Posted On:
17 NOV 2026 4:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਨੀਲਾ ਵਿੱਚ ਆਯੋਜਿਤ 21ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ (ਈਏਐੱਸ) ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਮੌਜੂਦਾ ਸਮੇਂ ਵਿੱਚ ਜਾਰੀ ਸੰਕਟਾਂ ਅਤੇ ਸੰਘਰਸ਼ਾਂ ਦੇ ਦੌਰ ਵਿੱਚ ਸ਼ਾਂਤੀ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਗੱਲਬਾਤ, ਆਪਸੀ ਸਤਿਕਾਰ ਅਤੇ ਸਹਿਯੋਗ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਆਜ਼ਾਦ, ਖੁੱਲ੍ਹੇ, ਸਮਾਵੇਸ਼ੀ ਅਤੇ ਨਿਯਮ-ਅਧਾਰਿਤ ਹਿੰਦ-ਪ੍ਰਸ਼ਾਂਤ ਖੇਤਰ ਦਾ ਸੱਦਾ ਦਿੰਦਿਆਂ ਕਿਹਾ ਕਿ ਈਏਐੱਸ ਨੂੰ ਆਲਮੀ ਪੱਧਰ ’ਤੇ ਸ਼ਾਂਤੀ, ਸਥਿਰਤਾ ਅਤੇ ਭਵਿੱਖਵਾਣੀ ਯਕੀਨੀ ਬਣਾਉਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਖ਼ਾਸ ਤੌਰ ’ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੰਕਟਾਂ ਅਤੇ ਸੰਘਰਸ਼ਾਂ ਦਾ ਪੂਰੀ ਦੁਨੀਆ ਵਿੱਚ ਭੋਜਨ, ਈਂਧਣ ਅਤੇ ਖਾਦ ਦੀ ਸਪਲਾਈ ’ਤੇ ਕਿਸ ਤਰ੍ਹਾਂ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਜਲਮਾਰਗਾਂ ਵਿੱਚ ਲਗਾਤਾਰ ਨਿਸ਼ਾਨਾ ਬਣਾਏ ਜਾ ਰਹੇ ਵਪਾਰਕ ਜਹਾਜ਼ਾਂ ਅਤੇ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯੂਕਰੇਨ ਅਤੇ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ਾਂ ਦੇ ਸ਼ਾਂਤਮਈ ਹੱਲ ਵੱਲ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਭਾਰਤ ਸਮਰਥਨ ਕਰਦਾ ਹੈ।
ਉਨ੍ਹਾਂ ਨੇ ਸ਼ਾਂਤੀ ਪਸੰਦ ਸਮਾਜਾਂ ਲਈ ਅੱਤਵਾਦ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਈਏਐੱਸ ਮੰਚ ਤਹਿਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਹੇਠ ਲਿਖੇ ਪ੍ਰਸਤਾਵ ਰੱਖੇ:
I) ਨਾਵਿਕ ਸੁਰੱਖਿਆ ਪਹਿਲਕਦਮੀ: ਸੰਯੁਕਤ ਸਿਖਲਾਈ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ।
II) ਈਏਐੱਸ ਸਾਈਬਰ ਅਪਰਾਧ ਸੰਮੇਲਨ: ਔਨਲਾਈਨ ਧੋਖਾਧੜੀ ਅਤੇ ਸਾਈਬਰ ਅਪਰਾਧ ਵਰਗੇ ਸਰਹੱਦ ਤੋਂ ਪਾਰ ਹੋਣ ਵਾਲੇ ਅਪਰਾਧਾਂ ਤੋਂ ਪੈਦਾ ਹੋਣ ਵਾਲੇ ਨਵੇਂ ਦੌਰ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਵਿੱਚ ਈਏਐੱਸ ਸਾਈਬਰ ਅਪਰਾਧ ਸੰਮੇਲਨ ਦਾ ਆਯੋਜਨ।
III) ਈਏਐੱਸ ਸਮੁੰਦਰੀ ਵਿਰਾਸਤ ਮੇਲਾ: ਲੋਥਲ ਵਿੱਚ ਈਏਐੱਸ ਸਮੁੰਦਰੀ ਵਿਰਾਸਤ ਮੇਲੇ ਦਾ ਆਯੋਜਨ।
IV) ਈਏਐੱਸ ਯੂਨੀਵਰਸਿਟੀ ਸੰਮੇਲਨ: ਈਏਐੱਸ ਦੇਸ਼ਾਂ ਨਾਲ ਵਿੱਦਿਅਕ ਸਹਿਯੋਗ ਨੂੰ ਹੋਰ ਹੁਲਾਰਾ ਦੇਣ ਲਈ ਨਾਲੰਦਾ ਵਿੱਚ ਈਏਐੱਸ ਯੂਨੀਵਰਸਿਟੀ ਸੰਮੇਲਨ ਦਾ ਆਯੋਜਨ।
ਪ੍ਰਧਾਨ ਮੰਤਰੀ ਨੇ ਸਿਖਰ ਸੰਮੇਲਨ ਦਾ ਸਫ਼ਲਤਾਪੂਰਵਕ ਆਯੋਜਨ ਕਰਨ ਲਈ ਫਿਲੀਪੀਨਜ਼ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਫਰਡੀਨੈਂਡ ਆਰ. ਮਾਰਕੋਸ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਇੱਥੇ ਦੇਖੀਆਂ ਜਾ ਸਕਦੀਆਂ ਹਨ: ਲਿੰਕ।
******
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ