ਆਯੂਸ਼
azadi ka amrit mahotsav

ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2026 ਵਿੱਚ ਆਯੁਸ਼ ਮੰਡਪ ਪ੍ਰਮੁੱਖ ਆਕਰਸ਼ਣ ਬਣਿਆ


ਮੁਫ਼ਤ ਸਿਹਤ ਸਲਾਹ-ਮਸ਼ਵਰੇ, ਯੋਗਾ ਸੈਸ਼ਨਾਂ ਅਤੇ ਸਿਹਤ ਅਤੇ ਤੰਦਰੁਸਤੀ ਨਾਲ ਜੁੜੀਆਂ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਵੱਡੀ ਗਿਣਤੀ ਵਿੱਚ ਵਿਜ਼ਿਟਰਾਂ ਨੂੰ ਕਰ ਰਿਹਾ ਹੈ ਆਕਰਸ਼ਿਤ

Posted On: 23 NOV 2026 12:12PM by PIB Chandigarh

ਆਯੁਸ਼ ਮੰਤਰਾਲਾ 13 ਤੋਂ 27 ਨਵੰਬਰ, 2026 ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਸਥਿਤ ਹਾਲ ਨੰਬਰ 2 ਵਿੱਚ ਆਯੋਜਿਤ 45ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2026 ਵਿੱਚ ਭਾਰਤ ਦੀਆਂ ਵਿਭਿੰਨ ਰਵਾਇਤੀ ਇਲਾਜ ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਆਯੁਸ਼ ਮੰਡਪ ਵਿੱਚ ਵਿਜ਼ਿਟਰਾਂ ਨੂੰ ਸਿਹਤ ਸਲਾਹ-ਮਸ਼ਵਰੇ, ਇੰਟਰਐਕਟਿਵ ਗਤੀਵਿਧੀਆਂ, ਰਵਾਇਤੀ ਖੁਰਾਕ ਤਿਆਰੀਆਂ, ਔਸ਼ਧੀ ਪੌਦਿਆਂ ਦਾ ਪ੍ਰਦਰਸ਼ਨ ਅਤੇ ਵਿਦਿਅਕ ਪੇਸ਼ਕਾਰੀਆਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਿੱਚ ਆਯੁਸ਼ ਇਲਾਜ ਪ੍ਰਣਾਲੀਆਂ ਦੀ ਸਾਰਥਕਤਾ ਅਤੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਵਿਸ਼ੇਸ਼ ਅਨੁਭਵ ਪ੍ਰਦਾਨ ਕੀਤਾ ਜਾ ਰਿਹਾ ਹੈ।

ਆਯੁਸ਼ ਮੰਤਰਾਲੇ ਦੇ ਅਧੀਨ ਵੱਖ-ਵੱਖ ਸੰਸਥਾਨ ਅਤੇ ਖੋਜ ਪਰਿਸ਼ਦਾਂ ਇਸ ਮੰਡਪ ਵਿੱਚ ਇਕੱਠੇ ਭਾਗੀਦਾਰੀ ਕਰ ਰਹੀਆਂ ਹਨ। ਇੱਥੇ ਰਵਾਇਤੀ ਗਿਆਨ ਨੂੰ ਰੋਜ਼ਾਨਾ ਜੀਵਨ ਦੀਆਂ ਸਿਹਤ ਸਬੰਧੀ ਆਦਤਾਂ ਨਾਲ ਜੋੜਦੇ ਹੋਏ ਵੱਖ-ਵੱਖ ਗਤੀਵਿਧੀਆਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰੀ ਆਯੁਰਵੇਦੀ ਵਿਗਿਆਨ ਖੋਜ ਪਰਿਸ਼ਦ– ਕੇਂਦਰੀ ਆਯੁਰਵੇਦ ਖੋਜ ਸੰਸਥਾਨ ਵੱਲੋਂ ਆਯੁਰਵੇਦ ਦੀਆਂ ਓਪੀਡੀ ਸੇਵਾਵਾਂ ਅਤੇ ਪ੍ਰਕਿਰਤੀ ਪਰਿਕਸ਼ਾ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਰੋਕਥਾਮ ਵਾਲੀ ਸਿਹਤ ਸੰਭਾਲ, ਸਿਹਤਮੰਦ ਜੀਵਨ ਸ਼ੈਲੀ ਅਤੇ ਆਯੁਰਵੈਦਿਕ ਸਿਹਤ ਅਤੇ ਤੰਦਰੁਸਤੀ ਸਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਆਲ ਇੰਡੀਆ ਇੰਸਟੀਟਿਊਟ ਆਫ ਆਯੁਰਵੇਦ, ਨਵੀਂ ਦਿੱਲੀ ਵੱਲੋਂ ਆਮ ਤੌਰ 'ਤੇ ਵਰਤੀਆਂ ਜਾਂਦੀਆਂ ਔਸ਼ਧੀ ਜੜ੍ਹੀਆਂ ਬੂਟੀਆਂ ਅਤੇ ਮਸਾਲਿਆਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਅਸ਼ਵਗੰਧਾ, ਸ਼ਤਾਵਰੀ, ਅਰਜੁਨ, ਆਂਵਲਾ, ਹਲਦੀ (ਹਰਿਦਰਾ) ਅਤੇ ਗਿਲੋਏ (ਗੁਡੂਚੀ) ਸ਼ਾਮਲ ਹਨ। ਇਨ੍ਹਾਂ ਦੀ ਰਵਾਇਤੀ ਆਯੁਰਵੈਦਿਕ ਵਰਤੋਂ ਅਤੇ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਇਨ੍ਹਾਂ ਦੀ ਸਾਰਥਕਤਾ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਜ਼ਿਟਰਾਂ ਨੂੰ ਔਸ਼ਧੀ ਜੜ੍ਹੀਆਂ ਬੂਟੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਸਹੀ ਮਾਤਰਾ, ਵਿਅਕਤੀਗਤ ਸਿਹਤ ਸਥਿਤੀ ਅਤੇ ਮਾਹਿਰਾਂ ਦੀ ਸਲਾਹ ਦੇ ਮਹੱਤਵ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

ਰਾਸ਼ਟਰੀ ਆਯੁਰਵੇਦ ਸੰਸਥਾਨ, ਜੈਪੁਰ ਵੱਲੋਂ ਆਯੁਸ਼ ਖੁਰਾਕ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਰਾਗੀ ਕੂਕੀਜ਼, ਤ੍ਰਿਫਲਾ ਜੈਮ, ਐਲੋਵੇਰਾ ਜੈਲ ਅਤੇ ਹਰਬਲ ਲਿਪ ਬਾਮ ਸ਼ਾਮਲ ਹਨ। ਇੱਥੇ ਖੁਰਾਕ ਅਤੇ ਜੀਵਨ ਸ਼ੈਲੀ 'ਤੇ ਅਧਾਰਿਤ ਆਯੁਰਵੈਦਿਕ ਸੱਪ-ਸੀੜ੍ਹੀ ਖੇਡ ਅਤੇ ਮਨੁੱਖੀ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ਨੂੰ ਦ੍ਰਿਸ਼ ਰੂਪ ਵਿੱਚ ਸਮਝਾਉਣ ਵਾਲੇ ਵਰਚੁਅਲ ਰਿਐਲਿਟੀ ਅਨੁਭਵ ਵੀ ਵਿਜ਼ਿਟਰਾਂ ਦੇ ਆਕਰਸ਼ਣ ਦਾ ਕੇਂਦਰ ਹਨ। ਇਸ ਤੋਂ ਇਲਾਵਾ, ਪ੍ਰਕਿਰਤੀ, ਪੰਚਕਰਮ, ਆਯੁਰਵੈਦਿਕ ਰਸੋਈ ਕਲਾ ਅਤੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਦੀ ਭੂਮਿਕਾ ਪ੍ਰਤੀ ਜਾਗਰੂਕਤਾ ਵਧਾਉਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ ਸਮੱਗਰੀ ਵੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ।

ਰਾਸ਼ਟਰੀਯ ਆਯੁਰਵੇਦ ਵਿਦਿਆਪੀਠ ਵੱਲੋਂ ਆਯੁਰਵੇਦ 'ਤੇ ਅਧਾਰਿਤ ਖੁਰਾਕੀ ਨਵੀਨਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੌਸ਼ਟਿਕ ਕੂਕੀਜ਼, ਆਯੁਰਵੈਦਿਕ ਬਰੈੱਡ ਅਤੇ ਰਵਾਇਤੀ ਪੀਣ ਵਾਲੇ ਪਦਾਰਥ ਪਾਨਕਮ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 'ਦਾਦੀ ਸੇ ਪੂਛੋ' ਅਤੇ 'ਮਿਲੇਟਸ ਔਨ ਦ ਵ੍ਹੀਲ' ਵਰਗੀਆਂ ਗਤੀਵਿਧੀਆਂ ਰਾਹੀਂ ਵਿਜ਼ਿਟਰਾਂ ਨੂੰ ਰਵਾਇਤੀ ਖਾਣ-ਪੀਣ ਦੀਆਂ ਆਦਤਾਂ, ਮੋਟੇ ਅਨਾਜਾਂ (ਮਿਲੇਟਸ) ਦੇ ਪੋਸ਼ਣ ਸਬੰਧੀ ਲਾਭਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।

ਮੋਰਾਰਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਵੱਲੋਂ ਆਯੁਸ਼ ਮੰਡਪ ਵਿੱਚ ਬਣਾਏ ਗਏ ਵਿਸ਼ੇਸ਼ ਮੰਚ 'ਤੇ ਨਿਯਮਿਤ ਤੌਰ 'ਤੇ ਯੋਗ ਪ੍ਰਦਰਸ਼ਨ ਅਤੇ ਯੋਗ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ। ਵਿਜ਼ਿਟਰਾਂ ਨੂੰ ਉਨ੍ਹਾਂ ਦੀ ਉਮਰ, ਸਿਹਤ ਸਬੰਧੀ ਸਮੱਸਿਆਵਾਂ ਅਤੇ ਜੀਵਨ ਸ਼ੈਲੀ ਦੇ ਅਨੁਸਾਰ ਵਿਅਕਤੀਗਤ ਯੋਗ ਸਲਾਹ-ਮਸ਼ਵਰਾ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਯੋਗ ਕੁਇਜ਼ ਅਤੇ ਆਸਣ ਮੁਕਾਬਲਿਆਂ ਰਾਹੀਂ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਜ਼ਿਟਰਾਂ ਵਿੱਚ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਪ੍ਰਤੀ ਵਿਸ਼ੇਸ਼ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ।

ਕੇਂਦਰੀ ਯੂਨਾਨੀ ਮੈਡੀਸਿਨ ਖੋਜ ਪਰਿਸ਼ਦ ਦੇ ਅਧੀਨ ਨਵੀਂ ਦਿੱਲੀ ਸਥਿਤ ਖੇਤਰੀ ਯੂਨਾਨੀ ਮੈਡੀਸਿਨ ਖੋਜ ਸੰਸਥਾਨ ਵੱਲੋਂ  ਸੰਚਾਲਿਤ ਯੂਨਾਨੀ ਸਟਾਲ 'ਤੇ ਰਵਾਇਤੀ ਯੂਨਾਨੀ ਖੁਰਾਕ ਅਤੇ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। ਇੱਥੇ ਵਿਜ਼ਿਟਰਾਂ ਨੂੰ ਯੂਨਾਨੀ ਕਾਹਵਾ, ਹਰੀਰਾ, ਹਲਵਾ ਗ਼ੀਕਾਵਰ, ਗੁਲਕੰਦ ਅਤੇ ਮੁਰੱਬਾ ਆਂਵਲਾ ਵਰਗੇ ਰਵਾਇਤੀ ਖਾਣ-ਪੀਣ ਵਾਲੇ ਪਦਾਰਥਾਂ ਦਾ ਸੁਆਦ ਚੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇੱਕ ਸੰਸ਼ੋਧਿਤ ਡਿਜੀਟਲ ਮਿਜਾਜ ਮੁਲਾਂਕਣ ਕਿਓਸਕ ਰਾਹੀਂ ਵਿਜ਼ਿਟਰ ਆਪਣੇ ਮਿਜ਼ਾਜ ਦਾ ਮੁਲਾਂਕਣ ਕਰ ਸਕਦੇ ਹਨ ਅਤੇ ਨਿੱਜੀ ਖੁਰਾਕ ਸਬੰਧੀ ਸੁਝਾਅ ਪ੍ਰਾਪਤ ਕਰ ਸਕਦੇ ਹਨ। ਸਟਾਲ 'ਤੇ ਯੂਨਾਨੀ ਇਲਾਜ ਪ੍ਰਣਾਲੀ ਨਾਲ ਸਬੰਧਿਤ ਡਿਜੀਟਲ ਪੇਸ਼ਕਾਰੀਆਂ ਅਤੇ ਦਸਤਾਵੇਜ਼ੀ ਫ਼ਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ। 18 ਅਤੇ 19 ਨਵੰਬਰ ਨੂੰ ਯੂਨਾਨੀ ਓਪੀਡੀ ਰਾਹੀਂ 151 ਮਰੀਜ਼ਾਂ ਨੂੰ ਮੁਫ਼ਤ ਸਲਾਹ-ਮਸ਼ਵਰਾ ਅਤੇ ਔਸ਼ਧੀਆਂ ਉਪਲਬਧ ਕਰਵਾਈਆਂ ਗਈਆਂ।

ਕੇਂਦਰੀ ਸਿੱਧਾ ਖੋਜ ਪਰਿਸ਼ਦ ਅਤੇ ਰਾਸ਼ਟਰੀ ਸਿੱਧ ਸੰਸਥਾਨ, ਚੇੱਨਈ ਵੱਲੋਂ ਚਲਾਏ ਜਾ ਰਹੇ ਸਿੱਧਾ ਮੈਡੀਸਿਨ ਸਟਾਲ 'ਤੇ ਸਿੱਧਾ ਮੈਡੀਸਿਨ ਦੇ ਸਿਧਾਂਤਾਂ, ਰੋਕਥਾਮ ਵਾਲੀ ਸਿਹਤ ਸੰਭਾਲ ਦੀਆਂ ਪ੍ਰਣਾਲੀਆਂ ਅਤੇ ਇਲਾਜ ਸਬੰਧੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਦਰਸ਼ਨੀ ਵਿੱਚ ਸਿੱਧਾ ਖੁਰਾਕ, ਪੋਸ਼ਣ, ਜੀਵਨ ਸ਼ੈਲੀ ਵਿੱਚ ਬਦਲਾਅ, ਜਾਂਚ ਪ੍ਰਣਾਲੀਆਂ, ਰਵਾਇਤੀ ਦਵਾਈਆਂ ਦੇ ਸੁਮੇਲ ਅਤੇ ਵਰਮ ਥੈਰੇਪੀ (ਵਰਮ ਚਿਕਿਤਸਾ) ਸਮੇਤ ਵੱਖ-ਵੱਖ ਇਲਾਜ ਪ੍ਰਣਾਲੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਵਿਜ਼ਿਟਰਾਂ ਨੂੰ ਜਾਣਕਾਰੀ ਦੇਣ ਲਈ ਡਿਜੀਟਲ ਪੇਸ਼ਕਾਰੀਆਂ, ਦਸਤਾਵੇਜ਼ੀ ਫ਼ਿਲਮਾਂ ਅਤੇ ਆਈਈਸੀ (IEC) ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਸਿੱਧ ਸੰਸਥਾਨ ਦੀਆਂ ਵਿਦਿਅਕ ਅਤੇ ਖੋਜ ਗਤੀਵਿਧੀਆਂ ਦਾ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਬੀਐੱਸਐੱਮਐੱਸ (BSMS), ਐੱਮਡੀ (ਸਿੱਧਾ) ਅਤੇ ਪੀਐੱਚਡੀ (PhD) ਕੋਰਸ ਸ਼ਾਮਲ ਹਨ। ਇਸ ਰਾਹੀਂ ਵਿਦਿਆਰਥੀਆਂ ਨੂੰ ਸਿੱਧਾ ਮੈਡੀਸਿਨ ਦੇ ਖੇਤਰ ਵਿੱਚ ਸਿੱਖਿਆ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਕੇਂਦਰੀ ਯੋਗ ਅਤੇ ਕੁਦਰਤੀ ਇਲਾਜ ਖੋਜ ਪਰਿਸ਼ਦ ਵੱਲੋਂ ਡਿਜੀਟਲ ਆਡੀਓ-ਵਿਜ਼ੂਅਲ ਸਮੱਗਰੀ, ਆਈਈਸੀ (IEC) ਸਮੱਗਰੀ ਅਤੇ ਆਯੁਸ਼ ਖੁਰਾਕ ਉਤਪਾਦਾਂ ਦੇ ਪ੍ਰਦਰਸ਼ਨ ਰਾਹੀਂ ਯੋਗ ਅਤੇ ਕੁਦਰਤੀ ਇਲਾਜ ਪ੍ਰਣਾਲੀਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਜ਼ਿਟਰਾਂ ਨੂੰ ਸਿਹਤਮੰਦ ਨਾਸ਼ਤੇ ਦੇ ਵਿਕਲਪਾਂ ਦੇ ਰੂਪ ਵਿੱਚ ਮਖਾਣਾ ਲੱਡੂ, ਮੂੰਗਫਲੀ ਲੱਡੂ, ਤਿਲ ਲੱਡੂ ਅਤੇ ਨਮਕੀਨ ਵਰਗੇ ਖਾਣ-ਪੀਣ ਵਾਲੇ ਪਦਾਰਥਾਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, 17 ਅਤੇ 18 ਨਵੰਬਰ ਨੂੰ ਯੋਗ, ਕੁਦਰਤੀ ਇਲਾਜ, ਖੁਰਾਕ ਸਬੰਧੀ ਆਦਤਾਂ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਦੇ ਵਿਸ਼ਿਆਂ 'ਤੇ ਮੁਫ਼ਤ ਸਲਾਹ-ਮਸ਼ਵਰਾ ਵੀ ਉਪਲਬਧ ਕਰਵਾਇਆ ਗਿਆ।

ਰਾਸ਼ਟਰੀ ਸੋਵਾ-ਰਿਗਪਾ ਸੰਸਥਾਨ ਵੱਲੋਂ ਵਿਜ਼ਿਟਰਾਂ ਨੂੰ ਹਿਮਾਲੀਅਨ ਖੇਤਰ ਦੀਆਂ ਪ੍ਰਾਚੀਨ ਇਲਾਜ ਪਰੰਪਰਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਸਟਾਲ 'ਤੇ ਸੋਵਾ-ਰਿਗਪਾ ਖੁਰਾਕ, ਇਲਾਜ ਸਬੰਧੀ ਪ੍ਰਣਾਲੀਆਂ ਅਤੇ ਹਰਬਲ ਦਵਾਈਆਂ ਦੇ ਸੁਮੇਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਮਾਹਿਰਾਂ ਵੱਲੋਂ ਸੋਵਾ-ਰਿਗਪਾ ਦੇ ਰਵਾਇਤੀ ਗ੍ਰੰਥਾਂ ਦੇ ਅਧਾਰ 'ਤੇ ਵਿਜ਼ਿਟਰਾਂ ਨੂੰ ਨਿੱਜੀ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ।

ਰਾਸ਼ਟਰੀ ਔਸ਼ਧੀ ਪੌਦਾ ਬੋਰਡ ਵੱਲੋਂ ਜੀਵੰਤ ਪੌਦਿਆਂ ਦੀ ਪ੍ਰਦਰਸ਼ਨੀ, ਸੂਚਨਾਤਮਕ ਸਮੱਗਰੀ ਅਤੇ ਸ਼ਤਾਵਰੀ ਦੇ ਔਸ਼ਧੀ ਪੌਦਿਆਂ ਦੀ ਵੰਡ ਰਾਹੀਂ ਔਸ਼ਧੀ ਪੌਦਿਆਂ ਦੇ ਮਹੱਤਵ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਕਿਊਆਰ ਕੋਡ (QR Code) ਵਾਲੇ ਪੌਦਿਆਂ ਰਾਹੀਂ ਵਿਜ਼ਿਟਰਾਂ ਨੂੰ ਸਬੰਧਿਤ ਪੌਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਔਸ਼ਧੀ ਪੌਦਿਆਂ ਅਤੇ ਉਨ੍ਹਾਂ ਦੀ ਵਰਤੋਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਬਰੋਸ਼ਰ, ਪਰਚੇ ਅਤੇ ‘ਪ੍ਰੋਫ਼ੈਸਰ ਆਯੁਸ਼ਮਾਨ’ ਨਾਮਕ ਕੌਮਿਕ ਬੁੱਕ ਦੀ ਵੰਡ ਵੀ ਕੀਤੀ ਜਾ ਰਹੀ ਹੈ।

ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ 2026 ਵਿੱਚ ਆਯੁਸ਼ ਮੰਡਪ ਵਿਜ਼ਿਟਰਾਂ ਨੂੰ ਦੇਸ਼ ਦੀਆਂ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਅਤੇ ਸਿਹਤ ਸੰਭਾਲ, ਪੋਸ਼ਣ ਅਤੇ ਸਮੁੱਚੀ ਸਿਹਤ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਇਸ ਰਾਹੀਂ ਆਯੁਸ਼ ਮੰਤਰਾਲੇ ਦੀਆਂ ਉਨ੍ਹਾਂ ਲਗਾਤਾਰ ਪਹਿਲਕਦਮੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਉਦੇਸ਼ ਪਹੁੰਚਯੋਗ, ਦਿਲਚਸਪ ਅਤੇ ਵਿਦਿਅਕ ਗਤੀਵਿਧੀਆਂ ਰਾਹੀਂ ਆਯੁਸ਼ ਪ੍ਰਣਾਲੀਆਂ ਨੂੰ ਆਮ ਲੋਕਾਂ ਦੇ ਹੋਰ ਨੇੜੇ ਲਿਆਉਣਾ ਅਤੇ ਰਵਾਇਤੀ ਇਲਾਜ ਪ੍ਰਣਾਲੀਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਹੈ।

 

***********

ਐੱਸਆਰ/ਏਕੇ/ਐੱਸਜੀ/ਏਕੇ


(Release ID: 2340543) ਵਿਜ਼ੀਟਰ ਕਾਊਂਟਰ : 6