ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਵਿਧਾਨਕ ਵਿਭਾਗ ਨੇ ਸੰਵਾਦ ਲੜੀ ਸ਼ੁਰੂ ਕੀਤੀ; ਪਹਿਲਾ ਸੈਸ਼ਨ ਲੀਡਰਸ਼ਿਪ ਵਿੱਚ ਕਦਰਾਂ ਕੀਮਤਾਂ ਅਤੇ ਵਿਅਕਤੀਗਤ ਪ੍ਰਭਾਵਸ਼ੀਲਤਾ ਵਿੱਚ ਸੁਧਾਰ 'ਤੇ ਕੇਂਦ੍ਰਿਤ

Posted On: 07 NOV 2026 11:45AM by PIB Chandigarh

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਕ ਵਿਭਾਗ ਨੇ ਇੱਕ ਸੰਵਾਦ ਲੜੀ ਸ਼ੁਰੂ ਕੀਤੀ ਹੈ। ਇਸਦਾ ਉਦੇਸ਼ ਸੀਨੀਅਰ ਅਧਿਕਾਰੀਆਂ ਨੂੰ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਨਾਲ ਲੀਡਰਸ਼ਿਪ, ਪ੍ਰਸ਼ਾਸਨ ਅਤੇ ਨਿਜੀ ਪ੍ਰਭਾਵਸ਼ੀਲਤਾ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਤਜ਼ਰਬੇ, ਪੇਸ਼ੇਵਰ ਸੂਝ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ।

ਇਸ ਲੜੀ ਦਾ ਪਹਿਲਾ ਸੈਸ਼ਨ 5 ਨਵੰਬਰ, 2026 ਨੂੰ ਨਵੀਂ ਦਿੱਲੀ ਦੇ ਕਰਤਵਯ ਭਵਨ 2 ਦੇ ਵਿਧਾਨਕ ਸਿਖਲਾਈ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ ਸੀ। ਵਿਧਾਨਕ ਵਿਭਾਗ ਦੇ ਵਧੀਕ ਸਕੱਤਰ ਡਾ. ਮਨੋਜ ਕੁਮਾਰ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ। ਵਿਧਾਨਕ ਵਿਭਾਗ ਦੇ ਵਧੀਕ ਸਕੱਤਰ ਸ਼੍ਰੀਮਤੀ ਅਕਾਲੀ ਵੀ. ਕਾਂਗਹੇ ਨੇ “ਇੰਪਰੂਵਿੰਗ ਵੈਲਿਊਜ਼ ਐਂਡ ਪਰਸਨਲ ਇਫੈਕਟਿਵਨੇਸ ਇਨ ਲੀਡਰਸ਼ਿਪ” ਵਿਸ਼ੇ 'ਤੇ ਇੱਕ ਵਿਵਹਾਰਕ ਭਾਸ਼ਣ ਦਿੱਤਾ, ਜਿਸ ਵਿੱਚ ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਸਿਧਾਂਤਾਂ 'ਤੇ ਆਪਣੇ ਨਿਜੀ ਅਨੁਭਵ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ ।

ਸੈਸ਼ਨ ਦੌਰਾਨ, ਸ਼੍ਰੀਮਤੀ ਕਾਂਗਹੇ ਨੇ ਜ਼ੋਰ ਦੇ ਕੇ ਕਿਹਾ ਕਿ ਲੀਡਰਸ਼ਿਪ ਸਿਰਫ਼ ਅਧਿਕਾਰਤ ਅਹੁਦਿਆਂ ਜਾਂ ਰਸਮੀ ਅਹੁਦਿਆਂ ਤੱਕ ਸੀਮਿਤ ਨਹੀਂ ਹੈ, ਸਗੋਂ ਹਰੇਕ ਵਿਅਕਤੀ ਦੀ ਨਿੱਜੀ ਆਚਰਣ, ਕਦਰਾਂ-ਕੀਮਤਾਂ ਅਤੇ ਕੰਮਾਂ ਰਾਹੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਯੋਗਤਾ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਲੀਡਰਸ਼ਿਪ ਵਿਅਕਤੀਗਤ  ਪਰਿਵਰਤਨ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਲਈ ਦੂਰਦ੍ਰਿਸ਼ਟੀ, ਉਦੇਸ਼, ਪ੍ਰਭਾਵਸ਼ਾਲੀ ਸੰਚਾਰ, ਜਵਾਬਦੇਹੀ, ਸਹਿਯੋਗ ਅਤੇ ਦੂਜਿਆਂ ਨੂੰ ਸਸ਼ਕਤ ਬਣਾਉਣ ਅਤੇ ਵਿਕਾਸ ਕਰਨ ਲਈ ਵਚਨਬੱਧਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਇਹ ਵੀ ਰੇਖਾਂਕਿਤ ਕੀਤਾ ਕਿ ਲੀਡਰਸ਼ਿਪ ਮੂਲ ਰੂਪ ਵਿੱਚ ਅਧਿਕਾਰ ਦੀ ਬਜਾਏ ਸੇਵਾ ਭਾਵਨਾ ਵਿੱਚ ਜੜ੍ਹੀ ਹੋਈ ਹੈ।

ਲੀਡਰਸ਼ਿਪ ਵਿੱਚ ਕਦਰਾਂ-ਕੀਮਤਾਂ ਅਤੇ ਉਦੇਸ਼ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਚਰਚਾ ਕਰਦੇ  ਹੋਏ, ਉਨ੍ਹਾਂ ਨੇ ਉਦੇਸ਼ਪੂਰਨ ਲੀਡਰਸ਼ਿਪ ਦੇ "ਫਾਈਵ ਸੀ" ਦੀ ਧਾਰਨਾ ਪੇਸ਼ ਕੀਤੀ - ਨਿਰੰਤਰਤਾ, ਸੱਭਿਆਚਾਰ, ਯੋਗਦਾਨ, ਭਾਈਚਾਰਾ ਅਤੇ ਉਤਸੁਕਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਸਿਧਾਂਤ ਵਿਅਕਤੀਆਂ ਨੂੰ ਇਮਾਨਦਾਰੀ, ਨਿਮਰਤਾ, ਸੱਚਾਈ, ਹਮਦਰਦੀ ਅਤੇ ਜਵਾਬਦੇਹੀ ਵਰਗੇ ਮੁੱਲਾਂ ਦੀ ਸੁਚੇਤ ਤੌਰ 'ਤੇ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਹਨ; ਇੱਕ ਸਕਾਰਾਤਮਕ ਅਤੇ ਪ੍ਰੇਰਨਾਦਾਇਕ ਸੰਗਠਨਾਤਮਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ; ਅਰਥਪੂਰਨ ਯੋਗਦਾਨ ਲਈ ਉਨ੍ਹਾਂ ਦੀਆਂ ਵਿਲੱਖਣ ਪ੍ਰਤਿਭਾਵਾਂ, ਯੋਗਤਾਵਾਂ ਅਤੇ ਸਰੋਤਾਂ ਨੂੰ ਪਛਾਣਦੇ ਹਨ ਅਤੇ ਉਹਨਾਂ ਦੀ ਵਰਤੋਂ ਕਰਦੇ ਹਨ; ਵਿਸ਼ਾਲ ਭਾਈਚਾਰੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਦੇ ਹਨ; ਅਤੇ ਹਮੇਸ਼ਾਂ ਉਤਸੁਕ ਬਣੇ ਰਹਿਣ ਲਈ, ਸੁਝਾਅ ਅਤੇ ਫੀਡਬੈਕ ਸਵੀਕਾਰ ਕਰਨ, ਅਤੇ ਨਿਰੰਤਰ ਸਿੱਖਣ ਲਈ ਵਚਨਬੱਧ ਰਹਿਣ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਵਿਅਕਤੀਗਤ ਪ੍ਰਭਾਵਸ਼ੀਲਤਾ ਸਿਰਫ਼ ਕਾਰਜਾਂ ਨੂੰ ਕੁਸ਼ਲਤਾ ਨਾਲ ਪੂਰਾ ਕਰਨ ਤੋਂ ਕਿਤੇ ਅੱਗੇ ਦੀ ਗੱਲ ਹੈ; ਇਸ ਵਿੱਚ ਇੱਕ ਬਿਹਤਰ ਇਨਸਾਨ ਬਣਨਾ ਸ਼ਾਮਲ ਹੈ ਜੋ ਦੂਜਿਆਂ ਦੇ ਜੀਵਨ ਵਿੱਚ ਅਰਥਪੂਰਨ ਯੋਗਦਾਨ ਪਾ ਸਕਦਾ ਹੈ। ਸਵੈ-ਪ੍ਰਤੀਬਿੰਬ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ ਭਾਗੀਦਾਰਾਂ ਨੂੰ ਆਪਣੇ ਆਚਰਣ, ਦੂਜਿਆਂ 'ਤੇ ਉਨ੍ਹਾਂ ਦੇ ਪ੍ਰਭਾਵ ਅਤੇ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਮੁਲਾਂਕਣ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਦਾ ਅਸਲ ਮਾਪ ਦੂਜਿਆਂ ਦੇ ਜੀਵਨ ਵਿੱਚ ਲਿਆਂਦੀ ਗਈ ਸਕਾਰਾਤਮਕ ਤਬਦੀਲੀ ਅਤੇ ਭਵਿੱਖ ਦੇ ਨੇਤਾਵਾਂ ਨੂੰ ਪ੍ਰੇਰਿਤ ਕਰਨ ਅਤੇ ਤਿਆਰ ਕਰਨ ਦੀ ਯੋਗਤਾ ਵਿੱਚ ਹੈ।

ਇਸ ਸੈਸ਼ਨ ਵਿੱਚ ਵਿਧਾਨਕ ਵਿਭਾਗ ਦੇ 80 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਗੱਲਬਾਤ ਨੇ ਭਾਗੀਦਾਰਾਂ ਨੂੰ ਆਪਣੇ ਪੇਸ਼ੇਵਰ ਅਤੇ ਨਿਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ, ਉਦੇਸ਼ਪੂਰਨ ਅਗਵਾਈ, ਨਿਜੀ ਵਿਕਾਸ ਅਤੇ ਸਮੂਹਿਕ ਜ਼ਿੰਮੇਵਾਰੀ ਦੇ ਮਹੱਤਵ 'ਤੇ ਵਿਚਾਰ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਇਸ ਸੰਵਾਦ ਲੜੀ ਦੀ ਕਲਪਨਾ ਵਿਧਾਨਕ ਵਿਭਾਗ ਦੀ ਇੱਕ ਚੱਲ ਰਹੀ ਪਹਿਲਕਦਮੀ ਵਜੋਂ ਕੀਤੀ ਗਈ ਹੈ, ਜਿਸਦਾ ਉਦੇਸ਼ ਗਿਆਨ ਦੇ ਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ, ਸਾਰਥਿਕ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਅਤੇ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ਼ ਵਿੱਚ ਅਨੁਭਵਾਂ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨਾ ਹੈ।

 

***

ਸਮਰਾਟ/ਪ੍ਰਣਬ/ਸਾਗਰ /ਬਲਜੀਤ ਸਿੰਘ


(Release ID: 2335681) ਵਿਜ਼ੀਟਰ ਕਾਊਂਟਰ : 8