ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿੱਚ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫ਼ਦਰਜੰਗ ਹਸਪਤਾਲ ਦੇ ਸਿਲਵਰ ਜੁਬਲੀ ਸਮਾਰੋਹ ਅਤੇ 8ਵੇਂ ਸਾਲਾਨਾ ਕਨਵੋਕੇਸ਼ਨ ਸਮਾਗਮ ਵਿੱਚ ਹਿੱਸਾ ਲਿਆ


ਉਪ-ਰਾਸ਼ਟਰਪਤੀ ਨੇ ਗ੍ਰੈਜੂਏਟ ਡਾਕਟਰਾਂ ਨੂੰ ਦਇਆ, ਇਮਾਨਦਾਰੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਬਣਾਈ ਰੱਖਣ ਦਾ ਸੱਦਾ ਦਿੱਤਾ; ਮੈਡੀਕਲ ਡਿਗਰੀ ਨੂੰ ਮਨੁੱਖਤਾ ਪ੍ਰਤੀ ਵਚਨਬੱਧਤਾ ਦੱਸਿਆ

‘ਵਿਕਸਿਤ ਭਾਰਤ’ ਨੂੰ ‘ਸਵਸਥ ਭਾਰਤ’ ਵੀ ਹੋਣਾ ਚਾਹੀਦਾ: ਉਪ-ਰਾਸ਼ਟਰਪਤੀ ਨੇ ਭਾਰਤ ਦੇ ਸਿਹਤ ਸੇਵਾ ਖੇਤਰ ਵਿੱਚ ਆਈਆਂ ਤਬਦੀਲੀਆਂ ਦੀ ਜਾਣਕਾਰੀ ਦਿੱਤੀ
ਡਾਕਟਰ ਅਤੇ ਮਰੀਜ਼ ਵਿਚਕਾਰ ਮਨੁੱਖੀ ਲਗਾਓ ਦੀ ਥਾਂ ਕਦੇ ਵੀ ਤਕਨੀਕ ਨਹੀਂ ਲੈ ਸਕਦੀ: ਉਪ-ਰਾਸ਼ਟਰਪਤੀ

Posted On: 18 NOV 2026 6:58PM by PIB Chandigarh

ਭਾਰਤ ਦੇ ਉਪ-ਰਾਸ਼ਟਰਪਤੀ  ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਰਧਮਾਨ ਮਹਾਵੀਰ ਮੈਡੀਕਲ ਕਾਲਜ (ਵੀ.ਐਮ.ਐਮ.ਸੀ.) ਅਤੇ ਸਫ਼ਦਰਜੰਗ ਹਸਪਤਾਲ ਦੇ ਸਿਲਵਰ ਜੁਬਲੀ ਸਮਾਰੋਹ ਅਤੇ 8ਵੇਂ ਸਾਲਾਨਾ ਕਨਵੋਕੇਸ਼ਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੋਸਟ ਗ੍ਰੈਜੂਏਟ ਅਤੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ ਮੈਡਲ ਭੇਟ ਕੀਤੇ।

ਉਪ-ਰਾਸ਼ਟਰਪਤੀ ਨੇ ਮੈਡੀਕਲ ਸਿੱਖਿਆ, ਸਿਹਤ ਸੇਵਾ ਅਤੇ ਸਮਾਜ ਪ੍ਰਤੀ 25 ਸਾਲਾਂ ਦੀ ਸਮਰਪਿਤ ਸੇਵਾ ਪੂਰੀ ਕਰਨ ’ਤੇ ਵੀ.ਐੱਮ.ਐੱਮ.ਸੀ. ਅਤੇ ਸਫ਼ਦਰਜੰਗ ਹਸਪਤਾਲ ਪਰਿਵਾਰ ਨੂੰ ਵਧਾਈ ਦਿੱਤੀ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਹ ਪੱਚੀ ਸਾਲ ਕਮਾਏ ਗਏ ਵਿਸ਼ਵਾਸ, ਲੋਕਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਿਕ ਤਬਦੀਲੀ, ਗਿਆਨ ਦੀ ਸਿਰਜਣਾ ਅਤੇ ਸੇਵਾ ਦੇ ਪ੍ਰਤੀਕ ਹਨ। ਉਨ੍ਹਾਂ ਇਸ ਮੌਕੇ ਨੂੰ ਸਿੱਖਣ, ਇਲਾਜ ਕਰਨ ਅਤੇ ਰਾਸ਼ਟਰ-ਨਿਰਮਾਣ ਦੀ ਵਿਰਾਸਤ ਦਾ ਜਸ਼ਨ ਕਰਾਰ ਦਿੱਤਾ।

ਉਪ-ਰਾਸ਼ਟਰਪਤੀ  ਨੇ ਭਾਰਤ ਦੇ ਸਿਹਤ ਸੇਵਾ ਅਤੇ ਡਾਕਟਰੀ ਸਿੱਖਿਆ ਖੇਤਰਾਂ ਦੇ ਸ਼ਾਨਦਾਰ ਵਿਸਥਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਢਾ ਦੇ ਸਰਗਰਮ ਦ੍ਰਿਸ਼ਟੀਕੋਣ ਹੇਠ, ਦੇਸ਼ ਨੇ ਬਹੁਤ ਤਰੱਕੀ ਕੀਤੀ ਹੈ।

ਉਪ-ਰਾਸ਼ਟਰਪਤੀ  ਨੇ ਕਿਹਾ ਕਿ ਇਹ ਵਿਸਥਾਰ ਉੱਚ ਸਿੱਖਿਆ ਤੱਕ ਪਹੁੰਚ ਵਧਾਉਣ ਅਤੇ ਆਪਣੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਗੁਣਵੱਤਾ ਭਰਪੂਰ ਸਿਹਤ ਸੇਵਾ, ਡਾਕਟਰੀ ਸਿੱਖਿਆ, ਖੋਜ ਅਤੇ ਨਵੀਨਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਉਪ-ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੈਡੀਕਲ ਡਿਗਰੀ ਅਸਲ ਵਿੱਚ ਮਨੁੱਖਤਾ ਪ੍ਰਤੀ ਵਚਨਬੱਧਤਾ ਹੈ। ਉਨ੍ਹਾਂ ਕਿਹਾ ਕਿ ਇੱਕ ਡਾਕਟਰ ਦੀ ਅਸਲ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਸ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਅਤੇ ਉਨ੍ਹਾਂ ਦੀ ਇੱਜ਼ਤ ਦੀ ਰਾਖੀ ਕੀਤੀ। ਉਨ੍ਹਾਂ ਨੌਜਵਾਨ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੁਹਾਰਤ ਦੇ ਨਾਲ-ਨਾਲ ਹਮਦਰਦੀ ਰੱਖਣ, ਇਮਾਨਦਾਰੀ ਨਾਲ ਆਪਣੇ ਫ਼ੈਸਲੇ ਲੈਣ ਅਤੇ ਵਿਗਿਆਨਕ ਨਜ਼ਰੀਏ ਨਾਲ ਆਪਣੇ ਪੇਸ਼ਾਵਰ ਕੰਮ ਨੂੰ ਹੋਰ ਮਜ਼ਬੂਤ ​​ਕਰਨ।

ਉਪ-ਰਾਸ਼ਟਰਪਤੀ  ਨੇ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਕਦੇ ਵੀ ਡਾਕਟਰ ਅਤੇ ਮਰੀਜ਼ ਵਿਚਕਾਰ ਮਨੁੱਖੀ ਲਗਾਓ ਦੀ ਥਾਂ ਨਹੀਂ ਲੈ ਸਕਦੀ। ਉਨ੍ਹਾਂ  ਗ੍ਰੈਜੂਏਟ ਡਾਕਟਰਾਂ ਨੂੰ  ਕਿਹਾ ਕਿ ਉਹ ਮਰੀਜ਼ਾਂ ਦੀ ਗੱਲ ਧੀਰਜ ਨਾਲ ਸੁਣਨ, ਇਮਾਨਦਾਰੀ ਨਾਲ ਗੱਲਬਾਤ ਕਰਨ ਅਤੇ ਹਰ ਵਿਅਕਤੀ ਨਾਲ ਪਿਆਰ ਭਰਿਆ ਸਲੂਕ ਕਰਨ , ਭਾਵੇਂ ਉਨ੍ਹਾਂ ਦੀ ਆਰਥਿਕ ਸਥਿਤੀ ਜਾਂ ਸਮਾਜਿਕ ਪਿਛੋਕੜ ਕੁਝ ਵੀ ਹੋਵੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ @ 2047’ ਦੇ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ, ਉਪ-ਰਾਸ਼ਟਰਪਤੀ  ਨੇ ਕਿਹਾ ਕਿ ਇੱਕ ਤੰਦਰੁਸਤ, ਸਿੱਖਿਅਤ ਅਤੇ ਸਸ਼ਕਤ ਆਬਾਦੀ ਹੀ ਭਾਰਤ ਦੀ ਰਾਸ਼ਟਰੀ ਤਰੱਕੀ ਦੀ ਨੀਂਹ ਬਣੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਾਰ-ਵਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ‘ਵਿਕਸਿਤ ਭਾਰਤ’ ਲਈ ‘ਸਵਸਥ ਭਾਰਤ’ ਹੋਣਾ ਵੀ ਜ਼ਰੂਰੀ ਹੈ।  ਉਨ੍ਹਾਂ ਇਹ ਵੀ ਕਿਹਾ ਕਿ ‘ਆਯੁਸ਼ਮਾਨ ਭਾਰਤ’ ਵਰਗੀਆਂ ਪਹਿਲਕਦਮੀਆਂ ਇਹ ਦਰਸਾਉਂਦੀਆਂ ਹਨ ਕਿ  ਦੇਸ਼ ਸਾਰਿਆਂ ਲਈ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਆਸਾਨੀ ਨਾਲ ਮੁਹੱਈਆ ਅਤੇ ਕਿਫ਼ਾਇਤੀ ਬਣਾਉਣ ਲਈ ਵਚਨਬੱਧ ਹੈ। 

ਉਪ-ਰਾਸ਼ਟਰਪਤੀ  ਨੇ ਗ੍ਰੈਜੂਏਟ ਡਾਕਟਰਾਂ ਨੂੰ ਆਪਣੇ ਹਰ ਵਿਚਾਰ ਅਤੇ ਕੰਮ ਵਿੱਚ ‘ਰਾਸ਼ਟਰ ਨੂੰ ਪਹਿਲਾਂ’ ਦੀ ਭਾਵਨਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਗ੍ਰੈਜੂਏਟ ਡਾਕਟਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਗਿਆਨ ਦੀ ਵਰਤੋਂ ਲੋਕਾਂ ਦੇ ਇਲਾਜ ਕਰਨ ਅਤੇ ਆਪਣੀ ਦਇਆ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨ ਲਈ ਕਰਨ । ਉਨ੍ਹਾਂ ਸਾਰਿਆਂ ਨੂੰ ‘ਨਸ਼ਿਆਂ ਨੂੰ ਨਾਂਹ’ ਕਹਿਣ ਦਾ ਸੱਦਾ ਵੀ ਦਿੱਤਾ।

ਉਪ-ਰਾਸ਼ਟਰਪਤੀ  ਨੇ ਯਾਦ ਦਿਵਾਇਆ ਕਿ ਵਰਧਮਾਨ ਮਹਾਵੀਰ ਮੈਡੀਕਲ ਕਾਲਜ (ਵੀਐਮਐਮਸੀ) ਦਾ ਨਾਮ ਭਗਵਾਨ ਮਹਾਵੀਰ ਦੇ ਨਾਮ ’ਤੇ ਰੱਖਿਆ ਗਿਆ ਹੈ। ਉਪ-ਰਾਸ਼ਟਰਪਤੀ  ਨੇ ਕਿਹਾ ਕਿ ‘ਜੀਓ ਅਤੇ ਜੀਣ ਦਿਓ’ ਦਾ ਫ਼ਲਸਫ਼ਾ ਡਾਕਟਰੀ ਪੇਸ਼ੇ ਦੇ ਨੇਕ ਮਿਸ਼ਨ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਗ੍ਰੈਜੂਏਟਾਂ ਨੂੰ ਭਗਵਾਨ ਮਹਾਵੀਰ ਦੇ ਦਇਆ, ਮਨੁੱਖਤਾ ਅਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।

ਇਸ ਮੌਕੇ ’ਤੇ, ਉਪ-ਰਾਸ਼ਟਰਪਤੀ  ਨੇ ਵਿਦਿਆਰਥੀਆਂ ਨਾਲ ਮਿਲ ਕੇ ‘ਨਸ਼ਿਆਂ ਨੂੰ ਨਾਂਹ’ (No to Drugs) ਕਹਿਣ ਦੀ ਸਹੁੰ ਚੁੱਕੀ। ਉਨ੍ਹਾਂ ਨੇ ਸਿਲਵਰ ਜੁਬਲੀ ਦੀ ਯਾਦ ਵਿੱਚ ਇੱਕ ‘ਕੌਫੀ ਟੇਬਲ ਬੁੱਕ’ ਵੀ ਜਾਰੀ ਕੀਤੀ।

ਇਸ ਸਮਾਗਮ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਢਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ, ਡਾ. ਐਲ. ਜੀ. ਕ੍ਰਿਸ਼ਨਾ, ਵੀਐਮਐਮਸੀ ਅਤੇ ਸਫ਼ਦਰਜੰਗ ਹਸਪਤਾਲ ਦੀ ਡਾਇਰੈਕਟਰ, ਡਾ. ਕਵਿਤਾ ਰਾਣੀ ਸ਼ਰਮਾ ਅਤੇ ਪ੍ਰਿੰਸੀਪਲ, ਡਾ. ਗੀਤਿਕਾ ਖੰਨਾ ਸਮੇਤ ਹੋਰ ਕਈ ਵਿਅਕਤੀ ਸ਼ਾਮਲ ਹੋਏ।

 

****

ਪੀਆਰ/ਏਐਸਐਮ/ਵੀਐਮ


(Release ID: 2338835) ਵਿਜ਼ੀਟਰ ਕਾਊਂਟਰ : 6