ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਭਾਰਤੀ ਸਿੱਖਿਆ ਦੇ ਅੰਤਰਰਾਸ਼ਟਰੀਕਰਣ ‘ਤੇ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 25 NOV 2026 7:54PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਸਿੱਖਿਆ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ 2026 ਲਈ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਿੱਖਿਆ ਰਾਜ ਮੰਤਰੀ ਸ਼੍ਰੀ ਜਯੰਤ ਚੌਧਰੀ; ਉੱਚ ਸਿੱਖਿਆ ਵਿਭਾਗ ਦੀ ਸਕੱਤਰ ਸੁਸ਼੍ਰੀ ਦੀਪਤੀ ਗੌਰ ਮੁਖਰਜੀ; ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਟੀ. ਕੇ. ਅਨਿਲ ਕੁਮਾਰ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਭਾਰਤੀ ਗਿਆਨ ਪ੍ਰਣਾਲੀ ਦੇ ਵਿਸ਼ਵ-ਵਿਆਪੀ ਪ੍ਰਭਾਵ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ। ਮੰਤਰਾਲੇ ਦਾ ਉਦੇਸ਼ ਇਸ ਪ੍ਰਣਾਲੀ ਦੀ ਵਿਸ਼ਵ-ਵਿਆਪੀ ਪਹੁੰਚ ਨੂੰ ਹੋਰ ਵਧਾਉਣਾ ਹੈ। ਇਸੇ ਉਦੇਸ਼ ਨਾਲ ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਸੰਸਥਾਵਾਂ (HEIs) ਦੇ ਕੈਂਪਸ ਸਥਾਪਿਤ ਕਰਨ ਅਤੇ ਭਾਰਤ ਵਿੱਚ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੈਂਪਸ ਸਥਾਪਿਤ ਕਰਨ ਵਿੱਚ ਸਹੂਲਤ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਮੰਤਰੀ ਨੇ ਦੱਸਿਆ ਕਿ ਸਾਂਝੇ ਅਕਾਦਮਿਕ ਅਤੇ ਖੋਜ ਸਹਿਯੋਗ ਤੋਂ ਇਲਾਵਾ, ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਲਗਭਗ 21 ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਸੀਬੀਐੱਸਈ (CBSE) ਸਕੂਲਾਂ ਦੀ ਮੰਗ ਭਾਰਤੀ ਸਿੱਖਿਆ ਪ੍ਰੋਗਰਾਮਾਂ ਦੀ ਭਰੋਸੇਯੋਗਤਾ ਅਤੇ ਵਿਸ਼ਵ ਪੱਧਰ 'ਤੇ ਉਨ੍ਹਾਂ ਦੀ ਵਿਆਪਕ ਪਹੁੰਚ ਨੂੰ ਦਰਸਾਉਂਦੀ ਹੈ।

ਸੰਸਦ ਮੈਂਬਰਾਂ ਨੂੰ ਸਿੱਖਿਆ ਮੰਤਰਾਲੇ ਦੇ ਦੋਵਾਂ ਵਿਭਾਗਾਂ ਵੱਲੋਂ ਭਾਰਤੀ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਬਾਰੇ ਜਾਣਕਾਰੀ ਦਿੱਤੀ ਗਈ। ਉੱਚ ਸਿੱਖਿਆ ਵਿਭਾਗ ਨੇ ਅੰਤਰਰਾਸ਼ਟਰੀਕਰਣ ਨੂੰ ਉਤਸ਼ਾਹਿਤ ਕਰਨ ਲਈ ਅਪਣਾਈਆਂ ਗਈਆਂ ਚਾਰ ਰਣਨੀਤੀਆਂ ਦਾ ਵੇਰਵਾ ਦਿੱਤਾ - ਅਕਾਦਮਿਕ ਅਤੇ ਖੋਜ ਸਹਿਯੋਗ; ਭਾਰਤ ਵਿੱਚ ਪੜ੍ਹਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ; ਵਿਦੇਸ਼ੀ ਉੱਚ ਸਿੱਖਿਆ ਸੰਸਥਾਵਾਂ (FHEIs) ਨੂੰ ਭਾਰਤ ਵਿੱਚ ਸ਼ਾਖਾ ਕੈਂਪਸ ਸਥਾਪਿਤ ਕਰਨ ਦੀ ਇਜਾਜ਼ਤ ਦੇਣਾ; ਅਤੇ ਭਾਰਤੀ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਦੇਸ਼ਾਂ ਵਿੱਚ ਕੈਂਪਸ ਸਥਾਪਿਤ ਕਰਨ ਦੀ ਇਜਾਜ਼ਤ ਦੇਣਾ। ਯੂਜੀਸੀ (UGC) ਨਿਯਮਾਂ ਤਹਿਤ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਅਤੇ ਇਟਲੀ ਸਮੇਤ ਵਿਦੇਸ਼ੀ ਯੂਨੀਵਰਸਿਟੀਆਂ ਨੂੰ 17 ਇਰਾਦਾ ਪੱਤਰ (Letters of Intent) ਜਾਰੀ ਕੀਤੇ ਗਏ। ਮੈਂਬਰਾਂ ਨੂੰ ਭਾਰਤ ਇਨੋਵੇਟਸ, ਸਪਾਰਕ (SPARC - ਅਕਾਦਮਿਕ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਸਕੀਮ), ਗਿਆਨ (GIAN - ਗਲੋਬਲ ਇਨੀਸ਼ੀਏਟਿਵ ਆਫ਼ ਅਕਾਦਮਿਕ ਨੈੱਟਵਰਕਸ) ਅਤੇ ਡਾਸਾ (DASA - ਵਿਦੇਸ਼ ਵਿੱਚ ਵਿਦਿਆਰਥੀਆਂ ਦਾ ਸਿੱਧਾ ਦਾਖ਼ਲਾ) ਵਰਗੀਆਂ ਪਹਿਲਾਂ ਅਤੇ ਮੁੜ-ਗਠਿਤ ਸਟੱਡੀ ਇਨ ਇੰਡੀਆ (SII) ਪੋਰਟਲ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਵਿਕਸਿਤ ਭਾਰਤ 2047 ਦੀ ਇੱਛਾ ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਪਰਿਵਰਤਨਸ਼ੀਲ ਬਦਲਾਅ ਦੀ ਅਗਵਾਈ ਕਰ ਰਹੀ ਹੈ। ਵਿਸ਼ਵ-ਵਿਆਪੀ ਮਾਪਦੰਡਾਂ ਦੇ ਅਨੁਕੂਲ ਪਾਠਕ੍ਰਮ, ਬਹੁ-ਭਾਸ਼ਾਈ ਸਿੱਖਿਆ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਰੈਗੂਲੇਟਰੀ ਪ੍ਰੋਗਰਾਮ ਅਤੇ ਵਿੱਦਿਅਕ ਸਮਾਨਤਾ ਅਤੇ ਗੁਣਵੱਤਾ ਤਾਲਮੇਲ ਲਈ 'ਪਾਰਖ' (PARAKH) ਰਾਸ਼ਟਰੀ ਮੁਲਾਂਕਣ ਕੇਂਦਰ ਅੰਤਰਰਾਸ਼ਟਰੀਕਰਣ ਨੂੰ ਗਤੀ ਦੇਣ ਵਾਲੇ ਪ੍ਰਮੁੱਖ ਕਾਰਕਾਂ ਵਿੱਚੋਂ ਹਨ। 26 ਦੇਸ਼ਾਂ ਵਿੱਚ 268 ਸੀਬੀਐੱਸਈ (CBSE) ਸਕੂਲ ਚੱਲ ਰਹੇ ਹਨ ਅਤੇ ਦੁਬਈ ਵਿੱਚ ਇੱਕ ਖੇਤਰੀ ਦਫ਼ਤਰ ਵੀ ਸਥਾਪਿਤ ਕੀਤਾ ਗਿਆ ਹੈ। ਇਕਸਾਰਤਾ ਯਕੀਨੀ ਬਣਾਉਣ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਇੱਕ ਮਾਨਕੀਕ੍ਰਿਤ ਮੁਲਾਂਕਣ ਢਾਂਚਾ ਵੀ ਲਾਗੂ ਕੀਤਾ ਗਿਆ ਹੈ।

ਮੈਂਬਰਾਂ ਨੇ ਵਿਭਾਗਾਂ ਵੱਲੋਂ ਅੰਤਰਰਾਸ਼ਟਰੀਕਰਣ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿੱਤਾਮੁਖੀ ਸਿੱਖਿਆ ਅਤੇ ਵਿਦੇਸ਼ਾਂ ਵਿੱਚ ਭਾਰਤੀ ਵਿੱਦਿਅਕ ਸੰਸਥਾਨਾਂ ਦੇ ਨੈੱਟਵਰਕ ਦੇ ਵਿਸਥਾਰ ਸਮੇਤ ਵੱਖ-ਵੱਖ ਮਾਮਲਿਆਂ 'ਤੇ ਆਪਣੇ ਸੁਝਾਅ ਦਿੱਤੇ।

 

 *****

ਆਰਆਰਟੀਐੱਨ/ਬਲਜੀਤ


(Release ID: 2342057) ਵਿਜ਼ੀਟਰ ਕਾਊਂਟਰ : 4