ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਕਟਕ ਵਿਖੇ ਬਾਲੀ ਜਾਤਰਾ ਮਹੋਤਸਵ 2026 ਵਿੱਚ ਸ਼ਾਮਲ ਹੋਏ


ਅਤੀਤ ਤੋਂ ਪ੍ਰੇਰਨਾ ਲਓ, ਵਰਤਮਾਨ ਨੂੰ ਘੜੋ ਅਤੇ ਭਵਿੱਖ ਨੂੰ ਉੱਜਵਲ ਬਣਾਓ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 24 NOV 2026 8:16PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ, 24 ਨਵੰਬਰ 2026 ਨੂੰ ਕਟਕ, ਓਡੀਸ਼ਾ ਵਿਖੇ ਬਾਲੀ ਜਾਤਰਾ ਮਹੋਤਸਵ 2026 ਵਿੱਚ ਸ਼ਾਮਲ ਹੋਏ।

 

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਬਾਲੀ ਜਾਤਰਾ ਇੱਕ ਨਿਵੇਕਲਾ ਤਿਉਹਾਰ ਹੈ ਜੋ ਓਡੀਸ਼ਾ ਦੇ ਮਾਣਮੱਤੇ ਇਤਿਹਾਸ ਦਾ ਗੁਣਗਾਨ ਕਰਦਾ ਹੈ। ਸਮੁੰਦਰੀ ਵਪਾਰ ਦਾ ਇਤਿਹਾਸ ਇੱਕ ਪਰੰਪਰਾ ਵਿੱਚ ਬਦਲ ਗਿਆ ਹੈ ਅਤੇ ਇਸੇ ਪਰੰਪਰਾ ਨੇ ਇੱਕ ਤਿਉਹਾਰ ਦਾ ਰੂਪ ਧਾਰਨ ਕਰ ਲਿਆ ਹੈ। ਇਹ ਓਡੀਸ਼ਾ ਵਾਸੀਆਂ ਦੀ ਸਿਰਜਣਾਤਮਕਤਾ ਅਤੇ ਇਤਿਹਾਸਕ ਦ੍ਰਿਸ਼ਟੀ ਦੋਵਾਂ ਨੂੰ ਦਰਸਾਉਂਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਓਡੀਸ਼ਾ ਦੇ ਵਪਾਰੀ ਵਣਜ-ਵਪਾਰ ਕਰਨ ਲਈ ਦੂਰ-ਦੁਰਾਡੇ ਦੇ ਦੇਸ਼ਾਂ ਦੀ ਯਾਤਰਾ ਕਰਦੇ ਸਨ। ਵਪਾਰ ਦੇ ਜ਼ਰੀਏ, ਉਨ੍ਹਾਂ ਨੇ ਦੇਸ਼ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ। ਉਨ੍ਹਾਂ ਨੇ ਨਵੇਂ-ਨਵੇਂ ਜਲ ਮਾਰਗਾਂ ਦੀ ਖੋਜ ਕੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕੀਤਾ। ਉਹ ਸੱਭਿਆਚਾਰਕ ਆਦਾਨ-ਪ੍ਰਦਾਨ ਦਾ ਮਾਧਿਅਮ ਵੀ ਬਣੇ।

 

ਰਾਸ਼ਟਰਪਤੀ ਨੇ ਕਿਹਾ ਕਿ ਓਡੀਸ਼ਾ ਅਤੇ ਬਾਲੀ ਦੇ ਵਿਚਕਾਰ ਇਤਿਹਾਸਕ ਸਬੰਧਾਂ ਨੂੰ ਆਧੁਨਿਕ ਵਪਾਰਕ ਅਤੇ ਸੱਭਿਆਚਾਰਕ ਸਹਿਯੋਗ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਜਾਣ ਕੇ ਖੁਸ਼ੀ ਪ੍ਰਗਟ ਕੀਤੀ ਕਿ ਇੰਡੋਨੇਸ਼ੀਆ ਦੇ ਸੱਭਿਆਚਾਰਕ ਦਲ ਇਸ 'ਬਾਲੀ ਜਾਤਰਾ' ਵਿੱਚ ਹਿੱਸਾ ਲੈ ਰਹੇ ਹਨ। ਬਾਲੀ ਵਿੱਚ ਦੋ ਦਿਨਾਂ ਤੱਕ ' ਓਡੀਸ਼ਾ ਪਰਬ' ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਓਡੀਸ਼ਾ ਦੇ ਨਾਚ-ਸੰਗੀਤ, ਹੱਥ-ਖੱਡੀ, ਦਸਤਕਾਰੀ ਅਤੇ ਰਵਾਇਤੀ ਖਾਣ-ਪੀਣ ਪ੍ਰਦਰਸ਼ਿਤ ਕੀਤੇ ਜਾਣਗੇ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਆਦਾਨ-ਪ੍ਰਦਾਨ ਨਾਲ ਭਾਰਤ ਅਤੇ ਇੰਡੋਨੇਸ਼ੀਆ ਦੇ ਆਪਸੀ ਸਬੰਧ ਹੋਰ ਵੀ ਗੂੜ੍ਹੇ ਹੋਣਗੇ।

 

 

ਰਾਸ਼ਟਰਪਤੀ ਨੇ ਕਿਹਾ ਕਿ ਅਤੀਤ ਦੇ ਗੌਰਵ 'ਤੇ ਮਾਣ ਮਹਿਸੂਸ ਕਰਨਾ, ਪਰਵ-ਤਿਉਹਾਰ ਮਨਾਉਣਾ ਚੰਗੀ ਗੱਲ ਹੈ। ਪਰ, ਸਾਨੂੰ ਅਤੀਤ ਤੋਂ ਪ੍ਰੇਰਨਾ ਲੈ ਕੇ ਵਰਤਮਾਨ ਨੂੰ ਸੰਵਾਰ ਕੇ ਭਵਿੱਖ ਨੂੰ ਉੱਜਵਲ ਬਣਾਉਣਾ ਚਾਹੀਦਾ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ, ਖ਼ਾਸ ਕਰਕੇ, ਸਾਡੇ ਵਪਾਰੀਆਂ ਦੇ ਸਾਹਸ ਅਤੇ ਕੁਸ਼ਲਤਾ ਤੋਂ ਕਾਫ਼ੀ ਕੁਝ ਸਿੱਖਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ 'ਵਿਕਸਿਤ ਭਾਰਤ' ਦਾ ਨਿਰਮਾਣ ਕਰਨਾ ਸਾਡਾ ਰਾਸ਼ਟਰੀ ਟੀਚਾ ਹੈ। ਅੰਤਰਰਾਸ਼ਟਰੀ ਮੰਚ 'ਤੇ ਭਾਰਤ ਦੀ ਸਾਖ ਵਧੀ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ ਅਸ਼ਾਂਤੀ ਹੈ ਅਤੇ ਆਲਮੀ ਅਰਥਵਿਵਸਥਾ ਵਿੱਚ ਅਸਥਿਰਤਾ ਹੈ। ਇਸ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ ਬਣੀ ਹੋਈ ਹੈ। ਇਹ ਵਿਕਸਿਤ ਭਾਰਤ ਬਣਨ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਲਈ ਇੱਕ ਸ਼ੁਭ ਸੰਕੇਤ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਓਡੀਸ਼ਾ ਇੱਕ ਉਦਯੋਗਿਕ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਨਿਵੇਸ਼ਕ ਰਾਜ ਵੱਲ ਆਕਰਸ਼ਿਤ ਹੋ ਰਹੇ ਹਨ। ਓਡੀਸ਼ਾ ਵਿੱਚ ਉੱਦਮੀ, ਕਾਰੀਗਰ, ਬੁਣਕਰ ਅਤੇ ਨੌਜਵਾਨ ਪੀੜ੍ਹੀ ਆਪਣੀ ਕੁਸ਼ਲਤਾ ਅਤੇ ਉੱਦਮ ਰਾਹੀਂ ਰਾਜ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਸਾਰਿਆਂ ਦਾ ਵਧਦਾ ਯੋਗਦਾਨ ਵਿਕਸਿਤ ਓਡੀਸ਼ਾ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦ੍ਰਿਸ਼ਟੀ ਤੋਂ ਇੱਕ ਸ਼ੁਭ ਸੰਕੇਤ ਹੈ।

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2341347) ਵਿਜ਼ੀਟਰ ਕਾਊਂਟਰ : 4