗਲੋਬਲ ਲੀਡਰਸ਼ਿਪ” ਵਿਸ਼ੇ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ।

ਪਿਛਲੇ 12 ਸਾਲਾਂ ਵਿੱਚ ਭਾਰਤ ਦੇ ਖੇਡ ਵਾਤਾਵਰਣ ਪ੍ਰਣਾਲੀ ਵਿੱਚ ਆਈ ਤਬਦੀਲੀ ਨੂੰ ਉਜਾਗਰ ਕਰਦਿਆਂ ਡਾ. ਮਾਂਡਵੀਆ ਨੇ ਕਿਹਾ, “ਖੇਲੋ ਇੰਡੀਆ ਮਿਸ਼ਨ, ਫਿੱਟ ਇੰਡੀਆ ਮੂਵਮੈਂਟ ਅਤੇ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਜ਼ਮੀਨੀ ਪੱਧਰ ’ਤੇ ਖੇਡਾਂ ਵਿੱਚ ਭਾਗੀਦਾਰੀ ਦਾ ਵਿਸਥਾਰ ਕਰ ਰਹੇ ਹਾਂ, ਖੇਡ ਪ੍ਰਤਿਭਾਵਾਂ ਦੀ ਪਛਾਣ ਕਰ ਰਹੇ ਹਾਂ ਅਤੇ ਉੱਚ-ਪ੍ਰਦਰਸ਼ਨ ਵਾਲੀਆਂ ਖੇਡਾਂ ਦੀ ਦਿਸ਼ਾ ਵਿੱਚ ਮੌਕੇ ਪ੍ਰਦਾਨ ਕਰ ਰਹੇ ਹਾਂ।”

ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਨਵੀਂ ਖੇਲੋ ਇੰਡੀਆ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਅਗਲੇ ਪੰਜ ਸਾਲਾਂ ਲਈ 36,441 ਕਰੋੜ ਰੁਪਏ ਦਾ ਖਰਚਾ ਨਿਰਧਾਰਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪ੍ਰਤਿਭਾਵਾਂ ਨੂੰ ਨਿਖਾਰਨਾ ਅਤੇ ਦੇਸ਼ ਭਰ ਵਿੱਚ ਖੇਡਾਂ ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ।

 

ਭਾਰਤ ਦੇ ਪ੍ਰਦਰਸ਼ਨ ਨੂੰ ਉਜਾਗਰ ਕਰਦਿਆਂ ਡਾ. ਮਾਂਡਵੀਆ ਨੇ ਕਿਹਾ, “ਏਸ਼ੀਅਨ ਖੇਡਾਂ 2026 ਵਿੱਚ ਭਾਰਤ ਤਗ਼ਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ।”

ਉਨ੍ਹਾਂ ਅੱਗੇ ਕਿਹਾ, “ਏਸ਼ੀਅਨ ਪੈਰਾ ਖੇਡਾਂ 2026 ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਓਨਾ ਹੀ ਇਤਿਹਾਸਕ ਰਿਹਾ, ਜਿੱਥੇ ਸਾਡੇ ਪੈਰਾ ਖਿਡਾਰੀਆਂ ਨੇ ਰਿਕਾਰਡ 114 ਤਗ਼ਮੇ ਜਿੱਤੇ, ਜੋ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਦੀ ਸਾਡੀ ਸਭ ਤੋਂ ਵੱਧ ਤਗ਼ਮਿਆਂ ਦੀ ਗਿਣਤੀ ਹੈ।”

ਉਦਯੋਗ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਡਾ. ਮਾਂਡਵੀਆ ਨੇ ਕਿਹਾ, “ਅਸੀਂ ਮੰਨਦੇ ਹਾਂ ਕਿ ਖੇਡਾਂ ਦਾ ਭਵਿੱਖ ਸਿਰਫ਼ ਖਿਡਾਰੀਆਂ ਅਤੇ ਖੇਡ ਸੰਸਥਾਵਾਂ  ਵੱਲੋਂ ਹੀ ਨਹੀਂ, ਸਗੋਂ ਇੱਕ ਮਜ਼ਬੂਤ, ਮੁਕਾਬਲੇਬਾਜ਼ ਅਤੇ ਨਵੀਨਤਾ-ਆਧਾਰਿਤ ਖੇਡ ਉਦਯੋਗ ਵੱਲੋਂ ਵੀ ਤੈਅ ਹੋਵੇਗਾ।”

ਸਰਕਾਰ ਨੇ ਭਾਰਤ ਨੂੰ ਖੇਡ ਸਮੱਗਰੀ ਦੇ ਨਿਰਮਾਣ ਅਤੇ ਨਵੀਨਤਾ ਦਾ ਆਲਮੀ ਕੇਂਦਰ ਬਣਾਉਣ ਲਈ 1,856.67 ਕਰੋੜ ਰੁਪਏ ਦੇ ਖ਼ਰਚੇ ਨਾਲ ‘ਖੇਲੋ ਇੰਡੀਆ ਖੇਡ ਸਮੱਗਰੀ ਨਿਰਮਾਣ ਯੋਜਨਾ’ ਨੂੰ ਮਨਜ਼ੂਰੀ ਦਿੱਤੀ ਹੈ।

ਖੇਲੋ ਭਾਰਤ ਨੀਤੀ 2025 ਵਿੱਚ ਭਾਰਤ ਵਿੱਚ ਖੇਡਾਂ ਦੇ ਵਿਕਾਸ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ ਗਿਆ ਹੈ, ਜਦੋਂ ਕਿ ਰਾਸ਼ਟਰੀ ਖੇਡ ਸ਼ਾਸਨ ਐਕਟ ਖੇਡ ਪ੍ਰਸ਼ਾਸਨ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਯਕੀਨੀ ਬਣਾ ਰਿਹਾ ਹੈ।

ਡਾ. ਮਾਂਡਵੀਆ ਨੇ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਭਾਰਤ ਦੇ ਇਰਾਦੇ ਨੂੰ ਉਜਾਗਰ ਕੀਤਾ। ਭਾਰਤ ਸਾਲ 2030 ਵਿੱਚ ਅਹਿਮਦਾਬਾਦ ਵਿਖੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ, ਉੱਥੇ ਹੀ ਇਸੇ ਸ਼ਹਿਰ ਵਿੱਚ ਭਾਰਤ ਸਾਲ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਵੀ ਉਮੀਦ ਕਰ ਰਿਹਾ ਹੈ।

“ਪਿਛਲੇ 18 ਮਹੀਨਿਆਂ ਵਿੱਚ ਹੀ ਭਾਰਤ ਨੇ 18 ਸ਼ਹਿਰਾਂ ਵਿੱਚ 40 ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਹੈ। ਇਹ ਨਾ ਸਿਰਫ਼ ਸਾਡੇ ਖੇਡ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਸਗੋਂ ਸਾਡੀਆਂ ਵਧ ਰਹੀਆਂ ਆਯੋਜਨ ਸਮਰੱਥਾਵਾਂ ਨੂੰ ਵੀ ਦਰਸਾਉਂਦਾ ਹੈ।”

ਕੇਂਦਰੀ ਖੇਡ ਮੰਤਰੀ ਨੇ ਉਦਯੋਗ ਜਗਤ ਦੇ ਮੁਖੀਆਂ ਨੂੰ ਇਸ ਖੇਤਰ ਪ੍ਰਤੀ ਲੰਬੇ ਸਮੇਂ ਦੀ ਰਣਨੀਤਕ ਪਹੁੰਚ ਅਪਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, “ਖੇਡ ਬੁਨਿਆਦੀ ਢਾਂਚੇ, ਉੱਚ-ਪ੍ਰਦਰਸ਼ਨ ਵਾਲੀਆਂ ਅਕੈਡਮੀਆਂ, ਖੇਡ ਵਿਗਿਆਨ ਸਹੂਲਤਾਂ, ਖੇਡ ਤਕਨਾਲੋਜੀ ਅਤੇ ਖਿਡਾਰੀ ਪ੍ਰਬੰਧਨ ਪ੍ਰਣਾਲੀਆਂ ਦੇ ਵਿਕਾਸ ਵਿੱਚ ਅਥਾਹ ਸੰਭਾਵਨਾਵਾਂ ਹਨ। ਨਿੱਜੀ ਨਿਵੇਸ਼ ਨਾਲ ਸਾਡੇ ਖੇਡ ਈਕੋਸਿਸਟਮ ਵਿੱਚ ਵਧੇਰੇ ਕੁਸ਼ਲਤਾ, ਨਵੀਨਤਾ ਅਤੇ ਅੰਤਰਰਾਸ਼ਟਰੀ ਸਰਵੋਤਮ ਅਭਿਆਸਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।”

ਡਾ. ਮਾਂਡਵੀਆ ਨੇ ਕਿਹਾ, “ਸਾਡਾ ਦ੍ਰਿਸ਼ਟੀਕੋਣ ਭਾਰਤ ਨੂੰ ਇੱਕ ਖੇਡ ਰਾਸ਼ਟਰ ਤੋਂ ਇੱਕ ਵਿਸ਼ਵ-ਵਿਆਪੀ ਖੇਡ ਅਰਥਵਿਵਸਥਾ ਵਿੱਚ ਬਦਲਣਾ ਹੈ। ਸਾਲ 2047 ਤੱਕ ਵਿਕਸਤ ਦੇਸ਼ ਬਣਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ, ਖੇਡਾਂ ਇਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।” ਉਨ੍ਹਾਂ ਅੰਤਰਰਾਸ਼ਟਰੀ ਭਾਈਵਾਲਾਂ, ਨਿਵੇਸ਼ਕਾਂ, ਨਿਰਮਾਤਾਵਾਂ ਅਤੇ ਖੇਡ ਸੰਸਥਾਵਾਂ ਨੂੰ ਇਸ ਬਦਲਾਅ ਵਿੱਚ ਭਾਈਵਾਲ ਬਣਨ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ, “ਆਓ, ਅਸੀਂ ਸਾਰੇ ਮਿਲ ਕੇ ‘ਮੇਕ ਇਨ ਇੰਡੀਆ, ਪਲੇਅ ਇਨ ਇੰਡੀਆ ਅਤੇ ਗ੍ਰੋ ਵਿਦ ਇੰਡੀਆ’ ਲਈ ਕੰਮ ਕਰੀਏ।”

ਉਦਘਾਟਨੀ ਸੈਸ਼ਨ ਵਿੱਚ ਫਿੱਕੀ ਖੇਡ ਕਮੇਟੀ ਦੇ ਚੇਅਰਮੈਨ ਅਤੇ ਜੀ.ਐਮ.ਆਰ. ਗਰੁੱਪ ਦੇ ਰਣਨੀਤਕ ਸਲਾਹਕਾਰ ਸ਼੍ਰੀ ਪੀ.ਕੇ.ਐਸ.ਵੀ. ਸਾਗਰ; ਫਿੱਕੀ ਖੇਡ ਕਮੇਟੀ ਦੇ ਸਹਿ-ਚੇਅਰਮੈਨ ਅਤੇ ਅਡਾਨੀ ਸਪੋਰਟਸਲਾਈਨ ਦੇ ਮੁੱਖ ਵਪਾਰ ਅਧਿਕਾਰੀ ਸ਼੍ਰੀ ਸੰਜੇ ਅਡੇਸਰਾ; ਫਿੱਕੀ ਦੇ ਪ੍ਰਧਾਨ ਸ਼੍ਰੀ ਵਿਜੇ ਸ਼ੰਕਰ; ਅਤੇ ਫਿੱਕੀ ਦੀ ਡਾਇਰੈਕਟਰ ਜਨਰਲ ਸੁਸ੍ਰੀ ਜੋਤੀ ਵਿਜ ਸਮੇਤ ਅੰਤਰਰਾਸ਼ਟਰੀ ਭਾਈਵਾਲਾਂ, ਖੇਡ ਜਗਤ ਦੇ ਮੁਖੀਆਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ ਅਤੇ ਖਿਡਾਰੀਆਂ ਨੇ ਹਿੱਸਾ ਲਿਆ।

*****

ਆਯੁਸ਼ਮਾਨ ਕੁਮਾਰ


(Release ID: 2342074) ਵਿਜ਼ੀਟਰ ਕਾਊਂਟਰ : 9