Posted On:
18 NOV 2026 1:29PM by PIB Chandigarh
ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਅਧੀਨ ਨਿਵੇਸ਼ਕ ਸਿੱਖਿਆ ਅਤੇ ਸੰਭਾਲ ਫੰਡ ਅਥਾਰਿਟੀ (IEPFA), ਨੇ ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (SEBI) ਅਤੇ ਬਜ਼ਾਰ ਬੁਨਿਆਦੀ ਢਾਂਚਾਗਤ ਸੰਸਥਾਨਾਂ (MIIs) ਦੇ ਸਹਿਯੋਗ ਨਾਲ 17 ਨਵੰਬਰ, 2026 ਨੂੰ ਨਵੀਂ ਦਿੱਲੀ ਸਥਿਤ ਇੰਡੀਆ ਹੈਬਿਟੇਟ ਸੈਂਟਰ ਦੇ ਜਕਾਰਾਂਡਾ ਹਾਲ ਵਿਖੇ "ਨਿਵੇਸ਼ਕ ਸ਼ਿਵਿਰ" ਦਾ ਆਯੋਜਨ ਕੀਤਾ।

ਇੱਕ ਦਿਨਾਂ ਇਸ ਸ਼ਿਵਿਰ ਵਿੱਚ ਦਾਅਵਿਆਂ ਨੂੰ ਆਹਮੋ-ਸਾਹਮਣੇ ਸ਼ਿਕਾਇਤ ਨਿਪਟਾਰਾ, ਦਾਅਵਿਆਂ ਨਾਲ ਸਬੰਧਿਤ ਸਹਾਇਤਾ ਅਤੇ ਨਿਵੇਸ਼ਕ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ। ਇਸ ਮੌਕੇ ‘ਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਆਈਈਪੀਐੱਫਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਮਿਤ ਗਰਗ ਸਮੇਤ ਸੈਬੀ, ਬਜ਼ਾਰ ਢਾਂਚਾਗਤ ਸੰਸਥਾਨਾਂ ਅਤੇ ਰਜਿਸਟਰਾਰ ਅਤੇ ਟ੍ਰਾਂਸਫਰ ਏਜੰਟ (ਆਰਟੀਏ) ਦੇ ਸੀਨੀਅਰ ਅਧਿਕਾਰੀ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।
ਇਸ ਸ਼ਿਵਿਰ ਵਿੱਚ, ਵੱਡੀ ਗਿਣਤੀ ਵਿੱਚ ਦਾਅਵਾ ਨਾ ਕੀਤੇ ਗਏ ਲਾਭਅੰਸ਼ ਵਾਲੇ ਖਾਤਿਆਂ ਦੀਆਂ ਕੰਪਨੀਆਂ ਨੇ ਆਰਟੀਐੱਸਐੱਸ ਦੇ ਨਾਲ ਸਿੱਧੀ ਭਾਈਵਾਲੀ ਕੀਤੀ। IEPFA, SEBI, NSE, BSE, NSDL, CDSL, MUFG ਇਨਟਾਈਮ, ਕੇਫਿਨ ਤਕਨਾਲੋਜੀ, CAMS, ਬਿਗਸ਼ੇਅਰ ਸਰਵਿਸਿਸ, ਰਿਲਾਇੰਸ ਇੰਡਸਟ੍ਰੀਜ਼, ICICI ਬੈਂਕ, ਹਿੰਦੁਸਤਾਨ ਯੂਨੀਲੀਵਰ, ਜਿਓ ਫਾਈਨੈਂਸ਼ੀਅਲ ਸਰਵਿਸਿਸ ਅਤੇ ਜੇ.ਕੇ. ਲਕਸ਼ਮੀ ਸੀਮੇਂਟ ਦੇ ਪ੍ਰਤੀਨਿਧੀਆਂ ਨੇ ਮੌਕੇ ‘ਤੇ ਹੀ ਦਾਅਵੇਦਾਰਾਂ ਦੀ ਸਹਾਇਤਾ ਕੀਤੀ। ਸ਼ਿਵਿਰ ਵਿੱਚ ਸਥਾਪਿਤ ਵਿਸ਼ੇਸ਼ ਸਹਾਇਤਾ ਡੈਸਕ ਰਾਹੀਂ ਛੇ ਤੋਂ ਸੱਤ ਵਰ੍ਹਿਆਂ ਤੋਂ ਪੈਂਡਿੰਗ ਬਿਨਾ ਦਾਅਵਾ ਕੀਤੇ ਗਏ ਲਾਭਅੰਸ਼ ਅਤੇ ਸ਼ੇਅਰਾਂ ਨਾਲ ਸਬੰਧਿਤ ਮਾਮਲਿਆਂ ਵਿੱਚ ਸਿੱਧੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਮੌਕੇ ‘ਤੇ ਕੇਵਾਈਸੀ ਅਤੇ ਨੌਮੀਨੇਸ਼ਨ ਨਾਲ ਜੁੜੀਆਂ ਜਾਣਕਾਰੀਆਂ ਨੂੰ ਅਪਡੇਟ ਕਰਨ ਅਤੇ ਪੈਂਡਿੰਗ ਦਾਅਵਿਆਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ। ਇਸ ਪੂਰੀ ਪ੍ਰਕਿਰਿਆ ਵਿੱਚ ਕਿਸੇ ਵਿਚੌਲੇ ਦੀ ਜ਼ਰੂਰਤ ਨਹੀਂ ਸੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਨਾਗਰਿਕਾਂ ਦਾ ਪੈਸਾ ਉਸ ਦੇ ਅਸਲ ਹੱਕਦਾਰਾਂ ਨੂੰ ਵਾਪਸ ਦਿਵਾਉਣ ਲਈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਜਨਤਾ ਤੱਕ ਪਹੁੰਚੇ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਸਾਰੇ ਸਹਾਇਤਾ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਦਾਅਵੇਦਾਰਾਂ ਨਾਲ ਸਿੱਧੀ ਗੱਲਬਾਤ ਕੀਤੀ, ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਸਮਝਿਆ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ।
ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ IEPFA ਦੀ ਕੋਸ਼ਿਸ਼ ਅੱਜ ਅਤੇ ਭਵਿੱਖ ਵਿੱਚ, ਹਰ ਪੱਧਰ ‘ਤੇ ਨਿਵੇਸ਼ਕਾਂ ਤੱਕ ਪਹੁੰਚਣ ਦੀ ਹੈ। ਮੰਤਰੀ ਨੇ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਵਿੱਚ 62,700 ਤੋਂ ਵੱਧ ਦਾਅਵਿਆਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਪਹਿਲਾਂ ਆਯੋਜਿਤ ਸ਼ਿਵਿਰਾਂ ਵਿੱਚ 2,500 ਤੋਂ ਵੱਧ ਨਿਵੇਸ਼ਕਾਂ ਨੂੰ ਨਿਜੀ ਤੌਰ ‘ਤੇ ਸਹਾਇਤਾ ਪ੍ਰਦਾਨ ਕੀਤੀ ਗਈ। ਨਾਲ ਹੀ, ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਨ੍ਹਾਂ ਸ਼ਿਵਿਰਾਂ ਦਾ ਵਿਸਥਾਰ ਹੋਰ ਜ਼ਿਆਦਾ ਸ਼ਹਿਰਾਂ ਤੱਕ ਕੀਤਾ ਜਾਵੇਗਾ।

ਸ਼੍ਰੀ ਹਰਸ਼ ਮਲਹੋਤਰਾ ਨੇ ‘ਨਿਵੇਸ਼ਕ ਦੀਦੀਆਂ’ ਨਾਲ ਵੀ ਮੁਲਾਕਾਤ ਕੀਤੀ। ਇਹ ਨਿਵੇਸ਼ਕ ਦੀਦੀਆਂ IEPFA ਦੀ ਇੱਕ ਹੋਰ ਪਹਿਲਕਦਮੀ ਦਾ ਹਿੱਸਾ ਹਨ, ਜੋ ਖੇਤਰੀ ਇਲਾਕਿਆਂ ਵਿੱਚ ਨਿਵੇਸ਼ਕਾਂ ਦੇ ਦਰਮਿਆਨ ਜਾਗਰੂਕਤਾ ਨੂੰ ਹੁਲਾਰਾ ਦਿੰਦੀ ਹੈ ਅਤੇ ਇਸ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਰਾਜ ਮੰਤਰੀ ਨੇ ਨਿਵੇਸ਼ਕਾਂ ਦੇ ਦਰਮਿਆਨ ਜਾਗਰੂਕਤਾ ਲਿਆਉਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ‘ਨਿਵੇਸ਼ਕ ਦੀਦੀਆਂ’ ਨੂੰ ਸ਼ਲਾਘਾ ਪੱਤਰ ਪ੍ਰਦਾਨ ਕੀਤੇ।
ਪੁਣੇ, ਹੈਦਰਾਬਾਦ, ਅੰਮ੍ਰਿਤਸਰ, ਜੈਪੁਰ, ਬੰਗਲੁਰੂ, ਭੁਵਨੇਸ਼ਵਰ ਅਤੇ ਭੋਪਾਲ ਤੋਂ ਬਾਅਦ ਨਵੀਂ ਦਿੱਲੀ ਇਸ ਪਹਿਲਕਦਮੀ ਦੀ ਮੇਜ਼ਬਾਨੀ ਕਰਨ ਵਾਲਾ 8ਵਾਂ ਸ਼ਹਿਰ ਬਣ ਗਿਆ ਹੈ। ਇਸ ਪਹਿਲ ਦੀ ਸ਼ੁਰੂਆਤ ਵਰ੍ਹੇ 2025 ਵਿੱਚ ਪੁਣੇ ਤੋਂ ਹੋਈ ਸੀ।
ਦਿੱਲੀ ਵਿਖੇ ਆਯੋਜਿਤ ਨਿਵੇਸ਼ਕ ਸ਼ਿਵਿਰ ਆਈਈਪੀਐੱਫਏ ਦੀ ਦੇਸ਼ਵਿਆਪੀ ਨਿਵੇਸ਼ਕ ਪਹੁੰਚ ਲੜੀ ਦਾ ਹਿੱਸਾ ਹੈ। ਇਸ ਰਾਹੀਂ ਉਨ੍ਹਾਂ ਸ਼ਹਿਰਾਂ ਵਿੱਚ ਨਾਗਰਿਕਾਂ ਤੱਕ ਸਿੱਧੀ ਸਹਾਇਤਾ ਅਤੇ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ, ਜਿੱਥੇ ਦਾਅਵਾ ਨਾ ਕੀਤੇ ਗਏ ਨਿਵੇਸ਼ ਮਾਮਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਇਹ ਸ਼ਿਵਿਰ ਨਿਵੇਸ਼ਕਾਂ ਦੇ ਵਿਚਕਾਰ ਜਾਗਰੂਕਤਾ ਵਧਾਉਣ, ਉਨ੍ਹਾਂ ਦੇ ਵਿੱਤੀ ਹਿਤਾਂ ਦੀ ਰੱਖਿਆ ਕਰਨ ਅਤੇ ਭਾਰਤ ਦੀ ਵਿੱਤੀ ਪ੍ਰਣਾਲੀ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਿਤਾ ਨੂੰ ਮਜ਼ਬੂਤ ਕਰਨ ਲਈ ਆਈਈਪੀਐੱਫਏ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
***********
ਕੇਟੀ/ਓਐੱਨਪੀ/ਏਕੇ