Posted On:
12 NOV 2026 4:04PM by PIB Chandigarh
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਅਗਵਾਈ ਹੇਠ ਭਾਰਤੀ ਵਫ਼ਦ ਨੇ ਇਟਲੀ ਦੀ ਆਪਣੀ ਅਧਿਕਾਰਤ ਯਾਤਰਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਯਾਤਰਾ ਦਾ ਉਦੇਸ਼ ਮਈ 2026 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਇਟਲੀ ਯਾਤਰਾ ਦੌਰਾਨ ਤੈਅ ਕੀਤੀ ਗਈ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣਾ ਹੈ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਵਿਗਿਆਨਕ ਭਾਈਚਾਰੇ ਦੇ ਨੁਮਾਇੰਦਿਆਂ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸ਼ੁਰੂਆਤੀ ਗੱਲਬਾਤ ਵਿੱਚ ਦੋਵਾਂ ਦੇਸ਼ਾਂ ਦੇ ਰਵਾਇਤੀ ਸਬੰਧਾਂ ਨੂੰ ਦੁਹਰਾਇਆ ਗਿਆ। ਇਸ ਦੇ ਨਾਲ ਦੁਵੱਲੇ ਵਿਗਿਆਨਕ ਅਤੇ ਤਕਨਾਲੋਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ ।
ਡਾ. ਜਿਤੇਂਦਰ ਸਿੰਘ ਦੀ ਇਹ ਯਾਤਰਾ 11 ਤੋਂ 15 ਨਵੰਬਰ, 2026 ਤੱਕ ਨਿਰਧਾਰਿਤ ਹੈ। ਇਸ ਦੌਰਾਨ ਕਈ ਉੱਚ-ਪੱਧਰੀ ਦੁਵੱਲੀਆਂ ਮੀਟਿੰਗਾਂ ਅਤੇ ਸੰਸਥਾਗਤ ਸੰਵਾਦ ਕਰਵਾਏ ਜਾਣਗੇ, ਜਿਨ੍ਹਾਂ ਦਾ ਉਦੇਸ਼ ਭਾਰਤ ਅਤੇ ਇਟਲੀ ਦਰਮਿਆਨ ਵਿਗਿਆਨਕ ਸਹਿਯੋਗ ਨੂੰ ਨਵਾਂ ਹੁਲਾਰਾ ਦੇਣਾ ਹੈ।
ਭਾਰਤ-ਇਟਲੀ ਵਿਗਿਆਨ ਅਤੇ ਤਕਨਾਲੋਜੀ ਸੰਵਾਦ 2026 ਤਹਿਤ ਡਾ. ਜਿਤੇਂਦਰ ਸਿੰਘ 12 ਨਵੰਬਰ ਨੂੰ ਇਟਲੀ ਦੇ ਯੂਨੀਵਰਸਿਟੀ ਅਤੇ ਖੋਜ ਮੰਤਰੀ ਨਾਲ ਮੀਟਿੰਗ ਕਰਨਗੇ। ਇਸ ਤੋਂ ਇਲਾਵਾ, ਉਹ ਇਟਲੀ ਦੀ ਯੂਨੀਵਰਸਿਟੀ ਅਤੇ ਖੋਜ ਮੰਤਰੀ ਅੰਨਾ ਮਾਰੀਆ ਬਰਨੀਨੀ ਨਾਲ ਦੂਜੇ ਵਿਗਿਆਨ ਅਤੇ ਨਵੀਨਤਾ ਸੰਵਾਦ ਵਿੱਚ ਵੀ ਹਿੱਸਾ ਲੈਣਗੇ। ਇਹ ਸੰਵਾਦ ਦੋਵਾਂ ਦੇਸ਼ਾਂ ਵਿਚਾਲੇ ਵਿਗਿਆਨ ਅਤੇ ਨਵੀਨਤਾ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਸਾਬਤ ਹੋਵੇਗਾ।
13 ਨਵੰਬਰ ਨੂੰ ਭਾਰਤੀ ਵਫ਼ਦ ਟ੍ਰੀਐਸਟੇ (Trieste) ਸਥਿਤ ਪ੍ਰਮੁੱਖ ਵਿਗਿਆਨ ਅਤੇ ਤਕਨਾਲੋਜੀ ਸੰਸਥਾਵਾਂ ਦਾ ਦੌਰਾ ਕਰੇਗਾ। ਇਨ੍ਹਾਂ ਵਿੱਚ ਇਲੈਕਟਰਾ ਸਿੰਕ੍ਰੋਟ੍ਰੋਨ ਫੈਸਿਲਿਟੀ (Elettra Synchrotron Facility), ਆਈ.ਸੀ.ਟੀ.ਪੀ. ਅਤੇ ਆਈ.ਸੀ.ਜੀ.ਈ.ਬੀ. ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਦਾ ਦੌਰਾ ਕਰਨ ਦਾ ਉਦੇਸ਼ ਭਾਰਤੀ ਵਫ਼ਦ ਨੂੰ ਉੱਥੇ ਉਪਲਬਧ ਵਿਗਿਆਨਕ ਅਤੇ ਖੋਜ ਸਹੂਲਤਾਂ ਤੋਂ ਜਾਣੂ ਕਰਵਾਉਣਾ ਅਤੇ ਸੰਸਥਾਗਤ ਪੱਧਰ ’ਤੇ ਆਪਸੀ ਸੰਪਰਕ ਤੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਾ ਹੈ।
ਡਾ. ਜਿਤੇਂਦਰ ਸਿੰਘ ਦੇ ਪ੍ਰੋਗਰਾਮ ਵਿੱਚ 14 ਨਵੰਬਰ ਨੂੰ ਰੋਮ ਸਥਿਤ ਭਾਰਤੀ ਦੂਤਾਵਾਸ ਵਿੱਚ ਵਿਸ਼ਵ ਸ਼ੂਗਰ ਦਿਵਸ (ਵਰਲਡ ਡਾਇਬਿਟੀਜ਼ ਡੇਅ) ਦੇ ਮੌਕੇ ’ਤੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਹਿੱਸਾ ਲੈਣਾ ਵੀ ਸ਼ਾਮਲ ਹੈ। ਇਸ ਤੋਂ ਬਾਅਦ ਉਹ ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਸੰਵਾਦ ਕਰਨਗੇ।
ਭਾਰਤੀ ਵਫ਼ਦ ਵਿੱਚ ਸੁਸ਼੍ਰੀ ਵਾਣੀ ਰਾਓ, ਇਟਲੀ ਵਿੱਚ ਭਾਰਤ ਦੇ ਰਾਜਦੂਤ; ਸ਼੍ਰੀ ਗੌਰਵ ਗਾਂਧੀ, ਉਪ ਮਿਸ਼ਨ ਮੁਖੀ, ਭਾਰਤੀ ਦੂਤਾਵਾਸ; ਡਾ. ਪ੍ਰਵੀਨ ਕੁਮਾਰ ਸੋਮਸੁੰਦਰਮ, ਮੁਖੀ (ਇੰਚਾਰਜ), ਵਿਗਿਆਨ ਅਤੇ ਤਕਨਾਲੋਜੀ ਵਿਭਾਗ; ਡਾ. ਧਨੰਜੈ ਤਿਵਾੜੀ, ਗਲੋਬਲ ਇਨੋਵੇਸ਼ਨਜ਼ (ਸਾਇੰਟਿਫਿਕ ਡਿਸੀਜ਼ਨ ਯੂਨਿਟ), ਵਿਗਿਆਨ ਅਤੇ ਤਕਨਾਲੋਜੀ ਵਿਭਾਗ; ਸ਼੍ਰੀ ਰਾਜੀਵ ਕੁਮਾਰ ਚੌਧਰੀ, ਮੰਤਰੀ ਦੇ ਨਿੱਜੀ ਸਹਾਇਕ; ਸੁਸ਼੍ਰੀ ਲਕਸ਼ਮੀ ਸਵਾਮੀਨਾਥਨ, ਪਹਿਲੇ ਸਕੱਤਰ, ਭਾਰਤੀ ਦੂਤਾਵਾਸ; ਸ਼੍ਰੀ ਅਨੁਜ ਜੈਨ, ਸਹਾਇਕ ਸੈਕਸ਼ਨ ਅਫ਼ਸਰ, ਭਾਰਤੀ ਦੂਤਾਵਾਸ; ਅਤੇ ਸੁਸ਼੍ਰੀ ਸਿਲਵੀਆ ਬੁਫਾ, ਸਥਾਨਕ ਕਰਮਚਾਰੀ, ਭਾਰਤੀ ਦੂਤਾਵਾਸ ਸ਼ਾਮਲ ਹਨ।
ਭਾਰਤੀ ਵਫ਼ਦ ਵਿੱਚ ਦੇਸ਼ ਦੀਆਂ ਪ੍ਰਮੁੱਖ ਖੋਜ ਸੰਸਥਾਵਾਂ, ਵਿੱਦਿਅਕ ਕੇਂਦਰਾਂ ਅਤੇ ਨਵੀਨਤਾ ਨਾਲ ਜੁੜੇ ਅਦਾਰਿਆਂ ਦੇ ਨੁਮਾਇੰਦੇ ਸ਼ਾਮਲ ਹਨ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ’ਤੇ - ਡਾ. ਆਰ. ਵਿਜੇ, ਡਾਇਰੈਕਟਰ, ਇੰਟਰਨੈਸ਼ਨਲ ਐਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੈਟਲਰਜੀ ਐਂਡ ਨਿਊ ਮੈਟੀਰੀਅਲਜ਼ (ARCI), ਹੈਦਰਾਬਾਦ; ਪ੍ਰੋ. ਸੰਜੇ ਬਿਹਾਰੀ, ਡਾਇਰੈਕਟਰ, ਸ਼੍ਰੀ ਚਿੱਤਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਿਜ਼ ਐਂਡ ਟੈਕਨਾਲੋਜੀ (SCTIMST), ਤਿਰੂਵਨੰਤਪੁਰਮ; ਪ੍ਰੋ. ਵੇਣੂ ਗੋਪਾਲ ਅਚੰਤਾ, ਡਾਇਰੈਕਟਰ, ਨੈਸ਼ਨਲ ਫਿਜ਼ੀਕਲ ਲੈਬਾਰਟਰੀ , ਨਵੀਂ ਦਿੱਲੀ; ਅਤੇ ਪ੍ਰੋ. ਵਿਭਾ ਟੰਡਨ, ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ਼ ਕੈਮੀਕਲ ਬਾਇਓਲੋਜੀ (IICB), ਕੋਲਕਾਤਾ ਸ਼ਾਮਲ ਹਨ। ਭਾਰਤ ਦੇ ਨਵੀਨਤਾ ਅਤੇ ਤਕਨਾਲੋਜੀ ਈਕੋਸਿਸਟਮ ਦੀ ਨੁਮਾਇੰਦਗੀ ਕਰਨ ਵਾਲੇ ਪ੍ਰਮੁੱਖ ਮੈਂਬਰ ਹਨ: ਪ੍ਰੋ. ਕਸਤੂਰੀ ਸਾਹਾ, ਪ੍ਰੋਜੈਕਟ ਡਾਇਰੈਕਟਰ, ਕਿਊਮੈਟ ਟੈੱਕ ਫਾਊਂਡੇਸ਼ਨ (QMet Tech Foundation), ਬੰਬੇ; ਡਾ. ਆਸ਼ੂਤੋਸ਼ ਅਗਨੀਹੋਤਰੀ, ਮੁੱਖ ਕਾਰਜਕਾਰੀ ਅਧਿਕਾਰੀ , ਇਨਕਿਊਬੇਟਰ ਅਤੇ ਟੈਕਨੋਪਾਰਕ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT), ਕਾਨਪੁਰ; ਅਤੇ ਡਾ. ਸੱਤਿਆ ਦਾਸ਼, ਮੁੱਖ ਕਾਰਜਕਾਰੀ ਅਧਿਕਾਰੀ, ਆਈ.ਕੇ.ਪੀ. ਨਾਲੇਜ ਪਾਰਕ (IKP Knowledge Park), ਹੈਦਰਾਬਾਦ।
ਸਰਕਾਰ, ਖੋਜ ਸੰਸਥਾਵਾਂ, ਵਿੱਦਿਅਕ ਕੇਂਦਰਾਂ ਅਤੇ ਤਕਨਾਲੋਜੀ ਇਨਕਿਊਬੇਟਰਾਂ ਦੇ ਸੀਨੀਅਰ ਨੁਮਾਇੰਦਿਆਂ ਦੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਇਟਲੀ ਨਾਲ ਭਾਰਤ ਦਾ ਵਿਗਿਆਨਕ ਸਬੰਧ ਵਿਆਪਕ ਸੰਸਥਾਗਤ ਆਧਾਰ ’ਤੇ ਅੱਗੇ ਵੱਧ ਰਿਹਾ ਹੈ।





*****
ਐੱਨਕੇਆਰ/ਏਕੇ/ਐੱਨਐੱਮ