ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਸੋਸਾਇਟੀ ਆਫ਼ ਏਅਰੋਸਪੇਸ ਮੈਡੀਸਿਨ (ਆਈਐੱਸਏਐੱਮ) ਦਾ 65ਵਾਂ ਸਲਾਨਾ ਸੰਮੇਲਨ 26 ਅਤੇ 27 ਨਵੰਬਰ 2026 ਨੂੰ ਆਯੋਜਿਤ ਕੀਤਾ ਜਾਵੇਗਾ

Posted On: 24 NOV 2026 11:38AM by PIB Chandigarh

ਇੰਡੀਅਨ ਸੋਸਾਇਟੀ ਆਫ਼ ਏਅਰੋਸਪੇਸ ਮੈਡੀਸਿਨ (ਆਈਐੱਸਏਐੱਮ) ਸਾਲ 1952 ਵਿੱਚ ਸਥਾਪਿਤ ਦੇਸ਼ ਦੀ ਇੱਕੋ-ਇੱਕ ਰਜਿਸਟਰਡ ਹਵਾਈ ਮੈਡੀਕਲ ਸੰਸਥਾ ਹੈ। ਇਹ ਸੋਸਾਇਟੀ ਗੁੰਝਲਦਾਰ ਏਅਰੋਮੈਡੀਕਲ ਚੁਣੌਤੀਆਂ ਦੇ ਹੱਲ ਲਈ ਗਿਆਨ ਦੇ ਅਦਾਨ-ਪ੍ਰਦਾਨ ਅਤੇ ਮੋਹਰੀ ਖੋਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਲ 1954 ਤੋਂ ਆਪਣਾ ਸਲਾਨਾ ਵਿਗਿਆਨਕ ਸੰਮੇਲਨ ਆਯੋਜਿਤ ਕਰਦੀ ਆ ਰਹੀ ਹੈ। ਇਸ ਸਾਲ ਆਈਐੱਸਏਐੱਮ ਆਪਣਾ 65ਵਾਂ ਸਲਾਨਾ ਸੰਮੇਲਨ 26 ਅਤੇ 27 ਨਵੰਬਰ 2026 ਨੂੰ ਬੰਗਲੁਰੂ ਸਥਿਤ ‘ਇੰਸਟੀਟਿਊਟ ਆਫ਼ ਏਅਰੋਸਪੇਸ ਮੈਡੀਸਿਨ’ (ਆਈਏਐੱਮ) ਵਿਖੇ ਆਯੋਜਿਤ ਕਰੇਗੀ। ਭਾਰਤ ਵਿੱਚ ਇਹ ਸੋਸਾਇਟੀ ਹਵਾਈ ਮੈਡੀਕਲ ਗਤੀਵਿਧੀਆਂ ਦੇ ਪ੍ਰਮੁੱਖ ਕੇਂਦਰ ਵਜੋਂ ਸਵਦੇਸ਼ੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਵਿਕਾਸ ਦੇ ਨਾਲ-ਨਾਲ ਭਾਰਤ ਦੇ ਅਭਿਲਾਸ਼ੀ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਲਈ ਮੈਡੀਕਲ ਸਹਾਇਤਾ ਉਪਲਬਧ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਇਸ ਸਾਲ ਦੇ ਸੰਮੇਲਨ ਦਾ ਵਿਸ਼ਾ ‘ਇੱਕ ਹਵਾਈ ਖੇਤਰ–ਇੱਕ ਮਿਸ਼ਨ: ਹਵਾਈ ਪੱਟੀ ਤੋਂ ਪੁਲਾੜ ਦੇ ਕਲਾਸ ਤੱਕ ਹਵਾਈ ਮੈਡੀਕਲ ਸਹਾਇਤਾ’ ਰੱਖਿਆ ਗਿਆ ਹੈ। ਇਹ ਵਿਸ਼ਾ ਏਅਰੋਸਪੇਸ ਮੈਡੀਸਿਨ ਦੇ ਅਜਿਹੇ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜੋ ਫੌਜੀ ਹਵਾਬਾਜ਼ੀ, ਸਿਵਿਲ ਐਵੀਏਸ਼ਨ ਅਤੇ ਮਨੁੱਖੀ ਪੁਲਾੜ ਉਡਾਣ ਨੂੰ ਇੱਕ-ਦੂਜੇ ਨਾਲ ਸਹਿਜ ਰੂਪ ਵਿੱਚ ਜੋੜਦਾ ਹੈ। ਇਸ ਵਿੱਚ ਮੈਡੀਕਲ ਉੱਤਮਤਾ, ਸੰਚਾਲਨ ਚਿਕਿਤਸਾ ਅਤੇ ਅਤਿ-ਆਧੁਨਿਕ ਖੋਜ ਦਰਮਿਆਨ ਬਿਹਤਰ ਤਾਲਮੇਲ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਦਾ ਉਦੇਸ਼ ਉਡਾਣ ਦੇ ਸਾਰੇ ਖੇਤਰਾਂ ਵਿੱਚ ਮਿਆਰਾਂ ਵਿੱਚ ਇਕਸਾਰਤਾ ਲਿਆਉਣਾ ਅਤੇ ਵੱਖ-ਵੱਖ ਵਿਸ਼ਿਆਂ ਦਰਮਿਆਨ ਆਪਸੀ ਸਹਿਯੋਗ ਨੂੰ ਹੁਲਾਰਾ ਦੇਣਾ ਹੈ।

ਹਵਾਈ ਸੈਨਾ ਪ੍ਰਮੁੱਖ (ਸੀਏਐੱਸ) ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਇਸ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ  ਭਾਰਤ ਅਤੇ ਹੋਰ ਦੇਸ਼ਾਂ ਦੇ ਕਈ ਪ੍ਰਤਿਸ਼ਠਿਤ ਫੌਜੀ ਅਤੇ ਸਿਵਿਲ ਪਤਵੰਤੇ ਮੌਜੂਦ ਰਹਿਣਗੇ। ਸੰਮੇਲਨ ਵਿੱਚ ਲਗਭਗ 250 ਡੈਲੀਗੇਟਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਨ੍ਹਾਂ ਵਿੱਚ ਫੌਜੀ ਅਤੇ ਸਿਵਿਲ ਐਵੀਏਸ਼ਨ ਦੇ ਮੈਡੀਕਲ ਮਾਹਿਰ, ਭਾਰਤੀ ਹਵਾਈ ਸੈਨਾ ਦੇ ਏਅਰਕਰੂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ ਅਤੇ ਏਅਰੋਸਪੇਸ ਉਦਯੋਗ ਨਾਲ ਜੁੜੀਆਂ ਵੱਖ-ਵੱਖ ਏਜੰਸੀਆਂ ਦੇ ਉੱਘੇ ਵਿਗਿਆਨੀ ਸ਼ਾਮਲ ਹੋਣਗੇ।

ਇਸ ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ ‘ਏਅਰ ਮਾਰਸ਼ਲ ਸੁਬਰਤੋ ਮੁਖਰਜੀ ਯਾਦਗਾਰੀ ਭਾਸ਼ਣ’ ਹੋਵੇਗਾ, ਜਿਸ ਨੂੰ ਸੀਈਐੱਮਆਈਐੱਲਏਸੀ (CEMILAC) ਦੇ ਮੁੱਖ ਕਾਰਜਕਾਰੀ ਸ਼੍ਰੀ ਏਪੀਵੀਐੱਸ ਪ੍ਰਸਾਦ ਪੇਸ਼ ਕਰਨਗੇ। ਉੱਥੇ ਹੀ, ‘ਏਅਰ ਵਾਈਸ ਮਾਰਸ਼ਲ ਸ਼੍ਰੀਨਾਗੇਸ਼ ਯਾਦਗਾਰੀ ਭਾਸ਼ਣ’ ਭਾਰਤੀ ਹਵਾਈ ਅੱਡਾ ਅਥਾਰਿਟੀ ਦੇ ਏਅਰੋਸਪੇਸ ਮੈਡੀਸਿਨ ਸਬੰਧੀ ਪ੍ਰਮੁੱਖ ਸਲਾਹਕਾਰ ਏਅਰ ਵਾਈਸ ਮਾਰਸ਼ਲ ਅਨੁਪਮ ਅਗਰਵਾਲ (ਸੇਵਾਮੁਕਤ) ਦੇਣਗੇ। ਇਸ ਤੋਂ ਇਲਾਵਾ, ‘ਜੇਐੱਚਐੱਫ ਮਾਨੇਕਸ਼ਾ ਪੈਨਲ’ ਵਿੱਚ ਵਿੰਗ ਕਮਾਂਡਰ ਸੁਰੇਂਦਰ ਸੋਢੀ (ਸੇਵਾਮੁਕਤ) ਅਤੇ ਕਰਨਲ ਕੇਐੱਨ ਰਾਓ (ਸੇਵਾਮੁਕਤ) ਆਪਣੇ ਮਾਹਿਰ ਵਿਚਾਰ ਸਾਂਝੇ ਕਰਨਗੇ।

​ ਇਸ ਸਾਲ ਇੱਕ ਵਿਸ਼ੇਸ਼ ਪਹਿਲਕਦਮੀ ਵਜੋਂ ਸੰਸਥਾ ‘ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਭਾਸ਼ਣ’ ਨਾਮਕ ਇੱਕ ਪ੍ਰਮੁੱਖ ਭਾਸ਼ਣ ਲੜੀ ਦੀ ਸ਼ੁਰੂਆਤ ਕਰ ਰਹੀ ਹੈ। ਇਸ ਦਾ ਉਦੇਸ਼ ਵਿੰਗ ਕਮਾਂਡਰ ਰਾਕੇਸ਼ ਸ਼ਰਮਾ (ਸੇਵਾਮੁਕਤ) ਦੀ ਸ਼ਾਨਦਾਰ ਵਿਰਾਸਤ ਨੂੰ ਸਨਮਾਨਿਤ ਕਰਨਾ ਹੈ। ਇਸ ਆਯੋਜਨ ਰਾਹੀਂ ਦੂਰਅੰਦੇਸ਼ੀ ਅਤੇ ਮੋਹਰੀ ਮਾਹਿਰਾਂ ਨੂੰ ਇੱਕ ਮੰਚ ‘ਤੇ ਲਿਆਂਦਾ ਜਾਵੇਗਾ, ਜਿੱਥੇ ਉਹ ਪੁਲਾੜ ਖੋਜ ਦੇ ਭਵਿੱਖ ਅਤੇ ਪੁਲਾੜ ਮੈਡੀਸਿਨ ਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀ ਵਧਦੀ ਮੌਜੂਦਗੀ ‘ਤੇ ਵਿਚਾਰ-ਵਟਾਂਦਰਾ ਕਰਨਗੇ। ਇਸ ਪ੍ਰੋਗਰਾਮ ਦਾ ਪਹਿਲਾ ਭਾਸ਼ਣ ਸਕਾਈਰੂਟ ਏਅਰੋਸਪੇਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਪਵਨ ਕੁਮਾਰ ਚੰਦਨਾ ਪੇਸ਼ ਕਰਨਗੇ।

ਵਿਗਿਆਨਕ ਪ੍ਰੋਗਰਾਮ ਵਿੱਚ ਪੈਨਲਾਂ, ਸੈਮੀਨਾਰਾਂ, ਮੰਚਾਂ ਅਤੇ ਪੋਸਟਰ ਸੈਸ਼ਨਾਂ ਰਾਹੀਂ 100 ਤੋਂ ਵੱਧ ਖੋਜ ਪੱਤਰ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੇ ਨਾਲ-ਨਾਲ, ਇੱਕ ਵਿਗਿਆਨਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਅਤਿ-ਆਧੁਨਿਕ ਹਵਾਈ ਮੈਡੀਕਲ ਉਪਕਰਣ ਅਤੇ ਬਾਇਓਮੈਡੀਕਲ ਡਿਵਾਈਸ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਸੰਮੇਲਨ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਇੱਕ ਮੰਚ ਵਜੋਂ ਕੰਮ ਕਰੇਗਾ, ਜੋ ਵਿਸ਼ਾ ਮਾਹਿਰਾਂ ਨੂੰ ਇੱਕਠੇ ਹੋਣ ਅਤੇ ਏਅਰੋਸਪੇਸ ਮੈਡੀਸਿਨ ਦੇ ਖੇਤਰ ਵਿੱਚ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗਾ।

***********

ਜੇਐੱਸ/ਵੀਕੇ/ਐੱਸਐੱਮ/ਬਲਜੀਤ


(Release ID: 2342064) ਵਿਜ਼ੀਟਰ ਕਾਊਂਟਰ : 13