Posted On:
13 NOV 2026 2:01PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੈਂਗਲੁਰੂ ਵਿਖੇ ਪ੍ਰਸ਼ਾਂਤੀ ਕੁਟੀਰਮ ਦੇ ਗੋਲਡਨ ਜੁਬਲੀ ਸਮਾਰੋਹਾਂ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕੰਨੜ ਭਾਸ਼ਾ ਵਿੱਚ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੈਂਗਲੁਰੂ ਵਿੱਚ ਯੋਗ ਦੀ ਸ਼ਾਨਦਾਰ ਊਰਜਾ ਦਾ ਅਹਿਸਾਸ ਕਰਕੇ ਆਪਣੀ ਖ਼ੁਸ਼ੀ ਪ੍ਰਗਟਾਈ। ਇਹ ਜ਼ਿਕਰ ਕਰਦਿਆਂ ਕਿ ਕਰਨਾਟਕ ਸਦੀਆਂ ਤੋਂ ਯੋਗ ਦਾ ਕੇਂਦਰ ਰਿਹਾ ਹੈ ਅਤੇ ਇਸ ਪਰੰਪਰਾ ਨੂੰ ਅਮੀਰ ਬਣਾਉਣ ਵਾਲੇ ਅਨੇਕ ਆਚਾਰਿਆ ਅਤੇ ਵਿਦਵਾਨਾਂ ਦੀ ਜਨਮ-ਭੂਮੀ ਵੀ ਰਿਹਾ ਹੈ, ਉਨ੍ਹਾਂ ਨੇ ਪ੍ਰਸਿੱਧ ਕੰਨੜ ਫ਼ਿਲਮ ਜਗਤ ਦੇ ਮਹਾਨ ਕਲਾਕਾਰ ਡਾ. ਰਾਜਕੁਮਾਰ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇੱਥੇ ਅਜਿਹੇ ਯੋਗ ਸਾਧਕ ਵੀ ਰਹੇ ਹਨ, ਜਿਨ੍ਹਾਂ ਨੇ ਕਲਾ ਜਗਤ ਦੇ ਨਾਲ-ਨਾਲ ਯੋਗ ਦੀ ਵੀ ਸੇਵਾ ਕੀਤੀ ਹੈ।”
ਕਰਨਾਟਕ ਦੀ ਅਮੀਰ ਵਿਰਾਸਤ 'ਚ ਪ੍ਰਸ਼ਾਂਤੀ ਕੁਟੀਰਮ ਦੀ 50 ਸਾਲਾਂ ਦੀ ਯਾਤਰਾ ਨੂੰ ਸੇਵਾ ਅਤੇ ਸਮਰਪਣ ਦੀ ਇੱਕ ਅਜਿਹੀ ਬੇਮਿਸਾਲ ਗਾਥਾ ਦੱਸਦਿਆਂ, ਜਿਸ ਬਾਰੇ ਹਰ ਨਾਗਰਿਕ ਨੂੰ ਜਾਣਨਾ ਚਾਹੀਦਾ ਹੈ, ਪ੍ਰਧਾਨ ਮੰਤਰੀ ਨੇ ਇੱਕ ਸਾਧਾਰਨ ਕੇਂਦਰ ਤੋਂ ਇੱਕ ਵਿਸ਼ਾਲ ਅੰਦੋਲਨ ਵਿੱਚ ਇਸ ਦੇ ਬਦਲਾਅ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਕਿਵੇਂ ਇੱਕ ਸਾਧਾਰਨ ਯੋਗ ਕੇਂਦਰ ਇੱਕ ਇੰਨੇ ਵਿਸ਼ਾਲ ਅੰਦੋਲਨ ਵਿੱਚ ਬਦਲ ਗਿਆ, ਇਹ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹੈ।”
ਇਸ ਵਿਸ਼ੇਸ਼ ਮੌਕੇ 'ਤੇ ਕੈਂਪਸ ਵਿੱਚ ਕਈ ਨਵੀਂਆਂ ਸਹੂਲਤਾਂ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਐੱਸ-ਵਿਆਸਾ ਪਰਿਵਾਰ ਨੂੰ ਉਨ੍ਹਾਂ ਦੀਆਂ ਜਾਰੀ ਪਹਿਲਕਦਮੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਪ੍ਰਸ਼ਾਂਤੀ ਕੁਟੀਰਮ ਨਾਲ ਜੁੜੇ ਲੱਖਾਂ ਸਾਧਕਾਂ ਨੂੰ ਗੋਲਡਨ ਜੁਬਲੀ ਦੀ ਵਧਾਈ ਦਿੰਦਾ ਹਾਂ।”
ਇਸ ਸਾਲ ਪ੍ਰਸ਼ਾਂਤੀ ਕੁਟੀਰਮ ਦੀ ਗੋਲਡਨ ਜੁਬਲੀ ਦੇ ਨਾਲ ਹੀ ਆ ਰਹੀ ਐੱਚ. ਵੀ. ਸ਼ੇਸ਼ਾਦਰੀ ਦੀ ਜਨਮ ਸ਼ਤਾਬਦੀ 'ਤੇ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੇਸ਼ਾਦਰੀ ਜੀ ਨੇ ਆਪਣਾ ਪੂਰਾ ਜੀਵਨ ਚਰਿੱਤਰ ਨਿਰਮਾਣ ਰਾਹੀਂ ਰਾਸ਼ਟਰ ਨਿਰਮਾਣ ਦੇ ਮਿਸ਼ਨ ਲਈ ਸਮਰਪਿਤ ਕਰ ਦਿੱਤਾ ਸੀ। ਉਹ ਇਸ ਗੱਲ ਨੂੰ ਸਮਝਦੇ ਸਨ ਕਿ ਦੇਸ਼ ਨੂੰ ਸਫ਼ਲਤਾ ਦੇ ਸਿਖਰ 'ਤੇ ਪਹੁੰਚਾਉਣ ਲਈ ਸਮਰਪਿਤ, ਸਮਰੱਥ ਅਤੇ ਅਨੁਸ਼ਾਸਿਤ ਨਾਗਰਿਕਾਂ ਦੀ ਲੋੜ ਹੁੰਦੀ ਹੈ।
ਐੱਚ. ਵੀ. ਸ਼ੇਸ਼ਾਦਰੀ ਦੀ ਸਾਦਗੀ, ਉਨ੍ਹਾਂ ਦੀ ਵੱਡੀ ਸ਼ਖ਼ਸੀਅਤ, ਵਿਆਪਕ ਤਜਰਬੇ ਅਤੇ ਦੂਜਿਆਂ ਨੂੰ ਉੱਪਰ ਚੁੱਕਣ, ਲੋਕਾਂ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰ ਸੇਵਾ ਲਈ ਤਿਆਰ ਕਰਨ ਵਾਸਤੇ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਦੀ ਉਨ੍ਹਾਂ ਦੀ ਡੂੰਘੀ ਨਿਮਰਤਾ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਉਦਾਹਰਨ ਸਾਂਝੀ ਕੀਤੀ, ਜਿਸ ਦਾ ਜ਼ਿਕਰ ਸ਼ੇਸ਼ਾਦਰੀ ਜੀ ਅਕਸਰ ਕਰਦੇ ਸਨ। ਇਹ ਉਦਾਹਰਨ ਇੱਕ ਅਜਿਹੀ ਮਾਂ ਤੋਂ ਸਿੱਖਣ ਬਾਰੇ ਸੀ, ਜੋ ਆਪਣੇ ਬੱਚੇ ਦੇ ਪਾਲਣ-ਪੋਸ਼ਣ ਅਤੇ ਸੇਵਾ ਲਈ ਨਿਰਸਵਾਰਥ ਭਾਵਨਾ ਨਾਲ ਸਾਰੀ ਰਾਤ ਜਾਗਦੀ ਰਹਿੰਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਜੇਕਰ ਅਸੀਂ ਇਸ ਭਾਵਨਾ ਦਾ ਸਮਾਜ ਲਈ ਵਿਸਥਾਰ ਕਰੀਏ, ਤਾਂ ਸਮਾਜ ਦਾ ਕਿੰਨਾ ਵੱਡਾ ਭਲਾ ਹੋਵੇਗਾ।”
ਇਹ ਦੇਖਦਿਆਂ ਕਿ ਐੱਚ. ਵੀ. ਸ਼ੇਸ਼ਾਦਰੀ ਨੇ ਇੱਕ ਮਾਂ ਦੀ ਪਵਿੱਤਰਤਾ ਅਤੇ ਨਿਰਸਵਾਰਥ ਭਾਵਨਾ ਨਾਲ ਸਮਾਜ ਦੀ ਸੇਵਾ ਕੀਤੀ, ਪ੍ਰਧਾਨ ਮੰਤਰੀ ਨੇ ਆਪਣੀ ਇਸ ਖੁਸ਼ਕਿਸਮਤੀ ਦਾ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਲਗਾਤਾਰ ਸ਼ੇਸ਼ਾਦਰੀ ਜੀ ਦਾ ਸਨੇਹ ਅਤੇ ਮਾਰਗਦਰਸ਼ਨ ਪ੍ਰਾਪਤ ਹੁੰਦਾ ਰਿਹਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉਨ੍ਹਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਅਤੇ ਉਨ੍ਹਾਂ ਦੀਆਂ ਗੱਲਾਂ ਅੱਜ ਵੀ ਮੇਰੇ ਲਈ ਬਹੁਤ ਕੀਮਤੀ ਹਨ।”
ਐੱਚ. ਵੀ. ਸ਼ੇਸ਼ਾਦਰੀ ਦੀ ਇੱਕ ਹੋਰ ਅਭੁੱਲ ਸਿੱਖਿਆ ਨੂੰ ਯਾਦ ਕਰਦਿਆਂ ਕਿ ਜਦੋਂ ਕੋਈ ਸਮਾਜ ਨੂੰ ਦੋਵੇਂ ਹੱਥਾਂ ਨਾਲ ਦਿੰਦਾ ਹੈ, ਤਾਂ ਸਮਾਜ ਲੱਖਾਂ ਹੱਥਾਂ ਨਾਲ ਵਾਪਸ ਦਿੰਦਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਇਸ ਸਚਾਈ ਨੂੰ ਵਾਰ-ਵਾਰ ਸਾਕਾਰ ਹੁੰਦੇ ਦੇਖਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਜਨਤਾ ਦੀ ਸੇਵਾ ਕਰਦਿਆਂ ਮੈਨੂੰ ਹਮੇਸ਼ਾ ਲੋਕਾਂ ਦਾ ਆਸ਼ੀਰਵਾਦ ਮਿਲਿਆ ਹੈ ਅਤੇ ਇਹ ਮੇਰੇ ਜੀਵਨ ਦੀ ਬਹੁਤ ਵੱਡੀ ਪੂੰਜੀ ਹੈ।”
ਇਹ ਦੱਸਦਿਆਂ ਕਿ ਨਿਰਸਵਾਰਥ ਸੇਵਾ ਦੀ ਇਹੋ ਭਾਵਨਾ ਐੱਚ. ਵੀ. ਸ਼ੇਸ਼ਾਦਰੀ ਦੇ ਪੂਰੇ ਪਰਿਵਾਰ ਵਿੱਚ ਵੀ ਦਿਖਾਈ ਦਿੰਦੀ ਹੈ, ਪ੍ਰਧਾਨ ਮੰਤਰੀ ਨੇ ਡਾ. ਐੱਚ. ਆਰ. ਨਾਗੇਂਦਰ ਅਤੇ ਡਾ. ਆਰ. ਨਾਗਰਤਨਾ ਵੱਲੋਂ ਆਪਣੇ ਸਮਰਪਿਤ ਕਾਰਜਾਂ ਰਾਹੀਂ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਉਨ੍ਹਾਂ ਦੇ ਹਰ ਯਤਨ ਦੀ ਵੀ ਸ਼ਲਾਘਾ ਕਰਦਾ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹਾਂ।”
ਉਸ ਦੌਰ ਨੂੰ ਯਾਦ ਕਰਦਿਆਂ ਜਦੋਂ ਭਾਰਤ ਬਸਤੀਵਾਦੀ ਸ਼ਾਸਨ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ ਅਤੇ ਲੱਖਾਂ ਆਜ਼ਾਦੀ ਘੁਲਾਟੀਏ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ, ਪ੍ਰਧਾਨ ਮੰਤਰੀ ਨੇ ਸਵਾਮੀ ਵਿਵੇਕਾਨੰਦ ਵਰਗੇ ਰਾਸ਼ਟਰ ਰਿਸ਼ੀਆਂ ਵੱਲੋਂ ਦੇਸ਼ ਦੀ ਅਧਿਆਤਮਕ ਚੇਤਨਾ ਨੂੰ ਜਗਾਉਣ ਵਿੱਚ ਨਿਭਾਈ ਗਈ ਸਮਾਨਾਂਤਰ ਭੂਮਿਕਾ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਨੂੰ ਯੋਗ ਦਾ ਮਾਰਗ ਦਿਖਾਇਆ।”
ਇਹ ਦੱਸਦਿਆਂ ਕਿ ਸਵਾਮੀ ਵਿਵੇਕਾਨੰਦ ਵਰਗੇ ਰਿਸ਼ੀਆਂ ਤੋਂ ਮਿਲੀ ਪ੍ਰੇਰਣਾ ਨੇ ਪ੍ਰਸ਼ਾਂਤੀ ਕੁਟੀਰਮ ਅਤੇ ਐੱਸ-ਵਿਆਸਾ ਵਰਗੀਆਂ ਸੰਸਥਾਵਾਂ ਨੂੰ ਜਨਮ ਦਿੱਤਾ, ਜੋ ਨਾ ਸਿਰਫ਼ ਆਮ ਲੋਕਾਂ ਨੂੰ ਯੋਗ ਨਾਲ ਜੋੜ ਰਹੀਆਂ ਹਨ, ਸਗੋਂ ਆਧੁਨਿਕ ਵਿਗਿਆਨਕ ਖੋਜ ਵੀ ਕਰ ਰਹੀਆਂ ਹਨ। ਇਹ ਸੰਸਥਾਵਾਂ ਵਿਸ਼ਵ ਪੱਧਰ 'ਤੇ ਸੇਵਾ ਕਰਨ ਵਾਲੇ ਸਾਧਕਾਂ, ਅਧਿਆਪਕਾਂ, ਡਾਕਟਰਾਂ ਅਤੇ ਦਾਰਸ਼ਨਿਕਾਂ ਨੂੰ ਸਿਖਲਾਈ ਦੇ ਰਹੀਆਂ ਹਨ ਅਤੇ ਯੋਗ, ਆਯੁਰਵੇਦ, ਕੁਦਰਤੀ ਇਲਾਜ ਅਤੇ ਆਧੁਨਿਕ ਦਵਾਈਆਂ ਨੂੰ ਏਕੀਕ੍ਰਿਤ ਕਰਕੇ ਇੱਕ ਸੰਪੂਰਨ ਸਿਹਤ ਸੰਭਾਲ ਪ੍ਰਣਾਲੀ ਦਾ ਨਿਰਮਾਣ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਤਣਾਅ ਅਤੇ ਜੀਵਨਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਬਾਰੇ ਉਨ੍ਹਾਂ ਦੀ ਖੋਜ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਦਿਸ਼ਾ ਵਿੱਚ ਕੀਤਾ ਗਿਆ ਖੋਜ ਕਾਰਜ ਪੂਰੀ ਦੁਨੀਆ ਦੀ ਸੇਵਾ ਕਰ ਰਿਹਾ ਹੈ ਅਤੇ ਮੈਂ ਇਨ੍ਹਾਂ ਯਤਨਾਂ ਲਈ ਪ੍ਰਸ਼ਾਂਤੀ ਕੁਟੀਰਮ ਦੀ ਸ਼ਲਾਘਾ ਕਰਦਾ ਹਾਂ।”
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਨੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਸੱਭਿਆਚਾਰ, ਪਛਾਣ ਅਤੇ ਵਿਗਿਆਨਕ ਵਿਰਾਸਤ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਆਸਟ੍ਰੇਲੀਆ, ਅਫ਼ਰੀਕਾ ਅਤੇ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਕਰੋੜਾਂ ਲੋਕਾਂ ਦੀ ਸ਼ਮੂਲੀਅਤ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਦੁਨੀਆ ਭਰ ਦੇ ਸਕੂਲਾਂ, ਸੰਸਥਾਵਾਂ ਅਤੇ ਕਾਰਜ ਸਥਾਨਾਂ ਵਿੱਚ ਯੋਗ ਨੂੰ ਅਪਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਊਦੀ ਅਰਬ ਨੇ ਯੋਗ ਨੂੰ ਇੱਕ ਖੇਡ ਗਤੀਵਿਧੀ ਵਜੋਂ ਮਾਨਤਾ ਦਿੱਤੀ ਹੈ ਅਤੇ ਉੱਥੋਂ ਦੇ ਖੇਡ ਮੰਤਰਾਲੇ ਨੇ ਭਾਰਤ ਦੇ ਆਯੁਸ਼ ਮੰਤਰਾਲੇ ਨਾਲ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ, “ਵਿਦੇਸ਼ੀ ਨਾਗਰਿਕਾਂ ਵੱਲੋਂ ਯੋਗ ਨੂੰ ਉਤਸ਼ਾਹਿਤ ਕਰਨ ਦੀਆਂ ਉਦਾਹਰਨਾਂ ਲਗਾਤਾਰ ਸਾਹਮਣੇ ਆਉਂਦੀਆਂ ਹਨ ਅਤੇ ਦੇਸ਼ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਕੇ ਉਨ੍ਹਾਂ ਦਾ ਮਾਣ ਵੀ ਵਧਾ ਰਿਹਾ ਹੈ।”
ਇਹ ਦੱਸਦਿਆਂ ਕਿ ਯੋਗ ਨਾਲ ਦੁਨੀਆ ਦੀ ਵਧਦੀ ਜਾਣ-ਪਛਾਣ ਭਾਰਤ ਪ੍ਰਤੀ ਉਤਸੁਕਤਾ ਅਤੇ ਇਸ ਦੇ ਸੱਭਿਆਚਾਰ ਤੇ ਰਵਾਇਤੀ ਗਿਆਨ ਪ੍ਰਤੀ ਖਿੱਚ ਪੈਦਾ ਕਰਦੀ ਹੈ, ਜਿਸ ਨਾਲ ਸਾਂਝੇ ਯਤਨਾਂ ਰਾਹੀਂ ਵਿਸ਼ਵ ਪੱਧਰ 'ਤੇ ਜੁੜਨ ਦੇ ਨਵੇਂ ਰਾਹ ਖੁੱਲ੍ਹਦੇ ਹਨ, ਪ੍ਰਧਾਨ ਮੰਤਰੀ ਨੇ ਆਯੁਰਵੇਦ ਦੇ ਸਮਾਨਾਂਤਰ ਅੰਤਰਰਾਸ਼ਟਰੀ ਵਿਸਥਾਰ ਨੂੰ ਵੀ ਉਜਾਗਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਯੁਰਵੇਦ ਦੇ 150 ਤੋਂ ਵੱਧ ਸਿਖਲਾਈ ਕੋਰਸਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਆਯੁਰਵੇਦ ਦੇ ਵਿਸਥਾਰ ਵਿੱਚ ਸਹਿਯੋਗ ਲਈ ਦੁਨੀਆ ਦੇ 28 ਦੇਸ਼ਾਂ ਨਾਲ ਸਮਝੌਤਾ ਪੱਤਰਾਂ 'ਤੇ ਦਸਤਖ਼ਤ ਕੀਤੇ ਗਏ ਹਨ।”
ਇਹ ਦੱਸਦਿਆਂ ਕਿ ਸਰਕਾਰ ਨੇ ਯੋਗ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਈ ਨਿਯਮਾਂ ਵਿੱਚ ਸੋਧ ਕੀਤੀ ਹੈ, ਤਾਂ ਜੋ ਯੋਗ ਅਤੇ ਆਯੁਰਵੇਦ ਦੇ ਲਾਭ ਹਰ ਨਾਗਰਿਕ ਤੱਕ ਪਹੁੰਚ ਸਕਣ, ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਭਾਰਤ ਵਿੱਚ ਯੋਗ ਆਸਣ ਨੂੰ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਖੇਲ੍ਹੋ ਇੰਡੀਆ ਤੇ ਰਾਸ਼ਟਰੀ ਖੇਡਾਂ ਵਿੱਚ ਇਸ ਨੂੰ ਇੱਕ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਬਦਲਾਅ ਭਾਰਤ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਯੋਗ ਨਾਲ ਜੁੜੇ ਲੋਕਾਂ ਲਈ ਮੁਕਾਬਲੇ ਵਾਲੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੇ ਰਾਹ ਵੀ ਖੁੱਲ੍ਹ ਗਏ ਹਨ।”
ਆਯੁਸ਼ ਲਈ ਇੱਕ ਸਮਰਪਿਤ ਮੰਤਰਾਲੇ ਦੀ ਸਥਾਪਨਾ ਅਤੇ ਆਯੁਰਵੇਦ ਖੋਜ ਤੇ ਪੇਟੈਂਟਾਂ ਨੂੰ ਸਹਾਇਤਾ ਦੇਣ ਰਾਹੀਂ ਆਯੁਰਵੇਦ ਨੂੰ ਲਗਾਤਾਰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨਾਂ ਦਾ ਵੇਰਵਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਆਯੁਸ਼ ਅਰਥਵਿਵਸਥਾ ਲੱਖਾਂ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਹਰਬਲ ਉਤਪਾਦਾਂ ਦਾ ਨਿਰਯਾਤ ਵਧ ਰਿਹਾ ਹੈ ਅਤੇ ਭਾਰਤੀ ਹਲਦੀ ਦੀ ਵਿਸ਼ਵ ਪੱਧਰ 'ਤੇ ਮੰਗ ਵੀ ਵਧ ਰਹੀ ਹੈ, ਜਿਸ ਦੀ ਵਰਤੋਂ ਪੀੜ੍ਹੀਆਂ ਤੋਂ ਘਰਾਂ ਵਿੱਚ ਕੀਤੀ ਜਾਂਦੀ ਰਹੀ ਹੈ। ਪ੍ਰਧਾਨ ਮੰਤਰੀ ਨੇ ਹਲਦੀ ਦੇ ਨਿਰਯਾਤ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਸੰਸਥਾਗਤ ਕਦਮਾਂ ਨੂੰ ਵੀ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਹਲਦੀ ਦੇ ਉਤਪਾਦਨ, ਗੁਣਵੱਤਾ ਅਤੇ ਨਿਰਯਾਤ ਨੂੰ ਨਵੀਂ ਤਾਕਤ ਦੇਣ ਲਈ ਅਸੀਂ ਰਾਸ਼ਟਰੀ ਹਲਦੀ ਬੋਰਡ ਦਾ ਵੀ ਗਠਨ ਕੀਤਾ ਹੈ।”
ਭਾਰਤ ਦੇ ਪ੍ਰਾਚੀਨ ਵਿਗਿਆਨ ਅਤੇ ਆਧੁਨਿਕ ਖੋਜ ਦੇ ਲਾਭਾਂ ਨੂੰ ਮਨੁੱਖਤਾ ਨਾਲ ਸਾਂਝਾ ਕਰਨ ਦੇ ਨਾਲ-ਨਾਲ ਨੌਜਵਾਨਾਂ ਲਈ ਮੌਕੇ ਪੈਦਾ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਵਿਦੇਸ਼ੀ ਮੈਡੀਕਲ ਸੈਲਾਨੀਆਂ ਦੀ ਯਾਤਰਾ ਨੂੰ ਸੌਖਾ ਬਣਾਉਣ ਲਈ ਈ-ਆਯੁਸ਼ ਵੀਜ਼ਾ ਸਹੂਲਤ ਦੀ ਸ਼ੁਰੂਆਤ ਅਤੇ ਜਾਮਨਗਰ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸੈਂਟਰ ਦੀ ਸਥਾਪਨਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਰਾਹੀਂ ਰਵਾਇਤੀ ਦਵਾਈ ਪ੍ਰਣਾਲੀ ਵਿੱਚ ਖੋਜ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।”
ਇਹ ਜ਼ਿਕਰ ਕਰਦਿਆਂ ਕਿ 140 ਕਰੋੜ ਨਾਗਰਿਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਕੰਮ ਕਰ ਰਹੇ ਹਨ ਅਤੇ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 12 ਤੋਂ 13 ਸਾਲਾਂ ਵਿੱਚ ਲਗਭਗ 50 ਕਰੋੜ ਭਾਰਤੀ ਅਤਿ ਦੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਪਰਿਵਾਰਾਂ ਲਈ ਸਿਹਤ ਨੂੰ ਤਰਜੀਹ ਦੇਣ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਂਤੀ ਕੁਟੀਰਮ ਨੂੰ ਅਪੀਲ ਕੀਤੀ ਕਿ ਉਹ ਯੋਗ ਦੇ ਸਹਿਯੋਗ ਨਾਲ ਪਰਿਵਾਰਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਨਵੇਂ ਟੀਚਿਆਂ ਦਾ ਰੋਡਮੈਪ ਤਿਆਰ ਕਰਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪ੍ਰਸ਼ਾਂਤੀ ਕੁਟੀਰਮ ਨੂੰ ਵੀ ਉਨ੍ਹਾਂ ਦੀ ਨੌਜਵਾਨ ਊਰਜਾ ਦਾ ਲਾਭ ਮਿਲੇਗਾ ਅਤੇ ਦੇਸ਼ ਨੂੰ ਵੀ ਇਸ ਦਾ ਲਾਭ ਮਿਲੇਗਾ।”
https://x.com/narendramodi/status/2121118037168517424
https://x.com/PMOIndia/status/2121119092535161135
https://x.com/PMOIndia/status/2121120271231008814
https://x.com/PMOIndia/status/2121120780314648746
https://x.com/PMOIndia/status/2121122101482668453
https://x.com/PMOIndia/status/2121122401002086816
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ